ਪੰਜਾਬ

ਬੇਰੁਜ਼ਗਾਰ ਲਾਈਨਮੈਨ ਬਿਜਲੀ ਟਾਵਰ ‘ਤੇ ਚੜ੍ਹੇ

ਰਜਨੀਸ਼ ਰਵੀ ਜਲਾਲਾਬਾਦ, 
ਆਪਣੀਆਂ ਅਹਿਮ ਮੰਗਾਂ ਨੂੰ ਲੈ ਕੇ ਅੱਜ ਅੰਤਾਂ ਦੀ ਠੰਡ ਵਿੱਚ ਬੇਰੁਜ਼ਗਾਰ ਲਾਈਨਮੈਨ ਯੂਨੀਅਨ ਪੰਜਾਬ ਦੇ 4 ਬੇਰੁਜ਼ਗਾਰ ਲਾਈਨਮੈਨ ਅੱਜ ਸਥਾਨਕ ਫਿਰੋਜ਼ਪੁਰ-ਫਾਜ਼ਿਲਕਾ ਮੁੱਖ ਮਾਰਗ ‘ਤੇ ਸਥਿਤ ਬਿਜਲੀ ਘਰ ਬਾਹਰ ਲੱਗੇ 132 ਕੇਵੀ ਦੇ ਹਾਈਵੋਲਟੇਜ ਟਾਵਰ ‘ਤੇ ਚੜ੍ਹ ਗਏ ਜਦੋਂਕਿ ਬਾਕੀ ਬੇਰੁਜ਼ਗਾਰ ਲਾਈਨਮੈਨ ਮੁੱਖ ਮਾਰਗ ‘ਤੇ ਸਥਿਤ ਇਸ ਟਾਵਰ ਦੇ ਥੱਲੇ ਧਰਨੇ ‘ਤੇ ਬੈਠ ਗਏ ਅਤੇ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਯੂਨੀਅਨ ਦੇ ਆਗੂ ਇਕਬਾਲ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਅਤੇ ਬਿਜਲੀ ਬੋਰਡ ਵੱਲੋਂ 2011 ਵਿੱਚ 5 ਹਜ਼ਾਰ ਲਾਈਨਮੈਨਾਂ ਦੀ ਭਰਤੀ ਸਬੰਧੀ ਇਸ਼ਤਿਹਾਰ ਜਾਰੀ ਕੀਤਾ ਗਿਆ ਸੀ, ਜਿਸ ‘ਚੋਂ ਸਿਰਫ ਇੱਕ ਹਜ਼ਾਰ ਲਾਈਨਮੈਨਾਂ ਨੂੰ ਹੀ ਭਰਤੀ ਕੀਤਾ ਗਿਆ ਜਦਕਿ ਬਾਕੀ 4 ਹਜ਼ਾਰ ਲਾਈਨਮੈਨ ਆਪਣੀ ਭਰਤੀ ਨੂੰ ਲੈ ਕੇ ਸੰਘਰਸ਼ ਕਰ ਰਹੇ ਹਨ ਸਰਕਾਰ ਨਾਲ ਹੋਈਆਂ ਵੱਖ-ਵੱਖ ਮੀਟਿੰਗਾਂ ਵਿੱਚ ਉਨ੍ਹਾਂ ਨੂੰ ਲਾਰਿਆ ਤੋਂ ਸਿਵਾਏ ਹੋਰ ਕੁਝ ਵੀ ਪ੍ਰਾਪਤ ਨਹੀ ਹੋਇਆ।
ਬੇਰੁਜ਼ਗਾਰਾਂ ਨੇ ਰੋਸ ਪ੍ਰਗਟਾਉਂਦੇ ਹੋਏ ਕਿਹਾ ਕਿ ਉਨ੍ਹਾਂ ਦੀਆਂ ਮੰਗਾਂ ਦਾ ਹੱਲ ਨਾ ਹੁੰਦਾ ਹੋਇਆ ਵੇਖ ਅੱਜ ਯੂਨੀਅਨ ਨੂੰ ਇਹ ਸਖ਼ਤ ਕਦਮ ਚੁੱਕਣਾ ਪਿਆ ਹੈ ਅਤੇ 4 ਹਜ਼ਾਰ ਲਾਈਨਮੈਨਾਂ ਦੀ ਭਰਤੀ ਸਬੰਧੀ ਨਿਯੁਕਤੀ ਪੱਤਰ ਦੇਣ ਦੀ ਮੰਗ ਨੂੰ ਲੈ ਕੇ 4 ਲਾਈਨਮੈਨ ਸਾਥੀਆਂ ਨੂੰ ਆਪਣÎੀ ਜਾਨ ਨੂੰ ਜ਼ੋਖ਼ਮ ਵਿੱਚ ਪਾ ਕੇ ਹਾਈਵੋਲਟੇਜ ਟਾਵਰ ‘ਤੇ ਚੜਣ ਨੂੰ ਮਜ਼ਬੂਰ ਹੋਏ ਹਨ।  ਇਸ ਦੌਰਾਨ ਹਾਈਵੋਲਟੇਜ ਟਾਵਰ ਲਾਈਨਮੈਨ ਜੱਜ ਸਿੰਘ, ਜਗਦੀਸ਼ ਲਾਲ, ਓਮ ਪ੍ਰਕਾਸ਼, ਤੇ ਬਾਲ ਕ੍ਰਿਸ਼ਨ ਨਾਮਕ ਬੇਰੁਜ਼ਗਾਰ ਲਾਈਨਮੈਨ ਚੜ੍ਹੇ ਹੋਏ ਸਨ।
ਇਸ ਮੌਕੇ ਬੇਰੁਜ਼ਗਾਰ ਲਾਈਨਮੈਨ ਯੂਨੀਅਨ ਆਗੂ ਪਰਮਿੰਦਰ ਸਿੰਘ ਫਿਰੋਜ਼ਪੁਰ, ਗੁਰਦੀਪ ਸਿੰਘ ਤਲਵੰਡੀ ਭਾਈ ਕੇ, ਅਮਨ ਸਿੰਘ, ਅਮਰੀਕ ਸਿੰਘ ਚੱਕ ਸੜੀਆਂ, ਚੰਦਰ ਕਾਲੂ ਵਾਲਾ, ਗੁਰਜਿੰਦਰ ਸਿੰਘ, ਪਵਨ ਕੁਮਾਰ, ਰਾਜੇਸ਼ ਕੁਮਾਰ, ਅਨੋਖ ਸਿੰਘ ਆਦਿ ਮੌਜੂਦ ਸਨ। ਉਧਰ, ਦੇਰ ਸ਼ਾਮ ਤੱਕ ਇਹ ਬੇਰੁਜ਼ਗਾਰ ਲਾਈਨਮੈਨ ਟਾਵਰ ‘ਤੇ ਚੜ੍ਹੇ ਹੋਏ ਸਨ ਅਤੇ ਇਸਦੇ ਨਾਲ ਹੀ ਟਾਵਰ ਦੇ ਥੱਲੇ ਧਰਨਾ ਵੀ ਜਾਰੀ ਸੀ। ਇੱਥੇ ਵਰਣਨਯੋਗ ਹੈ ਕਿ 2009 ਵਿੱਚ ਵੀ ਇਸੇ ਟਾਵਰ ‘ਤੇ ਬੇਰੁਜ਼ਗਾਰ ਲਾਈਨਮੈਨ ਚੜ੍ਹੇ ਸਨ। ਉਸ ਸਮੇਂ ਜਲਾਲਾਬਾਦ ਹਲਕੇ ਵਿੱਚ ਉਪ ਚੋਣ ਹੋਣ ਵਾਲੀ ਸੀ ਅਤੇ ਇਹ ਚੋਣ ਪੰਜਾਬ ਦੇ ਉਪ ਮੁੱਖ ਮੰਤਰੀ ਸ.ਸੁਖਬੀਰ ਸਿੰਘ ਬਾਦਲ ਲੜ ਰਹੇ ਸਨ।

ਪ੍ਰਸਿੱਧ ਖਬਰਾਂ

To Top