ਦੇਸ਼

28 ਦਿਨਾਂ ਬਾਅਦ ਵੀ ਨਹੀਂ ਸਵੀਕਾਰ ਹੋਏ ਵਿਧਾਇਕਾਂ ਦੇ ਅਸਤੀਫ਼ੇ

— 42 ਕਾਂਗਰਸੀ ਅਤੇ 7 ਅਕਾਲੀ-ਭਾਜਪਾ ਵਿਧਾਇਕਾਂ ਸਣੇ 3 ਆਜ਼ਾਦ ਵਿਧਾਇਕਾਂ ਨੇ ਦਿੱਤਾ ਹੋਇਆ ਐ ਅਸਤੀਫ਼ਾ
— ਸਿਰਫ਼ ਬੈਂਸ ਭਰਾਵਾ ਦੇ ਅਸਤੀਫ਼ੇ ਮਨਜ਼ੂਰ, 50 ਵਿਧਾਇਕਾਂ ਦੇ ਅਸਤੀਫ਼ਿਆਂ ਸਬੰਧੀ ਨਹੀਂ ਲਿਆ ਸਪੀਕਰ ਨੇ ਕੋਈ ਫੈਸਲਾ
ਅਸ਼ਵਨੀ ਚਾਵਲਾ ਚੰਡੀਗੜ, 
ਐਸ.ਵਾਈ.ਐਲ. ਲਿੰਕ ਨਹਿਰ ਮਾਮਲੇ ਵਿੱਚ ਕਾਂਗਰਸ ਦੇ 42 ਵਿਧਾਇਕਾਂ ਅਤੇ 1 ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਸਣੇ 3 ਆਜ਼ਾਦ ਵਿਧਾਇਕਾਂ ਵਲੋਂ ਅਸਤੀਫ਼ਾ ਦਿੱਤੇ ਨੂੰ ਅੱਜ ਲਗਭਗ 28 ਦਿਨ ਬੀਤ ਚੁੱਕੇ ਹਨ ਪਰ ਪੰਜਾਬ ਵਿਧਾਨ ਸਭਾ ਦੇ ਸਪੀਕਰ ਚਰਨਜੀਤ ਸਿੰਘ ਅਟਵਾਲ ਨੇ ਸਿਮਰਜੀਤ ਸਿੰਘ ਬੈਂਸ ਅਤੇ ਬਲਵਿੰਦਰ ਸਿੰਘ ਬੈਂਸ ਦੇ ਅਸਤੀਫ਼ੇ ਮਨਜ਼ੂਰ ਕਰਨ ਤੋਂ ਇਲਾਵਾ ਕਿਸੇ ਵੀ ਵਿਧਾਇਕ ਦਾ ਅਸਤੀਫ਼ਾ ਮਨਜ਼ੂਰ ਨਹੀਂ ਕੀਤਾ ਹੈ। ਇਨਾਂ ਬੈਂਸ ਭਰਾਵਾ ਦਾ ਅਸਤੀਫ਼ਾ ਵੀ ਬੀਤੇ ਦਿਨ ਸ਼ਾਮ ਵੇਲੇ ਪ੍ਰਵਾਨ ਕੀਤਾ ਗਿਆ ਹੈ। ਇਸ ਤੋਂ ਇਲਾਵਾ 5 ਅਕਾਲੀ ਦਲ ਅਤੇ 1 ਭਾਜਪਾ ਦੇ ਵਿਧਾਇਕ ਨੇ ਟਿਕਟ ਨਾ ਮਿਲਣ ਜਾਂ ਫਿਰ ਪਾਰਟੀ ਤੋਂ ਨਰਾਜ਼ਗੀ ਕਾਰਨ ਆਪਣਾ ਅਸਤੀਫ਼ਾ ਭੇਜਿਆ ਹੋਇਆ ਹੈ। ਹੁਣ ਤੱਕ ਸਪੀਕਰ ਚਰਨਜੀਤ ਸਿੰਘ ਅਟਵਾਲ ਕੋਲ 52 ਅਸਤੀਫ਼ੇ ਪੁੱਜ ਗਏ ਹਨ, ਜਿਨਾਂ ਵਿੱਚੋਂ ਸਿਰਫ਼ 2 ਨੂੰ ਹੀ ਮਨਜ਼ੂਰ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ ਐਸ.ਵਾਈ.ਐਲ. ਲਿੰਕ ਨਹਿਰ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਵਲੋਂ ਹਰਿਆਣਾ ਸਰਕਾਰ ਦੇ ਪੱਖ ਵਿੱਚ ਰਾਸ਼ਟਰਪਤੀ ਨੂੰ ਸਲਾਹ ਦੇਣ ਤੋਂ ਬਾਅਦ ਪੰਜਾਬ ਨੂੰ ਇਸ ਨਾਲ ਹੋਣ ਵਾਲੇ ਨੁਕਸਾਨ ਨੂੰ ਦੇਖਦੇ ਹੋਏ 11 ਨਵੰਬਰ ਨੂੰ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਨੇ ਸੰਸਦ ਮੈਂਬਰਸ਼ਿਪ ਅਤੇ 42 ਕਾਂਗਰਸੀ ਵਿਧਾਇਕਾਂ ਨੇ ਪੰਜਾਬ ਵਿਧਾਨ ਸਭਾ ਤੋਂ ਬਤੌਰ ਵਿਧਾਇਕ ਅਸਤੀਫ਼ਾ ਦੇ ਦਿੱਤਾ ਸੀ। ਇਸ ਮਾਮਲੇ ਵਿੱਚ ਕਾਂਗਰਸ ਦੇ ਨਾਲ ਹੀ ਆਜ਼ਾਦ ਵਿਧਾਇਕ ਰਜਨੀਸ਼ ਬੱਬੀ ਨੇ ਵੀ ਆਪਣਾ ਅਸਤੀਫ਼ਾ ਸਪੀਕਰ ਨੂੰ ਭੇਜ ਦਿੱਤਾ ਸੀ। ਇਸੇ ਮਾਮਲੇ ਵਿੱਚ 5 ਦਿਨਾਂ ਬਾਅਦ 16 ਨਵੰਬਰ ਨੂੰ ਹੀ ਲੁਧਿਆਣਾ ਤੋਂ ਆਜ਼ਾਦ ਵਿਧਾਇਕ ਬੈਂਸ ਭਰਾਵਾ ਸਣੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਪਰਗਟ ਸਿੰਘ ਅਤੇ ਭਾਜਪਾ ਦੀ ਵਿਧਾਇਕ ਨਵਜੋਤ ਕੌਰ ਨੇ ਵੀ ਆਪਣੇ ਅਸਤੀਫ਼ਾ ਵਿਧਾਨ ਸਭਾ ਸਪੀਕਰ ਨੂੰ ਭੇਜ ਦਿੱਤਾ ਸੀ।
ਇਸ ਮਾਮਲੇ ਵਿੱਚ ਸਪੀਕਰ ਚਰਨਜੀਤ ਸਿੰਘ ਅਟਵਾਲ ਨੇ ਕੋਈ ਵੀ ਕਾਰਵਾਈ ਕਰਨ ਦੀ ਥਾਂ ‘ਤੇ ਹੁਣ ਤੱਕ ਇਸ ਨੂੰ ਲਟਕਾ ਕੇ ਹੀ ਰੱਖਿਆ ਹੋਇਆ ਹੈ। ਇਨਾਂ ਵਿਧਾਇਕਾਂ ਨੂੰ ਸੱਦ ਕੇ ਕਾਰਨ ਪੁੱਛਣ ਅਤੇ ਅਸਤੀਫ਼ੇ ਪ੍ਰਵਾਨ ਕਰਨ ਦੀ ਥਾਂ ‘ਤੇ ਅਜੇ ਇਨਾਂ ਦੇ ਅਸਤੀਫ਼ਾ ਨੂੰ ਠੰਢੇ ਬਸਤੇ ਹੀ ਪਾ ਰੱਖਿਆ ਹੈ।
ਲੁਧਿਆਣਾ ਜ਼ਿਲੇ ਤੋਂ ਵਿਧਾਇਕ ਸਿਮਰਜੀਤ ਸਿੰਘ ਅਤੇ ਬਲਵਿੰਦਰ ਸਿੰਘ ਬੈਂਸ ਵਲੋਂ ਖ਼ੁਦ ਸਪੀਕਰ ਚਰਨਜੀਤ ਸਿੰਘ ਅਟਵਾਲ ਕੋਲ ਪੇਸ਼ ਹੁੰਦੇ ਹੋਏ ਅਸਤੀਫ਼ਾ ਪ੍ਰਵਾਨ ਕਰਨ ਦੀ ਬੇਨਤੀ ਕਰਨ ‘ਤੇ ਬੀਤੇ ਦਿਨੀਂ ਸਪੀਕਰ ਚਰਨਜੀਤ ਸਿੰਘ ਅਟਵਾਲ ਨੇ ਇਨਾਂ ਦੋਵਾਂ ਵਿਧਾਇਕਾਂ ਦੇ ਅਤਸੀਫ਼ਿਆ ਨੂੰ ਪ੍ਰਵਾਨ ਕਰ ਲਿਆ ਸੀ।
ਇਸ ਨਾਲ ਸ਼੍ਰੋਮਣੀ ਅਕਾਲੀ ਦਲ ਵਲੋਂ ਟਿਕਟਾਂ ਦੀ ਵੰਡ ਸ਼ੁਰੂ ਕਰਨ ਤੋਂ ਬਾਅਦ ਟਿਕਟ ਨਾਂ ਮਿਲਣ ‘ਤੇ ਨਰਾਜ਼ ਹੋਏ 5 ਵਿਧਾਇਕਾਂ ਨੇ ਆਪਣਾ ਅਸਤੀਫ਼ਾ ਸਪੀਕਰ ਚਰਨਜੀਤ ਸਿੰਘ ਅਟਵਾਲ ਨੂੰ ਭੇਜ ਦਿੱਤਾ ਹੈ ਪਰ ਕਾਂਗਰਸ ਅਤੇ ਭਾਜਪਾ ਤੋਂ ਬਾਅਦ ਇਨਾਂ 5 ਵਿਧਾਇਕਾਂ ਦੇ ਅਸਤੀਫ਼ੇ ਨੂੰ ਵੀ ਸਪੀਕਰ ਚਰਨਜੀਤ ਸਿੰਘ ਅਟਵਾਲ ਸਵੀਕਾਰ ਨਹੀਂ ਕਰ ਰਹੇ ਹਨ।

ਰਾਜਨੀਤਕ ਫਾਇਦਾ ਨਾ ਮਿਲ ਜਾਵੇ ਇਸ ਲਈ ਨਹੀਂ ਹੋ ਰਹੇ ਅਸਤੀਫ਼ੇ ਮਨਜ਼ੂਰ !
ਵਿਧਾਨ ਸਭਾ ਚੋਣਾਂ ਦੇ ਮੱਦੇ ਨਜ਼ਰ ਕਾਂਗਰਸ ਨੂੰ ਕਿਸੇ ਵੀ ਤਰਾਂ ਦਾ ਫਾਇਦਾ ਨਾ ਮਿਲ ਜਾਵੇ, ਇਸ ਲਈ ਵਿਧਾਨ ਸਭਾ ਸਪੀਕਰ ਵਲੋਂ ਅਸਤੀਫ਼ਿਆਂ ਨੂੰ ਮਨਜ਼ੂਰ ਨਹੀਂ ਕੀਤਾ ਜਾ ਰਿਹਾ ਹੈ। ਹਾਲਾਂਕਿ ਇਸ ਸਬੰਧੀ ਕੋਈ ਬੋਲਣ ਨੂੰ ਤਿਆਰ ਨਹੀਂ ਹੈ ਪਰ ਸਿਆਸੀ ਮਾਹਿਰਾਂ ਦਾ ਸਾਫ਼ ਕਹਿਣਾ ਹੈ ਕਿ ਸੁਖਬੀਰ ਬਾਦਲ ਦੇ ਇਸ਼ਾਰੇ ‘ਤੇ ਹੀ ਇਨਾਂ ਦੇ ਅਸਤੀਫ਼ੇ ਮਨਜ਼ੂਰ ਨਹੀਂ ਕੀਤੇ ਜਾ ਰਹੇ ਹਨ, ਕਿਉਂਕਿ ਅਸਤੀਫ਼ੇ ਦੇਣ ਤੋਂ ਬਾਅਦ ਜੇਕਰ ਮਨਜ਼ੂਰ ਹੋ ਗਏ ਤਾਂ ਕਾਂਗਰਸੀ ਵਿਧਾਇਕ ਪੰਜਾਬ ਵਿੱਚ ਕਿਸਾਨਾਂ ਦੇ ਮਸੀਹਾ ਬਣ ਕੇ ਆਪਣੇ ਆਪ ਨੂੰ ਪੇਸ਼ ਕਰ ਸਕਦੇ ਹਨ। ਇਨਾਂ ਕਾਰਨਾਂ ਕਰਕੇ ਹੀ ਅਸਤੀਫ਼ੇ ਮਨਜ਼ੂਰ ਕਰਨ ਦੀ ਥਾਂ ‘ਤੇ ਇਨਾਂ ਲਟਕਾਇਆ ਜਾ ਰਿਹਾ ਹੈ।
ਹਾਲਾਂਕਿ ਵਿਧਾਨ ਸਭਾ ਸਕੱਤਰੇਤ ਵਿਖੇ ਇਹ ਹੀ ਕਿਹਾ ਜਾ ਰਿਹਾ ਹੈ ਕਿ ਇਨਾਂ ਵਿਧਾਇਕਾਂ ਨੂੰ ਸਪੀਕਰ ਚਰਨਜੀਤ ਸਿੰਘ ਅਟਵਾਲ ਇੱਕ ਮੌਕਾ ਦੇਣਾ ਚਾਹੁੰਦੇ ਹਨ, ਇਸ ਲਈ ਇਨਾਂ ਨੂੰ ਸੱਦ ਕੇ ਪੁੱਛਿਆ ਜਾਵੇਗਾ, ਕਿਉਂਕਿ ਕਈ ਵਾਰ ਭਾਵੁਕ ਜਾਂ ਫਿਰ ਦਬਾਓ ਵਿੱਚ ਆ ਕੇ ਅਸਤੀਫ਼ਾ ਦਿੱਤਾ ਜਾ ਸਕਦਾ ਹੈ।

ਪ੍ਰਸਿੱਧ ਖਬਰਾਂ

To Top