ਅਰਥਚਾਰੇ ਨੂੰ ਪਿਛਾਂਹ ਲਿਜਾਣ ਵਾਲਾ ਰਿਹਾ ਵਰ੍ਹਾ 2020

0
4

ਅਰਥਚਾਰੇ ਨੂੰ ਪਿਛਾਂਹ ਲਿਜਾਣ ਵਾਲਾ ਰਿਹਾ ਵਰ੍ਹਾ 2020

ਦੁਨੀਆਂ ਦੀ ਅਰਥਵਿਵਸਥਾ ’ਤੇ ਨਜ਼ਰ ਰੱਖਣ ਵਾਲੀ ਸੰਸਥਾ ਆਕਸਫੋਰਡ ਇਕਨਾੱਮਿਕਸ ਦੀ ਭਾਰਤੀ ਅਰਥਵਿਵਸਥਾ ’ਤੇ ਆਈ ਹਾਲੀਆ ਰਿਪੋਰਟ ਇਹ ਕਹਿੰਦੀ ਹੈ ਕਿ 2020 ਤੋਂ 2025 ਵਿਚ ਆਰਥਿਕ ਵਿਕਾਸ ਦਰ ਕੋਵਿਡ ਮਹਾਂਮਾਰੀ ਤੋਂ ਪਹਿਲਾਂ ਅਨੁਮਾਨਿਤ 6.5 ਫੀਸਦੀ ਤੋਂ ਡਿੱਗ ਕੇ ਸਿਰਫ਼ 4.5 ਫੀਸਦੀ ਰਹਿਣ ਦਾ ਅਨੁਮਾਨ ਹੈ ਸਪੱਸ਼ਟ ਹੈ ਕਿ ਦਹਾਈ ਵਿਚ ਵਿਕਾਸ ਦਰ ਲਿਜਾਣ ਦਾ ਸੁਫ਼ਨਾ ਇੱਥੇ ਟੁੱਟਦਾ ਦਿਖਾਈ ਦਿੰਦਾ ਹੈ ਨਾਲ ਹੀ 2024 ਤੱਕ 5 ਟ੍ਰਿਲੀਅਨ ਡਾਲਰ ਦੀ ਭਾਰਤੀ ਅਰਥਵਿਵਸਥਾ ਨੂੰ ਵੀ ਧੱਕਾ ਲੱਗਣਾ ਲਾਜ਼ਮੀ ਹੈ ਸਥਿਤੀ ਤਾਂ ਇੱਥੋਂ ਤੱਕ ਆ ਚੁੱਕੀ ਹੈ ਕਿ ਭਾਰਤ ਦੀ ਵਿਕਾਸ ਦਰ ਰਿਣਾਤਮਕ 23 ਤੱਕ ਪਹੁੰਚ ਗਈ ਸੀ

ਜਿਸ ਵਿਚ ਬੀਤੇ ਕੁਝ ਮਹੀਨਿਆਂ ਤੋਂ ਸੁਧਾਰ ਦੇਖਣ ਨੂੰ ਮਿਲ ਰਿਹਾ ਹੈ ਕੋਰੋਨਾ ਕਾਰਨ ਮਾਰਚ ਵਿਚ ਲੱਗਾ ਲਾਕਡਾਊਨ ਲਗਭਗ ਦੋ ਮਹੀਨਿਆਂ ਤੋਂ ਥੋੜ੍ਹਾ ਜ਼ਿਆਦਾ ਸੀ ਮਈ ਦੇ ਅਖੀਰ ਵਿਚ ਸਰਕਾਰ ਨੇ ਆਰਥਿਕ ਗਤੀਵਿਧੀਆਂ ਨੂੰ ਤਵੱਜੋ ਦਿੰਦੇ ਹੋਏ ਅਨਲਾੱਕ ਦੀ ਪ੍ਰਕਿਰਿਆ ਸ਼ੁਰੂ ਕੀਤੀ ਸੀ ਪਰ ਲੋੜੀਂਦੀ ਅਰਥਵਿਵਸਥਾ ਸਿਰਫ਼ ਸੁਫ਼ਨਾ ਬਣ ਕੇ ਰਹਿ ਗਿਆ ਜ਼ਿਕਰਯੋਗ ਹੈ ਕਿ ਸਾਲ 2020 ਦੀ ਪਹਿਲੀ ਤਿਮਾਹੀ ਅਪਰੈਲ ਤੋਂ ਜੂਨ ਵਿਚ ਜੀਡੀਪੀ ਵਿਚ 23.9 ਫੀਸਦੀ ਦੀ ਗਿਰਾਵਟ ਦਰਜ਼ ਕੀਤੀ ਗਈ ਸੀ ਮੁਲਾਂਕਣ ਤਾਂ ਇਹ ਵੀ ਹੈ ਕਿ ਸਾਲ 2025 ਤੱਕ ਵੀ ਭਾਰਤ ਦੀ ਪ੍ਰਤੀ ਵਿਅਕਤੀ ਜੀਡੀਪੀ ਕੋਵਿਡ ਤੋਂ ਪਹਿਲਾਂ ਦੀ ਤੁਲਨਾ ਵਿਚ 12 ਪ੍ਰਤੀਸ਼ਤ ਤੱਕ ਹੇਠਾਂ ਰਹੇਗੀ

ਲਾਕਡਾਊਨ ਦੌਰਾਨ 15 ਅਪਰੈਲ ਤੱਕ ਲਈ ਸਾਰੇ ਦੇਸ਼ਾਂ ਦੇ ਵੀਜ਼ੇ ਰੱਦ ਕਰ ਦਿੱਤੇ ਗਏ ਸਨ ਜਿਸ ਦੇ ਚੱਲਦੇ ਵਿਦੇਸ਼ੀ ਸੈਰ-ਸਪਾਟਾ ਉਦਯੋਗ ਡਾਵਾਂਡੋਲ ਹੋ ਗਿਆ ਇਸ ਨਾਲ ਕਮਾਈ ’ਤੇ ਵੀ ਅਸਰ ਪਿਆ ਜ਼ਿਕਰਯੋਗ ਹੈ ਕਿ ਇਸ ਖੇਤਰ ਵਿਚ 2 ਲੱਖ ਕਰੋੜ ਤੋਂ ਜ਼ਿਆਦਾ ਦੀ ਕਮਾਈ ਹਰ ਸਾਲ ਹੁੰਦੀ ਹੈ ਜਹਾਜ਼ੀ ਉਦਯੋਗ ਵੀ ਠੱਪ ਪੈ ਗਏ ਇਸ ਕਾਰੋਬਾਰ ਵਿਚ ਘੱਟੋ-ਘੱਟ 63 ਅਰਬ ਡਾਲਰ ਦੇ ਨੁਕਸਾਨ ਦੀ ਸੰਭਾਵਨਾ ਪ੍ਰਗਟ ਕੀਤੀ ਗਈ ਇਸ ਵਿਚ ਮਾਲ ਢੁਆਈ ਦੇ ਵਪਾਰ ਨੂੰ ਹੋਣ ਵਾਲਾ ਨੁਕਸਾਨ ਸ਼ਾਮਿਲ ਨਹੀਂ ਸੀ ਸੜਕੀ ਆਵਾਜਾਈ ਅਤੇ ਰੇਲ ਦਾ ਵੀ ਚੱਕਾ ਜਾਮ ਰਿਹਾ ਹਾਲੇ ਵੀ ਪਹਿਲਾਂ ਵਾਂਗ ਰੇਲਾਂ ਨਹੀਂ ਚੱਲ ਰਹੀਆਂ ਹਨ

ਜੋ ਅਰਥਵਿਵਸਥਾ ’ਤੇ ਭੈੜੀ ਮਾਰ ਹੈ ਆਟੋਮੋਬਾਇਲ ਉਦਯੋਗ ’ਤੇ ਵੀ ਇਸ ਦਾ ਖ਼ਤਰਾ ਬਕਾਇਦਾ ਦਿਸਿਆ ਭਾਰਤ ਦੇ ਇਸ ਖੇਤਰ ਵਿਚ ਲਗਭਗ ਪੌਣੇ ਚਾਰ ਕਰੋੜ ਲੋਕ ਕੰਮ ਕਰਦੇ ਹਨ ਕੋਰੋਨਾ ਦੇ ਵਿਆਪਕ ਅਸਰ ਨਾਲ ਇੱਥੇ ਵੀ ਅਰਥਵਿਵਸਥਾ ਅਤੇ ਰੁਜ਼ਗਾਰ ਦੋਵੇਂ ਖ਼ਤਰੇ ਵਿਚ ਚਲੇ ਗਏ ਸੰਸਾਰਿਕ ਪੱਧਰ ’ਤੇ ਚੀਨ ਇੱਕ-ਤਿਹਾਈ ਉਦਯੋਗਿਕ ਮੁੜ-ਨਿਰਮਾਣ ਕਰਦਾ ਹੈ ਇਹ ਦੁਨੀਆਂ ਦਾ ਸਭ ਤੋਂ ਵੱਡਾ ਨਿਰਯਾਤਕ ਹੈ ਵਾਇਰਸ ਦੇ ਚੱਲਦੇ ਅਰਥਵਿਵਸਥਾ ਦਾ ਸਾਹ ਲਗਾਤਾਰ ਉੱਖੜ ਰਿਹਾ ਸੀ ਜਿਸ ਵਿਚ ਚੀਨ, ਅਮਰੀਕਾ ਅਤੇ ਭਾਰਤ ਸਮੇਤ ਪੂਰੀ ਦੁਨੀਆਂ ਸ਼ਾਮਿਲ ਸੀ

ਇਸ ਵਾਇਰਸ ਨੇ ਸ਼ੇਅਰ ਮਾਰਕਿਟ ਵਿਚ ਵੀ ਵੱਡਾ ਨੁਕਸਾਨ ਕੀਤਾ ਹੈ ਇੱਥੇ ਇੱਕ ਦਿਨ ਦੇ ਅੰਦਰ 11 ਲੱਖ ਕਰੋੜ ਰੁਪਏ ਦਾ ਨੁਕਸਾਨ ਵੀ ਦੇਖਿਆ ਜਾ ਸਕਦਾ ਹੈ ਜੋ 2008 ਦੇ ਵਿੱਤੀ ਸੰਕਟ ਤੋਂ ਬਾਅਦ ਸਭ ਤੋਂ ਮਾੜਾ ਦੌਰ ਸੀ ਲਾਕਡਾਊਨ ਦੌਰਾਨ ਹਵਾਈ ਯਾਤਰਾ, ਸ਼ੇਅਰ ਬਜ਼ਾਰ, ਸੰਸਾਰਕ ਸਪਲਾਈ ਚੇਨਾਂ ਸਮੇਤ ਲਗਭਗ ਹਰ ਖੇਤਰ ਪ੍ਰਭਾਵਿਤ ਰਿਹਾ ਅਤੇ ਅਸਰ ਲਗਭਗ ਹਾਲੇ ਵੀ ਬਰਕਰਾਰ ਹੈ ਭਾਰਤ ਦੇ ਫਾਰਮਾਸਿਊਟੀਕਲ, ਇਲੈਕਟ੍ਰੀਕਲ ਅਤੇ ਆਟੋਮੋਬਾਇਲ ਉਦਯੋਗ ਨੂੰ ਵਿਆਪਕ ਆਰਥਿਕ ਨੁਕਸਾਨ ਝੱਲਣਾ ਪਿਆ ਹੈ ਪਰ ਜਦੋਂ ਦੇਸ਼ ਵੱਡੀ ਆਰਥਿਕ ਚੁਣੌਤੀ ਦਾ ਸਾਹਮਣਾ ਕਰ ਰਿਹਾ ਸੀ

ਉਦੋਂ ਜੂਨ ਵਿਚ ਇਹ ਵੀ ਖ਼ਬਰ ਮਿਲੀ ਕਿ ਭਾਰਤ ਦਾ ਵਿਦੇਸ਼ ਮੁਦਰਾ ਭੰਡਾਰ ਵਧ ਰਿਹਾ ਹੈ ਤਮਾਮ ਆਰਥਿਕ ਹਾਦਸਿਆਂ ਦੇ ਬਾਵਜ਼ੂਦ ਵਿਦੇਸ਼ੀ ਮੁਦਰਾ ਭੰਡਾਰ ਵਧ ਕੇ ਜੂਨ ਮਹੀਨੇ ਵਿਚ 50 ਹਜ਼ਾਰ ਕਰੋੜ ਦੇ ਲਗਭਗ ਪਹੁੰਚ ਜਾਣਾ ਸੁਖਦਾਈ ਹੀ ਸੀ ਜ਼ਿਕਰਯੋਗ ਹੈ ਕਿ ਮਈ ਵਿਚ ਵਿਦੇਸ਼ੀ ਮੁਦਰਾ ਭੰਡਾਰ ਵਿਚ 1240 ਕਰੋੜ ਡਾਲਰ ਦਾ ਉਛਾਲ ਆਇਆ ਅਤੇ ਮਹੀਨੇ ਦੇ ਅੰਤ ਤੱਕ ਇਹ 50 ਹਜ਼ਾਰ ਕਰੋੜ ਡਾਲਰ ਦੇ ਕੋਲ ਪਹੁੰਚ ਗਿਆ ਜਿਸ ਨੂੰ ਰੁਪਏ ਵਿਚ 37 ਲੱਖ ਕਰੋੜ ਤੋਂ ਜ਼ਿਆਦਾ ਕਹਿ ਸਕਦੇ ਹਾਂ

ਕੋਰੋਨਾ ਨੂੰ ਲੈ ਕੇ ਦੁਨੀਆਂ ਵਿਚ ਹਾਲੇ ਕਿਸੇ ਕੋਲ ਕੋਈ ਪੁਖ਼ਤਾ ਦਾਅਵਾ ਨਹੀਂ ਹੈ ਕਿ ਇਹ ਕਦੋਂ ਸਮਾਪਤ ਹੋਏਗਾ ਜ਼ਾਹਿਰ ਹੈ ਟੀਕਾ ਹੀ ਇਸ ਦਾ ਆਖ਼ਰੀ ਹੱਲ ਹੈ ਪਰ ਟੀਕੇ ਨੂੰ ਲੈ ਕੇ ਵੀ ਦਾਅਵਾ ਇੱਕ ਨਹੀਂ ਹੈ ਲੀਹੋਂ ਲੱਥ ਚੁੱਕੀ ਦੇਸ਼ ਦੀ ਅਰਥਵਿਵਸਥਾ ਅਤੇ ਲੋਕਾਂ ਦੇ ਹੱਥਾਂ ’ਚੋਂ ਖੁੱਸ ਚੁੱਕੇ ਰੁਜ਼ਗਾਰ ਨੇ ਪਹਿਲਾਂ ਤੋਂ ਚੱਲੀ ਆ ਰਹੀ ਸਮੱਸਿਆ ਨੂੰ ਚੌਗੁਣਾ ਕਰ ਦਿੱਤਾ ਹੈ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਪੜ੍ਹਾਈ ਦੀ ਲਗਾਤਾਰਤਾ ਵੀ ਹਾਲੇ ਵਿਕਸਿਤ ਨਹੀਂ ਹੋ ਸਕੀ ਹੈ

ਹਾਲਾਂਕਿ ਇਸ ਲਈ ਕੋਸ਼ਿਸ਼ਾਂ ਸਰਕਾਰੀ ਤੌਰ ’ਤੇ ਵੀ ਕੀਤੀਆਂ ਗਈਆਂ ਪਰ ਕੋਰੋਨਾ ਦੇ ਖੌਫ਼ ਤੋਂ ਇਹ ਮੁਕਤ ਨਹੀਂ ਹੋ ਸਕੇ ਹਨ ਸਾਫ਼ ਹੈ ਕੋਰੋਨਾ ਦਾ ਬਣੇ ਰਹਿਣਾ ਘਾਟੇ ਵਿਚ ਜਾ ਚੁੱਕੀ ਅਰਥਵਿਵਸਥਾ ਲਈ ਹਾਲੇ ਵੀ ਚੁਣੌਤੀ ਹੈ ਉਦਯੋਗ ਅਤੇ ਸੇਵਾ ਖੇਤਰ ਜਿਸ ਤਰ੍ਹਾਂ ਪ੍ਰਭਾਵਿਤ ਹੋਏ ਹਨ ਉਸ ਨਾਲ ਖੇਤੀ ਖੇਤਰ ਦੀ ਮਹੱਤਤਾ ਕਿਤੇ ਜ਼ਿਆਦਾ ਵਧੀ ਹੈ ਇਨ੍ਹੀਂ ਦਿਨੀਂ ਆਤਮ-ਨਿਰਭਰ ਭਾਰਤ ਦੀ ਭਾਵਨਾ ਪੈਦਾ ਕੀਤੀ ਜਾ ਰਹੀ ਹੈ ਵਿੱਤ ਮੰਤਰੀ ਨੇ ਆਤਮ-ਨਿਰਭਰ ਭਾਰਤ ਨੂੰ ਲੈ ਕੇ ਵੱਡੇ ਪੈਕੇਜ਼ ਦਾ ਵੀ ਐਲਾਨ ਕੀਤਾ ਅੰਕੜਿਆਂ ’ਤੇ ਨਜ਼ਰ ਮਾਰੀ ਜਾਵੇ ਤਾਂ ਕੋਰੋਨਾ ਕਾਲ ਵਿਚ ਕੁੱਲ ਮੁਦਰਿਕ ਅਤੇ ਵਿੱਤੀ ਪ੍ਰੋਤਸਾਹਨ ਦੀ ਰਾਸ਼ੀ ਲਗਭਗ 30 ਲੱਖ ਕਰੋੜ ਰੁਪਏ ਤੱਕ ਪਹੁੰਚ ਗਈ ਹੈ ਜੋ ਜੀਡੀਪੀ ਦਾ 15 ਫੀਸਦੀ ਹੈ ਅਤੇ ਕਿਸੇ ਵੀ ਸਾਲ ਦੇ ਇੱਕ ਬਜਟ ਦੇ ਬਰਾਬਰ ਹੈ

ਵਨ ਨੇਸ਼ਨ, ਵਨ ਟੈਕਸ ਵਾਲਾ ਜੀਐਸਟੀ ਵੀ ਕੋਰੋਨਾ ਦੀ ਲਪੇਟ ਵਿਚ ਬੁਰੀ ਤਰ੍ਹਾਂ ਡੋਲ ਗਿਆ ਲਾਕਡਾਊਨ ਦੌਰਾਨ ਜਿਸ ਜੀਐਸਟੀ ਨਾਲ ਮਹੀਨੇ ਭਰ ਵਿਚ ਇੱਕ ਲੱਖ ਕਰੋੜ ਤੋਂ ਜ਼ਿਆਦਾ ਵੀ ਵਸੂਲੀ ਹੋ ਜਾਂਦੀ ਸੀ, ਉੱਥੇ ਵਿੱਤ ਮੰਤਰਾਲੇ ਦੇ ਅੰਕੜਿਆਂ ਨੂੰ ਦੇਖੀਏ ਤਾਂ ਅਪਰੈਲ ਵਿਚ ਸਿਰਫ਼ 32 ਹਜ਼ਾਰ ਕਰੋੜ ਰੁਪਏ ਦਾ ਮਾਲੀਆ ਇਕੱਠਾ ਹੋਇਆ ਤੇ ਮਈ ਵਿਚ ਇਹ 62 ਹਜ਼ਾਰ ਕਰੋੜ ਹੋਇਆ ਜਦੋਂਕਿ ਜੂਨ ਵਿਚ 40 ਹਜ਼ਾਰ ਕਰੋੜ ਰੁਪਇਆ ਇਕੱਠਾ ਹੋਇਆ ਦੇਖਿਆ ਜਾ ਸਕਦਾ ਹੈ ਜੋ ਪਿਛਲੇ ਸਾਲ ਦੇ ਮੁਕਾਬਲੇ ਅੱੱਧੇ ਤੋਂ ਘੱਟ ਅਤੇ ਕਿਤੇ-ਕਿਤੇ ਤਾਂ ਇੱਕ-ਤਿਹਾਈ ਹੀ ਇਕੱਠਾ ਹੋਇਆ ਹੈ ਹਾਲਾਂਕਿ ਇਸ ਤੋਂ ਬਾਅਦ ਜੀਐਸਟੀ ਦੀ ਕਲੈਕਸ਼ਨ ਲਗਾਤਾਰ ਵਧੀ ਹੈ ਅਤੇ ਕੁਝ ਮਹੀਨਿਆਂ ਵਿਚ ਤਾਂ ਇਹ ਅੰਕੜਾ ਇੱਕ ਲੱਖ ਕਰੋੜ ਨੂੰ ਪਾਰ ਕੀਤਾ ਹੈ ਬਾਵਜ਼ੂਦ ਇਸ ਦੇ ਸੂਬਿਆਂ ਨੂੰ ਜੀਐਸਟੀ ਦਾ ਬਕਾਇਆ ਦੇਣ ਦੇ ਮਾਮਲੇ ਵਿਚ ਕੇਂਦਰ ਸਰਕਾਰ ਦੀ ਔਖਿਆਈ ਬਰਕਰਾਰ ਰਹੀ

ਕੋਵਿਡ-19 ਦੇ ਚੱਲਦੇ ਆਰਬੀਆਈ ਵੀ ਚਿੰਤਾ ਵਿਚ ਗਈ, ਉਸਦੀ ਇਹ ਸਲਾਹ ਕਿ ਅਰਥਵਿਵਸਥਾ ’ਤੇ ਇਸ ਸੰਕਰਾਮਕ ਬਿਮਾਰੀ ਦੇ ਪ੍ਰਸਾਰ ਦੇ ਆਰਥਿਕ ਅਸਰ ਤੋਂ ਨਿੱਕਲਣ ਲਈ ਯੋਜਨਾ ਤਿਆਰ ਰੱਖਣੀ ਚਾਹੀਦੀ ਹੈ, ਸਮੱਸਿਆ ਦੀ ਗੰਭੀਰਤਾ ਨੂੰ ਦਰਸ਼ਾਉਂਦਾ ਹੈ ਕੋਰੋਨਾ ਵਾਇਰਸ ਦਾ ਸੰਸਾਰਿਕ ਅਰਥਵਿਵਸਥਾ ’ਤੇ ਅਸਰ 2003 ਵਿਚ ਫੈਲੇ ਸਾਰਸ ਦੇ ਮੁਕਾਬਲੇ ਜ਼ਿਆਦਾ ਹੈ ਸਾਰਸ ਦੇ ਸਮੇਂ ਚੀਨ ਛੇਵੀਂ ਸਭ ਤੋਂ ਵੱਡੀ ਅਰਥਵਿਵਸਥਾ ਵਾਲਾ ਦੇਸ਼ ਸੀ ਜਿੱਥੇ ਲਗਭਗ ਹੁਣ ਭਾਰਤ ਹੈ ਅਤੇ ਉਸ ਦਾ ਸੰਸਾਰਿਕ ਜੀਡੀਪੀ ਵਿਚ ਯੋਗਦਾਨ 4.2 ਸੀ ਜਦੋਂ ਕੋਰੋਨਾ ਦੇ ਸਮੇਂ ਵਿਚ ਉਹ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਹੈ ਅਤੇ ਸੰਸਾਰਿਕ ਜੀਡੀਪੀ ਵਿਚ ਯੋਗਦਾਨ 16.3 ਫੀਸਦੀ ਹੈ ਜ਼ਿਕਰਯੋਗ ਹੈ ਕਿ ਅਮਰੀਕਾ 19 ਟ੍ਰਿਲੀਅਨ ਡਾਲਰ ਨਾਲ ਦੁਨੀਆਂ ਦੀ ਪਹਿਲੀ ਅਰਥਵਿਵਸਥਾ ਹੈ ਜਦੋਂਕਿ ਭਾਰਤ ਮੁਸ਼ਕਲ ਨਾਲ 3 ਟ੍ਰਿਲੀਅਨ ਡਾਲਰ ਨਾਲ ਮੁਕਾਬਲਤਨ ਬਹੁਤ ਪਿੱਛੇ ਹੈ ਕੋਰੋਨਾ ਦੇ ਚੱਲਦੇ ਬੁਨਿਆਦੀ ਜੀਵਨ ਤਬਾਹ ਹੋਇਆ ਹੈ ਅਤੇ ਹਾਲੇ ਇਸ ਤੋਂ ਉੱਭਰਨ ਵਿਚ ਬਹੁਤ ਸਮਾਂ ਲੱਗੇਗਾ
ਡਾ. ਸੁਸ਼ੀਲ ਕੁਮਾਰ ਸਿੰਘ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.