Breaking News

ਸ਼ਿਵ ਸੈਨਾ ਹਿੰਦੁਸਤਾਨ ਵੱਲੋਂ 30 ਸੀਟਾਂ ‘ਤੇ ਚੋਣ ਲੜਨ ਦਾ ਫੈਸਲਾ

5 ਉਮੀਦਵਾਰਾਂ ਦੀ ਦੂਜੀ ਸੂਚੀ ਕੀਤੀ ਜਾਰੀ
ਕੁਲਵੰਤ ਕੋਟਲੀ/ਸੱਚ ਕਹੂੰ ਨਿਊਜ਼
ਮੋਹਾਲੀ, 
ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਸ਼ਿਵ ਸੈਨਾ ਹਿੰਦੁਸਤਾਨ ਦੀ ਰਾਜਨੀਤਿਕ ਸ਼ਾਖਾ ਹਿੰਦੁਸਤਾਨ ਸ਼ਕਤੀ ਸੈਨਾ ਭ੍ਰਿਸ਼ਟਾਚਾਰ, ਬੇਰੁਜ਼ਗਾਰੀ ਅਤੇ ਨਸ਼ਿਆਂ ਨੂੰ ਖ਼ਤਮ ਕਰਨ ਅਤੇ ਅੱਤਵਾਦ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਦੇ ਮੁੱਦਿਆਂ ‘ਤੇ ਪੰਜਾਬ ਵਿੱਚ 30 ਸੀਟਾਂ ‘ਤੇ ਚੋਣ ਲੜੇਗੀ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਇੱਥੇ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਸ਼ਿਵ ਸੈਨਾ ਹਿੰਦੁਸਤਾਨ ਦੇ ਕੌਮੀ ਪ੍ਰਧਾਨ ਪਵਨ ਕੁਮਾਰ ਗੁਪਤਾ ਨੇ 5 ਉਮੀਦਵਾਰਾਂ ਦੇ ਐਲਾਨ ਮੌਕੇ ਕੀਤਾ
ਇਸ ਮੌਕੇ ਜਥੇਬੰਦੀ ਦੇ ਪੰਜਾਬ ਯੁਵਾ ਵਿੰਗ ਦੇ ਸੂਬਾਈ ਪ੍ਰਧਾਨ ਅਮਿਤ ਸ਼ਰਮਾ ਨੂੰ ਮੋਹਾਲੀ ਹਲਕੇ ਤੋਂ, ਸੰਜੀਵ ਕੁਮਾਰ ਪਾਇਲਟ ਨੂੰ ਅਮਲੋਹ, ਸ੍ਰੀਮਤੀ ਕਿਰਨ ਬਾਲਾ ਨੂੰ ਪਠਾਨਕੋਟ ਸ਼ਹਿਰੀ, ਸ੍ਰੀ ਨਰਿੰਦਰ ਭਾਰਦਵਾਜ਼ ਨੂੰ ਸਾਹਨੇਵਾਲ ਦਿਹਾਤੀ ਅਤੇ ਸ੍ਰੀਮਤੀ ਰੇਖਾ ਕਪੂਰ ਨੂੰ ਮੋਗਾ ਸ਼ਹਿਰੀ ਤੋਂ ਚੋਣ ਮੈਦਾਨ ਵਿੱਚ ਉਤਾਰਨ ਦਾ ਐਲਾਨ ਕੀਤਾ। ਸ੍ਰੀ ਗੁਪਤਾ ਨੇ ਕਿਹਾ ਕਿ ਇਸ ਤੋਂ ਪਹਿਲਾਂ 12 ਉਮੀਦਵਾਰਾਂ ਨੂੰ ਟਿਕਟਾਂ ਦੇ ਕੇ ਮੈਦਾਨ ਵਿੱਚ ਉਤਾਰਿਆ ਗਿਆ ਹੈ ਅਤੇ ਬਾਕੀ ਉਮੀਦਵਾਰਾਂ ਦਾ ਐਲਾਨ ਵੀ ਬਹੁਤ ਜਲਦ ਕਰ ਦਿੱਤਾ ਜਾਵੇਗਾ।ਉਨ੍ਹਾਂ ਦੱਸਿਆ ਕਿ ਲੋਹੜੀ ਤੋਂ ਪਹਿਲਾਂ 10 ਜਨਵਰੀ ਨੂੰ ਪਾਰਟੀ ਵੱਲੋਂ ਚੋਣ ਮੈਨੀਫੈਸਟੋ ਜਾਰੀ ਕੀਤਾ ਜਾਵੇਗਾ ਅਤੇ ਨਾਰੀਅਲ ਚੋਣ ਨਿਸ਼ਾਨ ‘ਤੇ ਚੋਣ ਲੜੀ ਜਾਵੇਗੀ। ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅਤੇ ਆਪ ਮੁਖੀ ਅਰਵਿੰਦ ਕੇਜਰੀਵਾਲ ‘ਤੇ ਵਰ੍ਹਦਿਆਂ ਸ੍ਰੀ ਗੁਪਤਾ ਨੇ ਕਿਹਾ ਕਿ ਅੱਜ ਜਿਹੜੇ ਕੈਪਟਨ ਐੱਸਵਾਈਐੱਲ ਨਹਿਰ ਦਾ ਵਿਰੋਧ ਕਰ ਰਹੇ ਹਨ, ਇਹ ਉਹੀ ਕੈਪਟਨ ਹਨ ਜਿਨ੍ਹਾਂ ਨੇ ਤੱਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਨਹਿਰ ਦੀ ਉਸਾਰੀ ਲਈ ਚਾਂਦੀ ਦੀ ਕਹੀ ਦਿੱਤੀ ਸੀ। ਇਸੇ ਤਰ੍ਹਾਂ ਸ੍ਰੀ ਕੇਜਰੀਵਾਲ ਵੀ ਲੋਕਾਂ ਨੂੰ ਗੁੰਮਰਾਹ ਕਰਨ ਤੋਂ ਬਾਜ਼ ਨਹੀਂ ਆ ਰਹੇ ਹਨ। ਇਸ ਮੌਕੇ ਸ਼ਿਵ ਸੈਨਾ ਮੋਹਾਲੀ ਦੇ ਪ੍ਰਧਾਨ ਗਗਨ ਸੰਧੂ, ਰਾਮ ਚੌਹਾਨ, ਨਵੇਸ਼ ਰਾਜਪੂਤ, ਵਰੁਣ ਰਾਜਪੂਤ, ਬਿਕਰਮ ਸ਼ਰਮਾ, ਹਨੀ ਸ਼ਰਮਾ ਆਦਿ ਮੌਜੂਦ ਸਨ।

ਪ੍ਰਸਿੱਧ ਖਬਰਾਂ

To Top