Breaking News

ਵਿਧਾਇਕਾਂ ਦੇ ਅਸਤੀਫਿਆਂ ਤੋਂ ਪਿੱਛੇ ਹਟਣ ਦਾ ਕੋਈ ਸਵਾਲ ਨਹੀਂ: ਪੰਜਾਬ ਕਾਂਗਰਸ

charanjit channi

ਸੱਚ ਕਹੂੰ ਨਿਊਜ਼ ਚੰਡੀਗੜ੍ਹ,
ਪੰਜਾਬ ਕਾਂਗਰਸ ਨੇ ਅਕਾਲੀ ਦਲ ਦੇ ਉਨ੍ਹਾਂ ਦੋਸ਼ਾਂ ਨੂੰ ਝੂਠਾ ਤੇ ਨਿਰਾਧਾਰ ਕਰਾਰ ਦਿੰਦਿਆਂ ਖਾਰਜ਼ ਕੀਤਾ ਹੈ ਕਿ ਉਨ੍ਹਾਂ ਦੇ ਵਿਧਾਇਕਾਂ ਦੇ ਮਨ ‘ਚ ਸੂਬਾ ਵਿਧਾਨ ਸਭਾ ਤੋਂ ਅਸਤੀਫਿਆਂ ਨੂੰ ਲੈ ਕੇ ਕੋਈ ਦੂਜਾ ਵਿਚਾਰ ਹੈ ਨਾਲ ਹੀ ਕਾਂਗਰਸੀ ਆਗੂਆਂ ਨੇ ਸਪੀਕਰ ਉਪਰ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਨਾਲ ਮਿਲੀਭੁਗਤ ਕਰਕੇ ਘਟੀਆ ਸਿਆਸਤ ਕਰਨ ਦਾ ਦੋਸ਼ ਲਗਾਇਆ ਹੈ।
ਸ੍ਰੋਅਦ ਦੇ ਦੋਸ਼ਾਂ ‘ਤੇ ਪ੍ਰਤੀਕ੍ਰਿਆ ਜਾਹਿਰ ਕਰਦਿਆਂ ਵਿਰੋਧੀ ਧਿਰ ਦੇ ਆਗੂ ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ ਕਿ ਨਾ ਹੀ ਉਨ੍ਹਾਂ ਨੂੰ ਤੇ ਨਾ ਹੀ ਉਨ੍ਹਾਂ ਦੀ ਪਾਰਟੀ ਦੇ ਕਿਸੇ ਵਿਧਾਇਕ ਨੂੰ ਲਿਖਤੀ ਜਾਂ ਕਿਸੇ ਹੋਰ ਮਾਧਿਅਮ ਰਾਹੀਂ ਸੂਚਿਤ ਕਰਕੇ ਉਨ੍ਹਾਂ ਦੇ ਅਸਤੀਫਿਆਂ ਦੀ ਪੁਸ਼ਟੀ ਕਰਨ ਵਾਸਤੇ ਸਪੀਕਰ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਸੀ।
ਉਨ੍ਹਾਂ ਨੇ ਇਨ੍ਹਾਂ ਸਾਰੇ ਦਾਅਵਿਆਂ ਨੂੰ ਪੂਰੀ ਤਰ੍ਹਾਂ ਝੂਠ ਕਰਾਰ ਦਿੱਤਾ ਹੈ ਅਤੇ ਕਿਹਾ ਹੈ ਕਿ ਕਾਂਗਰਸੀ ਵਿਧਾਇਕਾਂ ਨੇ ਦੋ ਵਾਰ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨਾਂ ਦਾ ਬਾਈਕਾਟ ਕਰਕੇ ਸਾਫ ਕਰ ਦਿੱਤਾ ਸੀ ਕਿ ਉਨ੍ਹਾਂ ਦੇ ਅਸਤੀਫੇ ਫਾਈਨਲ ਹਨ। ਇੱਕ ਬਿਆਨ ‘ਚ ਚੰਨੀ ਨੇ ਕਿਹਾ ਹੈ ਕਿ ਕਿਸੇ ਵੀ ਮਾਮਲੇ ‘ਚ ਅਸਤੀਫੇ ਦੀ ਪੁਸ਼ਟੀ ਵਾਸਤੇ ਵਿਅਕਤੀਗਤ ਤੌਰ ‘ਤੇ ਪੇਸ਼ ਹੋਣਾ ਜ਼ਰੂਰੀ ਨਹੀਂ ਹੈ ਅਤੇ ਪੰਜਾਬ ਵਿਧਾਨ ਸਭਾ ਦੇ ਮੌਜ਼ੂਦਾ ਸਪੀਕਰ ਵੱਲੋਂ ਹੀ ਬਗੈਰ ਮੌਜ਼ੂਦਗੀ ਅਸਤੀਫੇ ਮਨਜ਼ੂਰ ਕਰਕੇ ਮਿਸਾਲ ਕਾਇਮ ਕੀਤੀ ਗਈ ਸੀ। ਅਜਿਹੇ ‘ਚ ਸਪੀਕਰ ਜਾਣਬੁੱਝ ਕੇ ਬਾਦਲਾਂ ਦੇ ਇਸ਼ਾਰੇ ਉਪਰ ਕਾਂਗਰਸੀ ਵਿਧਾਇਕਾਂ ਨੂੰ ਟਾਰਗੇਟ ਕਰ ਰਹੇ ਹਨ।
ਉਨ੍ਹਾਂ ਨੇ ਸਪੱਸ਼ਟ ਕੀਤਾ ਹੈ ਕਿ ਐਸ.ਵਾਈ.ਐਲ ਉਪਰ ਸੁਪਰੀਮ ਕੋਰਟ ਦੇ ਫੈਸਲੇ ਦੇ ਮੱਦੇਨਜ਼ਰ ਕਾਂਗਰਸੀ ਵਿਧਾਇਕਾਂ ਵੱਲੋਂ ਦਿੱਤੇ ਗਏ ਅਸਤੀਫਿਆਂ ਤੋਂ ਪਿੱਛੇ ਹਟਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਹੈ। ਇਹ ਪੰਜਾਬ ਵਿਧਾਨ ਸਭਾ ਅੰਦਰ ਕਾਂਗਰਸ ਦੇ ਸਾਰੇ ਮੈਂਬਰਾਂ ਵੱਲੋਂ ਆਪਣੀ ਖੁਦ ਦੀ ਇੱਛਾ ਨਾਲ ਲਿਆ ਗਿਆ ਸਾਂਝਾ ਫ਼ੈਸਲਾ ਸੀ। ਉੱਥੇ ਹੀ, ਵਿਧਾਇਕਾਂ ਨੇ ਕਿਹਾ ਹੈ ਕਿ ਉਹ ਵਿਧਾਨ ਸਭਾ ਸਪੀਕਰ ਦੇ ਸਾਹਮਣੇ ਸਿਰਫ ਇਸ ਲਈ ਪੇਸ਼ ਨਹੀਂ ਹੋਏ ਸਨ, ਕਿਉਂਕਿ ਪਾਰਟੀ ਨੂੰ ਸਪੀਕਰ ਵੱਲੋਂ ਵਿਅਕਤੀਗਤ ਤੌਰ ‘ਤੇ ਅਸਤੀਫਿਆਂ ਦੀ ਪੁਸ਼ਟੀ ਕਰਨ ਲਈ ਪਹੁੰਚਣ ਦਾ ਕੋਈ ਰਸਮੀ ਸੱਦਾ ਨਹੀਂ ਪ੍ਰਾਪਤ ਹੋਇਆ ਸੀ।
ਚੰਨੀ ਨੇ ਕਿਹਾ ਹੈ ਕਿ ਅਕਾਲੀ ਦਲ ਨੇ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੇ ਲੋਕ ਸਭਾ ਤੋਂ ਅਸਤੀਫੇ ਬਾਰੇ ਵੀ ਇਸੇ ਤਰ੍ਹਾਂ ਦੀ ਗਲਤ ਜਾਣਕਾਰੀ ਫੈਲਾਈ ਸੀ। ਉਨ੍ਹਾਂ ਨੇ ਕਿਹਾ ਹੈ ਕਿ ਅਕਾਲੀ ਦਲ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਲੋਕਾਂ ਨੂੰ ਬੇਵਕੂਫ ਬਣਾਉਣ ਵਾਸਤੇ ਹਰ ਤਰ੍ਹਾਂ ਦੇ ਝੂਠਾਂ ਦਾ ਸਹਾਰਾ ਲੈਣ ਲਈ ਬਦਨਾਮ ਹੈ। ਲੇਕਿਨ ਪੰਜਾਬ ਦੇ ਲੋਕ ਜਾਣਦੇ ਹਨ ਕਿ ਕਣਕ ਤੋਂ ਛਿਲਕਾ ਕਿਵੇਂ ਵੱਖ ਕਰਨਾ ਹੈ ਅਤੇ ਇਸੇ ਤਰ੍ਹਾਂ ਹੀ ਉਹ ਆਉਂਦੀਆਂ ਚੋਣਾਂ ‘ਚ ਬਾਦਲਾਂ ਦੀ ਅਗਵਾਈ ਵਾਲੇ ਸ੍ਰੋਅਦ ਨੂੰ ਬਾਹਰ ਕਰ ਦੇਣਗੇ।

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top