ਲੇਖ

ਮਾਫ਼ੀਆ ਰਾਜ ਦੀ ਵਧਦੀ ਗੁੰਡਾਗਰਦੀ

ਸਾਡੇ ਸੂਬੇ ਵਿੱਚ ਪਿਛਲੇ ਲੰਮੇ ਸਮੇਂ ਤੋਂ ਅਮਨ ਕਾਨੂੰਨ ਦੀ ਸਥਿਤੀ ਬਦਤਰ ਹੈ ਜਿਸ ਕਾਰਨ ਆਮ ਲੋਕਾਂ ਦੀ ਸੁਰੱਖਿਆ ਸ਼ੱਕ ਦੇ ਘੇਰੇ ਹੇਠ ਹੈ ਹਰ ਰੋਜ਼ ਵਾਪਰਦੀਆਂ ਘਟਨਾਵਾਂ ਨੇ ਪ੍ਰਸ਼ਾਸਨ ਨੂੰ ਕਟਹਿਰੇ ‘ਚ ਖੜ੍ਹਾ ਕੀਤਾ ਹੈ ਸੂਬੇ ‘ਚ ਖੁੰਬਾਂ ਵਾਂਗ ਪੈਦਾ ਹੋਏ ਮਾਫ਼ੀਆ ਨੇ ਹਰ ਵਸਤੂ ‘ਤੇ ਕਬਜ਼ਾ ਰਾਜਨੀਤਕ ਸ਼ਹਿ ‘ਤੇ ਕੀਤਾ ਹੋਇਆ ਹੈ ਜਿਸ ਕਾਰਨ ਹਰ ਜ਼ਰੂਰੀ ਚੀਜ਼ ਆਮ ਲੋਕਾਂ ਤੋਂ ਦੂਰ ਹੋ ਚੁੱਕੀ ਹੈ ਗੁੰਡਾਗਰਦੀ ਇੰਨੀ ਜ਼ਿਆਦਾ ਵਧ ਚੁੱਕੀ ਹੈ ਜਿਸ ਅੱਗੇ ਪੁਲਿਸ ਪ੍ਰਸ਼ਾਸਨ ਗੋਡੇ ਟੇਕਦਾ ਦਿਖਾਈ ਦਿੰਦਾ ਹੈ
ਬੀਤੀ 8 ਅਕਤੂਬਰ ਨੂੰ ਸ੍ਰੀ ਮੁਕਤਸਰ ਸਾਹਿਬ ਦੇ ਗਾਂਧੀ ਨਗਰ ‘ਚ ਇੱਕ ਦਲਿਤ ਨੌਜਵਾਨ ਦੀ ਸ਼ਰਾਬ ਮਾਫ਼ੀਆ ਦੇ ਰਸੂਖ਼ਵਾਨਾਂ ਵੱਲੋਂ ਦਿਨ ਦਿਹਾੜੇ ਹੱਤਿਆ ਕੀਤੀ ਗਈ ਉਕਤ ਨੌਜਵਾਨ ਨੇ ਪੁਲਿਸ ਕੋਲ ਆਪਣੀ ਜਾਨ ਨੂੰ ਖਤਰੇ ਦੀ ਦੁਹਾਈ ਪਾਈ ਸੀ ਪਰ ਪੁਲਿਸ ਨੇ ਅਣਗੌਲਿਆ ਕਰ ਦਿੱਤਾ ਸੀ ਹੱਤਿਆ ਤੋਂ ਬਾਅਦ ਵੀ ਪੁਲਿਸ ਰਸੂਖ਼ਵਾਨਾਂ ਦੇ ਹੱਕ ‘ਚ ਭੁਗਤਦੀ ਨਜ਼ਰ ਆਈ ਜਿਸ ਕਾਰਨ ਇਨਸਾਫ਼ ਪਸੰਦ ਲੋਕਾਂ ਨੇ ਸ਼ਹਿਰ ‘ਚ ਰੋਸ ਮੁਜ਼ਾਹਰੇ ਕੀਤੇ ਤਾਂ ਕਿਤੇ ਜਾਕੇ ਪ੍ਰਸ਼ਾਸਨ ਦੀ ਅੱਖ ਖੁੱਲ੍ਹੀ ਇਸ ਘਟਨਾ ਤੋਂ ਦੋ ਦਿਨ ਬਾਦ ਮਾਨਸਾ ਜ਼ਿਲ੍ਹੇ ਦੇ ਘਰਾਂਗਣਾ ਪਿੰਡ ਦੇ ਇੱਕ ਕਮਜ਼ੋਰ ਵਰਗ ਨਾਲ ਸਬੰਧਤ ਨੌਜਵਾਨ ਦੀ ਬੇਰਹਿਮੀ ਨਾਲ ਹੱਤਿਆ ਕੀਤੀ ਗਈ ਜਿਸ ਦੀ ਕਰੂਰਤਾ ਦੇਖ ਕੇ ਲੂੰਅ ਕੰਡੇ ਖੜ੍ਹੇ ਹੋ ਗਏ ਇਸ ਘਟਨਾ ‘ਚ ਸ਼ਾਮਲ ਸ਼ਰਾਬ ਮਾਫ਼ੀਆ ਦੇ ਲੋਕਾਂ ਨਾਲ ਸੱਤਾ ਧਿਰ ਦੇ ਇੱਕ ਮੰਤਰੀ ਦੇ ਸਬੰਧ ਦੇ ਵੀ ਚਰਚੇ ਹਨ
ਇਨ੍ਹਾਂ ਘਟਨਾਵਾਂ ਦੀ ਸਿਆਹੀ ਅਜੇ ਸੁੱਕੀ ਵੀ ਨਹੀਂ ਸੀ ਕਿ ਜਲੰਧਰ ਦੇ ਇੱਕ ਪ੍ਰਾਪਰਟੀ ਡੀਲਰ ਨੌਜਵਾਨ ਜੋ ਆਪਣੇ ਇਲਾਕੇ ‘ਚ ਸ਼ਰਾਬ ਮਾਫ਼ੀਆ ਦੀ ਦਹਿਸ਼ਤ ਵਿਰੁੱਧ ਆਵਾਜ਼ ਬੁਲੰਦ ਕਰ ਰਿਹਾ ਸੀ, ਉਸਦੀ ਵੀ ਰਾਤ ਨੂੰ ਘਰ ਪਰਤਦੇ ਸਮੇਂ ਹੱਤਿਆ ਕਰ ਦਿੱਤੀ ਗਈ ਪਿਛਲੇ ਸਾਲ ਦਾ ਚਰਚਿਤ ਭੀਮ ਟਾਂਕ ਕੇਸ ਵੀ ਇਸ ਲੜੀ ਦੇ ਹੀ ਅੰਤਰਗਤ ਆਉਂਦਾ ਹੈ ਜਿਸਨੇ ਸ਼ਰਾਬ ਮਾਫ਼ੀਆ ਦੀ ਗੈਰ ਕਾਨੂੰਨੀ ਚੌਧਰ ਨੂੰ ਬੇਨਕਾਬ ਕਰਨ ਦੇ ਨਾਲ-ਨਾਲ ਸੁਸ਼ਾਸਨ ਪ੍ਰਬੰਧ ਦੇ ਦਮਗੱਜੇ ਮਾਰਨ ਵਾਲੀ ਸਰਕਾਰ ਦੇ ਦਾਅਵਿਆਂ ਦੀ ਹਵਾ ਕੱਢ ਦਿੱਤੀ ਹੈ
ਪੰਜਾਬ ‘ਚ ਇਸ ਸਮੇਂ ਸ਼ਰਾਬ ਦੀਆਂ 23 ਫੈਕਟਰੀਆਂ ਹਨ ਜਿੱਥੋਂ ਸ਼ਰਾਬ ਦੀ ਸਪਲਾਈ ਲੋਕਾਂ ਤੱਕ ਪੁੱਜਦੀ ਹੈ ਇਸਦੀ ਸੁਚੱਜੀ ਵੰਡ ਲਈ ਸ਼ਰਾਬ ਕਾਰੋਬਾਰੀਆਂ ਨੇ ਵੱਡੀ ਗਿਣਤੀ ‘ਚ ਆਪਣੇ ਕਰਿੰਦੇ ਤਾਇਨਾਤ ਕੀਤੇ ਹੋਏ ਹਨ ਜੋ ਜ਼ਿਆਦਾਤਰ ਕਮਜ਼ੋਰ ਵਰਗਾਂ ਨਾਲ ਸਬੰਧਤ ਹਨ ਰੋਜ਼ੀ ਰੋਟੀ ਲਈ ਉਹ ਇਨ੍ਹਾਂ ਦਾ ਹੁਕਮ ਵਜਾਉਦੇ ਹਨ ਅਤੇ ਇਨ੍ਹਾਂ ਕਾਰੋਬਾਰੀਆਂ ਦੀਆਂ ਗੈਰ ਕਾਨੂੰਨੀ ਹਰਕਤਾਂ ਦਾ ਪਾਜ ਉਧੇੜਨ ਕਾਰਨ ਇਨ੍ਹਾਂ ਕਰਿੰਦਿਆਂ ਨੂੰ ਆਪਣੀ ਜਾਨ ਗਵਾਉਣੀ ਪੈਂਦੀ ਹੈ
ਅਜੋਕੇ ਦੌਰ ਅੰਦਰ ਸ਼ਰਾਬ ਮਾਫ਼ੀਆ ਇੰਨਾ ਕੁ ਮਜ਼ਬੂਤ ਹੋ ਚੁੱਕਾ ਹੈ ਆਪਣੇ ਪੱਧਰ ‘ਤੇ ਹੀ ਉਹ ਕਿਸੇ ਦੇ ਵੀ ਘਰ ਦੀ ਤਲਾਸ਼ੀ ਲੈਣ ਲੱਗਾ ਹੈ ਵਿਆਹਾਂ ਦੇ ਚੱਲਦੇ ਪ੍ਰੋਗਰਾਮਾਂ ਨੂੰ ਰੋਕ ਕੇ ਇਸਨੇ ਆਪਣੀ ਤਲਾਸ਼ੀ ਮੁਹਿੰਮ ਨੂੰ ਜਾਰੀ ਰੱਖਿਆ ਹੈ ਅਤੇ ਵਿਰੋਧ ਪ੍ਰਗਟਾਉਣ ‘ਤੇ ਗੁੰਡਾਗਰਦੀ ਕੀਤੀ ਹੈ ਆਪਣੇ ਪੱਧਰ ‘ਤੇ ਨਾਕੇ ਲਾਕੇ ਚੈਕਿੰਗ ਦੀਆਂ ਖਬਰਾਂ ਵੀ ਮੀਡੀਆ ‘ਚ ਨਸ਼ਰ ਹੋ ਚੁੱਕੀਆਂ ਹਨ ਪ੍ਰਸ਼ਾਸਨ ਦੀ ਢਿੱਲੀ ਕਾਰਗੁਜਾਰੀ ਨੇ ਲੋਕਾਂ ਨੂੰ ਨਸ਼ਿਆਂ ਦੀ ਦਲਦਲ ‘ਚ ਧਕੇਲਿਆ ਹੈ
ਸੂਬੇ ‘ਚ ਮਾਫ਼ੀਆ ਨੇ ਇਸ ਕਦਰ ਪੈਰ ਪਸਾਰੇ ਹੋਏ ਹਨ ਜਿਸਨੇ ਲੋਕਾਂ ਦੀ ਜਿਉਣਾ ਮੁਹਾਲ ਕੀਤਾ ਪਿਆ ਹੈ ਰੇਤਾ ਬੱਜਰੀ, ਸ਼ਰਾਬ, ਟਰਾਂਸਪੋਰਟ ਆਦਿ ‘ਤੇ ਇਹ ਕਾਬਜ਼ ਹੈ ਜਿਸ ਤੋਂ ਆਮ ਲੋਕ ਡਾਢੇ ਤੰਗ ਹਨ ਇਨ੍ਹਾਂ ਮਾਫ਼ੀਆ ਦੇ ਪਾਲੇ ਗੁੰਡੇ ਅਨਸਰਾਂ ਨੇ ਸਭ ਦੀ ਨੱਕ ‘ਚ ਦਮ ਕੀਤਾ ਹੋਇਆ ਹੈ ਹਰ ਰੋਜ਼ ਹੁੰਦੀ ਗੈਂਗਵਾਰ ਨੇ ਪੁਲਿਸ ਨੂੰ ਵੀ ਵਖਤ ਪਾਇਆ ਹੋਇਆ ਹੈ ਇੱਕ ਗੈਰ ਸਰਕਾਰੀ ਸੰਸਥਾ ਦੀ ਰਿਪੋਰਟ ਅਨੁਸਾਰ ਸੂਬੇ ‘ਚ 300  ਗਰੋਹ ਸਰਗਰਮ ਹਨ ਜੋ ਗੈਰ ਕਾਨੂੰਨੀ ਅਸਲੇ ਨਾਲ ਲਬਰੇਜ਼ ਹਨ ਅਤੇ ਆਏ ਦਿਨ ਭਿਆਨਕ ਵਾਰਦਾਤਾਂ ਨੂੰ ਅੰਜ਼ਾਮ ਦਿੰਦੇ ਰਹਿੰਦੇ ਹਨ ਸਭ ਤੋਂ ਦੁੱਖ ਦੀ ਗੱਲ ਇਹ ਹੈ ਕਿ ਇਨ੍ਹਾਂ ਗਰੋਹਾਂ ‘ਚ ਨੌਜਵਾਨ ਵਿਦਿਆਰਥੀ ਵੱਡੀ ਗਿਣਤੀ ‘ਚ ਸ਼ਾਮਲ ਹਨ
ਰਸੂਖ਼ਵਾਨਾਂ ਦੇ ਗੁਲਾਮ ਅਤੇ ਨਸ਼ਿਆਂ ਦੀ ਦਲਦਲ ‘ਚ ਧਸ ਚੁੱਕੇ ਇਨ੍ਹਾਂ ਨੌਜਵਾਨਾਂ ਲਈ ਮਰਨ ਮਾਰਨ ਇੱਕ ਖੇਡ ਬਣ ਚੁੱਕੀ ਹੈ ਆਪਣੇ ਆਕਾਵਾਂ ਦੇ ਇਸ਼ਾਰਿਆਂ ‘ਤੇ ਚੰਦ ਪਲਾਂ ‘ਚ ਵੱਡੀਆਂ ਵਾਰਦਾਤਾਂ ਨੂੰ ਅੰਜ਼ਾਮ ਦੇ ਦਿੰਦੇ ਹਨ ਰਸੂਖ਼ਵਾਨਾਂ ਦਾ ਹੱਥ ਸਿਰ ‘ਤੇ ਹੋਣ ਕਾਰਨ ਅਤੇ ਪੁਲਿਸ ‘ਤੇ ਰਾਜਨੀਤਕ ਗਲਬਾ ਹੋਣ ਕਰਕੇ ਇਹ ਬੇਖੌਫ਼ ਹੋਕੇ ਆਪਣੀਆਂ ਕਾਰਵਾਈਆਂ ਨੂੰ ਅੰਜ਼ਾਮ ਦਿੰਦੇ  ਹਨ ਪੁਲਿਸ ਚਾਹ ਕੇ ਵੀ ਇਨ੍ਹਾਂ ਖਿਲਾਫ ਕਾਰਵਾਈ ਨਹੀਂ ਕਰ ਸਕਦੀ
ਨੌਜਵਾਨਾਂ ਨੂੰ ਰਾਜਨੀਤੀ ‘ਚ ਅਹੁਦੇਦਾਰੀਆਂ ਦੀ ਅਜਿਹੀ ਚਾਟ ਪਾਈ ਹੋਈ ਹੈ ਜਿਸ ਦੇ ਚੱਲਦਿਆਂ ਇਹ ਨੌਜਵਾਨ ਖਾਸ ਕਰਕੇ ਕਾਲਜਾਂ-ਯੂਨੀਵਰਸਟੀਆਂ ਦੇ ਵਿਦਿਆਰਥੀ ਪੜ੍ਹਾਈ ਤੋਂ ਬੇਮੁੱਖ ਹੋ ਰਹੇ ਹਨ ਉਹ ਆਪਣਾ ਕੀਮਤੀ ਸਮਾਂ ਇਨ੍ਹਾਂ ਸਿਆਸਤਦਾਨਾਂ ਦੀ ਹਾਜ਼ਰੀ ‘ਚ ਬਿਤਾÀੁਂਦੇ ਹਨ ਇਨ੍ਹਾਂ ਰਾਜਨੇਤਾਵਾਂ ਦਾ ਥਾਪੜਾ ਇਨ੍ਹਾਂ ਨੂੰ ਹਰ ਜਾਇਜ਼ ਨਜਾਇਜ਼ ਕੰਮਾਂ ਲਈ ਪ੍ਰੇਰਦਾ ਹੈ ਜਿਸ ਕਾਰਨ ਅਮਨ ਕਾਨੂੰਨ ਦੇ ਮਾਹੌਲ ਨੂੰ ਡੂੰਘਾ ਧੱਕਾ ਲਗਦਾ ਹੈ ਸੰਨ 2012 ‘ਚ ਛੇਹਰਟਾ ਵਿੱਚ ਇੱਕ ਪੁਲਿਸ ਅਧਿਕਾਰੀ ਦੀ ਹੱਤਿਆ ਰਾਜਨੀਤਕ ਪਹੁੰਚ ਵਾਲੇ ਨੌਜਵਾਨਾਂ ਨੇ ਪੁਲਿਸ ਚੌਕੀ ਦੇ ਲਾਗੇ ਕੀਤੀ ਸੀ ਉਹ ਪੁਲਿਸ ਅਧਿਕਾਰੀ ਆਪਣੀ ਧੀ ਨਾਲ ਆ ਰਿਹਾ ਸੀ ਤੇ ਉਨ੍ਹਾਂ ਨੌਜਵਾਨਾਂ ਨੇ ਸ਼ਰੇਆਮ ਉਸਦੀ ਧੀ ਨਾਲ ਛੇੜਛਾੜ ਕੀਤੀ ਅਤੇ ਵਿਰੋਧ ਕਰਨ ‘ਤੇ ਉਸ ਪੁਲਿਸ ਅਧਿਕਾਰੀ ਨੂੰ ਗੋਲੀ ਮਾਰ ਦਿੱਤੀ  ਇਸੇ ਤਰ੍ਹਾਂ ਫਰੀਦਕੋਟ ਦਾ ਸ਼ਰੂਤੀ ਅਗਵਾ ਕੇਸ ਵੀ ਸਿਆਸੀ ਪਹੁੰਚ ਦਾ ਨਤੀਜਾ ਮੰਨਿਆ ਜਾਂਦਾ ਹੈ ਅਜਿਹੀਆਂ ਅਨੇਕਾਂ ਘਟਨਾਵਾਂ ਹਨ ਜਿਨ੍ਹਾਂ ਤੋਂ ਸਾਫ਼ ਜਾਹਿਰ ਹੈ ਕਿ ਅਮਨ ਕਾਨੂੰਨ ਦੀ ਸਥਿਤੀ ਵਿਗਾੜਨ ਲਈ ਰਾਜਨੀਤਕ ਗਲਬਾ ਕਾਫ਼ੀ ਹੱਦ ਤੱਕ ਜ਼ਿੰਮੇਵਾਰ ਹੈ
ਬੇਰੁਜ਼ਗਾਰੀ ਅਤੇ ਲੋਕ ਸਮੱਸਿਆਵਾਂ ਤੋਂ ਮੂੰਹ ਫੇਰੀ ਬੈਠੀ ਸਰਕਾਰ ਦੀ ਘਟੀਆ ਕਾਰਗੁਜ਼ਾਰੀ ਨੇ ਵੀ ਸੂਬੇ ‘ਚ ਅਸ਼ਾਂਤੀ ਫੈਲਾਈ ਹੈ ਹਰ ਰੋਜ਼ ਲੋਕ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਰੋਸ ਪ੍ਰਦਰਸ਼ਨ ਕਰਦੇ ਹਨ ਜਿਨ੍ਹਾਂ ਨੂੰ ਪੁਲਿਸ ਆਪਣੇ ਬਲ ਨਾਲ ਖਦੇੜਨ ਦੀ ਕੋਸ਼ਿਸ਼ ਕਰਦੀ ਹੈ ਜਿਸ ‘ਚ ਦੋਵਾਂ ਧਿਰਾਂ ਦਾ ਹੀ ਨੁਕਸਾਨ ਹੁੰਦਾ ਹੈ ਸੁਵਿਧਾ ਸੈਂਟਰਾਂ ਦੇ ਮੁਲਾਜ਼ਮ ਲੰਮੇ ਸਮੇਂ ਤੋਂ ਹੜਤਾਲ ‘ਤੇ ਹਨ ਬੀਤੇ ਦਿਨੀਂ ਰੋਸ ਪ੍ਰਦਰਸ਼ਨ ਦੌਰਾਨ ਪੁਲਿਸ ਨੇ ਦਮਨਕਾਰੀ ਤਰੀਕੇ ਨਾਲ ਉਨ੍ਹਾਂ ਦੀ ਮਾਰ-ਕੁੱਟ ਕੀਤੀ ਤੇ ਇਸ ਕਾਰਵਾਈ ਦੌਰਾਨ ਪੁਲਿਸ ਮੁਲਾਜ਼ਮਾਂ ਦੇ ਜ਼ਖਮੀ ਹੋਣ ਦੀਆਂ ਖਬਰਾਂ ਵੀ ਆਈਆਂ ਸਨ
ਪੂਰੇ ਵਰਤਾਰੇ ਦੀ ਡੂੰਘਾਈ ਨਾਲ ਸਮੀਖਿਆ ਕਰਨ ਤੋਂ ਬਾਦ ਸੂਬੇ ‘ਚ ਅਮਨ ਕਾਨੂੰਨ ਦੀ ਬਦਤਰ ਹਾਲਤ ਲਈ ਜਿੰਮੇਵਾਰ ਕਾਰਨਾਂ ‘ਚ ਸਰਕਾਰ ਅਤੇ ਪ੍ਰਸ਼ਾਸਨ ਦੀ ਕਮਜ਼ੋਰ ਇੱਛਾ ਸ਼ਕਤੀ ਪ੍ਰਗਟ ਹੁੰਦੀ ਹੈ ਸੌੜੇ ਸਿਆਸੀ ਹਿੱਤਾਂ ਦੀ ਪੂਰਤੀ ਖਾਤਰ ਇਨ੍ਹਾਂ ਸਮਾਜ ਵਿਰੋਧੀ ਅਨਸਰਾਂ ਨੂੰ ਸ਼ਹਿ ਦੇਣੀ ਸਮਾਜ ਦੀਆਂ ਜੜ੍ਹਾਂ ‘ਚ ਬੈਠੀ ਹੋਈ ਹੈ ਇਸਦੇ ਚੱਲਦਿਆਂ ਹੀ ਪੁਲਿਸ ਪ੍ਰਸ਼ਾਸਨ ਰਾਜਨੀਤਕ ਗਲਬੇ ਦਾ ਸ਼ਿਕਾਰ ਹੈ ਜਿਸ ਕਾਰਨ ਇਨ੍ਹਾਂ ਰਸੂਖ਼ਵਾਨਾਂ ਦੇ ਖਿਲਾਫ਼ ਠੋਸ  ਕਾਰਵਾਈ ਨਹੀਂ ਹੁੰਦੀ ਜਿਸ ਕਾਰਨ ਗੁੰਡਾ ਅਨਸਰਾਂ ਦੇ ਹੌਂਸਲੇ ਬੁਲੰਦ ਹੋ ਰਹੇ ਹਨ
ਆਮ ਲੋਕਾਂ ਦੀ ਆਵਾਜ਼ ਨੂੰ ਸਮਾਜ ਵਿਰੋਧੀ ਅਨਸਰ ਦਬਾ ਰਹੇ ਹਨ ਅਤੇ ਰਹਿੰਦੀ ਕਸਰ ਖੁਦ ਪ੍ਰਸ਼ਾਸਨ ਕੱਢ ਰਿਹਾ ਹੈ ਜੋ ਆਮ ਲੋਕਾਂ ਦੇ ਨਾਲ ਖੜ੍ਹਨ ਦੀ ਬਜਾਇ ਰਸੂਖ਼ਵਾਨਾਂ ਦੇ ਹੱਕ ‘ਚ ਭੁਗਤ ਰਿਹਾ ਹੈ ਇਸ ਪੂਰੇ ਵਰਤਾਰੇ ਨੂੰ ਰੋਕਣ ਲਈ ਸਮਾਜ ਅਤੇ ਪ੍ਰਸ਼ਾਸਨ ਨੂੰ ਇੱਕ ਮੰਚ ‘ਤੇ ਇਕੱਠਾ ਹੋਣਾ ਪਵੇਗਾ ਤੇ ਮੀਡੀਆ ਦੀ ਸਾਰਥਿਕ ਪੇਸ਼ਕਾਰੀ ਬੇਹੱਦ ਲਾਜ਼ਮੀ ਹੈ ਤਾਂ ਜਾਕੇ ਕਿਤੇ ਸੂਬੇ ‘ਚ ਅਮਨ ਕਾਨੂੰਨ ਦੀ ਸਥਾਪਤੀ ਹੋਵੇਗੀ

ਗੁਰਤੇਜ ਸਿੰਘ, ਚੱਕ ਬਖਤੂ (ਬਠਿੰਡਾ)

ਪ੍ਰਸਿੱਧ ਖਬਰਾਂ

To Top