Breaking News

ਬਾਗੀ ਅਕਾਲੀਆਂ ‘ਤੇ ਕਾਂਗਰਸ ਨੇ ਰੱਖੀ ਟੇਕ

ਐੱਮਪੀ ਘੁਬਾਇਆ ਦੇ ਪੁੱਤਰ, ਭਾਗੀਕੇ, ਪ੍ਰੀਤਮ ਕੋਟਭਾਈ, ਕੜਵਲ ਤੇ ਦੀਪਇੰਦਰ ਨੂੰ ਦਿੱਤੀ ਟਿਕਟ
ਅਸ਼ਵਨੀ ਚਾਵਲਾ ਚੰਡੀਗੜ੍ਹ, 
ਕਾਂਗਰਸ ਨੇ ਅੱਜ ਆਪਣੀ ਤੀਜੀ ਲਿਸਟ ਜਾਰੀ ਕਰਦੇ ਹੋਏ 23 ਹੋਰ ਉਮੀਦਵਾਰਾਂ ਨੂੰ ਚੋਣ ਦੇ ਮੈਦਾਨ ਵਿੱਚ ਉਤਾਰ ਦਿੱਤਾ ਹੈ ਪਰ ਇਸ ਲਿਸਟ ਵਿੱਚ ਕਈ ਕਾਂਗਰਸੀ ਹੱਥ ਮਲਦੇ ਹੀ ਰਹਿ ਗਏ ਹਨ, ਜਦੋਂ ਕਿ ਅਕਾਲੀ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਦੇ ਪੁੱਤਰ ਸਣੇ ਮੌਜ਼ੂਦਾ ਅਕਾਲੀ ਵਿਧਾਇਕ ਰਾਜਵਿੰਦਰ ਕੌਰ ਭਾਗੀਕੇ ਸਣੇ ਅਕਾਲੀ ਦਲ ਤੋਂ ਕਾਂਗਰਸ ਵਿੱਚ ਆਏ 5 ਲੀਡਰ ਟਿਕਟ ਹਾਸਲ ਕਰਨ ਵਿੱਚ ਕਾਮਯਾਬ ਹੋ ਗਏ ਹਨ।
ਪਿਛਲੇ ਦਿਨੀਂ ਹੀ ਕਾਂਗਰਸ ਵਿੱਚ ਸ਼ਾਮਲ ਹੋਣ ਵਾਲੇ ਮੌਜੂਦਾ ਅਕਾਲੀ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਦੇ ਬੇਟੇ ਦਵਿੰਦਰ ਘੁਬਾਇਆ ਨੂੰ ਫਾਜ਼ਿਲਕਾ ਅਤੇ ਮੌਜੂਦਾ ਅਕਾਲੀ ਵਿਧਾਇਕ ਰਾਜਵਿੰਦਰ ਕੌਰ ਭਾਗੀਕੇ ਨੂੰ ਨਿਹਾਲ ਸਿੰਘ ਵਾਲਾ ਤੋਂ ਕਾਂਗਰਸ ਨੇ ਟਿਕਟ ਦਿੱਤੀ ਹੈ। ਪਟਿਆਲਾ ਤੋਂ ਸੰਸਦ ਚੋਣਾਂ ਵਿੱਚ ਪ੍ਰਨੀਤ ਕੌਰ ਖ਼ਿਲਾਫ਼ ਅਕਾਲੀ ਉਮੀਦਵਾਰ ਰਹੇ ਦੀਪਇੰਦਰ ਸਿੰਘ ਢਿੱਲੋਂ ਇਸੇ ਸਾਲ ਹੀ ਕਾਂਗਰਸ ਵਿੱਚ ਸ਼ਾਮਲ ਹੋਏ ਸਨ, ਉਨ੍ਹਾਂ ਨੂੰ ਡੇਰਾ ਬੱਸੀ ਤੋਂ ਉਮੀਦਵਾਰ ਬਣਾਇਆ ਗਿਆ ਹੈ।
ਇਸੇ ਤਰ੍ਹਾਂ ਕਾਂਗਰਸ ‘ਚ ਸ਼ਾਮਲ ਹੋਏ ਸਾਬਕਾ ਅਕਾਲੀ ਆਗੂ ਅਤੇ ਕਦੇ ਬੈਂਸ ਭਰਾਵਾਂ ਦੇ ਸੱਜੇ ਹੱਥ ਮੰਨੇ ਜਾਂਦੇ ਕਮਲਜੀਤ ਸਿੰਘ ਕੜਵੱਲ ਨੂੰ ਆਤਮ ਨਗਰ ਅਤੇ ਸਾਬਕਾ ਅਕਾਲੀ ਆਗੂ ਪ੍ਰੀਤਮ ਸਿੰਘ ਕੋਟਭਾਈ ਨੂੰ ਭੁੱਚੋ ਮੰਡੀ ਤੋਂ ਟਿਕਟ ਦਿੱਤੀ ਗਈ ਹੈ।
ਇਸ ਤੋਂ ਇਲਾਵਾ ਮੌਜ਼ੂਦਾ ਕਾਂਗਰਸੀ ਵਿਧਾਇਕ ਰਾਕੇਸ਼ ਪਾਂਡੇ ਨੂੰ ਲੁਧਿਆਣਾ ਉੱਤਰੀ, ਜਲੰਧਰ ਇੰਪਰੂਵਮੈਟ ਟਰੱਸਟ ਦੇ ਸਾਬਕਾ ਚੇਅਰਮੈਨ ਤੇਜਿੰਦਰ ਬਿੱਟੂ ਨੂੰ ਜਲੰਧਰ ਉੱਤਰੀ ਅਤੇ ਸਾਬਕਾ ਸੰਸਦ ਮੈਂਬਰ ਮਹਿੰਦਰ ਸਿੰਘ ਕੇਪੀ ਨੂੰ ਆਦਮਪੁਰ ਤੋਂ ਟਿਕਟ ਦਿੱਤੀ ਗਈ ਹੈ। ਪੰਜਾਬ ਦੇ ਸਾਬਕਾ ਮੰਤਰੀ ਰਮੇਸ਼ ਚੰਦਰ ਡੋਗਰਾ ਦੇ ਬੇਟੇ ਅਰੁਣ ਡੋਗਰਾ ਨੂੰ ਦਸੂਹਾ ਤੋਂ ਟਿਕਟ ਦਿੱਤੀ ਗਈ ਹੈ।
ਇੱਥੇ ਹੀ ਬਠਿੰਡਾ ਦੇ ਸੀਨੀਅਰ ਕਾਂਗਰਸ ਲੀਡਰ ਹਰਮਿੰਦਰ ਸਿੰਘ ਜੱਸੀ ਨੂੰ ਮੌੜ ਮੰਡੀ ਅਤੇ ਪੰਜਾਬ ਕਾਂਗਰਸ ਦੇ ਸੀਨੀਅਰ ਉਪ ਪ੍ਰਧਾਨ ਲਾਲ ਸਿੰਘ ਦੇ ਪੁੱਤਰ ਕਾਕਾ ਰਾਜਿੰਦਰ ਸਿੰਘ ਨੂੰ ਸਮਾਣਾ ਤੋਂ ਟਿਕਟ ਦਿੱਤੀ ਗਈ ਹੈ।  ਇਸ ਤੋਂ ਇਲਾਵਾ ਭੋਆ ਤੋਂ ਜੋਗਿੰਦਰਪਾਲ ਸਿੰਘ, ਪਠਾਨਕੋਟ ਤੋਂ ਅਮਿਤ ਵਿੱਜ, ਅਜਨਾਲਾ ਤੋਂ ਹਰਪ੍ਰਤਾਪ ਸਿੰਘ ਬਾਜਵਾ, ਬਾਬਾ ਬਕਾਲਾ ਤੋਂ ਸੰਤੋਖ਼ ਸਿੰਘ ਭਲਾਈਪੁਰ, ਫਗਬਾੜਾ ਤੋਂ ਜੋਗਿੰਦਰ ਸਿੰਘ ਮਾਨ, ਫਿਲੌਰ ਤੋਂ ਕਰਮਜੀਤ ਕੌਰ ਚੌਧਰੀ, ਸ਼ਾਮ ਚੁਰਾਸੀ ਤੋਂ ਪਵਨ ਅਦੀਆਂ, ਲੁਧਿਆਣਾ ਸਾਊਥ ਤੋਂ ਭੁਪਿੰਦਰ ਸਿੰਘ ਸਿੱਧੂ, ਦਾਖਾ ਤੋਂ ਮੇਜਰ ਸਿੰਘ ਭੈਣੀ, ਮੋਗਾ ਤੋਂ ਡਾ. ਹਰਜੋਤ ਕਮਲ, ਬਲੂਆਨਾ ਤੋਂ ਨੱਥੂ ਰਾਮ, ਕੋਟਕਪੁਰਾ ਤੋਂ ਹਰਨੀਰਪਾਲ ਸਿੰਘ ਅਤੇ ਡੇਰਾ ਬੱਸੀ ਤੋਂ ਦੀਪਇੰਦਰ ਸਿੰਘ ਢਿੱਲੋਂ ਨੂੰ ਟਿਕਟ ਦਿੱਤੀ ਗਈ ਹੈ।

ਪ੍ਰਸਿੱਧ ਖਬਰਾਂ

To Top