ਮਾਲਵੇ ਦੀ ਧਰਤੀ ਹੇਠਲੇ ਪਾਣੀ ਦੀ ਸਮੱਸਿਆ ਦੇ ਹੱਲ ਲਈ ਬਣੇਗੀ ਛੇ ਮੈਂਬਰੀ ਵਿਗਿਆਨੀਆਂ ਦੀ ਕਮੇਟੀ

0
32

ਪੰਜਾਬ ਕੇਂਦਰੀ ਯੂਨੀਵਰਸਿਟੀ ਬਠਿੰਡਾ ਨੇ ਕੀਤੀ ਪਹਿਲਕਦਮੀ

ਬਠਿੰਡਾ, (ਸੁਖਜੀਤ ਮਾਨ) ਮਾਲਵਾ ਪੱਟੀ ਦੇ ਘਰ-ਘਰ ਕੈਂਸਰ ਕਾਰਨ ਸੱਥਰ ਵਿਛਾਉਣ ਵਾਲੇ ਧਰਤੀ ਹੇਠਲੇ ਮਾੜੇ ਪਾਣੀ ਦਾ ਹੱਲ ਭਾਵੇਂ ਲੰਬੇ ਸਮੇਂ ਤੋਂ ਨਹੀਂ ਹੋ ਸਕਿਆ ਪਰ ਹੁਣ ਫਿਰ ਛੇ ਮੈਂਬਰੀ ਵਿਗਿਆਨੀਆਂ ਦੀ ਕਮੇਟੀ ਇਸ ਸਬੰਧੀ ਖੋਜ ਕਰੇਗੀ ਇਸ ਸਬੰਧੀ ਬਠਿੰਡਾ ਸਥਿਤ ਪੰਜਾਬ ਕੇਂਦਰੀ ਯੂਨੀਵਰਸਿਟੀ ਨੇ ਦੇਸ਼ ਦੇ ਚੋਟੀ ਦੇ ਸੰਸਥਾਨਾਂ ਨਾਲ ਸਾਂਝੀ ਗੱਲਬਾਤ ਤੋਰੀ ਹੈ ਇਹ ਕਮੇਟੀ ਪਾਣੀ ‘ਚ ਮੌਜੂਦ ਭਾਰੀ ਧਾਤਾਂ ਅਤੇ ਯੂਰੇਨੀਅਮ ਦੇ ਹੱਲ ਦੇ ਯਤਨ ਕਰੇਗੀ ਹਾਸਿਲ ਹੋਏ ਵੇਰਵਿਆਂ ਮੁਤਾਬਿਕ ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ (ਸੀਯੂਪੀਬੀ) ਨੇ ਦੇਸ਼ ਦੇ ਚੋਟੀ ਦੇ ਸੰਸਥਾਨਾਂ ਐਟੋਮਿਕ ਮਿਨਰਲ ਡਾਇਰੈਕਟੋਰੇਟ ਫਾਰ ਐਕਸਪਲੋਰੈਂਸ ਐਂਡ ਰਿਸਰਚ ਹੈਦਰਾਬਾਦ (ਏਐਮਡੀਈਆਰ) ਅਤੇ ਭਾਭਾ ਐਟੋਮਿਕ ਰਿਸਰਚ ਸੈਂਟਰ ਮੁੰਬਈ (ਬੀਏਆਰਸੀ) ਦੇ ਖੋਜੀਆਂ ਲਈ ਸਾਂਝਾ ਪਲੇਟਫਾਰਮ ਸਥਾਪਤ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।

ਇਸ ਪਲੇਟਫਾਰਮ ਨੂੰ ਸਥਾਪਤ ਕਰਨ ਦਾ ਮੁੱਖ ਉਦੇਸ ਪੰਜਾਬ ਦੇ ਮਾਲਵਾ ਖੇਤਰ ਦੇ ਧਰਤੀ ਹੇਠਲੇ ਪਾਣੀ ਵਿੱਚ ਭਾਰੀ ਧਾਤਾਂ ਅਤੇ ਯੂਰੇਨੀਅਮ ਦੇ ਪ੍ਰਦੂਸਣ ਦਾ ਹੱਲ ਮੁਹੱਈਆ ਕਰਵਾਉਣਾ ਹੋਵੇਗਾ। ਸੀਯੂਪੀਬੀ, ਬੀਏਆਰਸੀ ਅਤੇ ਏਐਮਡੀਈਆਰ ਦੇ ਵਿਗਿਆਨੀਆਂ ਦਰਮਿਆਨ ਹੋਈ ਮੀਟਿੰਗ ਵਿੱਚ ਪੰਜਾਬ ਅਤੇ ਇਸ ਦੇ ਆਸ ਪਾਸ ਦੇ ਇਲਾਕੇ ਦੇ ਧਰਤੀ ਹੇਠਲੇ ਪਾਣੀ ਵਿੱਚ ਭਾਰੀ ਧਾਤਾਂ ਅਤੇ ਯੂਰੇਨੀਅਮ ਦੀ ਸਮੱਸਿਆ ਦੇ ਹੱਲ ਲਈ ਵਿਗਿਆਨੀਆਂ ਦੀ ਛੇ ਮੈਂਬਰੀ ਕਮੇਟੀ ਬਣਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਮੀਟਿੰਗ ਵਿੱਚ ਸੀਯੂਪੀਬੀ ਦੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪੀ. ਤਿਵਾੜੀ, ਏਐਮਡੀਈਆਰ ਦੇ ਡਾਇਰੈਕਟਰ ਡਾ. ਡੀ.ਕੇ. ਸਿਨਹਾ, ਬੀਏਆਰਸੀ ਦੇ ਸਿਹਤ ਸੁਰੱਖਿਆ ਅਤੇ ਵਾਤਾਵਰਣ ਸਮੂਹ ਦੇ ਸਮੂਹ ਡਾਇਰੈਕਟਰ ਆਰ.ਐਮ. ਸੁਰੇਸ ਬਾਬੂ ਦੇ ਨਾਲ ਵਿਗਿਆਨੀ ਡਾ. ਐਮ ਕੁਲਕਰਨੀ, ਡਾ. ਸੰਜੇ ਝਾ, ਪ੍ਰੋ. ਵੀ.ਕੇ. ਗਰਗ (ਸੀਯੂਪੀਬੀ), ਡਾ. ਸੁਨੀਲ ਮਿੱਤਲ (ਸੀਯੂਪੀਬੀ) ਮੌਜੂਦ ਸਨ।

ਪਾਣੀ ਸਬੰਧੀ ਇਸ ਸਮੱਸਿਆ ਦੇ ਹੱਲ ਲਈ ਸਾਂਝਾ ਪਲੇਟਫਾਰਮ ਬਣਾਉਣ ਦਾ ਵਿਚਾਰ ਸੀਯੂਪੀਬੀ ਦੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪੀ. ਤਿਵਾੜੀ ਦਾ ਹੈ, ਜਿਸਦਾ ਉਦੇਸ ਪੰਜਾਬ ਦੇ ਧਰਤੀ ਹੇਠਲੇ ਪਾਣੀ ਵਿੱਚ ਭਾਰੀ ਧਾਤਾਂ ਅਤੇ ਯੂਰੇਨੀਅਮ ਦੇ ਪ੍ਰਦੂਸਣ ਦਾ ਹੱਲ ਲੱਭਣਾ ਹੈ। ਸੀਯੂਪੀਬੀ ਦੇ ਵਾਤਾਵਰਣ ਵਿਗਿਆਨੀ ਪ੍ਰੋ. ਵੀ.ਕੇ. ਗਰਗ ਨੇ ਦੱਸਿਆ ਕਿ ਇਸ ਮੀਟਿੰਗ ਦੌਰਾਨ ਵਿਚਾਰ ਵਟਾਂਦਰੇ ਦਾ ਮੁੱਖ ਮੰਤਵ ਧਰਤੀ ਹੇਠਲੇ ਪਾਣੀਦੇ ਪ੍ਰਦੂਸਣ ਦੇ ਸਰੋਤਾਂ ਦਾ ਪਤਾ ਲਗਾਉਣਾ, ਸਥਾਨਕ ਲੋਕਾਂ ਦੀ ਸਿਹਤ ਉੱਤੇ ਧਰਤੀ ਹੇਠਲੇ ਪਾਣੀ ਦੀ ਗੁਣਵੱਤਾ ਦੇ ਪ੍ਰਭਾਵ ਦਾ ਅਧਿਐਨ ਕਰਨਾ ਅਤੇ ਇਸ ਸਮੱਸਿਆ ਦਾ ਹੱਲ ਲੱਭਣਾ ਸੀ।

ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਵਾਤਾਵਰਣ ਅਤੇ ਧਰਤੀ ਵਿਗਿਆਨ ਸਕੂਲ ਦੇ ਐਸੋਸੀਏਟ ਡੀਨ ਡਾ. ਸੁਨੀਲ ਮਿੱਤਲ ਨੇ ਧਰਤੀ ਹੇਠਲੇ ਪਾਣੀ ਦੇ ਖੇਤਰ ਵਿੱਚ ਸੀਯੂਪੀਬੀ ਫੈਕਲਟੀ ਮੈਂਬਰਾਂ ਵੱਲੋਂ ਕੀਤੇ ਖੋਜ ਪ੍ਰੋਜੈਕਟਾਂ ਬਾਰੇ ਪੇਸ਼ਕਾਰੀ ਸਾਂਝੀ ਕੀਤੀ ਅਤੇ ਵਿਗਿਆਨੀਆਂ ਨਾਲ ਖੋਜ ਚੁਣੌਤੀਆਂ ਬਾਰੇ ਵਿਚਾਰ ਵਟਾਂਦਰਾ ਕੀਤਾ। ਉਨ੍ਹਾਂ ਨੇ ਪੰਜਾਬ ਦੇ ਮਾਲਵਾ ਖੇਤਰ ਦੇ ਨਾਲ-ਨਾਲ ਹਰਿਆਣਾ ਅਤੇ ਰਾਜਸਥਾਨ ਰਾਜਾਂ ਦੇ ਨਾਲ ਲੱਗਦੇ ਜਿਲ੍ਹਆਂ ਵਿੱਚ ਧਰਤੀ ਹੇਠਲੇ ਪਾਣੀ ਦੀ ਮੌਜੂਦਾ ਸਥਿਤੀ ਨੂੰ ਵੀ ਸਾਂਝਾ ਕੀਤਾ।

ਪਾਣੀ ਪ੍ਰਦੂਸ਼ਣ ਦਾ ਹੱਲ ਲੱਭਣ ਲਈ ਕੀਤੀ ਗਈ ਹੈ ਪਹਿਲ : ਤਿਵਾੜੀ

ਸੀਯੂਪੀਬੀ ਦੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪੀ. ਤਿਵਾੜੀ ਨੇ ਕਿਹਾ ਕਿ ਸੀਯੂਪੀਬੀ ਨੇ ਦੇਸ਼ ਦੇ ਪ੍ਰਮੁੱਖ ਸੰਸਥਾਵਾਂ ਜਿਵੇਂ ਕਿ ਬੀਏਆਰਸੀ ਅਤੇ ਏਐਮਡੀਈਆਰ ਦੇ ਚੋਟੀ ਦੇ ਵਿਗਿਆਨੀਆਂ ਦੇ ਸਹਿਯੋਗ ਨਾਲ ਪੰਜਾਬ ਦੇ ਧਰਤੀ ਹੇਠਲੇ ਪਾਣੀ ਦੇ ਪ੍ਰਦੂਸਣ ਦਾ ਹੱਲ ਲੱਭਣ ਲਈ ਇਹ ਪਹਿਲ ਕੀਤੀ ਹੈ। ਮੀਟਿੰਗ ਦੇ ਨਤੀਜੇ ਸਾਂਝੇ ਕਰਦਿਆਂ ਉਨ੍ਹਾਂ ਕਿਹਾ ਕਿ ਖੋਜ ਦੇ ਕੰਮਾਂ ਦੀ ਨਿਗਰਾਨੀ ਕਰਨ ਅਤੇ ਪੰਜਾਬ ਦੇ ਧਰਤੀ ਹੇਠਲੇ ਪਾਣੀ ਵਿੱਚ ਯੂਰੇਨੀਅਮ ਅਤੇ ਭਾਰੀ ਧਾਤੂ ਦੀ ਪ੍ਰਦੂਸ਼ਣ ਦੇ ਵਿਸੇ ਤੇ ਹੱਲ ਲੱਭਣ ਲਈ ਤਿੰਨੋਂ ਸੰਸਥਾਵਾਂ (ਸੀਯੂਪੀਬੀ, ਬੀਏਆਰਸੀ ਅਤੇ ਏਐਮਡੀਈਆਰ) ਦੇ ਪ੍ਰਮੁੱਖ ਵਿਗਿਆਨੀਆਂ ਦੀ  ਕਮੇਟੀ ਦਾ ਗਠਨ ਕੀਤਾ ਜਾਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.