Breaking News

ਕੇਜਰੀਵਾਲ ਨੇ ਮੁਆਫ਼ੀ ਮੰਗ ਕੇ ਬੰਤ ਨੂੰ ਕੀਤਾ ਸ਼ਾਂਤ

ਹਰਬਿੰਦਰ ਅਤੇ ਨਵਦੀਪ ‘ਆਪ’ ‘ਚੋਂ ਬਰਖ਼ਾਸਤ
ਅਸ਼ਵਨੀ ਚਾਵਲਾ ਚੰਡੀਗੜ੍ਹ,
ਦਲਿਤ ਲੀਡਰ ਬੰਤ ਸਿੰਘ ਨੂੰ ਆਮ ਆਦਮੀ ਪਾਰਟੀ ‘ਚ ਸ਼ਾਮਲ ਕਰਨ ਤੋਂ ਬਾਅਦ ਉਸੇ ਮੰਚ ‘ਤੇ ਬੰਤ ਸਿੰਘ ਦੀ ਲੜਕੀ ਨਾਲ ਦਰਿੰਦਗੀ ਕਰਨ ਤੋਂ ਬਾਅਦ ਬੰਤ ਸਿੰਘ ਦੇ ਦੋਵੇਂ ਹੱਥ ਤੇ ਇੱਕ ਪੈਰ ਕੱਟਣ ਵਾਲੇ ਹਰਬਿੰਦਰ ਸਿੰਘ ਤੇ ਨਵਦੀਪ ਸਿੰਘ ਨੂੰ ਆਪ ‘ਚ ਸ਼ਾਮਲ ਕਰਨ ਤੋਂ ਬਾਅਦ ਆਏ ਭੁਚਾਲ ਨੂੰ ਸ਼ਾਂਤ ਕਰਨ ਲਈ ਅੱਜ ਖ਼ੁਦ ਆਪ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੰਤ ਸਿੰਘ ਤੋਂ ਮੁਆਫ਼ੀ ਮੰਗ ਲਈ ਹੈ ਤੇ ਅੱਗੇ ਤੋਂ ਇਹੋ ਜਿਹੀ ਕੋਈ ਗਲਤੀ ਨਾ ਕਰਨ ਦਾ ਵਾਅਦਾ ਵੀ ਕੀਤਾ ਹੈ।
ਖ਼ੁਦ ਅਰਵਿੰਦ ਕੇਜਰੀਵਾਲ ਵੱਲੋਂ ਮੁਆਫ਼ੀ ਮੰਗਣ ਤੋਂ ਬਾਅਦ ਬੰਤ ਸਿੰਘ ਨੇ ਵੀ ਸ਼ਾਂਤ ਹੁੰਦਿਆਂ ਪਾਰਟੀ ਤੋਂ ਆਪਣੀ ਨਰਾਜ਼ਗੀ ਦੂਰ ਕਰਨ ਦੀ ਗੱਲ ਕਹਿੰਦਿਆਂ ਪਾਰਟੀ ਨਾਲ ਮਿਲ ਕੇ ਕੰਮ ਕਰਨ ਦਾ ਐਲਾਨ ਕਰ ਦਿੱਤਾ ਹੈ। ਦੂਜੇ ਪਾਸੇ ਅਰਵਿੰਦ ਕੇਜਰੀਵਾਲ ਨੇ ਇਸ ਮਾਮਲੇ ‘ਚ ਸਖ਼ਤੀ ਕਰਦਿਆਂ ਅੱਗੇ ਤੋਂ ਕੋਈ ਵੀ ਸ਼ਮੂਲੀਅਤ ਕਰਨ ਤੋਂ ਪਹਿਲਾਂ ਪੂਰੀ ਜਾਣਕਾਰੀ ਲੈਣ ਲਈ ਕਹਿ ਦਿੱਤਾ ਹੈ। ਇਸ ਨਾਲ ਹੀ ਹਰਬਿੰਦਰ ਸਿੰਘ ਅਤੇ ਨਵਦੀਪ ਸਿੰਘ ਨੂੰ ਪਾਰਟੀ ਤੋਂ ਬਰਖ਼ਾਸਤ ਕਰਦਿਆਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈ। ਬੰਤ ਸਿੰਘ ਨੇ ਦੱਸਿਆ ਕਿ ਸੰਨ 2000 ‘ਚ ਇਨ੍ਹਾਂ ਦੋਵਾਂ ਨੇ ਉਸ ਦੀ ਬੇਟੀ ਨਾਲ ਦਰਿੰਦਗੀ ਕੀਤੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਪਰ ਹਰਬਿੰਦਰ ਸਿੰਘ ਤੇ ਨਵਦੀਪ ਸਿੰਘ ਨੇ ਉਸ ‘ਤੇ ਕਾਫ਼ੀ ਦਬਾਅ ਪਾਇਆ ਕਿ ਉਹ ਮਾਮਲਾ ਵਾਪਸ ਲੈ ਲਵੇ ਉਸ ਵੱਲੋਂ ਕੇਸ ਵਾਪਸ ਨਾ ਲੈਣ ਕਾਰਨ ਉਸ ਦੇ ਦੋਵੇਂ ਹੱਥ ਤੇ ਇੱਕ ਲੱਤ ਨੂੰ ਇਨ੍ਹਾਂ ਨੇ ਵੱਢ ਦਿੱਤਾ। ਇਸ ਹਾਦਸੇ ਤੋਂ ਬਾਅਦ ਉਹ ਇੱਕ ਲੱਤ ਦੇ ਸਹਾਰੇ ਹੀ ਕਾਨੂੰਨੀ ਲੜਾਈ ਲੜਦੇ ਰਹੇ ਤੇ ਆਖ਼ਰ ‘ਚ ਉਨ੍ਹਾਂ ਨੂੰ ਜਿੱਤ ਮਿਲੀ ਤੇ ਇਨ੍ਹਾਂ ਦੋਵਾਂ ਨੂੰ 7-7 ਸਾਲ ਦੀ ਸਜ਼ਾ ਸੁਣਾਈ ਗਈ।
ਬੀਤੇ ਦਿਨੀਂ ਇਨ੍ਹਾਂ ਨੂੰ ਵੀ ਆਮ ਆਦਮੀ ਪਾਰਟੀ ‘ਚ ਸ਼ਾਮਲ ਕਰਨ  ਕਾਰਨ ਉਨ੍ਹਾਂ ਨੂੰ ਵੱਡਾ ਝਟਕਾ ਲੱਗਾ ਸੀ ਪਰ ਉਨ੍ਹਾਂ ਨੇ ਜ਼ਿਆਦਾ ਕੁਝ ਨਹੀਂ ਕਿਹਾ। ਉਨ੍ਹਾਂ ਦੱਸਿਆ ਕਿ ਬੀਤੀ ਰਾਤ ਹੀ ਸੰਜੇ ਸਿੰਘ ਨੇ ਉਨ੍ਹਾਂ ਤੋਂ ਮੁਆਫ਼ੀ ਮੰਗ ਲਈ ਤੇ ਹੁਣ ਅੱਜ ਅਰਵਿੰਦ ਕੇਜਰੀਵਾਲ ਨੇ ਖ਼ੁਦ ਮੁਆਫ਼ੀ ਮੰਗਦੇ ਹੋਏ ਇਸ ਮਾਮਲੇ ਨੂੰ ਖ਼ਤਮ ਕਰਨ ਦੀ ਅਪੀਲ ਕਰ ਦਿੱਤੀ ਹੈ, ਜਿਸ ਕਾਰਨ ਉਨ੍ਹਾਂ ਨੂੰ ਕੋਈ ਵੀ ਨਰਾਜ਼ਗੀ ਨਹੀਂ ਹੈ।

ਮਾਨਸਾ ਤੋਂ ਉਮੀਦਵਾਰ ਨਾਜ਼ਰ ਸਿੰਘ ਮਾਨਸਾਹੀਆ ਤਲਬ
ਅਰਵਿੰਦ ਕੇਜਰੀਵਾਲ ਨੇ ਮਾਨਸਾ ਹਲਕੇ ਤੋਂ ‘ਆਪ’ ਉਮੀਦਵਾਰ ਨਾਜ਼ਰ ਸਿੰਘ ਮਾਨਸਾਹੀਆ ਨੂੰ ਤਲਬ ਕਰ ਲਿਆ ਹੈ ਕਿ ਆਖ਼ਰਕਾਰ ਉਨ੍ਹਾਂ ਨੇ ਕਿਵੇਂ ਹਰਬਿੰਦਰ ਤੇ ਨਵਦੀਪ ਸਿੰਘ ਨੂੰ ਪਾਰਟੀ ‘ਚ ਸ਼ਾਮਲ ਕਰਵਾ ਲਿਆ। ਨਾਜ਼ਰ ਸਿੰਘ ਨੂੰ ਇਸ ਸਬੰਧੀ ਲਿਖਤੀ ਸਪੱਸ਼ਟੀਕਰਨ ਵੀ ਪਾਰਟੀ ਨੂੰ ਦੇਣਾ ਪੈ ਸਕਦਾ ਕਿ ਆਖ਼ਰਕਾਰ ਗਲਤੀ ਕਿੱਥੇ ਹੋਈ ਤੇ ਬਿਨਾਂ ਪੜਤਾਲ ਰਿਪੋਰਟ ਤੋਂ ਦੋਵਂੇ ਨੌਜਵਾਨਾਂ ਨੂੰ ਕਿਵੇਂ ਪਾਰਟੀ ‘ਚ ਸ਼ਾਮਲ ਕਰਨ ਦੀ ਕਾਰਵਾਈ ਕੀਤੀ ਗਈ। ਇਸ ਮਾਮਲੇ ‘ਚ ਜੇਕਰ ਸੂਬਾ ਪੱਧਰੀ ਕਿਸੇ ਲੀਡਰ ਦੀ ਮਨਜ਼ੂਰੀ ਲਈ ਗਈ ਤਾਂ ਉਸ ਤੋਂ ਵੀ ਸਪੱਸ਼ਟੀਕਰਨ ਮੰਗਿਆ ਜਾ ਸਕਦਾ ਹੈ।

ਪ੍ਰਸਿੱਧ ਖਬਰਾਂ

To Top