ਲੇਖ

ਬੰਦ ਹੋਵੇ ਵਿਆਹਾਂ ‘ਤੇ ਫਜ਼ੂਲ ਖਰਚਾ ਤੇ ਹੁੱਲੜਬਾਜ਼ੀ

ਵਿਆਹ  ਦੀ ਰਸਮ ਬਹੁਤ ਪਵਿੱਤਰ ਅਤੇ ਪਰਿਵਾਰਕ ਜੀਵਨ ਦੀ ਸਭ ਤੋਂ ਮੁੱਢਲੀ ਰਸਮ ਹੈ ਅਤੇ ਇਸ ਸਮਾਜਿਕ ਰਸਮ ਨੂੰ ਮੁੱਢ ਕਦੀਮੋਂ ਹੀ ਬੜੇ ਸਲੀਕੇ ਅਤੇ ਸੰਜਮ ਨਾਲ ਸੰਪੰਨ ਕੀਤਾ ਜਾਂਦਾ ਰਿਹਾ ਹੈ ਸਾਡੇ ਸੱਭਿਆਚਾਰ ਵਿਚ ਮਰਦ ਅਤੇ ਔਰਤ ਦੇ ਰਿਸ਼ਤੇ ਨੂੰ ਵਿਆਹ ਤੋਂ ਬਾਅਦ ਹੀ ਮਾਨਤਾ ਦਿੱਤੀ ਜਾਂਦੀ ਹੈ
ਪੁਰਾਣੇ ਸਮਿਆਂ ਵਿੱਚ ਇਹ ਰਸਮ ਬੜੇ ਪਿਆਰ ਉਲਾਸ ਅਤੇ ਸਾਦਗੀ ਨਾਲ ਨਿਭਾਈ ਜਾਂਦੀ ਸੀ ਪਰ ਸਮੇਂ ਦੀ ਤੇਜ਼ ਰਫਤਾਰ ਅਤੇ ਨੈਤਿਕ ਕਦਰਾਂ ਕੀਮਤਾਂ ਵਿਚ ਆਈ ਗਿਰਾਵਟ ਨਾਲ ਵਿਆਹ ਦੀ ਰਸਮ  ਬਣਾਉਟੀ , ਸ਼ੋਸ਼ੇਬਾਜ਼ੀ ਅਤੇ ਹੋਛੇਪਨ ਦਾ ਸ਼ਿਕਾਰ ਹੋ ਚੁੱਕੀ ਹੈ ਖਾਸ ਕਰਕੇ ਮੈਰਿਜ ਪੈਲੇਸ ਕਲਚਰ ਆਉਣ ਤੋਂ ਬਾਅਦ ਇਸ ਰਸਮ ਵਿਚ ਬੇਲੋੜੀ ਹੁੱਲੜ੍ਹਬਾਜ਼ੀ ਭਾਰੂ ਹੋ ਚੁੱਕੀ ਹੈ ਇਸ ਤੋਂ ਵੀ ਅੱਗੇ ਡੀ.ਜੇ.ਅਤੇ ਭੜਕੀਲੇ ਆਰਕੈਸਟਰਾ ਦੇ ਰੁਝਾਨ ਨੇ ਇਸ ਨੂੰ ਸ਼ੋਰ ਸ਼ਰਾਬੇ ਅਤੇ ਸ਼ਰਾਰਤੀ ਸ਼ਰਾਬੀ ਅਨਸਰਾਂ ਦੇ ਹਵਾਲੇ ਕਰ ਦਿੱਤਾ ਹੈ ਅਜੋਕੇ ਵਿਆਹਾਂ ਵਿਚ ਬਹੁਤ ਸਾਰੀ ਫਜ਼ੂਲ ਖਰਚੀ, ਫੋਕੀ ਦਿਖਾਵਟ ਅਤੇ ਹੁੱਲੜ੍ਹਬਾਜ਼ੀ ਦਾ ਇਹ ਵਰਤਾਰਾ ਘੱਟ ਹੋਣ ਦਾ ਨਾ ਨਹੀਂ ਲੈ ਰਿਹਾ ਸਗੋਂ ਦਿਨੋ-ਦਿਨ ਵਧਦਾ ਜਾ ਰਿਹਾ ਹੈ  ਉਂਜ ਬਹੁਤੇ ਲੋਕ ਪੰਜਾਬੀ ਵਿਆਹਾਂ ਵਿੱਚ ਚੱਲ ਰਹੀ ਸ਼ੋਸ਼ੇਬਾਜ਼ੀ ਬਾਰੇ ਚਿੰਤਤ ਹਨ, ਪਰ ਇਸ ਦਾ ਕੋਈ ਹੱਲ ਨਿੱਕਲਦਾ ਨਜ਼ਰ ਨਹੀਂ ਆ ਰਿਹਾ ਅਸੀਂ ਵਿਆਹਾਂ ਵਿੱਚ ਹੁੰਦੇ ਦਿਖਾਵੇ ਅਤੇ ਅੰਤੋਂ ਪਰ੍ਹੇ ਖਰਚ ਬਾਰੇ ਗੱਲ ਕਰਦੇ ਹਾਂ, ਪਰ ਨਤੀਜਾ ਕੀ ਹੈ ਕਿ ਵਿਆਹ ਦਿਨੋਂ ਦਿਨ ਖਰਚੀਲੇ ਤੇ ਹੋਰ ਮਹਿੰਗੇ ਹੁੰਦੇ ਜਾ ਰਹੇ ਹਨ
ਮੌਜੂਦਾ ਸਮੇਂ ਜ਼ਿਆਦਾਤਰ ਵਿਆਹ ਮੈਰਿਜ ਪੈਲੇਸਾਂ ਵਿੱਚ ਹੁੰਦੇ ਹਨ ਜਿਨ੍ਹਾਂ ਦਾ ਕਿਰਾਇਆ ਪੰਜਾਹ ਹਜ਼ਾਰ ਰੁਪਏ ਤੋਂ ਲੈ ਕੇ ਪੰਜ ਲੱਖ ਰੁਪਏ ਤੱਕ ਹੈ ਸਜਾਵਟ ਤੇ ਲਾਈਟਿੰਗ ਦਾ ਖਰਚਾ ਇਸ ਤੋਂ ਵੱਖਰਾ ਹੁੰਦਾ ਉਨ੍ਹਾਂ ਦੇ ਨਾਲ ਹੀ ਕਤਾਰ ਬਣਾਈ ਵੇਟਰਾਂ ਦੀ ਇੱਕ ਪੂਰੀ ਫੌਜ ਹੱਥਾਂ ਵਿੱਚ ਭਾਂਤ-ਭਾਂਤ ਦੀਆਂ ਖਾਣ ਵਾਲੀਆਂ ਚੀਜ਼ਾਂ ਲਈ ਫਿਰਦੀ ਨਜ਼ਰ ਆਉਂਦੀ ਹੈ  ਕਈ ਵਿਆਹਾਂ ਵਿੱਚ ਵੇਟਰਾਂ ਦੀ ਗਿਣਤੀ 250-300 ਹੁੰਦੀ ਹੈ ਜਿੰਨਾਂ ਵੇਟਰਾਂ ਦਾ ਪਹਿਰਾਵਾ ਮਹਿੰਗਾ ਉਨਾਂ ਹੀ ਉਨ੍ਹਾਂ ਦਾ ਕਿਰਾਇਆ ਜ਼ਿਆਦਾ ਹੁੰਦਾ ਹੈ ਵਿਆਹ ਵਿੱਚ ਖਾਣ ਨੂੰ ਏਨਾ ਕੁਝ ਹੁੰਦਾ ਹੈ ਕਿ ਬਹੁਤਿਆਂ ਨੂੰ ਤਾਂ ਪਤਾ ਨਹੀਂ ਕੀ ਖਾਣਾ, ਕਿੰਨਾ ਖਾਣਾ ਅਤੇ ਕਿਵੇਂ ਖਾਣਾ ਹੈ  ਬਹੁਤੇ ਲੋਕ ਥੋੜ੍ਹਾ ਜਿਹਾ ਚੱਖਦੇ ਹਨ ਅਤੇ ਬਾਕੀ ਸਮਾਨ ਕੂੜੇਦਾਨ ਵਿੱਚ ਸੁੱਟ ਦਿੰਦੇ ਹਨ
ਸਟੇਜ ‘ਤੇ ਨੱਚਣ-ਗਾਉਣ ਵਾਲੀਆਂ ਆਰਕੈਸਟਰਾ  ਵਾਲੀਆਂ ਕੁੜੀਆਂ ਐਨੀ ਉੱਚੀ ਆਵਾਜ਼ ਡੀ.ਜੇ. ‘ਤੇ ਨਾਚ ਗਾਣਾ ਕਰਦੀਆਂ ਹਨ ਕਿ ਕਮਜ਼ੋਰ ਦਿਲ ਵਾਲੇ ਦਾ ਹਾਲ ਦੇ ਅੰਦਰ ਬੈਠਣਾ ਦੁੱਭਰ ਹੋ ਜਾਂਦਾ ਹੈ ਬਰਾਤੀਆਂ  ਵਿਚ ਸਿਰਫ ਨਸ਼ਈ ਮੁੰਡੀਰ ਹੀ ਨਹੀਂ ਹਰ ਉਮਰ ਦੇ ਮਹਿਮਾਨ ਉਨ੍ਹਾਂ ਨਾਲ ਨੱਚਣ ਅਤੇ ਭੱਦੀਆਂ ਹਰਕਤਾਂ ਕਰਨ ਲਈ ਤਿਆਰ ਹੁੰਦੇ ਹਨ ਵਿਆਹ ਵਿਚ ਸ਼ਾਮਲ ਔਰਤਾਂ ਵੀ ਇਸ ਨਾਚ ਗਾਣੇ ‘ਚ ਆਮ ਹੀ ਡਾਂਸ ਕਰਦੀਆਂ ਨਜ਼ਰ ਆਉਂਦੀਆਂ ਹਨ
ਵਿਆਹਾਂ ‘ਤੇ ਹਥਿਆਰਾਂ ਨਾਲ ਫਾਇਰ ਕਰਨਾ ਵੀ ਲੋਕਾਂ ਨੇ ਇਸ ਹੁੱਲੜ੍ਹਬਾਜ਼ੀ ਦਾ ਹਿੱਸਾ ਤੇ ਫੈਸ਼ਨ ਬਣਾ ਲਿਆ ਹੈ ਭਾਵੇਂ ਕਿ ਇਹ ਕਾਨੂੰਨਨ ਮਨ੍ਹਾਂ ਹੈ ਅਤੇ ਕਈ ਵਿਆਹਾਂ ‘ਚ ਉਦੋਂ ਮਾਤਮ ਛਾ ਜਾਂਦਾ ਹੈ ਜਦ ਇਸ ਚੱਲੀ ਹੋਈ ਗੋਲੀ ਨਾਲ ਕਿਸੇ ਦੀ ਮੌਤ ਹੋ ਜਾਂਦੀ ਹੈ ਪਰ ਲੋਕ ਫਿਰ ਵੀ ਨਹੀਂ ਸਮਝਦੇ  ਵਿਆਹ ਦੋ ਪਰਿਵਾਰਾਂ ਦਾ ਨਿੱਜੀ ਮਸਲਾ ਹੈ ਤੇ ਸਮਾਜਿਕ ਪੱਧਰ ‘ਤੇ ਨਜ਼ਦੀਕੀ ਰਿਸ਼ਤੇਦਾਰ, ਦੋਸਤ-ਮਿੱਤਰ ਅਤੇ ਆਂਢੀ-ਗੁਆਂਢੀ ਹੀ ਵਿਆਹ ‘ਚ ਬੁਲਾਏ ਜਾਣੇ ਚਾਹੀਦੇ ਹਨ, ਪਰ ਦੇਖਣ ‘ਚ ਆਇਆ ਹੈ ਕਿ ਲੋਕਾਂ ਦਾ ਇਹ ਵਹਿਮ ਹੈ ਕਿ ਪੈਲੇਸ ‘ਚ ਜਿੰਨੀ ਜ਼ਿਆਦਾ ਭੀੜ ਹੋਵੇਗੀ ਸ਼ਾਇਦ ਉਨ੍ਹਾਂ ਦਾ ਰੁਤਬਾ ਇਸ ਨਾਲ ਵਧ ਜਾਂਦਾ ਹੈ ਵਿਆਹ ਵਾਲੇ ਮੁੰਡੇ ਕੁੜੀ ਦਾ ਪਹਿਰਾਵਾ ਵੇਖ ਕੇ 18ਵੀਂ ਸਦੀ ਦੀਆਂ ਰਿਆਸਤਾਂ ਦੇ ਰਾਜਕੁਮਾਰ/ਰਾਜਕੁਮਾਰੀਆਂ  ਦੀ ਯਾਦ ਆ ਜਾਂਦੀ ਹੈ ਇਹ ਪਹਿਰਾਵਾ ਵੀ ਜ਼ਿਆਦਾਤਰ ਮਹਿੰਗੇ ਕਿਰਾਏ ‘ਤੇ ਲਿਆ ਹੁੰਦਾ ਹੈ ਕੁੜੀ ਦਾ ਮੇਕਅਪ ਐਨਾ ਭਾਰੀ ਤੇ ਖਰਚੀਲਾ  ਹੁੰਦਾ ਹੈ ਕਿ ਵਿਆਹ ਤੋਂ ਬਾਅਦ ਉਸ ਨੂੰ ਪਛਾਣਨਾ ਔਖਾ ਹੋ ਜਾਂਦਾ ਹੈ
ਵਿਆਹਾਂ ‘ਚ ਕੀਤੀ ਜਾਣ ਵਾਲੀ ਸਜਾਵਟ, ਮੈਰਿਜ ਪੈਲੇਸਾਂ ਦਾ ਕਿਰਾਇਆ ਅਤੇ ਨੱਚਣ-ਗਾਉਣ ‘ਤੇ ਕੀਤੇ ਜਾਣ ਵਾਲੇ ਖਰਚ ਨੂੰ ਇੱਕ ਪਾਸੇ ਕਰ ਦਿੱਤਾ ਜਾਵੇ ਤਾਂ ਵਿਆਹਾਂ ‘ਚ ਸਭ ਤੋਂ ਵੱਡਾ ਖਰਚ ਭੋਜਨ ‘ਤੇ ਕੀਤਾ ਜਾਂਦਾ ਹੈ ਪਤਾ ਨਹੀਂ ਅਸੀਂ ਕੀ ਸਾਬਤ ਕਰਨਾ ਚਾਹੁਂਦੇ ਹਾਂ ਕਿ ਮੈਰਿਜ ਪੈਲੇਸ ਵਿਚ 4-5 ਘੰਟਿਆਂ ਵਿਚ 15-20 ਲੱਖ ਰੁਪੱਈਆ ਫੂਕ ਦਿੰਦੇ ਹਾਂ  ਜੋ ਦੋਹਾਂ ਪਰਿਵਾਰਾਂ ਵਿਚੋਂ ਕਿਸੇ ਦੇ ਕੰਮ ਨਹੀਂ ਆਉਂਦਾ
ਇਸ ਤੋਂ ਇਲਾਵਾ ਦਾਜ ਦਹੇਜ, ਗਹਿਣਿਆਂ ਤੇ ਕੱਪੜਿਆਂ ‘ਤੇ ਵੀ ਮੋਟਾ ਖਰਚ ਹੁੰਦਾ ਹੈ ਜਿੰਨਾ ਖਰਚ ਇੱਕ ਪਰਿਵਾਰ ਵਿਆਹਾਂ ‘ਚ ਕਰਦਾ ਹੈ, ਉਸ ਨਾਲ ਭਵਿੱਖ ‘ਚ ਕਈ ਯੋਜਨਾਵਾਂ ਨੂੰ ਸਿਰੇ ਚਾੜ੍ਹਿਆ ਜਾ ਸਕਦਾ ਹੈ ਆਰਥਿਕ ਪੱਖੋਂ ਖੁਸ਼ਹਾਲ ਪਰਿਵਾਰਾਂ ਵੱਲੋਂ ਜਿੰਨਾ ਪੈਸਾ ਵਿਆਹਾਂ ‘ਤੇ ਖਰਚਿਆ ਜਾ ਰਿਹਾ ਹੈ ਉਸ ਨਾਲ ਇੱਕ ਮੱਧਵਰਗੀ ਪਰਿਵਾਰ ਉਮਰ ਭਰ ਦੀਆਂ ਰੋਟੀਆਂ ਖਾ ਸਕਦਾ ਹੈ  ਜਿਸ ਅਮੀਰ ਵਿਅਕਤੀ ਕੋਲ ਪੈਸਾ ਹੋਵੇ ਉਹ ਤਾਂ ਖਰਚ ਕਰਦਾ ਹੀ ਹੈ ਸਥਿਤੀ ਉਦੋਂ ਚਿੰਤਾਜਨਕ ਹੁੰਦੀ ਹੈ ਜਦੋਂ ਨਿਮਨ ਜਾਂ ਔਸਤ ਆਮਦਨ ਵਾਲੇ ਪਰਿਵਾਰ ਵੀ ਵਿਤੋਂ ਬਾਹਰ ਹੋ ਕੇ ਵਿਆਹਾਂ ‘ਤੇ ਖਰਚ ਕਰਦੇ ਹਨ ਪੇਂਡੂ ਕਿਸਾਨ ਕਈ ਵਾਰ ਬੈਂਕ ਤੋਂ ਵੱਡੀਆਂ ਲਿਮਟਾਂ ਨਾਲ ਲੱਖਾਂ ਰੁਪਏ ਕਰਜ਼ਾ ਲੈ ਕੇ ਵਿਆਹ ‘ਤੇ ਖਰਚਾ ਕਰ ਦਿੰਦੇ ਹਨ ਫਿਰ ਬਾਅਦ ਵਿਚ ਇਹ ਕਰਜ਼ਾ ਭਾਵੇਂ ਖੁਦਕੁਸ਼ੀ ਦਾ ਕਾਰਨ ਹੀ ਬਣ ਜਾਵੇ ਸਾਦੇ ਵਿਆਹਾਂ ਨੂੰ ਲੋਕ ਆਪਣੀ ਮਾਣ ਅਤੇ ਇੱਜ਼ਤ ਨਾਲ ਜੋੜ ਲੈਂਦੇ ਹਨ, ਜਦ ਕਿ ਇਹ ਮਾਨਤਾ ਸਰਾਸਰ ਗਲਤ ਹੈ
ਚਮਕ ਦਮਕ ਵਾਲੇ ਵਿਆਹ ਜਿੱਥੇ ਨਿੱਜੀ ਪੱਧਰ ‘ਤੇ ਜੇਬਾਂ ‘ਚ ਡਾਕੇ ਮਾਰ ਰਹੇ ਹਨ, ਉਥੇ ਹੀ ਦੇਸ਼ ਦੀ ਆਰਥਿਕਤਾ ਲਈ ਵੀ ਨੁਕਸਾਨਦਾਇਕ ਹਨ  ਆਖਰਕਾਰ ਅਸੀਂ ਕੀ ਸਾਬਤ ਕਰਨਾ ਚਾਹੁੰਦੇ ਹਾਂ ? ਇਹ ਸਭ ਕੁਝ ਅਸੀਂ ਸਿਰਫ ਆਪਣੀ ਫੋਕੀ ਹਾਉਮੈ ਨੂੰ ਪੱਠੇ ਪਾਉਣ ਲਈ ਹੀ ਕਰ ਰਹੇ ਹਾਂ ਕਿਉਂਕਿ ਵੈਸੇ ਇਹਨਾਂ ਸਾਰੇ ਸ਼ੋਸ਼ਿਆਂ ਅਤੇ ਅਡੰਬਰਾਂ ਦੀ ਕੋਈ ਉਪਯੋਗਤਾ ਨਹੀਂ  ਭਾਰਤੀ ਵਿਆਹਾਂ ‘ਚ 30 ਫੀਸਦੀ ਦੇ ਕਰੀਬ ਭੋਜਨ ਵਿਅਰਥ ਚਲਾ ਜਾਂਦਾ ਹੈ ਆਪਣੀ ਕਮਾਈ ਦਾ ਇੱਕ ਮੋਟਾ ਤੇ ਗੈਰ ਜ਼ਰੂਰੀ ਖਰਚਾ ਅਸੀਂ ਮੈਰਿਜ ਪੈਲੇਸਾਂ ਦੀ ਸਜਾਵਟ ਅਤੇ ਨੱਚਣ-ਗਾਉਣ ਵਾਲਿਆਂ ‘ਤੇ ਲੁਟਾ ਦਿੰਦੇ ਹਾਂ ਤਿੰਨ ਕੁ ਘੰਟੇ ਚੱਲਣ ਵਾਲੇ ਵਿਆਹ ‘ਤੇ ਮਾਪੇ ਆਪਣੀ ਤੀਹ ਸਾਲਾਂ ਦੀ ਕਮਾਈ ਉਡਾ ਦਿੰਦੇ ਹਨ
ਸਮਾਜਕ ਅਤੇ ਕਾਨੂੰਨੀ ਪੱਧਰ ‘ਤੇ ਵਿਆਹ ਦੀ ਵੀ ਓਨੀ ਮਾਨਤਾ ਹੈ, ਜੇ ਇਹ ਸਾਦੇ ਤਰੀਕੇ ਨਾਲ ਹੋ ਜਾਵੇ ਵਿਆਹ ਮੌਕੇ ਮਿਲਣੀਆਂ ਲਈ ਕੰਬਲਾਂ ਦੀ ਵਰਤੋਂ ਬੰਦ ਹੋਣੀ ਚਾਹੀਦੀ ਹੈ ਅੱਜ ਕੱਲ੍ਹ ਇੱਕ ਵਿਆਹ ਦੇ ਤਿੰਨ-ਚਾਰ ਵੱਖ-ਵੱਖ ਸਮਾਗਮਾਂ ‘ਤੇ ਹੁੰਦੇ ਫਜ਼ੂਲ ਖਰਚ ਨੂੰ ਵੀ ਸੀਮਤ ਕਰਨ ਦੀ ਜ਼ਰੂਰਤ ਹੈ  ਦਿਖਾਵਾ ਅਤੇ ਫਜ਼ੂਲ ਖਰਚੀ ਕਰਨ ਦੀ ਥਾਂ ਸੰਜਮ ਅਤੇ ਸਾਦੇ ਵਿਆਹਾਂ ਵੱਲ ਮੁੜੀਏ ਇਹੀ ਨਿੱਜੀ ਅਤੇ ਸਮਾਜਿਕ ਭਲਾਈ ਹੈ ਅੱਜ ਦੇਖੋ-ਦੇਖੀ ਵਿਆਹਾਂ ‘ਤੇ ਫਜ਼ੂਲ ਖਰਚੇ ਵਧਦੇ ਜਾ ਰਹੇ ਹਨ  ਪੁਰਾਣੇ ਸਮਿਆਂ ਦੇ ਮੁਕਾਬਲੇ ਅੱਜ ਦੇ ਵਿਆਹ ਬਹੁਤ ਮਹਿੰਗੇ ਹੋ ਗਏ ਹਨ ਵਿਆਹਾਂ ‘ਤੇ ਲੋੜੋਂ ਵੱਧ ਖਰਚਾ ਕਰਨਾ ਕੋਈ ਸਿਆਣਪ ਨਹੀਂ ਹੁੰਦੀ  ਸਾਨੂੰ ਅਮੀਰ ਲੋਕਾਂ ਦੇ ਵਿਆਹਾਂ ਨੂੰ ਦੇਖਣ ਦੀ ਬਜਾਏ ਆਪਣੇ ਤੋਂ ਹੇਠਲੇ ਲੋਕਾਂ ਵੱਲ ਦੇਖਣਾ ਚਾਹੀਦਾ ਹੈ ਜਿਨ੍ਹਾਂ ਨੂੰ ਦੋ ਵਕਤ ਦੀ ਰੋਟੀ ਵੀ ਨਸੀਬ ਨਹੀਂ ਹੁੰਦੀ, ਉਹ ਲੋਕ ਕਿਵੇਂ ਵਿਆਹ ਕਰਦੇ ਹੋਣਗੇ ਇਸ ਲਈ ਜੇਕਰ ਕੋਈ ਸਰਮਾਏਦਾਰ ਆਰਥਿਕ ਪੱਖੋਂ ਮਜ਼ਬੂਤ ਹੈ ਤਾਂ ਉਸ ਨੂੰ ਫਜ਼ੂਲਖਰਚੀ ਕਰਨ ਨਾਲੋਂ ਗਰੀਬ ਅਤੇ ਲੋੜਵੰਦ ਲੋਕਾਂ ਦੇ ਵਿਆਹਾਂ ਕਰਨੇ ਚਾਹੀਦੇ ਹਨ  ਚਮਕ-ਦਮਕ ਵਾਲੇ ਵਿਆਹਾਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਅਤੇ ਸਾਦੇ ਵਿਆਹ ਕਰਕੇ ਦੂਜਿਆਂ ਲਈ ਮਿਸਾਲ ਪੇਸ਼ ਕਰਨੀ ਚਾਹੀਦੀ ਹੈ  ਸਮਾਜਿਕ ਰੀਤੀ ਰਿਵਾਜ਼ਾਂ ਵਿੱਚ ਸੰਜਮ ਅਤੇ ਸਾਦਗੀ ਦਾ ਹੋਣਾ ਹੀ ਸਿਹਤਮੰਦ ਸਮਾਜ ਦੀ ਨਿਸ਼ਾਨੀ ਹੁੰਦੀ ਹੈ
ਲੇਖਕ  ਰਾਜਨੀਤੀ ਵਿਗਿਆਨ ਦੇ ਲੈਕਚਰਾਰ ਹਨ

ਬਲਜੀਤ ਪਾਲ ਸਿੰਘ
ਮੋ.9417324432

ਪ੍ਰਸਿੱਧ ਖਬਰਾਂ

To Top