Breaking News

ਨਹੀਂ ਕੱਟੀ ਜਾਵੇਗੀ ਮੌਜ਼ੂਦਾ ਵਿਧਾਇਕਾਂ ਦੀ ਟਿਕਟ, ਭਾਜਪਾ ਵੱਲੋਂ 12 ਸੀਟਾਂ ‘ਤੇ 3 ਮੈਂਬਰੀ ਪੈਨਲ ਤਿਆਰ

ਅਸ਼ਵਨੀ ਚਾਵਲਾ ਚੰਡੀਗੜ੍ਹ, 
ਪੰਜਾਬ ‘ਚ ਭਾਜਪਾ ਦੇ 11 ਮੌਜ਼ੂਦਾ ਵਿਧਾਇਕਾਂ ਸਬੰਧੀ ਭਾਜਪਾ ਦੀ ਕੇਂਦਰੀ ਲੀਡਰਸ਼ਿਪ ਨੇ ਸਾਫ਼ ਇਸ਼ਾਰਾ ਕਰ ਦਿੱਤਾ ਹੈ ਕਿ ਮੌਜ਼ੂਦਾ ਕਿਸੇ ਵੀ ਵਿਧਾਇਕ ਦੀ ਟਿਕਟ ਨਾ ਤਾਂ ਕੱਟੀ ਜਾਵੇਗੀ ਤੇ ਨਾ ਹੀ ਉਸ ਨੂੰ ਬਦਲਣ ‘ਤੇ ਕੋਈ ਵਿਚਾਰ ਹੋਵੇਗਾ ਇਸ ਲਈ ਪੰਜਾਬ ਦੀ ਚੋਣ ਕਮੇਟੀ ਸਿਰਫ਼ ਉਨ੍ਹਾਂ 12 ਸੀਟਾਂ ਬਾਰੇ ਹੀ ਚਰਚਾ ਕਰਦੇ ਹੋਏ ਪੈਨਲ ਬਣਾ ਕੇ ਦੇਵੇ, ਜਿਨ੍ਹਾਂ ਸੀਟਾਂ ‘ਤੇ ਉਮੀਦਵਾਰ ਐਲਾਨੇ ਜਾਣੇ ਹਨ। ਕੇਂਦਰੀ ਲੀਡਰਸ਼ਿਪ ਵੱਲੋਂ ਸਾਫ਼ ਸੰਕੇਤ ਆਉਣ ਤੋਂ ਬਾਅਦ ਦਿੱਲੀ ਵਿਖੇ ਦੇਰ ਰਾਤ ਹੋਈ ਭਾਜਪਾ ਦੀ ਪੰਜਾਬ ਚੋਣ ਕਮੇਟੀ ਮੀਟਿੰਗ ‘ਚ ਸਿਰਫ਼ 12 ਸੀਟਾਂ ਬਾਰੇ ਹੀ ਚਰਚਾ ਹੋਈ ਤੇ ਹਰ ਸੀਟ ਲਈ 2 ਤੇ 3 ਉਮੀਦਵਾਰਾਂ ਦਾ ਪੈਨਲ ਤਿਆਰ ਕਰਦਿਆਂ ਪੰਜਾਬ ਭਾਜਪਾ ਦੇ ਇੰਚਾਰਜ ਪ੍ਰਭਾਤ ਝਾਅ ਤੇ ਵਿਧਾਨ ਸਭਾ ਚੋਣਾਂ ਦੇ ਇੰਚਾਰਜ ਨਰਿੰਦਰ ਸਿੰਘ ਤੋਮਰ ਨੂੰ ਸੌਂਪ ਦਿੱਤੀ ਗਈ ਹੈ।
ਸੂਤਰ ਦੱਸਦੇ ਹਨ ਕਿ ਇਸ ਪੰਜਾਬ ਚੋਣ ਕਮੇਟੀ ‘ਚ ਕੁਝ ਪੰਜਾਬ ਦੇ ਮੌਜ਼ੂਦਾ ਵਿਧਾਇਕ ਵੀ ਮੈਂਬਰ ਹਨ ਤੇ ਉਹ ਪਹਿਲਾਂ ਤੋਂ ਹੀ ਤਿਆਰੀ ਕਰਕੇ ਆਏ ਸਨ ਕਿ ਜੇਕਰ ਉਨ੍ਹਾਂ ਦੀ ਸੀਟ ਬਾਰੇ ਚਰਚਾ ਹੋਵੇਗੀ ਤਾਂ ਉਹ ਕੀ ਜਵਾਬ ਦੇਣਗੇ ਪਰ ਮੀਟਿੰਗ ‘ਚ ਉਨ੍ਹਾਂ ਨੂੰ ਰਾਹਤ ਦਿੰਦਿਆਂ ਉਨ੍ਹਾਂ ਦੀਆਂ ਸੀਟਾਂ ‘ਤੇ ਚਰਚਾ ਹੀ ਨਹੀਂ ਕੀਤੀ ਗਈ। ਮੌਜ਼ੂਦਾ ਵਿਧਾਇਕਾਂ ‘ਚੋਂ ਸਿਰਫ਼ ਨਵਜੋਤ ਕੌਰ ਸਿੱਧੂ ਦੀ ਸੀਟ ਬਾਰੇ ਹੀ ਚਰਚਾ ਕੀਤੀ ਗਈ ਹੈ, ਕਿਉਂਕਿ ਉਹ ਭਾਜਪਾ ਨੂੰ ਛੱਡ ਕੇ ਕਾਂਗਰਸ ‘ਚ ਸ਼ਾਮਲ ਹੋ ਗਏ ਹਨ।
ਹੁਣ ਇਸ ਮੀਟਿੰਗ ਤੋਂ ਬਾਅਦ ਪ੍ਰਭਾਤ ਝਾਅ ਤੇ ਨਰਿੰਦਰ ਸਿੰਘ ਤੋਮਰ ਉਮੀਦਵਾਰਾਂ ਦੇ ਪੈਨਲ ਨੂੰ ਕੇਂਦਰੀ ਚੋਣ ਕਮੇਟੀ ਕੋਲ ਰੱਖਣਗੇ, ਜਿੱਥੇ ਕਿ ਜਲਦ ਹੀ ਫੈਸਲਾ ਕਰਕੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਜਾਵੇਗਾ।
ਦੱਸਿਆ ਜਾ ਰਿਹਾ ਹੈ ਕਿ ਪ੍ਰਭਾਤ ਝਾਅ ਨੇ ਮੀਟਿੰਗ ਦੇ ਸਾਰੇ ਮੈਂਬਰਾਂ ਨੂੰ ਸਖ਼ਤ ਹਦਾਇਤ ਦਿੰਦਿਆਂ ਕਿਹਾ ਕਿ ਉਨ੍ਹਾਂ ‘ਚੋਂ ਕੋਈ ਵੀ ਮੀਡੀਆ ਨਾਲ ਗੱਲਬਾਤ ਨਹੀਂ ਕਰੇਗਾ, ਕਿਉਂਕਿ ਮੀਟਿੰਗ ਤੋਂ ਤੁਰੰਤ ਬਾਅਦ ਹੀ ਮੀਡੀਆ ਨੂੰ ਮੀਟਿੰਗ ਦੀ ਸਾਰੀ ਜਾਣਕਾਰੀ ਮਿਲ ਜਾਂਦੀ ਹੈ, ਜਦੋਂ ਕਿ ਜਿਹੜਾ ਬਿਆਨ ਪਾਰਟੀ ਪ੍ਰਧਾਨ ਵੱਲੋਂ ਜਾਰੀ ਕੀਤਾ ਜਾਂਦਾ ਹੈ, ਮੀਡੀਆ ਨੂੰ ਮਿਲੀ ਜਾਣਕਾਰੀ ਤੋਂ ਹੀ ਉਲਟ ਹੁੰਦਾ ਹੈ। ਇਸ ਲਈ ਪਾਰਟੀ ਪ੍ਰਧਾਨ ਤੋਂ ਇਲਾਵਾ ਕੋਈ ਵੀ ਮੀਡੀਆ ਨੂੰ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਨਹੀਂ ਦੇਵੇਗਾ।

ਅਕਾਲੀ ਦਲ ਨਾਲ ਚੈਪਟਰ ਖ਼ਤਮ, ਮਿੱਤਲ ਤੇ ਭਗਤ ਦੀ ਫਸੇਗੀ ਟਿਕਟ
ਪੰਜਾਬ ‘ਚ ਅਕਾਲੀ ਦਲ ਨਾਲ ਕੁਝ ਸੀਟਾਂ ‘ਤੇ ਫੇਰਬਦਲ ਕਰਨ ਦੀ ਚੱਲ ਰਹੀ ਗੱਲਬਾਤ ਦਾ ਚੈਪਟਰ ਹੁਣ ਪੂਰੀ ਤਰ੍ਹਾਂ ਖ਼ਤਮ ਹੋ ਗਿਆ ਹੈ, ਕਿਉਂਕਿ ਜਿਹੜੀਆਂ ਸੀਟਾਂ ‘ਤੇ ਭਾਜਪਾ ਤਾਕ ਲਾਈ ਬੈਠੀ ਸੀ, ਉਨ੍ਹਾਂ ਸੀਟਾਂ ‘ਤੇ ਲਗਭਗ ਅਕਾਲੀ ਦਲ ਨੇ ਆਪਣੇ ਉਮੀਦਵਾਰ ਉਤਾਰ ਦਿੱਤੇ ਹਨ, ਜਿਸ ਕਾਰਨ ਹੁਣ ਭਾਜਪਾ ਆਪਣੇ ਕੋਟੇ ਦੀਆਂ 23 ਸੀਟਾਂ ‘ਤੇ ਪਹਿਲਾਂ ਵਾਲੇ ਹਲਕਿਆਂ ਤੋਂ ਹੀ ਚੋਣ ਲੜੇਗੀ।
ਇਸ ਦੇ ਨਾਲ ਹੀ ਮੌਜ਼ੂਦਾ ਵਿਧਾਇਕ ਤੇ ਕੈਬਨਿਟ ਮੰਤਰੀ ਮਦਨ ਮੋਹਨ ਮਿੱਤਲ ਤੇ ਭਗਤ ਚੂਨੀ ਲਾਲ ਦੀ ਟਿਕਟ ਫਸਣ ਦੇ ਆਸਾਰ ਹਨ, ਕਿਉਂਕਿ ਭਾਜਪਾ ਆਪਣੇ ਸੰਵਿਧਾਨ ਅਨੁਸਾਰ 70 ਸਾਲ ਤੋਂ ਜ਼ਿਆਦਾ ਦੀ ਉਮਰ ਦੇ ਲੀਡਰ ਨੂੰ ਟਿਕਟ ਨਹੀਂ ਦਿੰਦੀ ਹੈ, ਜਿਸ ਕਾਰਨ ਇਹ ਦੋਵੇਂ ਲੀਡਰ ਆਪਣੇ-ਆਪਣੇ ਪੁੱਤਰਾਂ ਨੂੰ ਚੋਣ ਮੈਦਾਨ ‘ਚ ਉਤਾਰਨ ਲਈ ਜ਼ੋਰ ਲਗਾ ਰਹੇ ਹਨ।
ਹੁਣ ਇਸ ਸਬੰਧੀ ਭਾਜਪਾ ਹਾਈਕਮਾਨ ਨੇ ਹੀ ਫੈਸਲਾ ਲੈਣਾ ਹੈ ਕਿ ਇਨ੍ਹਾਂ ਦੋਵਾਂ ਦੀ ਟਿਕਟ ਫਸੇਗੀ ਜਾਂ ਫਿਰ ਇਨ੍ਹਾਂ ਦੋਵਾਂ ਦੀ ਬਜਾਇ ਇਨ੍ਹਾਂ ਦੇ ਪੁੱਤਰਾਂ ਜਾਂ ਫਿਰ ਇਨ੍ਹਾਂ ਨੂੰ ਟਿਕਟ ਦਿੱਤੀ ਜਾਵੇਗੀ।

ਪ੍ਰਸਿੱਧ ਖਬਰਾਂ

To Top