Breaking News

ਮਨੁੱਖਤਾ ਲਈ ਮਹਾਨ ਕੁਰਬਾਨੀ ਦਾ ਪ੍ਰਤੀਕ ਮੇਲਾ ਮਾਘੀ

ਸਾਡੇ ਦੇਸ਼ ਅੰਦਰ ਗੁਰੂਆਂ, ਪੀਰਾਂ ਤੇ ਸੂਰਬੀਰ ਯੋਧਿਆਂ ਦੀਆਂ ਯਾਦਾਂ ਨੂੰ ਬੜੀ ਧੂਮ ਧਾਮ ਨਾਲ ਮਨਾਇਆ ਜਾਂਦਾ। ਪਰੰਤੂ ਇਨ੍ਹਾਂ ਯਾਦਾਂ ਨੂੰ ਮਨਾ ਕੇ ਸਾਡੇ ਸਮਾਜਿਕ ਜੀਵਨ ਅੰਦਰ ਜੋ ਜਾਗੂਰਕਤਾ ਆਉਣੀ ਚਾਹੀਦੀ ਹੈ, ਉਸ ਤੋਂ ਅਜੇ ਅਸੀਂ ਕਾਫੀ ਦੂਰ ਬੈਠੇ ਹਾਂ। ਪੰਜਾਬ ਦੇ ਇਤਿਹਾਸਕ ਸ਼ਹਿਰ ਸ੍ਰੀ ਮੁਕਤਸਰ ਸਾਹਿਬ ਵਿਖੇ ਹਰ ਸਾਲ ਲੋਹੜੀ ਦੇ ਤਿਉਹਾਰ ਤੋਂ ਦੂਜੇ ਦਿਨ ਮਾਘ ਦੀ ਸਗ੍ਰਾਂਦ ਵਾਲੇ ਦਿਨ 40 ਮੁਕਤਿਆਂ ਤੇ ਹੋਰ ਸ਼ਹੀਦਾਂ ਦੀ ਯਾਦ ‘ਚ ਮੇਲਾ ਲੱਗਦਾ।
ਸ੍ਰੀ ਮੁਕਤਸਰ ਸਾਹਿਬ ਵਿਖੇ ਲੱਗਣ ਵਾਲੇ ਇਸ ਮੇਲੇ ਨੂੰ ਦੇਖਣ ਲਈ ਲੋਕ ਦੂਰ ਦੁਰਾਡੇ ਤੇ ਦੇਸ਼ ਵਿਦੇਸ਼ ਤੋਂ ਇੱਥੇ ਆÀਂਦੇ ਹਨ।ਇੱਥੇ ਲੋਕ ਦੇਖਣ ਤਾਂ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਧਰਤੀ ਆਉਂਦੇ ਹਨ, ਪਰੰਤੂ ਮੇਲੇ ਦੌਰਾਨ ਸਿਆਸੀ ਪਾਰਟੀਆਂ ਦੀਆਂ ਕਾਨਫਰੰਸਾਂ ਦੇ ਇਕੱਠ ਕਾਰਨ ਇਤਿਹਾਸਕ ਸ਼ਹਿਰ ‘ਚ ਬਣੀਆਂ ਯਾਦਾਂ ਨੂੰ ਚੰਗੀ ਤਰ੍ਹਾਂ ਨਾ ਦੇਖ ਸਕਣ ਕਰਕੇ ਉਨ੍ਹਾਂ ਦਾ ਮੇਲੇ ਦਾ ਸਾਰਾ ਆਨੰਦ ਕਿਰਕਿਰਾ ਹੋ ਜਾਂਦਾ। ਇਸ ਵਾਰ ਪੰਜਾਬ ‘ਚ ਲੱਗੇ ਚੋਣ ਜਾਬਤੇ ਕਾਰਨ ਸਿਆਸੀ ਕਾਨਫਰੰਸਾਂ ਨਾ ਹੋਣ ਕਾਰਨ ਮਾਘੀ ਮੇਲੇ ‘ਤੇ ਆਉਣ ਵਾਲੇ ਲੋਕ ਕਾਫੀ ਰਾਹਤ ਮਹਿਸੂਸ ਕਰ ਰਹੇ ਹਨ ।
ਇਤਿਹਾਸ ਮੁਤਾਬਕ ਸੰਨ 1705 ਈਸਵੀ ‘ਚ ਜਦੋਂ ਮੁਗਲ ਫੌਜਾਂ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਿੱਛਾ ਕਰਦੀਆਂ ਇਸ ਮਾਲਵੇ ਦੇ ਇਲਾਕੇ ‘ਚ ਪਹੁੰਚ ਗਈਆਂ ਤਾਂ ਗੁਰੂ ਜੀ ਦੇ ਸਿਪਾਹੀਆਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਗਵਾਈ ‘ਚ ਉਸ ਸਮੇਂ ਖਿਦਰਾਣੇ ਦੀ ਢਾਬ ਕਹੀ ਜਾਣ ਵਾਲੀ ਇਸ ਧਰਤੀ ‘ਤੇ ਵੈਰੀਆਂ ਦਾ ਡਟ ਕੇ ਮੁਕਾਬਲਾ ਕੀਤਾ ਤੇ ਉਨ੍ਹਾਂ ਨੂੰ ਵਾਪਸ ਭੱਜਣ ਲਈ ਮਜ਼ਬੂਰ ਕਰ ਦਿੱਤਾ ਸੀ।
ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਪਹਾੜੀ ਰਾਜਿਆਂ ਵਿਚਕਾਰ  ਹੋਈਆਂ ਲੜਾਈਆਂ ‘ਚ ਪਹਾੜੀ ਰਾਜਿਆਂ ਨੂੰ ਹਰ ਲੜਾਈ ‘ਚ ਹਾਰ ਦਾ ਮੂੰਹ ਦੇਖਣਾ ਪਿਆ। ਗੁਰੂ ਜੀ ਨੇ ਹੱਕ, ਸੱਚ ਤੇ ਧਰਮ ਦੀ ਖਾਤਰ ਕਈ ਜੰਗਾਂ ਲੜੀਆਂ ਤੇ ਹਰ ਵਾਰ ਚੜ੍ਹਦੀ ਕਲਾ ਤੇ ਬਹਾਦਰੀ ਨਾਲ ਸਮਾਜ ਵਿਰੋਧੀ ਅਨਸਰਾਂ ਦਾ ਟਾਕਰਾ ਕੀਤਾ। ਆਖਰ ਪਹਾੜੀ ਨੇ ਰਾਜਿਆਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਹਰਾਉਣ ਲਈ ਉਸ ਸਮੇਂ ਦੇ ਮੁਗਲ ਬਾਦਸ਼ਾਹ ਔਰੰਗਜੇਬ ਤੋਂ ਮੱਦਦ ਮੰਗੀ। ਔਰੰਗਜੇਬ ਨੇ ਪਹਾੜੀ ਰਾਜਿਆਂ ਦੀ ਮੱਦਦ ਲਈ ਲਾਹੌਰ ਤੇ ਸਰਹੰਦ ਦੇ ਸੂਬੇਦਾਰਾਂ ਨੂੰ ਫਰਮਾਨ ਜਾਰੀ ਕਰ ਦਿੱਤਾ।
ਗੁਰੂ ਜੀ ਉਨੀਂ ਦਿਨੀਂ ਆਨੰਦਪੁਰ ਸਾਹਿਬ ਦੇ ਕਿਲ੍ਹੇ ਤੋਂ  ਦੁਸ਼ਮਣਾਂ ਵਿਰੁੱਧ ਲੜਾਈ ਲੜ ਰਹੇ ਸਨ ।ਲਾਹੌਰ, ਸਰਹੰਦ ਦੇ ਪਹਾੜੀ ਰਾਜਿਆਂ ਦੀਆਂ ਫ਼ੌਜਾਂ ਨੇ ਅਨੰਦਪੁਰ ਸਾਹਿਬ ਨੂੰ ਘੇਰਾ ਪਾ ਲਿਆ। ਕਿਲ੍ਹੇ ‘ਚ ਮੌਜੂਦ ਸੂਰਬੀਰ ਯੋਧਿਆਂ ਨੇ ਕਈ ਮਹੀਨੇ ਡੱਟਕੇ ਦੁਸ਼ਮਣ ਫੌਜਾਂ ਦਾ ਟਾਕਰਾ ਕੀਤਾ। ਪਰੰਤੂ ਇਧਰ ਕਿਲ੍ਹੇ ‘ਚੋਂ ਹੌਲੀ-ਹੌਲੀ  ਰਾਸ਼ਨ ਪਾਣੀ ਮੁੱਕਦਾ ਜਾ ਰਿਹਾ ਸੀ, ਇਸ ਦੇ ਬਾਵਜੂਦ ਗੁਰੂ ਜੀ ਦੀ ਫੌਜ ਬਹਾਦਰੀ ਨਾਲ ਲੜ ਰਹੀ ਸੀ। ਪਰ ਕੁਝ ਸੈਨਿਕ ਉਸ ਵੇਲੇ ਭਰਮ ਦਾ ਸ਼ਿਕਾਰ ਹੋਕੇ ਡੋਲ ਗਏ, ਤੇ ਗੁਰੂ ਜੀ ਨੂੰ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਦੀਆਂ ਸਲਾਹਾਂ ਦੇਣ ਲੱਗੇ। ਗੁਰੂ ਜੀ ਨੇ ਦੂਰ ਅੰਦੇਸ਼ੀ ਨਾਲ ਉਨ੍ਹਾਂ ਨੂੰ ਕੁਝ ਸਮਾਂ ਹੋਰ ਉਡੀਕ ਕਰਨ ਲਈ ਕਿਹਾ ਪਰੰਤੂ ਉਨ੍ਹਾਂ ਦਾ ਆਤਮਬਲ ਐਨਾ ਕਮਜ਼ੋਰ ਹੋ ਗਿਆ ਕਿ ਉਨ੍ਹਾਂ ਗੁਰੂ ਜੀ ਨੂੰ ਬੇਦਾਵਾ ਲਿਖ ਦਿੱਤਾ ਕਿ ‘ਅਸੀਂ ਤੁਹਾਡੇ ਸਿੱਖ ਨਹੀਂ ਤੇ ਤੁਸੀਂ ਸਾਡੇ ਗੁਰੂ ਨਹੀਂ’ ਅਤੇ ਘਰਾਂ ਨੂੰ ਚਲੇ ਗਏ।
ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਣ ਤੋਂ ਬਾਦ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਥੋੜ੍ਹੇ ਸੈਨਿਕਾਂ ਸਮੇਤ ਚਮਕੌਰ ਦੀ ਕੱਚੀ ਗੜ੍ਹੀ ਪਹੁੰਚੇ , ਜਿੱਥੇ ਸੰਸਾਰ ਦਾ ਅਨੋਖਾ ਤੇ ਅਸਾਵਾਂ ਯੁੱਧ ਲੜਿਆ ਗਿਆ। ਇੱਥੋਂ ਆਪ ਦੁਸ਼ਮਣ ਫੌਜਾਂ ਨੂੰ ਵੰਗਾਰਦੇ ਹੋਏ ਮਾਛੀਵਾੜੇ ਦੇ ਜੰਗਲਾਂ ਨੂੰ ਚਲੇ ਗਏ। Àਧਰ ਸਰਹੰਦ ਦੇ ਸੂਬੇਦਾਰ ਵਜ਼ੀਰ ਖਾਂ ਦੀਆਂ ਫੌਜਾਂ ਗੁਰੂ ਜੀ ਦਾ ਪਿੱਛਾ ਕਰਦੀਆਂ ਆ ਰਹੀਆਂ ਸਨ। ਇਧਰ ਰਸਤੇ ‘ਚ ਗੁਰੂ ਜੀ ਦੇ ਕਾਫ਼ਲੇ ‘ਚ ਕਾਫੀ ਸਿੱਖ ਸ਼ਾਮਲ ਹੋ ਰਹੇ ਸਨ। ਗੁਰੂ ਜੀ ਦੀਨੇ ਤੋਂ ਜੈਤੋ ਹੁੰਦੇ ਹੋਏ ਕੋਟਕਪੂਰਾ ਪਹੁੰਚ ਕੇ ਉਥੋਂ ਦੇ ਹਾਕਮ ਕਪੂਰੇ ਤੋਂ ਕਿਲ੍ਹੇ ਦੀ ਮੰਗ ਕੀਤੀ, ਕਿਲ੍ਹਾ ਤਾਂ ਕਪੂਰੇ ਨੇ ਗੁਰੂ ਜੀ ਨੂੰ ਨਾ ਦਿੱਤਾ ਪਰ ਉਸ ਨੇ ਗੁਰੂ ਜੀ ਨੂੰ ਸੰਘਣੀਆਂ ਝਾੜੀਆਂ ਵਾਲੇ ਰੇਤਲੇ ਇਲਾਕੇ (ਖਿਦਰਾਣੇ ਦੀ ਢਾਬ) ਜਿਸ ਨੂੰ ਅੱਜ ਕੱਲ੍ਹ ‘ਸ੍ਰੀ ਮੁਕਤਸਰ ਸਾਹਿਬ’ ਕਿਹਾ ਜਾਂਦਾ, ਵੱਲ ਜਾਣ ਦੀ ਸਲਾਹ ਦਿੱਤੀ।
ਉਧਰ ਗੁਰੂ ਜੀ ਨੂੰ ਬੇਦਾਵਾ ਲਿਖ ਕੇ ਦੇਣ ਵਾਲੇ ਸਿੱਖ ਜਦ ਘਰ ਪਹੁੰਚੇ ਤਾਂ ਉਨ੍ਹਾਂ ਨੂੰ ਬੀਬੀ ਮਾਈ ਭਾਗੋ ਤੇ ਹੋਰ ਬੀਬੀਆਂ ਨੇ ਫਟਕਾਰਾਂ ਪਾਈਆਂ ਤੇ ਕਿਹਾ ਕਿ ਤੁਸੀਂ ਚੂੜੀਆਂ ਪਾਕੇ ਘਰ ਬੈਠ ਜਾਵੋ, ਅਸੀਂ ਜਾਂਦੀਆਂ ਹਾਂ ਗੁਰੂ ਜੀ ਦਾ ਸਾਥ ਦੇਣ ਜੰਗ ਦੇ ਮੈਦਾਨ ‘ਚ, ਤਾਂ ਖਰੀਆਂ-ਖਰੀਆਂ ਸੁਣ ਕੇ ਉਨ੍ਹਾਂ ਦੀ ਜਮੀਰ ਨੇ ਹਲੂਣਾ ਖਾਧਾ ਤੇ ਔਖੀ ਘੜੀ ਗੁਰੂ ਜੀ ਦਾ ਸਾਥ ਛੱਡਣ ਦਾ ਅਹਿਸਾਸ ਵੀ ਉਨ੍ਹਾਂ ਨੂੰ ਸਤਾਉਣ ਲੱਗਾ।
ਮੁਗਲ ਫੌਜਾਂ ਦੇ ਖਿਦਰਾਣਾ ਦੀ ਢਾਬ ਪਹੁੰਚਣ ਤੋਂ ਐਨ ਪਹਿਲਾਂ ਮਾਝੇ ਦੇ ਸਿੱਖਾਂ ਦਾ ਇਹ ਜਥਾ ਗੁਰੂ ਸਾਹਿਬ ਦੇ ਕੈਂਪ ਦੇ ਨਜ਼ਦੀਕ ਪਹੁੰਚ ਚੁੱਕਾ ਸੀ। ਮੁਗਲਾਂ ਦੀ ਪਹਿਲੀ ਟੱਕਰ ਵੀ ਪਹਿਲਾਂ ਇਸੇ ਜਥੇ ਨਾਲ ਹੋਈ। ਬੜਾ ਹੀ ਘਮਸਾਣ ਦਾ ਯੁੱਧ ਹੋਇਆ। ਗੁਰੂ ਜੀ ਖੁਦ Àੁੱਚੀ ਟਿੱਬੀ ਤੋਂ ਤੀਰਾਂ ਦੀ ਵਰਖਾ ਕਰ ਰਹੇ ਸਨ । ਗੁਰੂ ਜੀ ਦੇ ਨਾਲ ਵਾਲੇ ਸਿਪਾਹੀ ਵੀ ਮੈਦਾਨੇ ਜੰਗ ‘ਚ ਜੂਝ ਰਹੇ ਸਨ ਸਿਪਾਹੀ ਅਜਿਹੀ ਬਹਾਦਰੀ ਤੇ ਜੋਸ਼ ਨਾਲ ਲੜੇ ਕਿ ਦੁਸ਼ਮਣ ਦੀ ਫੌਜ ‘ਚ ਖਲਬਲੀ ਮੱਚ ਗਈ। ਦੁਸ਼ਮਣ ਹਾਰ ਖਾਕੇ ਭੱਜ Àੁੱਠੇ ਤੇ ਗੁਰੂ ਜੀ ਨੇ ਜੰਗ ਦਾ ਮੈਦਾਨ ਫਤਹਿ ਕਰ ਲਿਆ। ਪਰ ਬੇਦਾਵਾ ਦੇ ਗਏ 40 ਸਿੱਖਾਂ ਸਮੇਤ ਬਹੁਤ ਸਾਰੇ ਸਿੱਖ ਲੜਾਈ ਦੇ ਮੈਦਾਨ ‘ਚ ਜੂਝਦੇ ਹੋਏ ਸ਼ਹੀਦੀਆਂ ਪਾ ਗਏ।
ਜੰਗ ਦੇ ਮੈਦਾਨ ‘ਚ ਪਈਆਂ ਸਿੰਘਾਂ ਦੀ ਦੇਹਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬੜੇ ਹੀ ਪਿਆਰ ਨਾਲ ਨਿਹਾਰਿਆ ਤੇ ਹਰ ਇੱਕ ਨੂੰ ਛਾਤੀ ਨਾਲ ਲਾ ਕੇ ਅਤਿਅੰਤ ਸਨੇਹ ਨਾਲ ਅਨੇਕਾਂ ਬਖ਼ਸ਼ਿਸ਼ਾਂ ਕੀਤੀਆਂ। ਜਦ ਗੁਰੂ ਜੀ ਭਾਈ ਮਹਾਂ ਸਿੰਘ ਕੋਲ ਪਹੁੰਚੇ ਤਾਂ ਉਹ ਅਜੇ ਥੋੜ੍ਹਾ ਸਹਿਕ ਰਿਹਾ ਸੀ ਤਾਂ ਗੁਰੂ ਜੀ ਨੇ ਉਸ ਨੂੰ ਆਪਣੀ ਗੋਦ ‘ਚ ਲੈਕੇ ਉਸ ਦਾ ਮੁੱਖ  ਸਾਫ ਕੀਤਾ ਤੇ ਪ੍ਰਸੰਨ ਹੋਕੇ ਕਿਹਾ ਭਾਈ ਮਹਾਂ ਸਿੰਘ ਮੰਗ ਜੋ ਤੇਰੀ ਦਿਲੀ ਇੱਛਾ ਹੈ ਉਹ ਦੱਸ,  ਤਾਂ ਉਸ ਸਮੇਂ ਭਾਈ ਮਹਾਂ ਸਿੰਘ ਨੇ ਕਿਹਾ ਉਸ ਸਮੇਤ ਜੋ 40 ਸਿੱਖ ਆਪ ਜੀ ਨੂੰ ਗੁਰਸਿੱਖੀ ਤੋਂ ਬੇਦਾਵਾ ਲਿਖ ਕੇ ਦੇ ਆਏ ਸਨ, ਉਹ ਬੇਦਾਵੇ ਵਾਲਾ ਕਾਗਜ ਪਾੜ ਕੇ ਟੁੱਟੀ ਗੰਢੋ। ਗੁਰੂ ਜੀ ਨੇ ਭਾਈ ਮਹਾਂ ਸਿੰਘ ਦੀ ਅੰਤਿਮ ਇੱਛਾ ਨੂੰ ਪੂਰਾ ਕਰਦਿਆਂ ਬੇਦਾਵੇ ਵਾਲਾ ਕਾਗਜ ਕੱਢਿਆ ਤੇ ਟੁਕੜੇ-ਟੁਕੜੇ ਕਰ ਦਿੱਤਾ।
ਇਸ ਤੋਂ ਬਾਦ ਗੁਰੂ ਜੀ ਨੇ ਭਾਈ ਮਹਾਂ ਸਿੰਘ ਨੂੰ ਬਖ਼ਸ਼ਕੇ ਅੰਤਲੀ ਮਨੋਭਾਵਨਾ ਪੂਰੀ ਕੀਤੀ, ਤੇ ਇਸ ਜਗ੍ਹਾ ਦਾ ਨਾਂਅ ਖਿਦਰਾਣੇ ਦੀ ਢਾਬ ਤੋਂ ਬਦਲ ਕੇ ਮੁਕਤਸਰ ਰੱਖਿਆ। ਜਦੋਂ ਕਿ ਅੱਜ ਕੱਲ੍ਹ ਇਸ ਨੂੰ ਸ੍ਰੀ ਮੁਕਤਸਰ ਸਾਹਿਬ ਦੇ ਨਾਂਅ ਨਾਲ ਜਾਣਿਆ ਜਾਂਦਾ। ਇਸ ਤੋਂ ਬਾਦ ਜਦੋਂ ਭਾਈ ਮਹਾਂ ਸਿੰਘ ਸਰੀਰ ਤਿਆਗ ਗਏ ਤਾਂ ਗੁਰੂ ਜੀ ਨੇ ਰਣਭੂਮੀ ‘ਚ ਸ਼ਹੀਦ ਹੋਏ ਸਾਰੇ ਸ਼ਹੀਦਾਂ ਦੇ ਮ੍ਰਿਤਕ ਸਰੀਰਾਂ ਨੂੰ ਇਕੱਠਾ ਕਰਨ ਤੋਂ ਬਾਦ ਉਸੇ ਥਾਂ ਇੱਕ ਵੱਡੀ ਸਾਰੀ ਚਿਖਾ ਬਣਾ ਕੇ ਆਪਣੇ ਹੱਥੀਂ ਅੰਤਿਮ ਸਸਕਾਰ ਕੀਤਾ। ਜਿਸ ਜਗ੍ਹਾ ‘ਤੇ ਗੁਰੂ ਸਾਹਿਬ ਨੇ ਮਹਾਂ ਸਿੰਘ ਦੀ ਅੰਤਿਮ ਇੱਛਾ ਅਨੁਸਾਰ ਬੇਦਾਵੇ ਵਾਲਾ ਕਾਗਜ ਪਾੜ ਕੇ ਟੁੱਟੀ ਗੰਢੀ, ਉਥੇ ਅੱਜ ਕੱਲ੍ਹ ਟੁੱਟੀ ਗੁੰਢੀ ਗੁਰਦੁਆਰਾ ਸਾਹਿਬ ਸਸ਼ੋਭਤ ਹੈ। ਇਸੇ ਤਰ੍ਹਾਂ ਜਿੱਥੇ 40 ਮੁਕਤੇ ਸ਼ਹੀਦ ਹੋਏ ਉਸ ਜਗ੍ਹਾ ਦਾ ਨਾਂਅ ਉਸ ਸਮੇਂ ਤੋਂ ਮੁਕਤਸਰ ਅਤੇ ਜਿਸ ਜਗ੍ਹਾ ਸ਼ਹੀਦਾਂ ਦਾ ਸਸਕਾਰ ਕੀਤਾ ਗਿਆ, ਉਸ ਜਗ੍ਹਾ ਤੇ ਗੁਰਦੁਆਰਾ ਸ਼ਹੀਦਗੰਜ ਸਾਹਿਬ ਦੇ ਨਾਂਅ  ਨਾਲ ਮਸ਼ਹੂਰ ਹੈ।
ਮਾਘੀ ਮੇਲੇ ਦਾ ਇਤਿਹਾਸ ਅੱਜ ਵੀ ਸਾਨੂੰ 40 ਮੁਕਤਿਆਂ ਦੀ ਦੇਸ਼ ਤੇ ਕੌਮ ਪ੍ਰਤੀ ਆਪਾ ਵਾਰਨ ਦੀ ਭਾਵਨਾ ਨੂੰ ਦ੍ਰਿੜ ਕਰਵਾÀਂਦਾ ਹੈ। ਅੱਜ ਮਾਘੀ ਦੇ ਇਤਿਹਾਸਕ ਦਿਨ ਤੋਂ ਇਲਾਵਾ ਸਮੇਂ ਸਮੇਂ ‘ਤੇ ਮਨਾਈਆਂ ਜਾਂਦੀਆਂ ਗੁਰੂਆਂ, ਪੀਰਾਂ ਤੇ ਯੋਧਿਆਂ ਦੀਆਂ ਯਾਦਾਂ ਤੋਂ ਸਾਨੂੰ ਬਹੁਤ ਕੁਝ ਸਿੱਖਣ ਦੀ ਲੋੜ ਹੈ।  ਖਾਸਕਰ ਪੰਜਾਬ ਦੀਆਂ ਸਿਆਸੀ ਪਾਰਟੀਆਂ ਦੇ ਆਗੂਆਂ ਵੱਲੋਂ ਉਨ੍ਹਾਂ ਮਹਾਨ ਸ਼ਹੀਦਾਂ ਨੂੰ ਸਿਰਫ ਇੱਕ ਖਾਨਾਪੂਰਤੀ ਵਜੋਂ ਹੀ ਯਾਦ ਕੀਤਾ ਜਾਂਦਾ, ਚਾਹੀਦਾ ਤਾਂ ਇਹ ਹੈ ਕਿ ਅਜਿਹੇ ਇਤਿਹਾਸਕ ਦਿਨਾਂ ‘ਤੇ ਮਹਾਨ ਸੂਰਬੀਰ ਯੋਧਿਆਂ ਦੇ ਜੀਵਨ ਤੋਂ ਕੋਈ ਪ੍ਰੇਰਨਾ ਲਈ ਜਾਵੇ ਪਰ ਇਸ ਦੇ ਉਲਟ ਸਿਆਸੀ ਆਗੂਆਂ ਵੱਲੋਂ ਸਿਆਸੀ ਕਾਨਫਰੰਸਾਂ ਕਰਕੇ ਇਕ ਦੂਜੇ ਤੇ ਦੂਸ਼ਣਬਾਜੀ ਦਾ ਚਿੱਕੜ ਸੁੱਟਕੇ ਇਤਿਹਾਸਕ ਦਿਹਾੜਿਆਂ ਦੀ ਯਾਦ ਨੂੰ ਇੱਕ ਤਰ੍ਹਾਂ ਧੁੰਦਲਾ ਕਰ ਦਿੱਤਾ ਜਾਂਦਾ।ਸਿਆਸੀ ਹਸਤੀਆਂ ਵੀ ਇਤਿਹਾਸ ਤੋਂ ਪ੍ਰੇਰਨਾ ਲੈ ਕੇ ਨਫ਼ਰਤ ਵਧਾਉਣ ਦੀ ਬਜਾਇ ਭਾਈਚਾਰਾ ਤੇ ਏਕਾ ਵਧਾਉਣ  ਇਹੀ ਮੇਲੇ ਦਾ ਅਸਲ ਮਕਸਦ ਹੈ

ਪ੍ਰਸਿੱਧ ਖਬਰਾਂ

To Top