ਭਿਆਨਕ ਸੜਕ ਹਾਦਸੇ ਵਿੱਚ 5 ਵਿਅਕਤੀ ਜਿਉਂਦੇ ਸੜੇ

0
35

ਕਾਰ ਤੇ ਟੈਂਕਰ ਦੀ ਟੱਕਰ ਹੋਣ ਕਾਰਨ ਵਾਪਰਿਆ ਹਾਦਸਾ

ਸੰਗਰੂਰ, (ਨਰੇਸ਼ ਕੁਮਾਰ) ਸੰਗਰੂਰ ਨੇੜੇ ਵਾਪਰੇ ਇੱਕ ਦਿਲ ਕੰਬਾਊ ਹਾਦਸੇ ਵਿੱਚ ਪੰਜ ਜਣਿਆਂ ਦੀ ਜਿਉਂਦਿਆਂ ਸੜਨ ਕਾਰਨ ਮੌਤ ਹੋ ਗਈ ਹੈ ਇਹ ਹਾਦਸਾ ਸੰਗਰੂਰ-ਸੁਨਾਮ ਬਾਈਪਾਸ ‘ਤੇ ਕਾਰ ਅਤੇ ਟੈਂਕਰ ਦਰਮਿਆਨ ਵਾਪਰਿਆ ਮਰਨ ਵਾਲੇ ਵਿਅਕਤੀ ਮੋਗਾ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ
ਹਾਸਲ ਜਾਣਕਾਰੀ ਮੁਤਾਬਕ ਬੀਤੀ ਰਾਤ ਬਾਰ੍ਹਾਂ ਵਜੇ ਦੇ ਕਰੀਬ ਇੱਕ ਕਾਰ ਵਿੱਚ ਸਵਾਰ ਹੋ ਕੇ 5 ਵਿਅਕਤੀ ਦਿੜ੍ਹਬਾ ਤੋਂ ਇੱਕ ਸਮਾਰੋਹ ਵਿੱਚ ਸ਼ਾਮਿਲ ਹੋ ਕੇ ਮੋਗੇ ਵਾਪਿਸ ਜਾ ਰਹੇ ਸਨ ਕਿ ਜਿਉਂ ਹੀ ਇਨ੍ਹਾਂ ਦੀ ਕਾਰ ਸੰਗਰੂਰ ਬਾਈਪਾਸ ‘ਤੇ ਸੁਨਾਮ ਰੋਡ’ ਤੇ ਪਹੁੰਚੀ ਤਾਂ ਕਾਰ ਤੇਲ ਵਾਲੇ ਇੱਕ ਟੈਂਕਰ ਨਾਲ ਟਕਰਾ ਗਈ

ਦੱਸਣ ਵਾਲਿਆਂ ਮੁਤਾਬਕ ਟਰੱਕ ਦੀ ਤੇਲ ਵਾਲੀ ਟੈਂਕੀ ਟੁੱਟ ਕੇ ਕਾਰ ਨਾਲ ਫਸਣ ਕਾਰਨ ਕਾਰ ਦੇ ਉਪਰ ਤੇਲ ਪੈ ਗਿਆ ਅਤੇ ਰਗੜ ਨਾਲ ਗੱਡੀ ਨੂੰ ਅੱਗ ਲੱਗ ਗਈ ਕਾਰ ਸਵਾਰ ਬਾਹਰ ਨਿੱਕਲਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਉਹ ਅਸਫਲ ਸਾਬਿਤ ਹੋਏ ਅਤੇ ਅੱਗ ਦੀਆਂ ਤੇਜ਼ ਲਪਟਾਂ ਨਾਲ ਘਿਰੇ ਚੀਕ-ਚਿਹਾੜਾ ਪਾਉਂਦੇ ਅੰਦਰ ਹੀ ਸੜ ਗਏ ਇਸ ਹਾਦਸੇ ਦਾ ਜਦੋਂ ਲੋਕਾਂ ਨੂੰ ਪਤਾ ਲੱਗਿਆ ਉਦੋਂ ਤੱਕ ਗੱਡੀ ਪੂਰੀ ਤਰ੍ਹਾਂ ਸੜ ਚੁੱਕੀ ਸੀ ਅਤੇ ਗੱਡੀ ਦੇ ਅੰਦਰ ਬੈਠੇ 5 ਜਣੇ ਬੁਰੀ ਤਰ੍ਹਾਂ ਸੜ ਕੇ ਮਰ ਚੁੱਕੇ ਸਨ

ਇਸ ਪਿੱਛੋਂ ਪੁਲਿਸ ਦੀ ਟੀਮ ਘਟਨਾ ਸਥਾਨ ‘ਤੇ ਪਹੁੰਚੀ ਅਤੇ ਗੱਡੀ ਨੂੰ ਕਟਰ ਨਾਲ ਕੱਟ ਕੇ ਉਨ੍ਹਾਂ ਦੀਆਂ ਬੁਰੀ ਤਰ੍ਹਾਂ ਸੜ ਚੁੱਕੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਪੁਲਿਸ ਅਨੁਸਾਰ ਮ੍ਰਿਤਕਾਂ ਵਿੱਚ ਬਲਵਿੰਦਰ ਸਿੰਘ ਵਾਸੀ ਧੱਲੇਕੇ ਮੋਗਾ, ਡਾ. ਕੁਲਤਾਰ ਸਿੰਘ ਵਾਸੀ ਮੋਗਾ, ਕੈਪਟਨ ਸੁਖਮਿੰਦਰ ਸਿੰਘ ਵਾਸੀ ਮੋਗਾ, ਸੁਰਿੰਦਰ ਸਿੰਘ ਵਾਸੀ ਰਾਮੂਵਾਲੀਆ, ਚਮਕੌਰ ਸਿੰਘ ਵਾਸੀ ਮੋਗਾ ਸ਼ਾਮਲ ਹਨ ਇਸ ਘਟਨਾ ਤੋਂ ਬਾਅਦ ਕੈਂਟਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਥਾਣਾ ਸਦਰ ਸੰਗਰੂਰ ਦੇ ਮੁਖੀ ਨੇ ਗੱਲਬਾਤ ਦੌਰਾਨ ਦੱਸਿਆ ਕਿ ਇਸ ਸਬੰਧੀ ਟੈਂਕਰ ਦੇ ਡਰਾਇਵਰ ਖਿਲਾਫ਼ ਧਾਰਾ 279, 427, 304 ਏ ਆਈ.ਪੀ.ਸੀ. ਤਹਿਤ ਪਰਚਾ ਦਰਜ਼ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.