ਪੰਜਾਬ

ਯੂ.ਪੀ ਦੇ ਜੇਲ੍ਹ  ਪ੍ਰਬੰਧਾਂ ਤੋਂ ਸਬਕ ਲਵੇ ਪੰਜਾਬ ਸਰਕਾਰ: ਰਾਮੂਵਾਲੀਆ

ਅਕਾਲੀ-ਭਾਜਪਾ ਗਠਜੋੜ ‘ਤੇ ਨਹੀਂ ਕੀਤੀ ਕੋਈ ਟਿੱਪਣੀ
ਕਿਹਾ : ਪੰਜਾਬ ‘ਚ ਕਾਇਮ ਨਹੀਂ ਕੀਤਾ ਜਾ ਰਿਹਾ ਸਮਾਜਵਾਦੀ ਪਾਰਟੀ ਦਾ ਯੂਨਿਟ
ਅਸ਼ੋਕ ਵਰਮਾ ਬਠਿੰਡਾ, 
ਉੱਤਰ ਪ੍ਰਦੇਸ਼ ਦੇ ਜੇਲ੍ਹ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਦਾ ਕਹਿਣਾ ਹੈ ਕਿ ਉਤਰ ਪ੍ਰਦੇਸ਼ ਦਾ ਜੇਲ੍ਹ ਪ੍ਰਬੰਧ ਪੰਜਾਬ ਨਾਲੋਂ ਕਿਤੇ ਵਧੀਆ ਹੈ ਅੱਜ ਬਠਿੰਡਾ ਵਿਖੇ ਆਪਣੇ ਨਿੱਜੀ ਦੌਰੇ ਦੌਰਾਨ ਸ੍ਰੀ ਰਾਮੂਵਾਲੀਆ ਨੇ ਕਿਹਾ ਕਿ ਬੇਸ਼ੱਕ ਪੰਜਾਬ ਸਰਕਾਰ ਸੂਬੇ ਨੂੰ ਬਿਹਤਰ ਦੱਸ ਰਹੀ ਹੈ ਪਰ ਜੇਲ੍ਹਾਂ ਦੇ ਮਾਮਲੇ ‘ਚ ਉਸ ਨੂੰ ਉਤਰ ਪ੍ਰਦੇਸ਼ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਉਨ੍ਹਾਂ ਆਖਿਆ ਕਿ ਪੰਜਾਬ ਸਰਹੱਦੀ ਅਤੇ ਸੁਰੱਖਿਆ ਦੇ ਪੱਖ ਤੋਂ ਅਤੀਸੰਵੇਦਨਸ਼ੀਲ ਰਾਜ ਹੋਣ ਕਰਕੇ ਇੱਥੋਂ ਦੇ ਜੇਲ੍ਹ ਢਾਂਚੇ ਤੇ ਸਖਤ ਨਿਗਰਾਨੀ ਦੀ ਜਰੂਰਤ ਹੈ
ਉਨ੍ਹਾਂ ਆਖਿਆ ਕਿ ਪੰਜਾਬ ‘ਚ ਪਿਛਲੇ ਕਰੀਬ ਇੱਕ ਵਰ੍ਹੇ ਦੌਰਾਨ ਵਾਪਰੀਆਂ ਅੱਤਵਾਦੀ ਕਾਰਵਾਈਆਂ ਨੇ ਸਾਫ ਕਰ ਦਿੱਤਾ ਹੈ ਕਿ ਸੂਬਾ ਕੌਮਾਂਤਰੀ ਏਜੰਸੀਆਂ ਦੇ ਨਿਸ਼ਾਨੇ ਤੇ ਹੈ ਜਿਸ ਕਰਕੇ ਸਰਕਾਰ ਨੂੰ ਪੂਰਾ ਚੌਕਸ ਰਹਿਣਾ ਚਾਹੀਦਾ  ਹੈ। ਉਨ੍ਹਾਂ ਆਖਿਆ ਕਿ ਜੇਕਰ ਮੱਧ ਪ੍ਰਦੇਸ਼ ਦੇ ਜੇਲ੍ਹ ਕਾਂਡ ਮਗਰੋਂ ਪੰਜਾਬ ਸਰਕਾਰ ਨੇ ਚੌਕਸੀ ਵਰਤੀ ਹੁੰਦੀ ਤਾਂ ਨਾਭਾ ਜੇਲ੍ਹ ਬਰੇਕ ਵਰਗਾ ਵਿਉਂਤਬੰਦ ਕਾਂਡ ਨਹੀਂ ਵਾਪਰਨਾ ਸੀ। ਉਨ੍ਹਾਂ ਕਿਹਾ ਕਿ ਨਾਭਾ ਜੇਲ੍ਹ ਕਾਂਡ ਨੇ ਜੇਲ੍ਹ ਪ੍ਰਸ਼ਾਸ਼ਨ ਦੀ ਨਾਕਾਮੀ ਜ਼ਾਹਰ ਕੀਤੀ ਹੈ। ਸ੍ਰੀ ਰਾਮੂਵਾਲੀਆ ਨੇ ਆਖਿਆ ਕਿ ਉਤਰ ਪ੍ਰਦੇਸ਼ ਵਿਚ ਜਿੰਨੀਆਂ ਵੀ ਹਾਈ ਸਕਿਉਰਟੀ ਜੇਲ੍ਹਾਂ ਹਨ, ਉਨ੍ਹਾਂ ਦੀ ਪਲ ਪਲ ਦੀ ਖ਼ਬਰ ਰੱਖੀ ਜਾਂਦੀ ਹੈ ਉਨ੍ਹਾਂ ਦੱਸਿਆ ਕਿ ਯੂ.ਪੀ ਵਿਚ ਸਰਕਾਰ ਤਰਫੋਂ ਜ਼ਿਲ੍ਹਾ ਪੁਲੀਸ ਤੇ ਪ੍ਰਸ਼ਾਸਨ ਨਾਲ ਤਾਲਮੇਲ ਰੱਖਣ ਵਾਲੇ ਵਿਸ਼ੇਸ਼ ਦਸਤੇ ਕਾਇਮ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਹ ਦਸਤੇ ਕਿਸੇ ਵੀ ਕਿਸਮ ਦੀ  ਨੌਬਤ ਦੌਰਾਨ ਫੌਰੀ ਹਰਕਤ ਵਿਚ ਆ ਕੇ ਢੁੱਕਵੀਂ ਕਾਰਵਾਈ ਕਰਦੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਯੂ.ਪੀ ਦੀਆਂ ਜੇਲ੍ਹਾਂ ਵਿਚ ਅਜਿਹਾ ਮਾਹੌਲ ਬਣਾਇਆ ਗਿਆ ਹੈ ਕਿ ਪਿਛਲੇ ਸਮੇਂ ਦੌਰਾਨ  ਕੋਈ ਕੈਦੀ ਫਰਾਰ ਨਹੀਂ ਹੋਇਆ ਹੈ। ਉਨ੍ਹਾਂ ਆਖਿਆ ਕਿ ਸਮਾਜਵਾਦੀ ਪਾਰਟੀ ਵਲੋਂ ਪੰਜਾਬ ਵਿਚ ਕੋਈ ਯੂਨਿਟ ਕਾਇਮ ਨਹੀਂ ਕੀਤਾ ਜਾ ਰਿਹਾ ਹੈ ਬਲਕਿ ਉਹ ਖੁਦ ਯੂ.ਪੀ ਵਿਚਲੇ ਸਿੱਖਾਂ ਅਤੇ ਪੰਜਾਬੀਆਂ ਦੇ ਮਸਲੇ ਹੱਲ ਕਰਨ ਵਿਚ ਜੁਟੇ ਹੋਏ ਹਨ।
ਉਨ੍ਹਾਂ ਅੱਜ ਅਕਾਲੀ ਭਾਜਪਾ  ਗਠਜੋੜ ਸਰਕਾਰ ਤੇ ਕੋਈ ਟਿੱਪਣੀ ਨਾ ਕੀਤੀ ਬਲਕਿ ਆਖਿਆ ਕਿ ਪੰਜਾਬ ਦੇ ਲੋਕ ਵਿਕਾਸ ਦੀ ਥਾਂ ਪ੍ਰੰਪਰਾਵਾਂ ਤੇ ਜਿਆਦਾ ਪਹਿਰਾ ਦਿੰਦੇ ਹਨ।  ਉਨ੍ਹਾਂ ਆਖਿਆ ਕਿ ਉਤਰ ਪ੍ਰਦੇਸ਼ ਵਿਚ ਇਸ ਵਾਰ ਲੋਕ ਵਿਕਾਸ ਤੇ ਫਤਵਾ ਦੇਣ ਦੇ ਰੌਂਅ ‘ਚ ਦਿਖਾਈ ਦੇ ਰਹੇ ਹਨ ਅਤੇ ਕਿਧਰੇ ਵੀ ਸੱਤਾ ਵਿਰੋਧੀ ਕੋਈ ਲਹਿਰ ਦਿਖਾਈ ਨਹੀਂ ਦਿੰਦੀ ਹੈ।ਉਨ੍ਹਾਂ ਦਾਅਵਾ ਕੀਤਾ ਕਿ ਯੂ.ਪੀ ਵਿਚ ਮੁੜ ਅਖਿਲੇਸ਼ ਯਾਦਵ ਦੀ ਅਗਵਾਈ ਹੇਠ ਸਮਾਜਵਾਦੀ ਪਾਰਟੀ ਦੀ ਸਰਕਾਰ ਬਣੇਗੀ। ਇਸ ਦੌਰੇ ਦੌਰਾਨ ਉਨ੍ਹਾਂ ਦੇ ਓ.ਐਸ.ਡੀ ਨਵਦੀਪ ਸਿੰਘ ਮੰਡੀ ਕਲਾਂ ਵੀ ਹਾਜਰ ਸਨ।

ਪ੍ਰਸਿੱਧ ਖਬਰਾਂ

To Top