Breaking News

ਕਰਨਾ ਪਏਗਾ ਕਾਂਗਰਸੀਆਂ ਨੂੰ ਟਿਕਟ ਲਈ ਇੰਤਜ਼ਾਰ, 8 ਨੂੰ ਹੋਵੇਗਾ ਮੀਟਿੰਗ ‘ਚ ਫਾਈਨਲ

— ਦਿੱਲੀ ਵਿਖੇ ਕੇਂਦਰੀ ਚੋਣ ਕਮੇਟੀ ਦੀ ਮੀਟਿੰਗ ਵਿੱਚ ਨਹੀਂ ਹੋ ਸਕਿਆ ਕੋਈ ਵੀ ਫੈਸਲਾ
— ਪਿਛਲੇ 3 ਦਿਨ ਤੋਂ ਕਾਂਗਰਸ ਦੀ ਟਿਕਟ ਲੈਣ ਲਈ ਲੀਡਰਾਂ ਨੇ ਲਗਾਏ ਹੋਏ ਸਨ ਦਿੱਲੀ ਵਿਖੇ ਡੇਰਾ
— ਸੋਨੀਆ ਗਾਂਧੀ ਦੇ ਘਰ ਵਿਖੇ ਹੋਈ ਮੀਟਿੰਗ ਵਿੱਚ ਨਹੀਂ ਹੋ ਸਕਿਆ ਕੋਈ ਵੀ ਫੈਸਲਾ
ਅਸ਼ਵਨੀ ਚਾਵਲਾ, ਚੰਡੀਗੜ, 
ਪੰਜਾਬ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਦੀ ਟਿਕਟ ਲੈਣ ਵਾਲੇ ਚਾਹਵਾਨ ਲੀਡਰਾਂ ਨੂੰ ਅਜੇ ਕੁਝ ਦੇਰ ਹੋਰ ਇੰਤਜ਼ਾਰ ਕਰਨਾ ਪਏਗਾ, ਕਿਉਂਕਿ ਸ਼ਨੀਵਾਰ ਨੂੰ ਦਿੱਲੀ ਵਿਖੇ ਹੋਏ ਕੇਂਦਰੀ ਚੋਣ ਕਮੇਟੀ ਦੀ ਮੀਟਿੰਗ ਵਿੱਚ ਕੋਈ ਵੀ ਫੈਸਲਾ ਨਹੀਂ ਹੋ ਸਕਿਆ ਹੈ, ਜਿਸ ਕਾਰਨ ਹੁਣ 8 ਦਸੰਬਰ ਨੂੰ ਹੋਣ ਵਾਲੀ ਕੇਂਦਰੀ ਚੋਣ ਕਮੇਟੀ ਦੀ ਮੀਟਿੰਗ ਵਿੱਚ ਹੀ ਕੋਈ ਫੈਸਲਾ ਲਿਆ ਜਾ ਸਕਦਾ ਹੈ। ਸ਼ਨਿੱਚਰਵਾਰ ਨੂੰ ਦਿੱਲੀ ਵਿਖੇ ਟਿਕਟਾਂ ਦਾ ਐਲਾਨ ਨਾ ਹੋਣ ਕਾਰਨ ਸਭ ਤੋਂ ਜਿਆਦਾ ਝਟਕਾ ਉਨਾਂ ਲੀਡਰਾਂ ਨੂੰ ਲੱਗਿਆ ਹੈ, ਜਿਹੜੇ ਕਿ ਟਿਕਟ ਲੈਣ ਦੀ ਕੋਸ਼ਸ਼ ਵਿੱਚ ਪਿਛਲੇ 3 ਦਿਨ ਤੋਂ ਦਿੱਲੀ ਵਿਖੇ ਹੀ ਡੇਰਾ ਲਾਈ ਬੈਠੇ ਸਨ।
ਜਾਣਕਾਰੀ ਅਨੁਸਾਰ ਪੰਜਾਬ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਦੀ ਟਿਕਟ ਲੈਣ ਲਈ 1600 ਤੋਂ ਜਿਆਦਾ ਆਗੂਆਂ ਨੇ ਅਪਲਾਈ ਕੀਤਾ, ਜਿਨਾਂ ਵਿੱਚੋਂ ਕਾਂਗਰਸ ਹਾਈ ਕਮਾਨ ਵਲੋਂ ਤਿਆਰ ਕੀਤੀ ਗਈ, ਸਕ੍ਰੀਨਿੰਗ ਕਮੇਟੀ ਨੇ ਕਟੌਤੀ ਕਰਦਿਆਂ ਸਿਰਫ਼ 270 ਉਨਾਂ ਉਮੀਦਵਾਰਾਂ ਦੀ ਸੂਚੀ ਹੀ ਤਿਆਰ ਕੀਤੀ ਗਈ ਸੀ, ਜਿਹੜੇ ਟਿਕਟ ਲੈਣ ਦੀ ਦੌੜ ਵਿੱਚ ਸਮਝੇ ਜਾ ਰਹੇ ਹਨ। ਪੰਜਾਬ ਵਿਧਾਨ ਸਭਾ ਚੋਣ ਵਿੱਚ ਇਨਾਂ 270 ਟਿਕਟ ਦੇ ਚਾਹਵਾਨਾਂ ਵਿੱਚੋਂ 117 ਨੂੰ ਟਿਕਟ ਦੇਣ ਲਈ ਕੇਂਦਰੀ ਚੋਣ ਕਮੇਟੀ ਦੀ ਮੀਟਿੰਗ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਅਗਵਾਈ ਹੇਠ, ਉਨ੍ਹਾਂ ਦੇ ਘਰ  ਹੋਈ ਪਰ ਬਿਨਾਂ ਕਿਸੇ ਸਿੱਟੇ ਤੋਂ ਹੀ ਇਸ ਮੀਟਿੰਗ ਵਿੱਚ ਨੂੰ ਖ਼ਤਮ ਕਰ ਦਿੱਤਾ ਗਿਆ।
ਇਸ ਮੀਟਿੰਗ ਵਿੱਚ ਰਾਹੁਲ ਗਾਂਧੀ ਨਾ ਹੋਣ ਕਾਰਨ ਕੋਈ ਫੈਸਲਾ ਨਹੀਂ ਲਿਆ ਗਿਆ ਹੈ, ਜਦੋਂ ਕਿ ਕਾਫ਼ੀ ਉਮੀਦਵਾਰਾਂ ਬਾਰੇ ਚਰਚਾ ਜਰੂਰ ਕੀਤੀ ਗਈ ਹੈ। ਹੁਣ ਇਸ ਕੇਂਦਰੀ ਚੋਣ ਕਮੇਟੀ ਦੀ ਮੀਟਿੰਗ 8 ਦਸੰਬਰ ਨੂੰ ਦਿੱਲੀ ਵਿਖੇ ਹੀ ਹੋਵੇਗੀ, ਜਿਸ ਵਿੱਚ ਕਾਂਗਰਸ ਦੇ ਉਮੀਦਵਾਰਾਂ ਦੀ ਪਹਿਲੀ ਸੂਚੀ ਆਉਣ ਦੇ ਆਸਾਰ ਨਜ਼ਰ ਆ ਰਹੇ ਹਨ। ਇਸ ਮੀਟਿੰਗ ਵਿੱਚ ਸੋਨੀਆ ਗਾਂਧੀ ਤੋਂ ਇਲਾਵਾ ਅਮਰਿੰਦਰ ਸਿੰਘ ਅਤੇ ਅੰਬਿਕਾ ਸੋਨੀ ਸਣੇ ਕੁਝ ਹੋਰ ਲੀਡਰ ਵੀ ਸ਼ਾਮਲ ਸਨ।

ਪ੍ਰਸਿੱਧ ਖਬਰਾਂ

To Top