ਪੰਜਾਬ

ਠੇਕਾ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਗੰਭੀਰ ਨਹੀਂ ਸਰਕਾਰ: ਵੜੈਚ

ਕਿਹਾ, ਮੁਲਾਜ਼ਮਾਂ ਨੂੰ ਪੱਕਾ ਕਰਨ ਸਬੰਧੀ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਬਲਾਉਣਾ ਰਾਜਨੀਤਿਕ ਰੋਟੀਆਂ ਸੇਕਣ ਤੋਂ ਬਿਨਾਂ ਕੁਝ ਨਹੀਂ
ਅਸ਼ਵਨੀ ਚਾਵਲਾ ਚੰਡੀਗੜ, ਆਮ ਆਦਮੀ ਪਾਰਟੀ ਨੇ ਐਤਵਾਰ ਨੂੰ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਅਕਾਲੀ-ਭਾਜਪਾ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਨੂੰ ਕੱਚੇ ਕਾਮਿਆਂ, ਠੇਕਾ ਅਧਾਰਿਤ ਮੁਲਾਜ਼ਮਾਂ ਨੂੰ ਪੱਕਾ ਕਰਨ ਸਬੰਧੀ ਬੋਲੇ ਜਾ ਰਹੇ ਝੂਠ ਦੀ ਆਲੋਚਨਾ ਕੀਤੀ ਹੈ। ਆਮ ਆਦਮੀ ਪਾਰਟੀ ਪੰਜਾਬ ਦੇ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਨੇ ਕਿਹਾ ਕਿ ਜੇ ਬਾਦਲ ਸਰਕਾਰ ਸਹੀ ਅਰਥਾਂ ਵਿਚ 27 ਹਜ਼ਾਰ ਠੇਕਾ ਅਧਾਰਿਤ ਮੁਲਾਜ਼ਮਾਂ ਨੂੰ ਪੱਕੇ ਕਰਨ ਬਾਰੇ ਗੰਭੀਰ ਹੁੰਦੀ ਤਾਂ ਉਹ ਅਜਿਹਾ ਕੰਮ ਆਪਣੇ 10 ਸਾਲਾਂ ਤੋਂ ਚੱਲੀ ਆ ਰਹੀ ਸਰਕਾਰ ਦੇ ਸ਼ੁਰੂ ਵਿਚ ਹੀ ਕਰ ਦਿੰਦੀ।
ਵੜੈਚ ਨੇ ਕਿਹਾ ਕਿ ਆਮ ਆਦਮੀ ਪਾਰਟੀ ਹਮੇਸ਼ਾ ਹੀ ਠੇਕਾ ਅਧਾਰਿਤ ਨੌਕਰੀਆਂ ਦੇ ਖਿਲਾਫ਼ ਰਹੀ ਹੈ ਅਤੇ 27 ਹਜ਼ਾਰ ਕਰਮਚਾਰੀਆਂ ਨੂੰ ਪੱਕਾ ਕਰਨ ਦੀ ਗੱਲ ਦਾ ਸਮਰਥਣ ਕਰਦੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਬਾਦਲ ਸਰਕਾਰ ਦੁਆਰਾ ਚੋਣਾਂ ਤੋਂ ਇੱਕ ਮਹੀਨੇ ਪਹਿਲਾਂ ਕੀਤੇ ਅਜਿਹੇ ਐਲਾਨ ਉਤੇ ਯਕੀਨ ਨਾ ਕਰਦੇ ਹੋਏ ਇਸ ਪਿੱਛੇ ਕੀਤੀ ਜਾ ਰਹੀ ਰਾਜਨੀਤੀ ਦੀ ਆਲੋਚਨਾ ਕਰਦੀ ਹੈ।
ਵੜੈਚ ਨੇ ਕਿਹਾ, ”ਕਈ ਮਹੀਨਿਆਂ ਤੋਂ ਠੇਕਾ ਅਧਾਰਤ
ਮੁਲਾਜ਼ਮ ਆਪਣੀਆਂ ਨੌਕਰੀਆਂ ਨੂੰ ਪੱਕਾ ਕਰਨ ਦੀ ਮੰਗ ਤਹਿਤ ਪੰਜਾਬ ਭਰ ਦੀਆਂ ਪਾਣੀਆਂ ਦੀਆਂ ਟੈਂਕੀਆਂ ਉਤੇ ਚੜ੍ਹੇ ਹੋਏ ਹਨ ਅਤੇ ਬਾਦਲ ਸਰਕਾਰ ਪਿਛਲੇ 10 ਸਾਲਾਂ ਤੋਂ ਉਨ੍ਹਾਂ ਦੀਆਂ ਗੱਲਾਂ ਸੁਣਨ ਦੀ ਬਜਾਏ ਪੁਲਿਸ ਦੀਆਂ ਲਾਠੀਆਂ ਰਾਹੀਂ ਉਨ੍ਹਾਂ ਦੀ ਅਵਾਜ਼ ਨੂੰ ਬੰਦ ਕਰ ‘ਤੇ ਤੁਲੀ ਹੋਈ ਹੈ। ਜਦੋਂ ਵੀ ਠੇਕੇ ਅਧਾਰਿਤ ਕਰਮਚਾਰੀਆਂ ਦਾ ਵਫਦ ਮੁੱਖ ਮੰਤਰੀ ਨੂੰ ਮਿਲਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਨ੍ਹਾਂ ਨੂੰ ਲਾਠੀਆਂ ਦੁਆਰਾ ਕੁਟਵਾਇਆ ਅਤੇ ਪਾਣੀ ਦੀਆਂ ਬੌਛਾੜਾਂ ਦੁਆਰਾ ਭਜਾਇਆ ਜਾਂਦਾ ਹੈ।”
ਵੜੈਚ ਨੇ ਕਿਹਾ ਕਿ ਬਾਦਲ ਸਰਕਾਰ ਦੁਆਰਾ 27 ਹਜ਼ਾਰ ਕਾਮਿਆਂ ਨੂੰ ਪੱਕੇ ਕਰਨ ਸੰਬੰਧੀ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸ਼ੈਸ਼ਨ ਬੁਲਾਉਣਾ ਵੀ ਇਸ ਮੁੱਦੇ ਉਤੇ ਰਾਜਨੀਤਿਕ ਰੋਟੀਆਂ ਸੇਕਣ ਤੋਂ ਬਿਨਾ ਕੁਝ ਨਹੀਂ ਹੈ।
ਵੜੈਚ ਨੇ ਕਿਹਾ ਕਿ 2017 ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਮੌਜੂਦਾ ਸਾਰੇ ਠੇਕਾ ਅਧਾਰਿਤ ਮੁਲਾਜ਼ਮਾਂ ਨੂੰ ਪੱਕੇ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਵੱਖ-ਵੱਖ ਚੋਣ ਮੈਨੀਫੈਸਟੋ ਵਿਚ ਆਪ ਇਹ ਵਾਅਦਾ ਪਹਿਲਾਂ ਹੀ ਕਰ ਚੁੱਕੀ ਹੈ ਕਿ ਪੰਜਾਬ ‘ਚੋਂ ਠੇਕੇ ਪ੍ਰਣਾਲੀ ਨੂੰ ਖਤਮ ਕਰ ਦਿੱਤਾ ਜਾਵੇਗਾ ਅਤੇ ਸਾਰੀਆਂ ਨਿਯੁਕਤੀਆਂ ਪੱਕੇ ਤੌਰ ‘ਤੇ ਕੀਤੀਆਂ ਜਾਣਗੀਆਂ।

ਪ੍ਰਸਿੱਧ ਖਬਰਾਂ

To Top