Breaking News

ਕੋਲਿਆਂ ਵਾਲੀ ‘ਚ ਸਿਆਸੀ ਦੰਗਲ, ਆਪ ਰੈਲੀ ਲਈ ਡਟੀ

ਅਸ਼ਵਨੀ ਚਾਵਲਾ/ਮੇਵਾ ਸਿੰਘ ਚੰਡੀਗੜ੍ਹ/ਲੰਬੀ, 
ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜੱਦੀ ਹਲਕੇ ਲੰਬੀ ਦਾ ਪਿੰਡ ਕੋਲਿਆਂਵਾਲੀ ਬੀਤੇ ਦਿਨਾਂ ਤੋਂ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਵਿਚਕਾਰ ਚੋਣ ਦੰਗਲ ਬਣਿਆ ਹੋਇਆ ਹੈ ਅਕਾਲੀ ਦਲ ਦੇ ਆਗੂਆਂ ਵੱਲੋਂ ਕਥਿਤ ਅੜਿੱਕਿਆਂ ਦੇ ਬਾਵਜੂਦ ਆਪ ਭਲਕੇ ਬੁੱਧਵਾਰ ਨੂੰ ਇੱਥੇ ਰੈਲੀ ਕਰਨ ਲਈ ਡਟੀ ਹੋਈ ਹੈ
ਪਿੰਡ ਕੋਲਿਆਂਵਾਲੀ ਵਿਖੇ ਜਿਹੜੇ ਮੈਦਾਨ ਵਿੱਚ ਆਮ ਆਦਮੀ ਪਾਰਟੀ ਨੇ ਰੈਲੀ ਕਰਨੀ ਸੀ, ਉਸ ਥਾਂ ‘ਤੇ ਬਾਦਲ ਦੇ ਖ਼ਾਸਮ-ਖ਼ਾਸ ਕੋਲਿਆਂਵਾਲੀ ਨੇ ਮਿੱਟੀ ਸੁਟਵਾ ਕੇ ਮੈਦਾਨ ਭਰ ਦਿੱਤਾ ਹੈ, ਜਿਸ ਕਾਰਨ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੇ ਵੀ ਇਜਾਜ਼ਤ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ। ਜਿਸ ਤੋਂ ਬਾਅਦ ਪੈਦਾ ਹੋਈ ‘ਦੰਗਲ’ ਵਰਗੀ ਸਥਿਤੀ ‘ਚ ਆਮ ਆਦਮੀ ਪਾਰਟੀ ਨੇ ਲਲਕਾਰ ਮਾਰਦਿਆਂ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਰੈਲੀ ਤਾਂ ਤੈਅ ਪ੍ਰੋਗਰਾਮ ਅਨੁਸਾਰ ਹੀ ਲੰਬੀ ਹਲਕੇ ਦੇ ਪਿੰਡ ਕੋਲਿਆਵਾਲੀ ਵਿਖੇ ਹੀ ਹੋਵੇਗੀ, ਜੇਕਰ ਉਨ੍ਹਾਂ ਨੂੰ ਇਜਾਜ਼ਤ ਦੇ ਨਾਲ ਹੀ ਥਾਂ ਨਹੀਂ ਦਿੱਤੀ ਗਈ ਤਾਂ ਸੜਕ ‘ਤੇ ਹੀ ਰੈਲੀ ਕਰ ਦਿੱਤੀ ਜਾਵੇਗੀ, ਭਾਵੇਂ ਉਸ ਲਈ ਡਿਪਟੀ ਕਮਿਸ਼ਨਰ ਇਜਾਜ਼ਤ ਦੇਵੇ ਜਾਂ ਫਿਰ ਨਾ ਦੇਵੇ।
ਮੰਗਲਵਾਰ ਨੂੰ ਇਸ ਗੰਭੀਰ ਸਥਿਤੀ ਦੇ ਪੈਦਾ ਹੁੰਦੇ ਸਾਰ ਹੀ ਚੰਡੀਗੜ੍ਹ ਵਿਖੇ ਸਥਿਤ ਚੋਣ ਕਮਿਸ਼ਨ ਦਾ ਦਫ਼ਤਰ ਵੀ ਅਲਰਟ ਹੋ ਗਿਆ ਅਤੇ ਚੋਣ ਅਧਿਕਾਰੀ ਨੇ ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਤੋਂ ਸਾਰੀ ਜਾਣਕਾਰੀ ਲੈਣ ਦੇ ਨਾਲ ਹੀ ਆਮ ਆਦਮੀ ਪਾਰਟੀ ਨੂੰ ਰੈਲੀ ਜਮੀਨ ਮੁਹੱਈਆ ਕਰਵਾਉਣ ਦੇ ਆਦੇਸ਼ ਦਿੱਤੇ। ਚੋਣ ਕਮਿਸ਼ਨ ਦੀ ਤੇਜੀ ਨੂੰ ਦੇਖਦਿਆਂ ਡਿਪਟੀ ਕਮਿਸ਼ਨਰ ਨੇ ਵੀ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਕੋਲਿਆਂਵਾਲੀ ਪਿੰਡ ਵਿਖੇ ਰੈਲੀ ਕਰਨ ਦੀ ਇਜਾਜ਼ਤ ਦੇਣ ਦੀ ਗੱਲ ਕਹਿ ਦਿੱਤੀ ਪਰ ਆਪ ਦੇ ਲੀਡਰ ਉਸੇ ਮੈਦਾਨ ਵਿੱਚ ਰੈਲੀ ਕਰਨ ‘ਤੇ ਅੜੇ ਹੋਏ ਹਨ, ਜਿੱਥੇ ਜਾਣ ਬੁੱਝ ਕੇ ਮਿੱਟੀ ਸੁਟਵਾਈ ਗਈ ਹੈ।
ਜਾਣਕਾਰੀ ਅਨੁਸਾਰ ਪੰਜਾਬ ਵਿਧਾਨ ਸਭਾ ਚੋਣਾਂ ਦੇ ਕਾਰਨ ਲਗਾਤਾਰ ਪੰਜਾਬ ‘ਚ ਡੇਰਾ ਜਮਾਈ ਬੈਠੇ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਨੂੰ ਲੰਬੀ ਹਲਕੇ ਦੇ ਕੋਲਿਆਂਵਾਲੀ ਪਿੰਡ ਵਿਖੇ ਰੈਲੀ ਕਰਨੀ ਹੈ, ਇਸ ਰੈਲੀ ਦਾ ਐਲਾਨ ਪਿਛਲੇ ਹਫ਼ਤੇ ਹੀ ਕਰ ਦਿੱਤਾ ਗਿਆ ਸੀ। ਲੰਬੀ ਹਲਕੇ ‘ਚ ਆਮ ਆਦਮੀ ਪਾਰਟੀ ਦੀ ਰੈਲੀ ਹੋਣ ਦੇ ਕਾਰਨ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਪਹਿਲਾਂ ਤੋਂ ਹੀ ਇਸ ਜੋਰ ਅਜ਼ਮਾਇਸ਼ ਵਿੱਚ ਲੱਗ ਗਏ ਸਨ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਰੈਲੀ ਨੂੰ ਰੋਕਿਆ ਜਾਵੇ ਤਾਂ ਕਿ ਮੁੱਖ ਮੰਤਰੀ ਦੇ ਹਲਕੇ ਵਿੱਚ ਆਮ ਆਦਮੀ ਪਾਰਟੀ ਨੂੰ ਕਿਸੇ ਵੀ ਤਰ੍ਹਾਂ ਦਾ ਫਾਇਦਾ ਨਾ ਮਿਲ ਸਕੇ।
ਆਮ ਆਦਮੀ ਪਾਰਟੀ ਨੇ ਦੋਸ਼ ਲਾਇਆ ਹੈ ਕਿ ਕੋਲਿਆਂਵਾਲੀ ਪਿੰਡ ਦੇ ਸਰਪੰਚ ਖ਼ੁਦ ਦਿਆਲ ਸਿੰਘ ਕੋਲਿਆਂਵਾਲੀ ਹਨ, ਜਿਹੜੇ ਕਿ ਪਰਕਾਸ਼ ਸਿੰਘ ਬਾਦਲ ਦੇ ਬਹੁਤ ਹੀ ਜਿਆਦਾ ਕਰੀਬੀ ਅਤੇ ਉਨ੍ਹਾਂ ਦੇ ਚੋਣ ਇੰਚਾਰਜ਼ ਵੀ ਰਹਿੰਦੇ ਹਨ। ਜਿਸ ਕਾਰਨ ਦਿਆਲ ਸਿੰਘ ਕੋਲਿਆਂਵਾਲੀ ਨੇ ਪਿੰਡ ਦੇ ਸਟੇਡੀਅਮ ਵਿੱਚ ਮਿੱਟੀ ਸੁਟਵਾ ਦਿੱਤੀ ਤਾਂ ਕਿ ਰੈਲੀ ਨਾ ਹੋ ਸਕੇ। ਦੂਜੇ ਪਾਸੇ ਡਿਪਟੀ ਕਮਿਸ਼ਨਰ ਦਫ਼ਤਰ ਵੱਲੋਂ ਵੀ ਰੈਲੀ ਕਰਨ ਦੀ ਇਜਾਜ਼ਤ ਦੇਣ ਤੋਂ ਨਾਂਹ-ਨੁੱਕਰ ਕੀਤੀ ਜਾ ਰਹੀਂ ਹੈ ਤਾਂ ਕਿ ਰੈਲੀ ‘ਚ ਕਿਸੇ ਨਾ ਕਿਸੇ ਤਰੀਕੇ ਵਿਘਨ ਪਾਇਆ ਜਾ ਸਕੇ।

ਪ੍ਰਸਿੱਧ ਖਬਰਾਂ

To Top