Breaking News

ਸੁਰਿੰਦਰਪਾਲ ਸਿਬੀਆ ਅਕਾਲੀ ਦਲ ‘ਚ ਸ਼ਾਮਲ

ਸਿਬੀਆ ਨੂੰ ਜਿਤਾਉਣਾ ਮੇਰੀ ਜਿੰਮੇਵਾਰੀ, ਹਰ ਸੰਭਵ ਕੀਤੀ ਜਾਵੇਗੀ ਕੋਸ਼ਿਸ਼ : ਰਾਜਿੰਦਰ ਗੁਪਤਾ
ਅਸ਼ਵਨੀ ਚਾਵਲਾ ਚੰਡੀਗੜ੍ਹ,
ਸੰਗਰੂਰ ਵਿਧਾਨ ਸਭਾ ਹਲਕਾ ਤੋਂ ਟਿਕਟ ਨਾ ਮਿਲਣ ਕਾਰਨ ਬਾਗੀ ਹੋਏ ਸੁਰਿੰਦਰਪਾਲ ਸਿਬੀਆ ਕਾਂਗਰਸ ਨੂੰ ਛੱਡ ਕੇ ਐਤਵਾਰ ਨੂੰ ਚੰਡੀਗੜ੍ਹ ਵਿਖੇ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਲ ਹੋ ਗਏ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੁਰਿੰਦਰਪਾਲ ਸਿਬੀਆ ਨੂੰ ਆਪਣੀ ਸਰਕਾਰੀ ਰਿਹਾਇਸ਼ ‘ਤੇ ਅਕਾਲੀ ਦਲ ਵਿੱਚ ਸ਼ਾਮਲ ਕਰਨ ਤੋਂ ਬਾਅਦ ਮੌਕੇ ‘ਤੇ ਹੀ ਬਰਨਾਲਾ ਤੋਂ ਉਮੀਦਵਾਰ ਐਲਾਨ ਦਿੱਤਾ। ਜਿਸ ਤੋਂ ਮੌਕੇ ‘ਤੇ ਹੀ ਮੌਜੂਦ ਉਦਯੋਗਪਤੀ ਰਾਜਿੰਦਰ ਗੁਪਤਾ ਨੇ ਸਿਬੀਆ ਨੂੰ ਭਰੋਸਾ ਦਿੱਤਾ ਕਿ ਭਾਵੇਂ ਸੰਗਰੂਰ ਦੀ ਥਾਂ ‘ਤੇ ਬਰਨਾਲਾ ਤੋਂ ਟਿਕਟ ਦਿੱਤੀ ਗਈ ਹੈ ਪਰ ਉਨ੍ਹਾਂ ਨੂੰ ਜਿਤਾਉਣ ਲਈ ਉਹ ਹਰ ਸੰਭਵ ਕੋਸ਼ਿਸ਼ ਕਰਨਗੇ। ਸੁਰਿੰਦਰਪਾਲ ਸਿਬੀਆ ਨੂੰ ਅਕਾਲੀ ਦਲ ਵਿੱਚ ਸ਼ਾਮਲ ਕਰਨ ਮੌਕੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਵੀ ਮੌਕੇ ‘ਤੇ ਹਾਜ਼ਰ ਸਨ।
ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਲ ਹੋਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੁਰਿੰਦਰਪਾਲ ਸਿਬੀਆ ਨੇ ਕਿਹਾ ਕਿ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਧੋਖਾ ਦਿੱਤਾ ਹੈ, ਕਿਉਂਕਿ ਉਹ ਪਿਛਲੇ ਕਾਫ਼ੀ ਸਮੇਂ ਤੋਂ ਸੰਗਰੂਰ ਤੋਂ ਚੋਣ ਲੜਨ ਦੀ ਤਿਆਰੀ ਕਰ ਰਹੇ ਸਨ ਪਰ ਅਮਰਿੰਦਰ ਸਿੰਘ ਦੇ ਇਸ਼ਾਰੇ ‘ਤੇ ਕਾਂਗਰਸ ਹਾਈ ਕਮਾਨ ਨੇ ਉਨ੍ਹਾਂ ਨੂੰ ਸੰਗਰੂਰ ਸੀਟ ਤੋਂ ਟਿਕਟ ਨਾ ਦਿੰਦਿਆਂ ਵਿਜੈਇੰਦਰ ਸਿੰਗਲਾ ਨੂੰ ਆਪਣਾ ਉਮੀਦਵਾਰ ਬਣਾ ਦਿੱਤਾ ਹੈ, ਜਿਸ ਕਾਰਨ ਉਹ ਅੱਜ ਅਕਾਲੀ ਦਲ ‘ਚ ਸ਼ਾਮਲ ਹੋਏ ਹਨ। ਉਨ੍ਹਾਂ ਦੱਸਿਆ ਕਿ ਕਾਂਗਰਸ ਨੇ ਉਨ੍ਹਾਂ ਨੂੰ ਸੁਨਾਮ ਤੋਂ ਚੋਣ ਲੜਨ ਲਈ ਕਿਹਾ ਸੀ ਪਰ ਉਨਾਂ ਨੇ ਇਨਕਾਰ ਕਰ ਦਿੱਤਾ, ਕਿਉਂਕਿ ਹਲਕਾ ਬਦਲਣ ਦੇ ਕਾਰਨ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪੈਂਦਾ ਆਇਆ ਹੈ, ਇਸ ਲਈ ਉਹ ਸੰਗਰੂਰ ਸੀਟ ਤੋਂ ਹੀ ਚੋਣ ਲੜਨ ਦੇ ਇਰਾਦੇ ‘ਤੇ ਕਾਇਮ ਸਨ ਪਰ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਟਿਕਟ ਨਹੀਂ ਦਿਵਾਈ।
ਜਿਸ ਕਾਰਨ ਹੁਣ ਉਹ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਲ ਹੋਏ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਉਨ੍ਹਾਂ ਨੂੰ ਬਰਨਾਲਾ ਤੋਂ ਟਿਕਟ ਦਿੱਤੀ ਹੈ, ਜਿਸ ਕਾਰਨ ਉਹ ਬਰਨਾਲਾ ਸੀਟ ਜਿੱਤ ਕੇ ਦਿਖਾਉਣਗੇ ਭਾਵੇਂ ਪਿਛਲੀ ਵਾਰ ਬਰਨਾਲਾ ਸੀਟ ਤੋਂ ਬਤੌਰ ਕਾਂਗਰਸ ਉਮੀਦਵਾਰ ਉਹ ਹਾਰ ਗਏ ਸਨ।
ਇਸ ਮੌਕੇ ਰਾਜ ਸਭਾ ਮੈਂਬਰ ਸੁਖਦੇਵ ਢੀਂਡਸਾ ਨੇ ਕਿਹਾ ਕਿ ਸਿਬੀਆ ਚੰਗੇ ਲੀਡਰ ਹਨ ਅਤੇ ਉਨ੍ਹਾਂ ਨੂੰ ਭਰੋਸਾ ਹੈ ਕਿ ਸੀਬੀਆ ਦੇ ਆਉਣ ਨਾਲ ਅਕਾਲੀ ਦਲ ਨੂੰ ਸੰਗਰੂਰ ਲੋਕ ਸਭਾ ਸੀਟ ਅਤੇ ਪੰਜਾਬ ਭਰ ‘ਚ ਫਾਇਦਾ ਹੋਵੇਗਾ। ਇਸ ਮੌਕੇ ਰਾਜਿੰਦਰ ਗੁਪਤਾ ਨੇ ਕਿਹਾ ਕਿ ਅਕਾਲੀ ਦਲ ਨੇ ਬਰਨਾਲਾ ਵਿੱਚ ਕਾਫ਼ੀ ਜਿਆਦਾ ਵਿਕਾਸ ਕੀਤਾ ਹੈ ਅਤੇ ਸਿਬੀਆ ਇੱਕ ਚੰਗੇ ਉਮੀਦਵਾਰ ਹਨ ਅਤੇ ਉਹ ਕੋਸ਼ਸ਼ ਕਰਨਗੇ ਕਿ ਸੀਬੀਆ ਨੂੰ ਬਰਨਾਲਾ ਸੀਟ ਤੋਂ ਉਹ ਜਿਤਾਉਣ। ਜ਼ਿਕਰਯੋਗ ਹੈ ਕਿ ਸੰਨ 2007 ਦੀਆਂ ਵਿਧਾਨ ਸਭਾ ਚੋਣਾਂ ‘ਚ ਹਲਕਾ ਸੰਗਰੂਰ ਤੋਂ ਸ੍ਰੀ ਸਿਬੀਆ ਕਾਂਗਰਸ ਦੇ ਵਿਧਾਇਕ ਬਣੇ ਸਨ ਪਰ 2012 ‘ਚ ਉਹ ਇਸੇ ਸੀਟ ਤੋਂ ਸ੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬਾਬੂ ਪ੍ਰਕਾਸ਼ ਚੰਦ ਗਰਗਰ ਤੋਂ ਹਾਰ ਗਏ ਸਨ

ਪ੍ਰਸਿੱਧ ਖਬਰਾਂ

To Top