Breaking News

ਸੱਚ ਕਹੂੰ ਐਕਸਕਲੂਜਿਵ :  ਬਾਦਲ ਤੇ ਅਮਰਿੰਦਰ ਨੂੰ ਦੇਣਾ ਪੈ ਸਕਦਾ ਹੈ ਗਹਿਣਿਆਂ ਦਾ ਹਿਸਾਬ

— ਮਜੀਠੀਆ ਸਮੇਤ ਦੋਵਾਂ ਪਰਿਵਾਰਾਂ ਕੋਲ ਕੇਂਦਰ ਦੀ ਲਿਮਟ ਤੋਂ ਵੱਧ ਹੈ ਸੋਨਾ
ਅਸ਼ਵਨੀ ਚਾਵਲਾ , ਚੰਡੀਗੜ, 
ਕੇਂਦਰ ਸਰਕਾਰ ਵੱਲੋਂ ਕਾਲੇ ਧਨ ‘ਤੇ ਸਰਜੀਕਲ ਸਟ੍ਰਾਈਕ ਤੋਂ ਬਾਅਦ ਸੋਨੇ ਦੇ ਗਹਿਣਿਆਂ ‘ਤੇ ਸ਼ੁਰੂ ਕੀਤੀ ਸਰਜੀਕਲ ਸਟ੍ਰਾਈਕ ‘ਚ ਪੰਜਾਬ ਦੇ ਕਈ ਵੱਡੇ ਲੀਡਰਾਂ ਸਣੇ ਪੂਰਾ ਬਾਦਲ ਪਰਿਵਾਰ ਇਸ ਘੇਰੇ ਵਿੱਚ ਆਉਂਦਾ ਨਜ਼ਰ ਆ ਰਿਹਾ ਹੈ। ਕੇਂਦਰੀ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਸਣੇ ਸੁਖਬੀਰ ਬਾਦਲ ਕੋਲ ਕੇਂਦਰ ਸਰਕਾਰ ਵਲੋਂ ਤੈਅ ਕੀਤੀ ਗਈ ਲਿਮਟ ਤੋਂ ਜਿਆਦਾ ਸੋਨਾ ਅਤੇ ਇਸ ਨਾਲ ਤਿਆਰ ਕੀਤੇ ਹੋਏ ਗਹਿਣੇ ਹਨ। ਜਿਸ ਕਾਰਨ ਇਨਾਂ ਨੂੰ ਕਿਸੇ ਵੀ ਸਮੇਂ ਇਨਕਮ ਟੈਕਸ ਦਫ਼ਤਰ ਤੋਂ ਨੋਟਿਸ ਆਉਣ ਤੋਂ ਬਾਅਦ ਇਨਾਂ ਨੂੰ ਆਪਣੇ ਗਹਿਣਿਆਂ ਦੀ ਖਰੀਦ ਬਾਰੇ ਜਾਣਕਾਰੀ ਦੇਣ ਲਈ ਕਿਹਾ ਜਾ ਸਕਦਾ ਹੈ।
ਪੂਰੇ ਬਾਦਲ ਪਰਿਵਾਰ ਦੇ ਨਾਲ ਬਿਕਰਮ ਮਜੀਠੀਆ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਸਣੇ ਉਨਾਂ ਦੀ ਪਤਨੀ ਅਤੇ ਵਿਧਾਇਕ ਪ੍ਰਨੀਤ ਕੌਰ ਵੀ ਇਸ ਘੇਰੇ ਵਿੱਚ ਆਉਂਦੀ ਨਜ਼ਰ ਆ ਰਹੀਂ ਹੈ, ਕਿਉਂਕਿ ਇਨਾਂ ਕੋਲ ਵੀ ਕੇਂਦਰ ਸਰਕਾਰ ਵਲੋਂ ਤੈਅ ਕੀਤੀ ਗਈ ਸੀਮਾ ਤੋਂ ਜਿਆਦਾ ਸੋਨਾ ਅਤੇ ਗਹਿਣੇ ਹਨ।
ਜਾਣਕਾਰੀ ਅਨੁਸਾਰ ਕੇਂਦਰ ਸਰਕਾਰ ਨੇ ਬੀਤੇ ਦਿਨੀਂ ਵੀਰਵਾਰ ਨੂੰ ਇੱਕ ਆਦੇਸ਼ ਜਾਰੀ ਕਰਦਿਆਂ ਘਰ ‘ਚ ਸੋਨਾ ਅਤੇ ਇਸ ਨਾਲ ਬਣੇ ਗਹਿਣੇ ਰੱਖਣ ਦੀ ਇੱਕ ਹੱਦ ਤੈਅ ਕਰ ਦਿੱਤੀ ਸੀ। ਜਿਸ ਅਨੁਸਾਰ ਹੀ ਹਰ ਕੋਈ ਆਪਣੇ ਘਰਾਂ ਵਿੱਚ ਸੋਨਾ ਰੱਖ ਸਕਦਾ ਹੈ। ਕੇਂਦਰ ਸਰਕਾਰ ਵੱਲੋਂ ਤੈਅ ਕੀਤੀ ਗਈ ਸੀਮਾ ਵਿੱਚ ਵਿਆਹੁਤਾ ਔਰਤ ਆਪਣੇ ਕੋਲ 500 ਗ੍ਰਾਮ ਸੋਨਾ ਅਤੇ ਪੁਰਸ਼ ਆਪਣੇ ਕੋਲ ਸਿਰਫ਼ 100 ਗ੍ਰਾਮ ਹੀ ਸੋਨਾ ਰੱਖ ਸਕਦਾ ਹੈ। ਇਸ ਤੋਂ ਜਿਆਦਾ ਸੋਨਾ ਰੱਖਣ ਵਾਲੇ ਵਿਆਹੁਤਾ ਔਰਤ ਅਤੇ ਪੁਰਸ਼ ਨੂੰ ਇਨਕਮ ਟੈਕਸ ਵਲੋਂ ਪੁੱਛ-ਗਿੱਛ ਕਰਨ ਲਈ ਸੱਦਿਆ ਜਾ ਸਕਦਾ ਹੈ ਅਤੇ ਉਥੇ ਉਨਾਂ ਨੂੰ ਸਾਬਤ ਕਰਨਾ ਹੋਵੇਗਾ ਕਿ ਉਨਾਂ ਕੋਲ ਪਿਆ ਸੋਨਾ ਜਾਂ ਫਿਰ ਇਸ ਨਾਲ ਤਿਆਰ ਕੀਤੇ ਗਏ ਗਹਿਣੇ ਕਾਲੇ ਧੰਨ ਦੀ ਥਾਂ ‘ਤੇ ਖ਼ੁਦ ਦੀ ਸਫ਼ੈਦ ਕਮਾਈ ਨਾਲ ਲਏ ਹੋਏ ਹਨ। ਇਸ ਸਬੰਧੀ ਹਰ ਤਰਾਂ ਦਾ ਰਿਕਾਰਡ ਤੱਕ ਪੇਸ਼ ਕਰਨਾ ਹੋਵੇਗਾ।
ਕੇਂਦਰ ਸਰਕਾਰ ਵਲੋਂ ਤੈਅ ਕੀਤੀ ਗਈ ਲਿਮਟ ਤੋਂ ਜਿਆਦਾ ਇਸ ਸਮੇਂ ਪੰਜਾਬ ਦੀ ਸੱਤਾ ਵਿੱਚ ਕਾਬਜ਼ ਬਾਦਲ ਪਰਿਵਾਰ ਕੋਲ ਇਸ ਸਮੇਂ ਸੋਨਾ ਅਤੇ ਉਨਾਂ ਨਾਲ ਬਣੇ ਗਹਿਣੇ ਹਨ ਪਰ ਸਾਬਕਾ ਮੁੱਖ ਮੰਤਰੀ ਰਾਜਿੰਦਰ ਕੌਰ ਭੱਠਲ ਇਸ ਹੱਦਬੰਦੀ  ਤੋਂਂ ਬਾਹਰ ਹਨ, ਕਿਉਂਕਿ ਉਨਾਂ ਕੋਲ ਸਿਰਫ਼ 200 ਗ੍ਰਾਮ ਸੋਨਾ ਹੀ ਹੈ। ਇਸ ਕਾਰਨ ਉਨਾਂ ਤੋਂ ਕੋਈ ਵੀ ਪੁੱਛ-ਗਿੱਛ ਨਹੀਂ ਹੋਵੇਗੀ।

ਕਿਹੜੇ ਲੀਡਰ ਕੋਲ ਕਿੰਨੇ ਰੁਪਏ ਦੇ ਹਨ ਸੋਨਾ ਅਤੇ ਗਹਿਣੇ
ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ  3 ਲੱਖ 42 ਹਜ਼ਾਰ
ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ  5 ਕਰੋੜ 40 ਲੱਖ 74 ਹਜ਼ਾਰ
ਉਪ ਮੁੱਖ ਮੰਤਰੀ ਸੁਖਬੀਰ ਬਾਦਲ  7 ਲੱਖ 25 ਹਜ਼ਾਰ
ਬਿਕਰਮ ਮਜੀਠਿਆ   24 ਲੱਖ 50 ਹਜ਼ਾਰ
ਕੈਪਟਨ ਅਮਰਿੰਦਰ ਸਿੰਘ                56 ਲੱਖ
ਵਿਧਾਇਕ ਪ੍ਰਨੀਤ ਕੌਰ   30 ਲੱਖ
ਰਾਜਿੰਦਰ ਕੌਰ ਭੱਠਲ   5 ਲੱਖ

(ਇਹ ਅੰਕੜੇ ਚੋਣ ਲੜਨ ਸਮੇਂ ਚੋਣ ਕਮਿਸ਼ਨ ਨੂੰ ਦਿੱਤੇ ਹਲਫ਼ ਬਿਆਨ ਅਨੁਸਾਰ ਹਨ।)

ਪ੍ਰਸਿੱਧ ਖਬਰਾਂ

To Top