ਪੰਜਾਬ

ਬੇਨੇਮੀਆਂ ਦੇ ਦੋਸ਼ਾਂ ‘ਚ ਘਿਰਿਆ ਬਾਦਲ ਦਾ ਰਿਜੋਰਟ

ਆਮ ਆਦਮੀ ਪਾਰਟੀ ਦੇ ਆਗੂ ਦਿਨੇਸ਼ ਚੱਢਾ ਨੇ ਲਗਾਏ ਦੋਸ਼
ਸੱਚ ਕਹੂੰ ਨਿਊਜ਼ ਚੰਡੀਗੜ, 
ਸੂਬੇ ਦੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਵੱਲੋਂ ਨਵਾਂ ਚੰਡੀਗੜ ਨੇੜੇ ਪੱਲਨਪੁਰ ਵਿਖੇ ਤਿਆਰ ਕਰਵਾਏ ਜਾ ਰਹੇ ਨਵੇਂ ਰਿਜੋਰਟ ਨੂੰ ਮੁਕੰਮਲ ਕਰਨ ‘ਚ ਕੋਈ ਦਿੱਕਤ ਨਾ ਆਵੇ, ਇਸ ਲਈ ਪੰਜਾਬ ਸਰਕਾਰ ਦੇ ਅਧਿਕਾਰੀਆਂ ਨੇ ਸਾਰੇ ਨਿਯਮਾਂ ਨੂੰ ਛਿੱਕੇ ‘ਤੇ ਟੰਗਦਿਆਂ ਹਰ ਤਰਾਂ ਦੀ ਪ੍ਰਵਾਨਗੀ ਦੇ ਦਿੱਤੀ ਹੈ ਹਾਲਾਂਕਿ ਇਸ ਰਿਜੋਰਟ ਪ੍ਰੋਜੈਕਟ ‘ਚ ਸਾਫ਼ ਨਜ਼ਰ ਆ ਰਿਹਾ ਸੀ ਕਿ ਇਹ ਮੈਟਰੋ ਈਕੋ ਗ੍ਰੀਨ ਪ੍ਰੋਜੈਕਟ ਦੇ ਤਹਿਤ ਆਉਂਦਾ ਹੀ ਨਹੀਂ ਹੈ, ਕਿਉਂਕਿ ਜਿਹੜੀ ਜਮੀਨ ‘ਤੇ ਇਹ ਤਿਆਰ ਹੋਇਆ ਹੈ, ਉਸ ‘ਤੇ ਪਹਿਲਾਂ ਤੋਂ ਹੀ ਕੀਨੂੰਆਂ ਦੇ ਬਾਗ ਲੱਗੇ ਹੋਏ ਸਨ, ਦੂਜਾ ਇਸ ਪ੍ਰੋਜੈਕਟ ਲਈ ਜਮੀਨ ਢਾਈ ਏਕੜ ਤੋਂ ਜਿਆਦਾ ਜਮੀਨ ਵਰਤੋਂ ‘ਚ ਲਿਆਂਦੀ ਗਈ ਹੈ। ਇਹ ਦੋਸ਼ ਆਮ ਆਦਮੀ ਪਾਰਟੀ ਦੇ ਲੀਡਰ ਦਿਨੇਸ਼ ਚੱਢਾ ਨੇ ਚੰਡੀਗੜ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਲਗਾਇਆ।
ਦਿਨੇਸ਼ ਚੱਢਾ ਨੇ ਦੱਸਿਆ ਕਿ ਰਿਜੋਰਟ ਦਾ ਇਹ ਗੈਰ-ਕਾਨੂੰਨੀ ਤਰੀਕੇ ਨਾਲ ਨਿਰਮਾਣ ਵਾਤਾਵਰਣ ਨਿਯਮਾਂ, ਸਥਾਨਕ ਅਤੇ ਕੰਢੀ ਖੇਤਰ ਦੇ ਲੋਕਾਂ ਦੇ ਹਿੱਤਾਂ ਦੇ ਖ਼ਿਲਾਫ਼ ਹੈ।  ਚੱਢਾ ਨੇ ਕਿਹਾ ਕਿ ਇਸ ਸਬੰਧੀ ਪੰਜਾਬ ਸਰਕਾਰ ਵੱਲੋਂ ਕੇਂਦਰੀ ਜੰਗਲਾਤ ਅਤੇ ਵਾਤਾਵਰਣ ਵਿਭਾਗ ਨੂੰ ਦੱਸਿਆ ਗਿਆ ਸੀ ਕਿ ਇਹ ਜ਼ਮੀਨ ਖੇਤੀਬਾੜੀ ਵਾਲੀ ਪੱਧਰੀ ਜ਼ਮੀਨ ਹੈ ਤੇ ਰਿਜੋਰਟ ਦੇ ਨਿਰਮਾਣ ਲਈ ਕਿਸੇ ਦਰਖ਼ਤ ਨੂੰ ਨਹੀਂ ਕੱਟਿਆ ਜਾਵੇਗਾ ਅਤੇ ਨਾਲ ਹੀ ਮੌਜੂਦਾ ਹਰਿਆਲੀ ਨੂੰ ਬਰਕਰਾਰ ਰੱਖਿਆ ਜਾਵੇਗਾ
ਪਰ ਸਰਕਾਰ ਅਤੇ ਰਿਜੋਰਟ ਮਾਲਕਾਂ ਦਾ ਦਾਅਵਾ ਇਸ ਦੀ ਅਸਲੀਅਤ ਦੇ ਬਿਲਕੁਲ ਉਲਟ ਹੈ। ਇਸ ਪ੍ਰਸਤਾਵ ਦੇ ਨਾਲ ਲਗਾਏ ਗਏ ਰੈਵੇਨਿਊ ਕਾਗ਼ਜ਼ਾਤ ਆਪਣੇ ਆਪ ਦੱਸਦੇ ਹਨ ਕਿ ਜਿਸ ਸਮੇਂ ਇਹ ਪ੍ਰਸਤਾਵ ਭੇਜਿਆ ਗਿਆ ਸੀ, ਉਸ ਸਮੇਂ ਇਹ ਜਮੀਨ ਖੇਤੀਯੋਗ ਨਹੀਂ ਸੀ ਕਿਉਂਕਿ ਪ੍ਰਸਤਾਵ ਦੇ ਨਾਲ ਨੱਥੀ ਜਮਾਬੰਦੀ ਫਰਦ ‘ਚ ਇਸ ਜਮੀਨ ਨੂੰ ਕੀਨੂੰ ਬਾਗ ਵਾਲੀ ਦਰਸਾਇਆ ਗਿਆ ਹੈ। ਇਸ ਤਰਾਂ ਸੂਬਾ ਸਰਕਾਰ ਨੇ ਕਿੰਨੂਆਂ ਦੇ ਬਾਗ ਵਾਲੀ ਜਮੀਨ ਨੂੰ ਖੇਤੀਬਾੜੀ ਵਾਲੀ ਪੱਧਰੀ ਜ਼ਮੀਨ ਵਿਖਾ ਕੇ ਜੰਗਲੀ ਜ਼ਮੀਨ ਨੂੰ ਰਿਜੋਰਟ ਦੇ ਨਿਰਮਾਣ ਲਈ ਤਬਦੀਲ ਕਰਵਾਇਆ ਹੈ।
ਚੱਢਾ ਨੇ ਅੱਗੇ ਖੁਲਾਸਾ ਕੀਤਾ ਕਿ 7 ਦਸੰਬਰ 2010 ਨੂੰ ਪੰਜਾਬ ਸੈਰ-ਸਪਾਟਾ ਵਿਭਾਗ ਵੱਲੋਂ ਜਾਰੀ ਨੋਟੀਫਿਕੇਸ਼ਨ ਵਿੱਚ ਇਹ ਦਰਸਾਇਆ ਗਿਆ ਹੈ ਕਿ ਰਿਜੋਰਟ ਦੇ ਨਿਰਮਾਣ ‘ਚ ਨਿਜੀ ਜਮੀਨ ਦੀ ਵੱਧ ਤੋਂ ਵੱਧ ਹੱਦ 2.5 ਏਕੜ ਹੈ। ਇਹ ਨੋਟੀਫਿਕੇਸ਼ਨ ਉਸ ਫਾਈਲ ਦਾ ਹਿੱਸਾ ਵੀ ਹੈ ਜਿਹੜੀ ਸੂਬਾ ਸਰਕਾਰ ਵੱਲੋਂ ਕੇਂਦਰੀ ਵਾਤਾਵਰਣ ਅਤੇ ਜੰਗਲਾਤ ਵਿਭਾਗ ਨੂੰ ਰਿਜੌਰਟ ਲਈ ਸੌਂਪੀ ਗਈ ਸੀ ਪਰ ਬਾਵਜੂਦ ਇਹਦੇ ਢਾਈ ਏਕੜ ਦੀ ਬਜਾਏ ਇਹ ਰਿਜੋਰਟ 20 ਏਕੜ ‘ਚ ਉਸਾਰਿਆ ਗਿਆ।
ਚੱਢਾ ਨੇ ਕਿਹਾ ਕਿ ਪੰਜਾਬ ਈਕੋ ਟੂਰਿਜਮ ਪਾਲਿਸੀ (2009) ਦੇ ਮੁਤਾਬਿਕ ਇਸ ਈਕੋ ਟੂਰਿਜਮ ਪ੍ਰੋਜੈਕਟ ਦੀ ਸਥਾਪਨਾ ਦਾ ਮਕਸਦ ਈਕੋ ਟੂਰਿਜਮ ਦੇ ਤਹਿਤ ਕੁਦਰਤੀ ਬੁਨਿਆਦੀ ਢਾਂਚੇ ਨੂੰ ਸੰਭਾਲਦਿਆਂ ਸਥਾਨਕ ਵਾਸੀਆਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣਾ ਅਤੇ ਉਨ੍ਹਾਂ ਦੀ ਆਰਥਿਕ ਹਾਲਤ ਨੂੰ ਸੁਧਾਰਨਾ ਸੀ। ਇਸ ਪਾਲਿਸੀ ‘ਚ ਇਹ ਵਿਸ਼ੇਸ਼ ਤੌਰ ਤੇ ਦਰਸਾਇਆ ਗਿਆ ਸੀ ਕਿ ਈਕੋ ਟੂਰਿਜਮ ਪ੍ਰੋਟਜੈਟ ਵਪਾਰਿਕ ਹਿੱਤਾਂ ਦੀ ਬਿਲਕੁਲ ਇਜਾਜ਼ਤ ਨਹੀਂ ਦਿੰਦਾ, ਪਰ ਦੂਜੇ ਪਾਸੇ ਸਥਾਨਕ ਵਾਸੀਆਂ ਦੀ ਆਰਥਿਕ ਹਾਲਤ ਸੁਧਾਰਨ ਦੀ ਬਜਾਇ ਬਾਦਲਾਂ ਦਾ ਮੈਟਰੋ ਈਕੋ ਗ੍ਰੀਨ ਸਿਟੀ ਦਾ ਨਿਰਮਾਣ ‘ਦ ਓਬਰਾਏਸ’ ਨਾਲ ਮਿਲ ਕੇ ਵਪਾਰਿਕ ਹਿੱਤਾਂ ਲਈ ਕੀਤਾ ਗਿਆ ਹੈ।

ਪ੍ਰਸਿੱਧ ਖਬਰਾਂ

To Top