ਪੰਜਾਬ

ਨਾਭਾ ਜੇਲ੍ਹ ਕਾਂਡ : ਛੇ ਦਿਨਾਂ ਮਗਰੋਂ ਵੀ ਪੁਲਿਸ ਦੇ ਹੱਥ ਨਹੀਂ ਲੱਗੇ ਫਰਾਰ ਹੋÂ ਅਪਰਾਧੀ

ਕਸ਼ਮੀਰ , ਵਿੱਕੀ ਗੌਂਡਰ, ਗੁਰਪ੍ਰੀਤ ਸੇਖੋਂ, ਅਮਨ ਢੋਡੀਆਂ ਅਤੇ ਨੀਟੂ ਦੇ ਛੁਪਣਗਾਹਾਂ ਤੱਕ ਨਾ ਪਹੁੰਚ ਸਕੀ ਪੁਲਿਸ
ਖੁਸ਼ਵੀਰ ਸਿੰਘ ਤੂਰ ਪਟਿਆਲਾ,
ਨਾਭਾ ਜੇਲ੍ਹ ਬ੍ਰੇਕ ਕਾਂਡ ਸਬੰਧੀ ਪਟਿਆਲਾ ਪੁਲਿਸ ਵੱਲੋਂ ਭਾਵੇਂ ਗੈਂਗਸਟਰ ਪਲਵਿੰਦਰ ਸਿੰਘ ਪਿੰਦਾ ਤੋਂ ਕੀਤੀ ਜਾ ਰਹੀ ਪੁੱਛ-ਪੜਤਾਲ ਦੇ ਅਧਾਰ ਤੇ ਇਸ ਕਾਂਡ ਨੂੰ ਰਚਣ ਵਾਲੇ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਪਰ ਪੁਲਿਸ ਛੇ ਦਿਨ ਬੀਤਣ ਤੋਂ ਬਾਅਦ ਵੀ ਅਜੇ ਤੱਕ ਨਾਭਾ ਜੇਲ੍ਹ ਚੋਂ ਭੱਜੇ ਹੋਏ ਪੰਜ ਖਤਰਨਾਕ ਅਪਰਾਧੀਆਂ ਦੀ ਪੈੜ ਨਹੀਂ ਨੱਪ ਸਕੀ ਜਦੋਂ ਕਿ ਸਿਰਫ ਹਰਮਿੰਦਰ ਮਿੰਟੂ ਹੀ ਉਹ ਵੀ ਦਿੱਲੀ ਪੁਲਿਸ ਨੇ ਫੜ੍ਹਿਆ ਹੈ ਪਟਿਆਲਾ ਪੁਲਿਸ ਦੇ ਉੱਚ ਅਧਿਕਾਰੀ ਇਨ੍ਹਾਂ ਖਤਰਨਾਕ ਅਪਰਾਧੀਆਂ ਨੂੰ ਜਲਦੀ ਮੁੜ ਡੱਕਣ ਦੀ ਗੱਲ ਆਖ ਰਹੇ ਹਨ ਪਰ ਇਸ ਸਬੰਧੀ ਕੋਈ ਵੀ ਜਾਣਕਾਰੀ ਦੇਣ ਤੋਂ ਪਾਸਾ ਵੱਟ ਰਹੇ ਹਨ ।
ਜਾਣਕਾਰੀ ਅਨੁਸਾਰ 27 ਨਵੰਬਰ ਨੂੰ ਸਵੇਰ ਵੇਲੇ ਗੱਡੀਆਂ ਵਿੱਚ ਆਏ ਦਰਜ਼ਨ ਭਰ ਮੁਲਜ਼ਮ ਜੇਲ੍ਹ ਅੰਦਰ ਵੜ ਕੇ 6 ਖਤਰਨਾਕ ਅਪਰਾਧੀਆਂ ਨੂੰ ਕੁਝ ਮਿੰਟਾਂ ‘ਚ ਹੀ ਛੁੜਾ ਕੇ ਦੌੜ ਗਏ ਸਨ ।ਘਟਨਾ ਦੇ ਤੜਕੇ ਸਵੇਰ ਨੂੰ ਹੀ ਹੀ ਭਾਵੇਂ ਦਿੱਲੀ ਪੁਲਿਸ ਵੱਲੋਂ ਖਤਰਨਾਕ ਅੱਤਵਾਦੀ ਹਰਮਿੰਦਰ ਮਿੰਟੂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ, ਜਦਕਿ ਘਟਨਾ ਵਾਪਰਨ ਤੋਂ ਕੁਝ ਘੰਟੇ ਬਾਅਦ ਸ਼ਾਮ ਨੂੰ ਯੂਪੀ ਪੁਲਿਸ ਵੱਲੋਂ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਗੈਗਸਟਰ ਪਲਵਿੰਦਰ ਸਿੰਘ ਪਿੰਦਾ ਨੂੰ ਗ੍ਰਿਫਤਾਰ ਕਰ ਲਿਆ ਸੀ। ਜੇਲ੍ਹ ਚੋਂ ਫਰਾਰ ਹੋਏ ਇਨ੍ਹਾਂ ਅਪਰਾਧੀਆਂ ਨੂੰ ਫੜਨ ਲਈ ਭਾਵੇਂ ਪੰਜਾਬ, ਦਿੱਲੀ, ਹਰਿਆਣਾ, ਹਿਮਾਚਲ ਪ੍ਰਦੇਸ਼ ਆਦਿ ਦੀ ਪੁਲਿਸ ਲੱਗੀ ਹੋਈ ਹੈ, ਪਰ ਸਿਤਮ ਦੀ ਗੱਲ ਹੈ ਕਿ 6 ਦਿਨ ਬੀਤਣ ਤੋਂ ਬਾਅਦ ਵੀ ਪੰਜੇ ਅਪਰਾਧੀਆਂ ਤੱਕ ਪੁਲਿਸ ਨਹੀਂ ਪਹੁੰਚ ਸਕੀ। ਪੁਲਿਸ ਦੀ ਗ੍ਰਿਫਤ ਵਿੱਚ ਨਾ ਆਉਣ ਵਾਲੇ ਇਨ੍ਹਾਂ ਪੰਜ ਅਪਰਾਧੀਆਂ ਵਿੱਚ ਅੱਤਵਾਦੀ ਕਸ਼ਮੀਰ ਸਿੰਘ, ਗੈਗਸਟਰ ਗੁਰਪ੍ਰੀਤ ਸਿੰਘ ਸੇਖੋਂ, ਹਰਜਿੰਦਰ ਸਿੰਘ ਵਿੱਕੀ ਗੋਂਡਰ, ਅਮਨਦੀਪ ਸਿੰਘ ਢੋਟੀਆਂ ਅਤੇ ਕੁਲਪ੍ਰੀਤ ਸਿੰਘ ਨੀਟੂ ਸ਼ਾਮਲ ਹਨ। ਉਕਤ ਅਪਰਾਧੀਆਂ ਸਬੰਧੀ ਜਦੋਂ ਪੁਲਿਸ ਦੇ ਉੱਚ ਅਧਿਕਾਰੀਆਂ ਨਾਲ ਰਾਬਤਾ ਕਾਇਮ ਕੀਤਾ ਜਾਂਦਾ ਹੈ ਤਾਂ ਉਨ੍ਹਾਂ ਦਾ ਜਵਾਬ ਹੁੰਦਾ ਹੈ ਕਿ ਉਨ੍ਹਾਂ ਵੱਲੋਂ ਆਪਣੀ ਕਾਰਵਾਈ ਜਾਰੀ ਹੈ। ਜਦੋਂ ਉਨ੍ਹਾਂ ਤੋਂ ਅਪਰਾਧੀਆਂ ਦੇ ਸੁਰਾਗ ਮਿਲਣ ਬਾਰੇ ਪੁੱਛਿਆ ਜਾਂਦਾ ਹੈ ਤਾ ਉਹ ਇਸ ਬਾਰੇ ਕੁਝ ਵੀ ਬੋਲਣ ਦੀ ਬਜਾਏ ਚੁੱਪ ਵੱਟ ਲੈਂਦੇ ਹਨ। ਪੁਲਿਸ ਵੱਲੋਂ ਪਲਵਿੰਦਰ ਪਿੰਦਾ ਤੋਂ ਇੱਥੇ ਕਈ ਦਿਨਾਂ ਤੋਂ ਸੀਆਈਏ ਸਟਾਫ ਪਟਿਆਲਾ ਵਿਖੇ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਪੁਲਿਸ ਵੱਲੋਂ ਉਸ ਦੇ ਅਧਾਰ ਤੇ ਗੁਰਪ੍ਰੀਤ ਗੋਪੀ ਨਾਮ ਦੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਪਰ ਉਸ ਤੋਂ ਬਾਅਦ ਵੀ ਉਹ ਗੈਗਸਟਰਾਂ ਦੀਆਂ ਛੁਪਣਗਾਹਾਂ ਤੱਕ ਨਹੀਂ ਅੱਪੜ ਸਕੀ। ਇੱਧਰ ਵਿਰੋਧੀਆਂ ਪਾਰਟੀਆਂ ਵੱਲੋਂ ਕਥਿਤ ਦੋਸ਼ ਲਗਾਏ ਜਾ ਰਹੇ ਹਨ ਕਿ ਪੰਜਾਬ ਸਰਕਾਰ ਵੱਲੋਂ ਹੀ ਇਨ੍ਹਾਂ ਗੈਗਸਟਰਾਂ ਨੂੰ ਭਜਾਇਆ ਗਿਆ ਹੈ ਤਾ ਜੋਂ ਚੋਣਾਂ ‘ਚ ਇਨ੍ਹਾਂ ਨੂੰ ਵਰਤਿਆ ਜਾ ਸਕੇ। ਇੱਕ ਆਗੂ ਨੇ ਕਿਹਾ ਕਿ ਜੇਕਰ ਪੁਲਿਸ ਮਿੰਟੂ ਨੂੰ ਫੜ ਸਕਦੀ ਹੈ ਤਾ ਦੂਜੇ ਗੈਗਸਟਰਾਂ ਨੂੰ ਕਿਉਂ ਨਹੀਂ।

ਇਸ ਸਬੰਧੀ ਜਦੋਂ ਪਟਿਆਲਾ ਦੇ ਐਸਐਸਪੀ ਗੁਰਮੀਤ ਸਿੰਘ ਚੌਹਾਨ ਨਾਲ ਸੰਪਰਕ ਕੀਤਾ ਗਿਆ ਤਾ ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਇਨ੍ਹਾਂ ਅਪਰਾਧੀਆਂ ਦੀ ਭਾਲ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਪੁਲਿਸ ਇਨ੍ਹਾਂ ਨੂੰ ਜਲਦੀ ਹੀ ਦਬੋਚ ਲਵੇਗੀ। ਉਨ੍ਹਾਂ ਇਸ ਜਾਂਚ ਸਬੰਧੀ ਹੋਰ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ।

ਪ੍ਰਸਿੱਧ ਖਬਰਾਂ

To Top