Breaking News

ਸਿੱਖਿਆ ਮੰਤਰੀ ਦਲਜੀਤ ਚੀਮਾ ਵੱਲੋਂ ਸਾਰੀ ਰਾਤ ਧਰਨਾ

CHEEMA

ਪ੍ਰਦਰਸ਼ਨਕਾਰੀਆਂ ਅਧਿਆਪਕ ਮੰਤਰੀ ਦੀ ਕੋਠੀ ਅੰਦਰ ਵੜੇ
 ਬੇਰੁਜ਼ਗਾਰ ਅਧਿਆਪਕ ਧੱਕੇ ਨਾਲ ਘੁਸ ਗਏ ਸਨ ਚੀਮਾ ਦੀ ਕੋਠੀ ‘ਚ, ਪੁਲਿਸ ਨਹੀਂ ਕੱਢ ਰਹੀਂ ਸੀ ਬਾਹਰ
ਅਸ਼ਵਨੀ ਚਾਵਲਾ
ਚੰਡੀਗੜ੍ਹ, ਜਿਸ ਸਮੇਂ ਦੇਸ਼ ਭਰ ਵਿੱਚ ਹਰ ਕੋਈ ਨਵੇਂ ਸਾਲ ਦੀ ਖ਼ੁਸ਼ੀ ਮਨਾਉਣ ਵਿੱਚ ਲੱਗਿਆ ਹੋਇਆ ਸੀ, ਉਸ ਸਮੇਂ ਪੰਜਾਬ ਦੇ ਸਿੱਖਿਆ ਮੰਤਰੀ ਦਲਜੀਤ ਸਿੰਘ ਚੀਮਾ ਅਚਾਨਕ ਨਵੇਂ ਸਾਲ ਦਾ ਜਸ਼ਨ ਛੱਡ ਕੇ ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਦੀ ਕੋਠੀ ਦੇ ਬਾਹਰ ਧਰਨਾ ਦੇਣ ਪੁੱਜ ਗਏ। ਕੋਠੀ ਵਿੱਚ ਰਾਜਪਾਲ ਨਾ ਹੋਣ ਦੇ ਕਾਰਨ ਸਿੱਖਿਆ ਮੰਤਰੀ ਦਲਜੀਤ ਸਿੰਘ ਚੀਮਾ ਨੇ ਵੀ ਵਾਪਸੀ ਕਰਨ ਦੀ ਥਾਂ ‘ਤੇ ਫੋਨ ਕਰਦੇ ਹੋਏ ਆਪਣੇ ਹੋਰ ਸਮਰਥਕਾਂ ਨੂੰ ਸੱਦ ਕੇ ਸੜਕ ‘ਤੇ ਰਾਜਪਾਲ ਦੇ ਖ਼ਿਲਾਫ਼ ਧਰਨਾ ਦੇਣਾ ਸ਼ੁਰੂ ਕਰ ਦਿੱਤਾ, ਜਿਹੜਾ ਕਿ ਅਗਲੀ ਸਵੇਰ 4 ਵਜੇ ਤੱਕ ਜਾਰੀ ਵੀ ਰਿਹਾ। ਦੂਜੇ ਪਾਸੇ ਸਿੱਖਿਆ ਮੰਤਰੀ ਦਲਜੀਤ ਸਿੰਘ ਚੀਮਾ ਦੀ ਕੋਠੀ ਅੰਦਰ ਬੇਰੁਜ਼ਗਾਰ ਅਧਿਆਪਕ ਨਵੇਂ ਸਾਲ ਦਾ ਜਸ਼ਨ ਮਨਾਉਂਦੇ ਰਹੇ, ਜਿਨਾਂ ਨੂੰ ਕਿ ਸਵੇਰੇ 4 ਵਜੇ ਚੰਡੀਗੜ ਪੁਲਿਸ ਨੇ ਬਾਹਰ ਕੱਢਿਆ।

ਹੋਇਆ ਇੰਝ ਕਿ ਪੰਜਾਬ ਦੇ ਸਿੱਖਿਆ ਵਿਭਾਗ ਅੰਦਰ ਭਰਤੀ ਪ੍ਰਕ੍ਰਿਆ ਚਲ ਰਹੀਂ ਹੈ ਅਤੇ ਬੀਤੇ ਦਿਨੀ ਹਾਈ ਕੋਰਟ ਦੇ ਆਦੇਸ਼ਾਂ ਤੋਂ ਬਾਅਦ ਕੁਝ ਹੋਰ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਤਾਂ ਮਿਲ ਗਏ ਪਰ ਮੈਰਿਟ ਲਿਸਟ ਅਨੁਸਾਰ ਉਡੀਕ ਵਿੱਚ ਰੱਖੇ ਗਏ ਟੈਸਟ ਪਾਸ ਅਧਿਆਪਕਾਂ ਨੂੰ ਅਜੇ ਨਿਯੁਕਤੀ ਪੱਤਰ ਨਹੀਂ ਦਿੱਤੇ ਜਾ ਰਹੇ ਸਨ। ਜਿਸ ਕਾਰਨ  ਗ਼ੁੱਸੇ ਵਿੱਚ ਆਏ ਵੱਡੀ ਗਿਣਤੀ ਵਿੱਚ ਸਾਰੇ ਬੇਰੁਜ਼ਗਾਰ ਅਧਿਆਪਕ 31 ਦਸੰਬਰ ਦੀ ਦੇਰ ਸ਼ਾਮ 7 ਵਜੇ ਸਿੱਖਿਆ ਮੰਤਰੀ ਦਲਜੀਤ ਸਿੰਘ ਚੀਮਾ ਦੀ ਸੈਕਟਰ 39 ਵਿਖੇ ਸਥਿਤ ਸਰਕਾਰੀ ਕੋਠੀ ਵਿਖੇ ਪੁੱਜ ਗਏ, ਜਿਥੇ ਕਿ ਸਿੱਖਿਆ ਮੰਤਰੀ ਨਹੀਂ ਹੋਣ ਦੇ ਕਾਰਨ ਇਨਾਂ ਬੇਰੁਜ਼ਗਾਰ ਅਧਿਆਪਕਾਂ ਨੇ ਮੰਤਰੀ ਦੀ ਕੋਠੀ ਦੇ ਅੰਦਰ ਜਾ ਕੇ ਹੀ ਡੇਰਾ ਜਮਾ ਲਿਆ ਅਤੇ ਸਿੱਖਿਆ ਮੰਤਰੀ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਨਵੇਂ ਸਾਲ ਦਾ ਜਸ਼ਨ ਇਥੇ ਹੀ ਮਨਾਉਣ ਦੀ ਤਿਆਰੀ ਕਰ ਲਈ।
ਇਸੇ ਦੌਰਾਨ ਸਿੱਖਿਆ ਮੰਤਰੀ ਦਲਜੀਤ ਸਿੰਘ ਚੀਮਾ ਜਦੋਂ ਆਪਣੀ ਸਰਕਾਰੀ ਕੋਠੀ ਵਿਖੇ ਪੁੱਜੇ ਤਾਂ ਵੱਡੀ ਗਿਣਤੀ ਵਿੱਚ ਯੂਨੀਅਨ ਮੈਂਬਰਾਂ ਦੇ ਕੋਠੀ ਦੇ ਅੰਦਰ ਆਉਣ ਤੋਂ ਨਰਾਜ਼ ਹੋ ਕੇ ਉਨਾਂ ਨੇ ਚੰਡੀਗੜ ਪੁਲਿਸ ਨੂੰ ਫੋਨ ਕੀਤਾ ਪਰ ਚੰਡੀਗੜ ਪੁਲਿਸ ਵਲੋਂ ਆਏ ਕੁਝ ਪੁਲਿਸ ਮੁਲਾਜ਼ਮਾਂ ਨੇ ਇਨਾਂ ਪ੍ਰਦਰਸ਼ਨਕਾਰੀਆ ਨੂੰ ਬਾਹਰ ਕੱਢਣ ਤੋਂ ਹੱਥ ਖੜੇ ਕਰ ਦਿੱਤੇ। ਜਿਸ ਨੂੰ ਦੇਖ ਕੇ ਡਾ. ਚੀਮਾ ਨੇ ਚੰਡੀਗੜ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਵੀ ਕਈ ਫੋਨ ਕੀਤੇ ਪਰ ਜਦੋਂ ਕੋਈ ਗੱਲਬਾਤ ਨਹੀਂ ਬਣੀ ਤਾਂ ਡਾ. ਚੀਮਾ ਆਪਣੀ ਕਾਰ ‘ਤੇ ਸਵਾਰ ਹੋ ਕੇ ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਨੂੰ ਮਿਲਣ ਲਈ ਚਲੇ ਗਏ, ਜਿਹੜੇ ਕਿ ਚੰਡੀਗੜ ਪ੍ਰਸ਼ਾਸਨ ਦੇ ਇਨਚਾਰਜ ਵੀ ਹਨ ਪਰ ਮੌਕੇ ‘ਤੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਨਹੀਂ ਹੋਣ ਦੇ ਕਾਰਨ ਡਾ. ਚੀਮਾ ਨੇ ਆਪਣੇ ਸਮਰਥਕਾਂ ਨੂੰ ਮੌਕੇ ‘ਤੇ ਹੀ ਸੱਦ ਕੇ ਰਾਜਪਾਲ ਦੀ ਕੋਠੀ ਦੇ ਬਾਹਰ ਧਰਨਾ ਦੇਣਾ ਸ਼ੁਰੂ ਕਰ ਦਿੱਤਾ। ਇਹ ਧਰਨਾ ਲਗਭਗ 10 ਵਜੇ ਸ਼ੁਰੂ ਹੋਇਆ ਅਤੇ ਦੇਰ ਰਾਤ ਲਗਭਗ ਜਦੋਂ 3 ਵਜੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਆਪਣੀ ਕੋਠੀ ਆਏ ਤਾਂ ਉਨਾਂ ਦੇਖਿਆ ਕਿ ਇਹ ਧਰਨਾ ਕਿਵੇਂ ਚਲ ਰਿਹਾ ਹੈ। ਜਿਥੇ ਕਿ ਉਨਾਂ ਨੇ ਜਾਣਕਾਰੀ ਲੈਣ ਤੋਂ ਬਾਅਦ ਡਾ. ਚੀਮਾ ਨੂੰ ਅੰਦਰ ਬੁਲਾ ਲਿਆ ਅਤੇ ਸਾਰੀ ਜਾਣਕਾਰੀ ਲੈਣ ਤੋਂ ਬਾਅਦ ਚੰਡੀਗੜ ਦੇ ਆਈ.ਜੀ. ਪੁਲਿਸ ਤੇਜਿੰਦਰ ਲੁਥਰਾਂ ਨੂੰ ਕਾਰਵਾਈ ਕਰਨ ਲਈ ਕਿਹਾ। ਜਿਸ ਤੋਂ ਬਾਅਦ ਚੰਡੀਗੜ ਪੁਲਿਸ ਨੇ ਕਾਰਵਾਈ ਕਰਦੇ ਹੋਏ ਲਗਭਗ 4 ਵਜੇ ਪ੍ਰਦਰਸ਼ਨਕਾਰੀਆ ਨੂੰ ਡਾ. ਚੀਮਾ ਦੀ ਕੋਠੀ ਤੋਂ ਬਾਹਰ ਕੀਤਾ ਅਤੇ ਡਾ. ਚੀਮਾ ਆਪਣੀ ਕੋਠੀ ਦੇ ਅੰਦਰ ਜਾ ਪਾਏ। ਪੁਲਿਸ ਨੇ 116 ਪ੍ਰਦਰਸ਼ਕਾਰੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਜਿਨ੍ਹਾਂ ‘ਚ 39 ਨੂੰ ਗ੍ਰਿਫਤਾਰ ਕਰ ਲਿਆ ਗ੍ਰਿਫਤਾਰ ਕੀਤੇ ਪ੍ਰਦਰਸ਼ਕਾਰੀਆਂ ‘ਚ ਤਿੰਨ ਮਹਿਲਾਵਾਂ ਹਨ ਉਨਾਂ ਨੂੰ ਐੱਸਡੀਐੱਮ ਦੀ ਅਦਾਲਤ ‘ਚ ਪੇਸ਼ ਕਰਨ ਤੋਂ ਬਾਅਦ ਤਿੰਨ ਦਿਨ ਲਈ ਜੇਲ੍ਹ ‘ਚ ਭੇਜ ਦਿੱਤਾ ਗਿਆ ਹੈ
ਇੱਕ ਮੰਤਰੀ ਦਾ ਇਹ ਹਾਲ ਹੁੰਦਾ ਐ ਤਾਂ ਆਮ ਲੋਕਾਂ ਨਾਲ ਕੀ ਹੋਵੇਗਾ : ਡਾ. ਚੀਮਾ
ਰਾਜਪਾਲ ਦੀ ਕੋਠੀ ਦੇ ਬਾਹਰ ਧਰਨਾ ਦੇਣ ਤੋਂ ਬਾਅਦ ਸਿੱਖਿਆ ਮੰਤਰੀ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਉਹ ਚੰਡੀਗੜ ਪੁਲਿਸ ਦੇ ਵਿਵਹਾਰ ਤੋਂ ਦੁਖੀ ਹਨ, ਕਿਉਂਕਿ ਜੇਕਰ ਇੱਕ ਮੰਤਰੀ ਨਾਲ ਇਸ ਤਰ੍ਹਾਂ ਦਾ ਵਿਵਹਾਰ ਹੋ ਰਿਹਾ ਹੈ ਤਾਂ ਆਮ ਲੋਕਾਂ ਨਾਲ ਕੀ ਕੀ ਹੁੰਦਾ ਹੋਵੇਗਾ। ਉਨ੍ਹਾਂ ਕਿਹਾ ਕਿ ਨਵੇਂ ਸਾਲ ਵਾਲੇ ਦਿਨ ਇੱਕ ਮੰਤਰੀ ਨੂੰ ਸਾਰੀ ਰਾਤ ਧਰਨਾ ਦੇਣਾ ਪਵੇ, ਇਸ ਤੋਂ ਮਾੜੀ ਗੱਲ ਕੀ ਹੋ ਸਕਦੀ ਹੈ ਪਰ ਰਾਜਪਾਲ ਵੀ.ਪੀ. ਬਦਨੌਰ ਵੱਲੋਂ ਮਾਮਲੇ ਦਾ ਹਲ਼ ਕੱਢਣ ਦੇ ਆਦੇਸ਼ ਜਾਰੀ ਕਰਨ ਤੋਂ ਬਾਅਦ ਹੀ ਉਨਾਂ ਨੇ ਧਰਨਾ ਖ਼ਤਮ ਕੀਤਾ ਹੈ। ਉਨ੍ਹਾਂ ਕਿਹਾ ਕਿ ਅੱਜ ਉਨ੍ਹਾਂ ਨੂੰ ਸਭ ਤੋਂ ਜਿਆਦਾ ਦੁੱਖ ਹੋਇਆ ਹੈ।

Click to comment

Leave a Reply

Your email address will not be published. Required fields are marked *

ਪ੍ਰਸਿੱਧ ਖਬਰਾਂ

To Top