Breaking News

ਨਵਜੋਤ ਸਿੱਧੂ ਹੋਣਗੇ ਕਾਂਗਰਸ ਦੇ ਸੀਐੱਮ ਉਮੀਦਵਾਰ!

ਅਰਵਿੰਦ ਕੇਜਰੀਵਾਲ ਨੇ ਕੀਤਾ ਦਾਅਵਾ 

ਰਾਹੁਲ ਦੀ ਅਮਰਿੰਦਰ ਸਿੰਘ ਨਾਲ ਰਹਿੰਦੀ ਐ ਹਮੇਸ਼ਾ ਹੀ ਨਰਾਜ਼ਗੀ, ਸਿੱਧੂ ਉਨ੍ਹਾਂ ਲਈ ਚੰਗਾ ਵਿਕਲਪ
ਅਸ਼ਵਨੀ ਚਾਵਲਾ ਚੰਡੀਗੜ੍ਹ,
ਅਰਵਿੰਦ ਕੇਜਰੀਵਾਲ ਨੇ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਦੀ ਦੁਖਦੀ ਰਗ ‘ਤੇ ਹੀ ਨਿਸ਼ਾਨਾ ਲਗਾਉਂਦੇ ਹੋਏ ਸਿੱਧੂ ਬੰਬ ਛੱਡ ਦਿੱਤਾ ਹੈ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਹੀ ਕਾਂਗਰਸ ਵਿੱਚ ਮੁੱਖ ਮੰਤਰੀ ਦੇ ਉਮੀਦਵਾਰ ਹੋਣਗੇ, ਕਿਉਂਕਿ ਜੇਕਰ ਉਨ੍ਹਾਂ ਨੇ ਉਪ ਮੁੱਖ ਮੰਤਰੀ ਹੀ ਬਨਣਾ ਸੀ ਤਾਂ ਆਮ ਆਦਮੀ ਪਾਰਟੀ ਉਨ੍ਹਾਂ ਲਈ ਚੰਗਾ ਵਿਕਲਪ ਸੀ, ਕਿਉਂਕਿ ਉਨ੍ਹਾਂ ਨੇ ਖ਼ੁਦ ਨਵਜੋਤ ਸਿੰਘ ਸਿੱਧੂ ਨੂੰ ਉਪ ਮੁੱਖ ਮੰਤਰੀ ਦਾ ਅਹੁਦਾ ਆਫਰ ਕੀਤਾ ਸੀ ਪਰ ਨਵਜੋਤ ਸਿੰਘ ਸਿੱਧੂ ਮੁੱਖ ਮੰਤਰੀ ਦੇ ਉਮੀਦਵਾਰ ਬਣਨਾ ਚਾਹੁੰਦੇ ਸਨ, ਜਿਸ ਕਾਰਨ ਗੱਲਬਾਤ ਸਿਰੇ ਨਹੀਂ ਚੜ੍ਹ ਸਕੀ।
ਅਰਵਿੰਦ ਕੇਜਰੀਵਾਲ ਨੇ ਪੰਜਾਬ ਦੌਰੇ ਦੇ ਤੀਜੇ ਦਿਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪਹਿਲੀਵਾਰ ਖ਼ੁਲਾਸਾ ਕੀਤਾ ਕਿ ਨਵਜੋਤ ਸਿੰਘ ਸਿੱਧੂ ਨਾਲ ਉਨ੍ਹਾਂ ਦੀ ਕੋਈ ਡੀਲ ਵੀ ਹੋਈ ਸੀ। ਉਨਾਂ ਕਿਹਾ ਕਿ ਜਦੋਂ ਨਵਜੋਤ ਸਿੰਘ ਸਿੱਧੂ ਨਾਲ ਲਗਾਤਾਰ ਗੱਲਬਾਤ ਚਲਦੀ ਰਹੀਂ ਤਾਂ ਉਹ ਉਪ ਮੁੱਖ ਮੰਤਰੀ ਦਾ ਅਹੁਦਾ ਦੇਣ ਲਈ ਤਿਆਰ ਵੀ ਹੋ ਗਏ ਸਨ ਪਰ ਸਿੱਧੂ ਨੇ ਉਨਾਂ ਦੀ ਇਸ ਪੇਸ਼ਕਸ਼ ਨੂੰ ਠੁਕਰਾ ਦਿੱਤਾ, ਕਿਉਂਕਿ ਕਾਂਗਰਸ ਤਾਂ ਉਨਾਂ ਨੂੰ ਮੁੱਖ ਮੰਤਰੀ ਦਾ ਉਮੀਦਵਾਰ ਘੋਸ਼ਿਤ ਕਰਨ ਲਈ ਵੀ ਤਿਆਰ ਸੀ।
ਕੇਜਰੀਵਾਲ ਨੇ ਅਮਰਿੰਦਰ ਸਿੰਘ ਨੂੰ ਸਾਵਧਾਨ ਰਹਿਣ ਦੀ ਸਲਾਹ ਦਿੰਦੇ ਹੋਏ ਕਿਹਾ ਕਿ ਇਹ ਤਾਂ ਹਰ ਕੋਈ ਜਾਣਦਾ ਹੀ ਹੈ ਕਿ ਰਾਹੂਲ ਗਾਂਧੀ ਅਮਰਿੰਦਰ ਸਿੰਘ ਨਾਲ ਨਰਾਜ਼ ਰਹਿੰਦੇ ਹਨ, ਇਸ ਲਈ ਅਮਰਿੰਦਰ ਸਿੰਘ ਦੇ ਤੋੜ ਵਜੋਂ ਹੀ ਰਾਹੂਲ ਗਾਂਧੀ ਹਰ ਕੀਮਤ ‘ਤੇ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਵਿੱਚ ਲਿਆਉਣਾ ਚਾਹੁੰਦੇ ਹਨ, ਜਿਸ ਦੀ ਕੀਮਤ ਮੁੱਖ ਮੰਤਰੀ ਦੇ ਉਮੀਦਵਾਰ ਵਜੋਂ ਚੁਕਾਈ ਜਾਵੇਗੀ। ਉਨਾਂ ਕਿਹਾ ਕਿ ਅਮਰਿੰਦਰ ਸਿੰਘ ਨੂੰ ਸੁਚੇਤ ਰਹਿਣਾ ਚਾਹੀਦਾ ਹੈ, ਕਿਥੇ ਉਹ ਮਿਹਨਤ ਕਰਦੇ ਰਹਿਣ ਅਤੇ ਬਾਜ਼ੀ ਕੋਈ ਹੋਰ ਮਾਰ ਕੇ ਚਲਦਾ ਬਣੇ।

ਪ੍ਰਸਿੱਧ ਖਬਰਾਂ

To Top