Breaking News

ਪੁਰਾਣੀ ਤੋਂ ਨਵੀਂ ਕਰੰਸੀ ਬਦਲਣ ਦੇ ਗੋਰਖ ਧੰਦੇ ਦਾ ਪਰਦਾਫਾਸ਼

ਗੁਰਪ੍ਰੀਤ ਸਿੰਘ ਸੰਗਰੂਰ, 
ਜ਼ਿਲ੍ਹੇ ਦੀ ਸਬ ਡਵੀਜਨ ਮੂਣਕ ਵੱਲੋਂ ਪੁਰਾਣੀ ਕਰੰਸੀ ਨਾਲ ਨਵੀਂ ਕਰੰਸੀ ਬਦਲਣ ਵਾਲੇ ਇੱਕ ਗਿਰੋਹ ਦੇ ਅੱਠ ਮੈਂਬਰਾਂ ਨੂੰ 18 ਲੱਖ 40 ਹਜ਼ਾਰ ਰੁਪਏ ਦੀ ਨਵੀਂ ਰਾਸ਼ੀ ਸਣੇ ਕਾਬੂ ਕੀਤਾ ਹੈ। ਜਦਕਿ ਇਨ੍ਹਾਂ ਦਾ ਇੱਕ ਸਾਥੀ ਪੁਲਿਸ ਪਕੜ ਤੋਂ ਬਾਹਰ ਹੈ। ਪੁਲਿਸ ਵੱਲੋਂ ਕਾਬੂ ਕੀਤੇ ਇਨ੍ਹਾਂ ਵਿਅਕਤੀਆਂ ‘ਚ ਤਿੰਨ ਪੰਜਾਬ ਪੁਲਿਸ ਦੇ ਮੁਲਾਜ਼ਮ ਅਤੇ ਇੱਕ ਹਰਿਆਣਾ ਵਿਜੀਲੈਂਸ ਯੂਨਿਟ ਜੀਂਦ ਦਾ ਮੁਲਾਜ਼ਮ ਸ਼ਾਮਲ ਹੈ।
ਸਥਾਨਕ ਪੁਲਿਸ ਲਾਇਨ ਵਿਖੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐਸਐਸਪੀ ਇੰਦਰਬੀਰ ਸਿੰਘ ਨੇ ਦੱਸਿਆ ਕਿ ਸਬ ਡਵੀਜਨ ਮੂਣਕ ਦੇ ਡੀਐਸਪੀ ਅਜੈਪਾਲ ਸਿੰਘ, ਖਨੌਰੀ ਥਾਣਾ ਦੇ ਇੰਸਪੈਕਟਰ ਗੁਰਪ੍ਰਤਾਪ ਸਿੰਘ ਨੂੰ ਗੁਪਤ ਸੂਚਨਾ ਮਿਲੀ ਕਿ ਹਰਿਆਣਾ ਪੁਲਿਸ ਵਿਜੀਲੈਂਸ (ਜੀਂਦ) ਵਿੱਚ ਤਾਇਨਾਤ ਰਾਜਵੀਰ ਸਿੰਘ ਨਿਵਾਸੀ ਬੱਦੋਵਾਲ ਧਰਮਗੜ ਥਾਣਾ ਨਰਵਾਨਾ, ਆਪਣੇ ਸਾਥੀ ਕਰਮਰਾਜ ਵਾਸੀ ਬੜੌਦੀ ਥਾਣਾ ਸਦਰ ਜੀਂਦ ਇੱਕ ਕਾਰ ਵਿੱਚ ਸਵਾਰ ਹੋ ਕੇ ਲੱਖਾਂ ਰੁਪਏ ਦੀ ਨਵੀਂ ਕਰੰਸੀ ਲੈ ਕੇ ਰਾਜਵੀਰ ਸਿੰਘ ਵਾਸੀ ਪਾਤੜਾਂ, ਰਾਮਪਾਲ ਵਾਸੀ ਪਾਤੜਾਂ, ਸੁਖਨਾਮ ਸਿੰਘ ਵਾਸੀ ਤੰਬੂਵਾਲਾ, ਚਮਕੌਰ ਸਿੰਘ ਵਾਸੀ ਲਾਡਵੰਜਾਰਾ ਨਾਲ ਪੰਜ ਸੌ ਅਤੇ ਹਜ਼ਾਰ ਦੇ ਪੁਰਾਣੇ ਨੋਟਾਂ ਬਦਲੇ ਨਵੀਂ ਕਰੰਸੀ ਦੀ ਅਦਲਾ ਬਦਲੀ ਲਈ ਨਹਿਰੀ ਰੈਸਟ ਹਾਊਸ ਖਨੌਰੀ ਆ ਰਹੇ ਹਨ ਜਿਸ ‘ਤੇ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਖਨੌਰੀ ਭਾਖੜਾ ਨਹਿਰ ਤੋਂ ਉਕਤ ਵਿਅਕਤੀਆਂ ਨੂੰ ਕਾਬੂ ਕਰਕੇ ਇਨ੍ਹਾਂ ਪਾਸੋਂ 18 ਲੱਖ 40 ਹਜ਼ਾਰ ਦੀ ਕਰੰਸੀ ਬਰਾਮਦ ਕੀਤੀ ਜਿਸ ਵਿੱਚ 15 ਲੱਖ 40 ਹਜ਼ਾਰ ਦੇ ਨਵੇਂ 2 ਹਜ਼ਾਰੀ ਨੋਟ ਅਤੇ ਤਿੰਨ ਲੱਖ ਦੀ ਕਰੰਸੀ 100-100 ਦੇ ਨੋਟਾਂ ਦੀ ਬਰਾਮਦ ਕੀਤੀ ਹੈ।
ਐਸਐਸਪੀ ਨੇ ਦੱਸਿਆ ਕਿ ਫੜੇ ਗਏ ਵਿਅਕਤੀਆਂ ‘ਚੋਂ ਰਾਜਵੀਰ ਸਿੰਘ ਅਤੇ ਰਾਮਪਾਲ ਸਿੰਘ ਨੇ ਹਰਿਆਣਾ ਨਿਵਾਸੀ ਰਾਜਵੀਰ ਸਿੰਘ ਅਤੇ ਕਰਮਰਾਜ ਨੂੰ ਧੋਖਾ ਦੇਣ ਦੇ ਮਕਸਦ ਨਾਲ ਪੰਜਾਬ ਪੁਲਿਸ ਦੇ ਮੁਲਾਜ਼ਮ ਹੌਲਦਾਰ ਜਗਮੇਲ ਸਿੰਘ ਅਤੇ ਮਹਿੰਦਰ ਸਿੰਘ, ਆਬਕਾਰੀ ਵਿਭਾਗ ਦੇ ਏਐਸਆਈ ਬਲਵੀਰ ਸਿੰਘ ਨਾਲ ਸਾਜਬਾਜ਼ ਕੀਤੀ ਗਈ ਸੀ ਕਿ ਜਦੋਂ ਆਪਸ ਵਿੱਚ ਕਰੰਸੀ ਦੀ ਅਦਲਾ ਬਦਲੀ ਕਰਨਗੇ ਤਾਂ ਇਹ ਉਨ੍ਹਾਂ ‘ਤੇ ਛਾਪਾਮਾਰੀ ਦਾ ਡਰਾਮਾ ਕਰਕੇ ਸਾਰੀ ਕਰੰਸੀ ਆਪਣੇ ਕਬਜ਼ੇ ਵਿੱਚ ਲੈ ਕੇ ਆਪਸ ਵਿੱਚ ਵੰਡ ਲੈਣਗੇ।
ਉਨ੍ਹਾਂ ਦੱਸਿਆ ਕਿ ਮਾਮਲੇ ਵਿੱਚ ਸ਼ਾਮਲ ਪੰਜਾਬ ਪੁਲਿਸ ਦੇ ਦੋਵੇਂ ਹੌਲਦਾਰ ਅਤੇ ਏਐਸਆਈ ਨੂੰ ਡਿਸਮਿਸ ਕਰਨ ਦੀ ਪ੍ਰੀਕ੍ਰਿਆ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੇ ਸਾਥੀ ਚਮਕੌਰ ਸਿੰਘ ਨੂੰ ਕਾਬੂ ਕਰਨ ਲਈ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।

ਪ੍ਰਸਿੱਧ ਖਬਰਾਂ

To Top