ਲੇਖ

ਨੌਕਰੀਆਂ ਪ੍ਰਤੀ ਸੋਚ ਬਦਲਣ ਦੀ ਲੋੜ

ਹਾਏ ਨੌਕਰੀ, ਹਾਏ-ਹਾਏ ਨੌਕਰੀ।
ਜਿੱਧਰ ਕੰਨ ਕਰੋ, ਪਾਣੀ ਦੀਆਂ ਟੈਂਕੀਆਂ, ਚੌਰਾਹੇ ਇੱਕੋ ਹੀ ਆਵਾਜ਼ ਨਾਲ ਆਕਾਸ਼ ਗੂੰਜ ਰਹੇ ਹਨ। ਬਣਦਾ ਹੱਕ ਲੈਣ ਲਈ ਡਿਗਰੀਆਂ ਦਾ ਭਾਰ ਚੁੱਕੀ ਹਨ੍ਹੇਰੇ ‘ਚ ਭਟਕਦੀ ਜਵਾਨੀ ਲਈ ਜਿਵੇਂ ਪਾਣੀ ਦੀਆਂ ਟੈਂਕੀਆਂ, ਚੌਰਾਹੇ ਆਸ ਦੀ ਆਖ਼ਰੀ ਕਿਰਨ ਬਣ ਚੁੱਕੇ ਹੋਣ। ਧਰਨੇ ਮੁਜ਼ਾਹਰੇ ਕਰਦੀ ਨੌਜਵਾਨ ਪੀੜ੍ਹੀ ਮੌਤ ਦੇ ਭਾਂਬੜਾਂ ‘ਚੋਂ ਗੁਜ਼ਰਨ ਲੱਗੀ ਹੈ।
ਬਠਿੰਡਾ ਧਰਨੇ ਦੌਰਾਨ ਨੌਕਰੀ ਦੀ ਮੰਗ ਕਰਦੇ ਈ.ਜੀ.ਐਸ. ਅਧਿਆਪਕ ਨੇ ਬਿਟ-ਬਿਟ ਝਾਕਦੀਆਂ ਬੇਸ਼ੁਮਾਰ ਅੱਖਾਂ ਸਾਹਮਣੇ ਆਪਣੇ ਉੱਪਰ ਤੇਲ ਪਾ ਕੇ ਅੱਗ ਲਾ ਲਈ। ਖ਼ੁਦਕੁਸ਼ੀ ਕਰਨਾ ਕੋਈ ਸੌਖਾ ਨਹੀਂ। ਜਦੋਂ ਜ਼ਿੰਦਗੀ ਰਾਹ ਨਾ ਦੇਵੇ, ਤਾਂ ਬੁਖਲਾਇਆ ਇਨਸਾਨ ਮੌਤ ਨਾਲੋਂ ਬਦਤਰ ਜ਼ਿੰਦਗੀ ਨੂੰ ਅੱਗ ਦਾ ਭਾਂਬੜ ਬਣਾ ਧੂ-ਧੂ ਬਲ ਉੱਠਦਾ ਹੈ। ਸਮਾਂ ਨੌਜਵਾਨ ਪੀੜ੍ਹੀ ਦੀ ਚੀਕ ਬਣ ਕੇ ਮੰਗ ਕਰਦਾ ਹੈ, ਕਿ ਸਰਕਾਰਾਂ ਰਾਜਨੀਤਕ ਬਿਆਨਬਾਜ਼ੀ ਤੋਂ ਉੱਪਰ ਉੱਠ ਕੇ ਅਹਿਮ ਮੁੱਦਿਆਂ ਦਾ ਸਥਾਈ ਹੱਲ ਕਰਨ ਦੀਆਂ ਨੀਤੀਆਂ ਉਲੀਕਣ। ਗਰਮੀ-ਸਰਦੀ, ਤਪਦੇ-ਠਰਦੇ ਨੌਕਰੀ ਦੀ ਮੰਗ ਲੈ ਕੇ ਨੌਜਵਾਨ ਰਾਹਾਂ ਦੀ ਧੂੜ ਫੱਕਣ ਲਈ ਮਜਬੂਰ ਹੋਏ ਮੰਤਰੀਆਂ ਤੋਂ ਹੱਕੀ ਭੀਖ ਮੰਗਣ ਲਈ ਭਟਕ ਰਹੇ ਹਨ, ਪਰ ਝੋਲੀ ਖ਼ੈਰ ਪੈਂਦੀ ਦਿਸਦੀ ਨਹੀਂ। ਆਲਮ ਇਹ ਹੋ ਗਿਆ ਹੈ, ਕਿ ਨਿਰਾਸ਼ਾ ਦੇ ਖੂਹ ‘ਚ ਡਿੱਗੇ ਨੌਜਵਾਨ ਹਰ ਹੱਦ ਗੁਜ਼ਰ ਕੇ ਰੋਹ ਦੀ ਅੱਗ ਦਾ ਸੇਕ ਹੰਢਾਉਣ ਲੱਗੇ ਹਨ।
ਅੰਕੜੇ ਗਵਾਹ ਹਨ, ਕਿ ਹਰੇਕ ਸਰਕਾਰੀ ਵਿਭਾਗ ‘ਚ ਸੈਂਕੜੇ ਅਸਾਮੀਆਂ ਖ਼ਾਲੀ ਪਈਆਂ ਹਨ ਯੋਗ ਉਮੀਦਵਾਰ ਵੀ ਹਨ, ਤੇ ਜੇਕਰ ਨੇਤਾਵਾਂ ਦੇ ਭਾਸ਼ਣਾਂ ‘ਤੇ ਗ਼ੌਰ ਕੀਤਾ ਜਾਵੇ, ਤਾਂ ਸਰਕਾਰੀ ਖ਼ਜ਼ਾਨਾ ਵੀ ਮਾਲਾਮਾਲ ਹੈ, ਤਾਂ ਫਿਰ ਕੀ ਕਾਰਨ ਹੈ, ਜੋ ਹੱਕਾਂ ਤੋਂ ਵਾਂਝੀ ਨੌਜਵਾਨ ਪੀੜ੍ਹੀ ਭਟਕਣ ਲਈ ਮਜਬੂਰ ਹੈ।
ਵਿਚਾਰਨਯੋਗ ਹੈ, ਕਿ ਸਰਕਾਰੀ ਅਸ਼ੀਰਵਾਦ ਪ੍ਰਾਪਤ ਪ੍ਰਾਈਵੇਟ ਟਰਾਂਸਪੋਰਟ ਦੀ ਬੱਸ ਤੋਂ ਡਿੱਗ ਕੇ ਮਰਨ ਵਾਲਿਆਂ ਦੇ ਪਰਿਵਾਰਕ ਮੈਂਬਰ ਨੂੰ ਨੌਕਰੀ ਮਿਲ ਜਾਂਦੀ ਹੈ, ਪੁਲਿਸੀਆ ਗੋਲੀ ਦਾ ਸ਼ਿਕਾਰ ਮਜ਼ਲੂਮ ਦੇ ਪਰਿਵਾਰਕ ਮੈਂਬਰ ਲਈ ਵੀ ਨੌਕਰੀ ਹੈ, ਧਰਨੇ ‘ਤੇ ਬੈਠੇ ਬੇਰੁਜ਼ਗਾਰ ਮਾਪਿਆਂ ਦੀ ਦੁੱਧ-ਮੂੰਹੀਂ ਬੱਚੀ ਠੰਢ ਦਾ ਸੰਤਾਪ ਨਾ ਝੱਲਦੀ ਮਰ ਜਾਂਦੀ ਹੈ, ਤਾਂ ਉਸ ਦੇ ਬਾਪ ਲਈ ਵੀ ਨੌਕਰੀ ਹੈ। ਨਤੀਜਾ ਸਾਫ਼ ਹੈ ‘ਰੁਜ਼ਗਾਰ ਹਨ, ਸਰਕਾਰੀ ਖ਼ਜ਼ਾਨਾ ਵੀ ਭਰਿਆ ਹੈ, ਜੇ ਮਾਮਲਾ ਹੈ ਤਾਂ ਸਿਰਫ਼ ਸਰਕਾਰਾਂ ਦੀ ਨੀਅਤ ‘ਚ ਭਰੀ  ਖੋਟ ਦਾ। ਸਰਕਾਰੀ ਤਸ਼ੱਦਦ ਨਾਲ ਮੌਤ ਦਾ ਸਰਟੀਫਿਕੇਟ ਲੈਣ ਵਾਲਿਆਂ ਦੇ ਸਾਕ-ਸੰਬੰਧੀਆਂ ਲਈ ਨੌਕਰੀ ਦੇ ਰਾਹ ‘ਚ ਕਿਸੇ ਤਰ੍ਹਾਂ ਦਾ ਕੋਈ ਅੜਿਕਾ ਨਹੀਂ ਹੈ। ਹਾਂ, ਇੱਕ ਮੌਤ ਦਾ ਸਰਟੀਫਿਕੇਟ ਹੋਰ ਹੈ, ਜੋ ਹਰ ਹਾਲ ‘ਚ ਸਰਕਾਰੀ ਨੌਕਰੀ ਦਾ ਪੈਮਾਨਾ ਬਣਦਾ ਹੈ।
ਗੱਲ ਕੁਝ ਕੁ ਦਿਨ ਪਹਿਲਾਂ ਦੀ ਹੈ। ਰਿਟਾਇਰਮੈਂਟ ਤੋਂ ਦੋ ਮਹੀਨੇ ਬਾਦ ਇੱਕ ਵਿਅਕਤੀ ਦੀ ਮੌਤ ‘ਤੇ ਬੈਠੇ ਅਫ਼ਸੋਸ ਕਰਨ ਵਾਲਿਆਂ ਦੇ ਸੋਗਮਈ ਸ਼ਬਦ ਕੰਨੀਂ ਪਏ, ਤਾਂ ਹੈਰਾਨੀ ਹੱਦਾਂ ਬੰਨੇ ਟੱਪ ਗਈ, ਸੋਚ ਮੂਰਛਿਤ ਹੋ ਗਈ। ਅਫ਼ਸੋਸ ਪ੍ਰਗਟਾਉਂਦੇ ਰਿਸ਼ਤੇਦਾਰਾਂ ਦੇ ਬੋਲਾਂ ‘ਚ ਅੱਤ ਦੀ ਹਮਦਰਦੀ ਭਰੀ ਹੋਈ, ”ਲੈ ਜੇ ਰੱਬ ਨੇ ਲੈ ਕੇ ਹੀ ਜਾਣਾ ਸੀ ਵਿਚਾਰੇ ਨੂੰ, ਤਾਂ ਢਾਈ-ਤਿੰਨ ਮਹੀਨੇ ਪਹਿਲਾਂ ਚੁੱਕ ਲੈਂਦਾ। ਜਨਾਨੀ ਨੂੰ ਤਾਂ ਹੁਣ ਵੀ ਉਹੀਓ ਪੈਨਸ਼ਨ ਮਿਲਣੀ ਏ, ਜੋ  ਉਹਦੇ ਕੁਝ ਮਹੀਨੇ ਪਹਿਲਾਂ ਮਰਨ ਨਾਲ ਮਿਲਣੀ ਸੀ। ਆਹ ਪੜ੍ਹ-ਲਿਖ ਕੇ ਦਰ-ਦਰ ਦੀਆਂ ਠੋਕ੍ਹਰਾਂ ਖਾਂਦੇ ਪੁੱਤਰ ਦਾ ਤਾਂ ਹੀਲਾ-ਵਸੀਲਾ ਬਣ ਜਾਂਦਾ, ਤੇ ਬੰਦੇ ਦੀ ਮੌਤ ਦਾ ਵੀ ਕੋਈ ਮੁੱਲ ਪੈ ਜਾਂਦਾ।”
ਅਸਲ ‘ਚ ਕੁਝ ਤਾਂ ਸਾਡੀ ਮਾਨਸਿਕਤਾ ਦਾ ਵਿਕਾਸ ਹੀ ਇਸ ਤਰ੍ਹਾਂ ਕੀਤਾ ਗਿਆ ਹੈ, ਕਿ ਪੜ੍ਹਾਈ ਲਿਖਾਈ ਸਿਰਫ਼ ਸਰਕਾਰੀ ਨੌਕਰੀ ਵਾਸਤੇ ਹੀ ਕੀਤੀ ਜਾਂਦੀ ਹੈ। ਹਰ ਕੋਈ ਸਰਕਾਰੀ ਨੌਕਰ ਬਣਨ ਲਈ ਹਾੜ੍ਹੇ ਕੱਢ ਰਿਹਾ ਹੈ। ਦਰਜਾ ਚਾਰ ਦੀ ਭਰਤੀ ਵਾਸਤੇ ਗਰੈਜੂਏਟ, ਪੋਸਟ ਗਰੈਜੂਏਟ ਲਾਈਨਾਂ ‘ਚ ਲੱਗਣ ਦੀਆਂ ਖ਼ਬਰਾਂ ਨਿੱਤ ਸੁਰਖੀਆਂ ਬਟੋਰਦੀਆਂ ਹਨ । ਸਰਕਾਰੀ ਨੌਕਰੀ ਵਾਲਾ ਕੀੜਾ, ਜੋ ਸਾਡੇ ਦਿਮਾਗਾਂ ਨੂੰ ਸਿਉਂਕ ਬਣ ਖਾ ਰਿਹਾ ਹੈ, ਸਭ ਤੋਂ ਪਹਿਲਾਂ ਤਾਂ ਇਸ ਸੋਚ ਨੂੰ ਬਦਲਣ ਦੀ ਲੋੜ ਹੈ। ਲੋੜ ਹੈ ਪੜ੍ਹਾਈ ਨੂੰ ਸ਼ਖ਼ਸੀਅਤ ਨਿਰਮਾਣ ਦਾ ਪੈਮਾਨਾ ਬਣਾਉਣ ਦੀ, ਸੋਚ ਵਿਕਸਤ ਕਰਨ ਦਾ, ਤੇ ਰੋਜੀ-ਰੋਟੀ ਲਈ ਸਰਕਾਰੀ ਨੌਕਰੀ ਤੋਂ ਇਲਾਵਾ ਹੋਰ ਬਦਲ ਸੋਚਣ ਦੀ।
ਸਰਕਾਰੀ ਨੌਕਰੀ ਦਾ ਲਾਲਚ ਦੇ ਕੇ ਹਰੇਕ ਸਿਆਸੀ ਪਾਰਟੀ ਨੌਜਵਾਨ ਵੋਟ ਬੈਂਕ ਨੂੰ ਆਪਣੇ ਹੱਕ ‘ਚ ਕਰਨ ਦੀਆਂ ਕੋਸ਼ਿਸ਼ਾਂ ਕਰਦੀ ਵੱਡੇ-ਵੱਡੇ ਭਾਸ਼ਣ ਦਿੰਦਿਆਂ ਰਤਾ ਨਹੀਂ ਸੰਗਦੀਆਂ। ਚੋਣਾਂ ‘ਚ ਲਾਰੇ ਲਾ ਕੇ ਵੋਟਾਂ ਤਾਂ ਲੈ ਲਈਆਂ ਜਾਂਦੀਆਂ ਹਨ, ਪਰ ਵਾਅਦੇ ਨਿਭਾਉਣ ਵੇਲੇ ਸਰਕਾਰਾਂ ਲੱਤ ਨਹੀਂ ਲਾਉਂਦੀਆਂ। ਆਪਣੇ-ਆਪ ਨੂੰ ਠੱਗਿਆ ਮਹਿਸੂਸ ਕਰਦੇ ਨੌਜਵਾਨ ਫਿਰ Àੁੱਤਰ ਆਉਂਦੇ ਹਨ ਆਪਣੇ ਹੱਕਾਂ ਦੀ ਪੂਰਤੀ ਲਈ ਸੜਕਾਂ, ਚੌਰਾਹਿਆਂ ‘ਤੇ। ਇਸ ਲਈ ਲੋੜ ਹੈ ਸਰਕਾਰਾਂ ਝੂਠੇ ਦਿਲਾਸੇ ਦੇਣੇ ਬੰਦ ਕਰਨ। ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਾ ਝਾਂਸਾ ਦੇ ਕੇ ਵੋਟ ਬੈਂਕ ਦੀ ਰਾਜਨੀਤੀ ਦਾ ਤਿਆਗ ਕੀਤਾ ਜਾਵੇ। ਦੇਸ਼ ਵਿੱਚ ਇਕਸਾਰ ਵਿੱਦਿਆ ਪ੍ਰਣਾਲੀ ਲਾਗੂ ਕੀਤੀ ਜਾਵੇ। ਅਧਿਆਪਕਾਂ ਦੀ ਭਰਤੀ ਲਈ ਖੋਲ੍ਹੇ ਵੱਖ-ਵੱਖ ਕੇਟੈਗਿਰੀ ਖਾਤੇ ਬੰਦ ਕਰਕੇ ਇੱਕ ਨੀਤੀ ਤਹਿਤ ਭਰਤੀ ਪ੍ਰਕਿਰਿਆ ਲਾਗੂ ਕੀਤੀ ਜਾਵੇ।
ਚੋਣ ਮੈਨੀਫ਼ੈਸਟੋ ਸਿਆਸੀ ਲਾਰੇ-ਲੱਪੇ ਦੀ ਸੋਚ ਤੋਂ ਉੱਪਰ ਉੱਠ ਕੇ ਬੇਰੁਜ਼ਗਾਰੀ ਤੇ ਮਹਿੰਗਾਈ ਦੇ ਸਥਾਈ ਹੱਲ ਦੀ ਗੰਭੀਰਤਾ ਨੂੰ ਲੈ ਕੇ ਤਿਆਰ ਕੀਤੇ ਜਾਣ। ਸੋਚ ਕੇ ਦਿਲ ਦਹਿਲ ਜਾਂਦਾ ਹੈ, ਜਦੋਂ ਪ੍ਰਾਈਵੇਟ ਯੂਨੀਵਰਸਿਟੀਆਂ ਵਿੱਚੋਂ ਬੇਸ਼ੁਮਾਰ ਨੌਜਵਾਨਾਂ ਆਏ ਵਰ੍ਹੇ ਪੇਡ ਸੀਟਾਂ ‘ਤੇ ਮਾਪਿਆਂ ਦੀ ਹੱਡ-ਤੋੜਵੀਂ ਮਿਹਨਤ ਦਾ ਪੈਸਾ ਪਾਣੀ ਵਾਂਗ ਵਹਾ ਕੇ ਡਿਗਰੀਆਂ ਕੱਛਾਂ ‘ਚ ਮਾਰ ਕੇ ਬੇਰੁਜ਼ਗਾਰ ਸਿੱਖਿਅਤ ਭੀੜ ‘ਚ ਸ਼ਾਮਲ ਹੋ ਜਾਂਦੇ ਹਨ ।
ਧੜਾ-ਧੜ ਪ੍ਰਾਈਵੇਟ ਯੂਨੀਵਰਸਿਟੀਆਂ ਖੋਲ੍ਹਣ ਦੀ ਬਜਾਏ ਸਰਕਾਰਾਂ ਕਿੱਤਾਮੁਖੀ ਸਿੱਖਿਆ ‘ਤੇ ਜ਼ੋਰ ਦੇਣ।  ਨੌਜਵਾਨਾਂ ਨੂੰ ਗੁੰਮਰਾਹ ਕਰਨ ਦੀ ਬਜਾਏ ਉਨ੍ਹਾਂ ਦੇ ਸੁਰੱਖਿਅਤ ਭਵਿੱਖ ਲਈ ਨੀਤੀਆਂ ਘੜਨ ‘ਤੇ ਵਿਚਾਰਾਂ ਕੀਤੀਆਂ ਜਾਣ । ਆਪਣੇ ਕੀਤੇ ਕੰਮਾਂ ਦਾ ਢੰਡੋਰਾ ਪਿੱਟਣ ਲਈ ਸਰਕਾਰਾਂ ਇਸ਼ਤਿਹਾਰਬਾਜ਼ੀ ਦਾ ਸਹਾਰਾ ਲੈਂਦੀਆਂ ਹਨ। ਜੇਕਰ ਸਰਕਾਰਾਂ ਕੰਮ ਕਰਨ, ਤਾਂ ਕੰਮਾਂ ਦਾ ਦਿਖਾਵਾ ਕਰਨ ਲਈ ਇਸ਼ਤਿਹਾਰਾਂ ਦਾ ਆਸਰਾ ਲੈਣ ਦੀ ਲੋੜ ਹੀ ਨਹੀਂ ਰਹੇਗੀ। ਜਿੰਨਾ ਪੈਸਾ ਆਪਣੀ ਵਡਿਆਈ ਦੇ ਸੋਹਲਿਆਂ ‘ਤੇ ਰਾਜਨੀਤਕ ਦਲ ਖ਼ਰਚ ਕਰਦੇ ਹਨ, ਜੇਕਰ ਉਹੀ ਕਰੋੜਾਂ-ਅਰਬਾਂ ਦੀ ਧੰਨਰਾਸ਼ੀ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਵੱਲ ਲਗਾ ਦਿੱਤੀ ਜਾਵੇ, ਤਾਂ ਕੋਈ ਹੱਥ ਕੰਮ ਤੋਂ ਸੱਖਣਾ ਨਹੀਂ ਰਹੇਗਾ। ਦੇਸ਼ ਲਈ ਚਿੰਤਤ  ਹਰ ਸੋਚ ਉਸਾਰੂ ਬਦਲਾਅ ਦਾ ਹਮਾਇਤੀ ਹੈ  ਆਜ਼ਾਦੀ ਦੇ ਸੱਤ ਦਹਾਕੇ ਬਾਦ ਘੱਟ ਤੋਂ ਘੱਟ ਕਿਸੇ ਦੀਆਂ ਅੱਖਾਂ ‘ਚ ਰੋਟੀ, ਕੱਪੜਾ ਤੇ ਮਕਾਨ ਲਈ ਬੇਬਸੀ ਨਾ ਹੋਵੇ, ਕੋਈ ਬੇਰੁਜ਼ਗਾਰ ਨਸ਼ਿਆਂ ਦਾ ਜ਼ਹਿਰ ਮੂੰਹ ਨੂੰ ਨਾ ਲਾਵੇ, ਤੇ ਜ਼ਿੰਦਗੀ ਦੇ ਖ਼ੂਬਸੂਰਤ ਸੁਪਨੇ ਨੈਣਾਂ ਦੀ ਚਮਕ ਬਣ ਕੇ ਮਹਿਕ ਉੱਠਣ ।
ਅਸਲ ‘ਚ ਅੱਜ ਦੀ ਨੌਜਵਾਨ ਪੀੜ੍ਹੀ ਰੌਸ਼ਨ ਦਿਮਾਗ ਪੀੜ੍ਹੀ ਹੈ। ਉਹ ਧਰਮ, ਜਾਤ-ਪਾਤ ਦੇ ਵਖਰੇਵਿਆਂ ਤੋਂ ਉੱਪਰ Àੁੱਠ ਕੇ ਅਗਾਂਹਵਧੂ ਸੋਚ ਦੀ ਧਾਰਨੀ ਹੈ। ਉਨ੍ਹਾਂ ਦੇ ਸੁਪਨਿਆਂ ਦਾ ਭਾਰਤ ਵਿਕਾਸਸ਼ੀਲ ਭਾਰਤ ਹੈ। ਜੋ ਭ੍ਰਿਸ਼ਟਾਚਾਰ, ਬੇਰੁਜ਼ਗਾਰੀ ਤੇ ਮਹਿੰਗਾਈ ਤੋਂ ਮੁਕਤ ਹੈ। ਲੋੜ ਹੈ ਉਨ੍ਹਾਂ ਦੀ ਉਸਾਰੂ ਸੋਚ ਦੇ ਖੰਭਾਂ ਨੂੰ ਦੋ ਵਕਤ ਦੀ ਰੋਟੀ ਦੇ ਜੁਗਾੜ ਵਾਸਤੇ ਕੁਤਰਨ ਦੀ ਬਜਾਏ ਉਨ੍ਹਾਂ ਦੀ ਸੋਚ ਦਾ ਦੇਸ਼ ਦੇ ਹਿੱਤ ‘ਚ ਲਾਹਾ ਲਿਆ ਜਾਵੇ।
ਵਕਤ ਦੀ ਨਜ਼ਾਕਤ ਸਮਝਦਿਆਂ ਸਰਕਾਰਾਂ ਅਜਿਹੇ ਚੋਣ ਏਜੰਡੇ ਉਲੀਕਣ, ਜਿਨ੍ਹਾਂ ‘ਚ ਜ਼ਿੰਦਗੀ ਨੂੰ ਰੁਜ਼ਗਾਰ ਦੇ ਹਵਨਕੁੰਡ ‘ਚ ਦੇਹ ਦੀ ਆਹੂਤੀ ਨਾ ਪਾਉਣੀ ਪਵੇ, ਸਗੋਂ ਢਿੱਡ ਦੀ ਅੱਗ ਤੋਂ ਮੁਕਤ ਸੋਚ ਦੇਸ਼ ਦੇ ਵਿਕਾਸ ‘ਚ ਹਿੱਸੇਦਾਰ ਬਣ ਸਕੇ।

ਦੀਪਤੀ ਬਬੂਟਾ ਮੋ. 98146-70707

ਪ੍ਰਸਿੱਧ ਖਬਰਾਂ

To Top