ਅਜ਼ਾਦੀ ਦੇ 73 ਸਾਲ ਬਨਾਮ ਦੇਸ਼ ਦੇ ਹਾਲ!

0
21

ਅਜ਼ਾਦੀ ਦੇ 73 ਸਾਲ ਬਨਾਮ ਦੇਸ਼ ਦੇ ਹਾਲ!

ਕੋਰੋਨਾ ਵਾਇਰਸ ਕਾਰਨ ਪੂਰੇ ਵਿਸ਼ਵ ਵਿੱਚ ਹਾਹਾਕਾਰ ਮੱਚੀ ਹੋਈ ਹੈ। ਜਿਸ ਕਾਰਨ ਦੇਸ਼ ਦਾ ਅਰਥਚਾਰਾ ਤੱਕ ਡਗਮਗਾ ਗਿਆ ਹੈ। ਹੁਣ ਬਾਹਰਲੇ ਮੁਲਕਾਂ ਵਿੱਚ ਕਰੋਨਾ ਦਾ ਦੂਜਾ ਰੂਪ ਸਾਹਮਣੇ ਆ ਰਿਹਾ ਹੈ। ਕੋਵਿਡ-19 ਮਹਾਂਮਾਰੀ ਦੇ ਬਾਵਜੂਦ ਕਿਸਾਨ ਦੇਸ਼ ਵਿਚ ਕੇਂਦਰ ਸਰਕਾਰ ਦੀਆਂ ਮਾਰੂ ਨੀਤੀਆਂ, ਫੈਸਲਿਆਂ ਵਿਰੁੱਧ ਅੰਦੋਲਨ ਕਰ ਰਹੇ ਹਨ। ਤਕਰੀਬਨ 1 ਅਕਤੂਬਰ ਤੋਂ ਪੰਜਾਬ ’ਚ ਅਣਮਿੱਥੇ ਸਮੇਂ ਲਈ ਰੇਲ ਰੋਕੋ ਅੰਦੋਲਨ ਸ਼ੁਰੂ ਕੀਤਾ ਗਿਆ ਸੀ। ਅੱਜ ਦੇਸ਼ ਦਾ ਅੰਨਦਾਤਾ ਕਹਿ ਰਿਹਾ ਹੈ ਕਿ ਇਹ ਕਾਨੂੰਨ ਉਨ੍ਹਾਂ ਨੂੰ ਬਰਬਾਦ ਕਰ ਦੇਣਗੇ ਅਤੇ ਸਰਕਾਰ ਵਾਰ-ਵਾਰ ਕਹਿ ਰਹੀ ਹੈ ਕਿ ਇਨ੍ਹਾਂ ਕਾਨੂੰਨਾਂ ਨਾਲ ਕਿਸਾਨਾਂ ਦੀ ਆਰਥਿਕ ਸਥਿਤੀ ਸੁਧਰੇਗੀ। ਵਿਚਾਰਨ ਵਾਲੀ ਗੱਲ ਹੈ ਕਿ ਜੇ ਕਿਸਾਨਾਂ ਦੀ ਆਮਦਨ ਦੁੱਗਣੀ ਹੋਵੇਗੀ, ਤਾਂ ਫਿਰ ਦੇਸ਼ ਦਾ ਅੰਨਦਾਤਾ ਅੱਜ ਸੰਘਰਸ਼ ਦੇ ਰਾਹ ਕਿਉਂ ਪੈ ਗਿਆ ਹੈ?

ਪਿੱਛੇ 26-27 ਨਵੰਬਰ ਨੂੰ ਕਿਸਾਨਾਂ ਨੇ ਦਿੱਲੀ ਵੱਲ ਕੂਚ ਕੀਤਾ। ਤਕਰੀਬਨ ਹਰ ਵਰਗ ਵੱਲੋਂ ਕਿਸਾਨਾਂ ਦਾ ਸਮੱਰਥਨ ਕੀਤਾ ਗਿਆ। ਅੰਦੋਲਨਕਾਰੀ ਪੰਜਾਬ ਦੇ ਕਿਸਾਨਾਂ ਨੂੰ ਦੇਖਦੇ ਹੋਏ ਰਾਜਸਥਾਨ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਬਿਹਾਰ ਦੇ ਕਿਸਾਨਾਂ ਨੇ ਵੀ ਇਸ ਅੰਦੋਲਨ ’ਚ ਆਪਣਾ ਯੋਗਦਾਨ ਦੇਣਾ ਸ਼ੁਰੂ ਕੀਤਾ। ਕਿਸਾਨਾਂ ਨੇ ਦਿੱਲੀ ਘੇਰਨ ਦੀ ਜੋ ਯੋਜਨਾ ਤਿਆਰ ਕੀਤੀ, ਉਹ ਕਾਮਯਾਬ ਹੁੰਦੀ ਨਜ਼ਰ ਆ ਰਹੀ ਹੈ। ਸਰਕਾਰ ਦੀ ਕਿਸਾਨ ਜਥੇਬੰਦੀਆਂ ਨਾਲ ਤਕਰੀਬਨ ਅੱਠ ਮੀਟਿੰਗਾਂ ਹੋਈਆਂ, ਜੋ ਬੇਸਿੱਟਾ ਹੀ ਰਹੀਆਂ ਹਨ।

ਕਿਸਾਨਾਂ ਨੂੰ ਮੰਡੀਆਂ ਖਤਮ ਹੋਣ ਦਾ ਵੀ ਡਰ ਹੈ ਜਿਸ ਕਾਰਨ ਉਨ੍ਹਾਂ ਨੂੰ ਲੱਗ ਰਿਹਾ ਹੈ ਕਿ ਉਨ੍ਹਾਂ ਨੂੰ ਫਸਲ ਦਾ ਘੱਟੋ-ਘੱਟ ਸਮੱਰਥਨ ਮੁੱਲ ਵੀ ਨਹੀਂ ਮਿਲ ਸਕੇਗਾ। ਕਿਉਂਕਿ ਨਿੱਜੀ ਕੰਪਨੀਆਂ ਮਨਮਰਜ਼ੀ ਦਾ ਭਾਅ ਲਾਉਣਗੀਆਂ। ਹਾਲਾਂਕਿ ਕੇਂਦਰ ਸਰਕਾਰ ਕਹਿ ਰਹੀ ਹੈ ਕਿ ਐਮਐੱਸਪੀ ਖਤਮ ਨਹੀਂ ਹੋਵੇਗਾ। ਹੁਣ ਦੁਬਾਰਾ ਕਿਸਾਨਾਂ ਨੂੰ ਮੀਟਿੰਗ ਲਈ ਸੱਦਿਆ ਜਾ ਰਿਹਾ ਹੈ। ਕੇਂਦਰ ਸਰਕਾਰ ਨੂੰ ਕਥਿਤ ਖੇਤੀ ਵਿਰੋਧੀ ਕਾਨੂੰਨ ਬਣਾਉਣ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਕਰਨੀ ਚਾਹੀਦੀ ਸੀ। ਕੇਂਦਰ ਸਰਕਾਰ ਕਿਸਾਨਾਂ ਦੇ ਸ਼ੰਕੇ ਕਿਉਂ ਦੂਰ ਨਹੀਂ ਕਰਦੀ?

ਅੱਜ ਪੰਜਾਬ ਦਾ ਕਿਸਾਨ ਖੁਦਕੁਸ਼ੀਆਂ ਦੇ ਰਾਹ ਪੈ ਗਿਆ ਹੈ। ਕਰਜ਼ੇ ਦੀ ਪੰਡ ਇੰਨੀ ਭਾਰੀ ਹੋ ਚੁੱਕੀ ਹੈ, ਕਿ ਉਸਨੂੰ ਹੋਰ ਕੁਝ ਵੀ ਨਹੀਂ ਦਿਸਦਾ। ਜੇ ਇਹ ਨਵੇਂ ਖੇਤੀ ਕਾਨੂੰਨ ਲਾਗੂ ਹੋ ਜਾਂਦੇ ਹਨ ਤਾਂ ਦੇਸ਼ ਵਿੱਚ ਹੋਰ ਵੀ ਜ਼ਿਆਦਾ ਖੁਦਕੁਸ਼ੀਆਂ ਹੋਣਗੀਆਂ। ਵਧੀਆ ਫ਼ਸਲ ਲਈ ਪਹਿਲਾਂ ਤਾਂ ਕਿਸਾਨ ਮਹਿੰਗੇ ਰਸਾਇਣਕ ਤੇ ਬੀਜਾਂ ਲਈ ਬੈਂਕ ਤੋਂ ਕਰਜ਼ਾ ਲੈਂਦੇ ਹਨ। ਫਿਰ ਜੇ ਫ਼ਸਲ ਦੀ ਚੰਗੀ ਕੀਮਤ ਨਾ ਮਿਲੇ, ਫਿਰ ਉਸ ਨੂੰ ਖੁਦਕੁਸ਼ੀ ਦਾ ਰਾਹ ਚੁਣਨਾ ਪੈਂਦਾ ਹੈ।

ਜਿਵੇਂ ਤਾਲਾਬੰਦੀ ਵਿੱਚ ਛੋਟ ਦਿੱਤੀ ਗਈ, ਮਹਿੰਗਾਈ ਵਧਦੀ ਗਈ। ਕੋਰੋਨਾ ਮਹਾਂਮਾਰੀ ਨੇ ਆਰਥਿਕਤਾ ਨੂੰ ਨਪੀੜਿਆ ਹੈ। ਰੋਟੀ, ਕੱਪੜਾ ਅਤੇ ਮਕਾਨ ਹਰ ਆਦਮੀ ਦੀਆਂ ਬੁਨਿਆਦੀ ਜ਼ਰੂਰਤਾਂ ਹਨ। ਹਾਲ ਹੀ ਵਿੱਚ ਨਸ਼ਰ ਹੋਈ ਇੱਕ ਰਿਪੋਰਟ ਮੁਤਾਬਕ ਪੰਜਾਬ ਦਾ ਪਾਣੀ ਪੀਣ ਯੋਗ ਨਹੀਂ ਰਿਹਾ ਹੈ। 40 ਫੀਸਦੀ ਪਾਣੀ ਖਰਾਬ ਹੋ ਚੁੱਕਾ ਹੈ। ਪੰਜਾਬ ਦੇ ਕਈ ਜਿਲ੍ਹੇ ਕੈਂਸਰ ਦੀ ਮਾਰ ਹੇਠ ਹਨ। ਜੇ ਸਮਾਂ ਰਹਿੰਦਿਆਂ ਕੋਈ ਠੋਸ ਨੀਤੀ ਨਾ ਅਪਣਾਈ ਗਈ, ਤਾਂ ਜਲਦੀ ਹੀ ਪੂਰਾ ਪੰਜਾਬ ਕੈਂਸਰ ਨਾਲ ਪ੍ਰਭਾਵਿਤ ਹੋ ਜਾਵੇਗਾ। ਅੱਜ ਬੇਰੁਜ਼ਗਾਰੀ ਕਾਰਨ ਪੰਜਾਬ ਖਾਲੀ ਹੋਣ ਲੱਗਾ ਹੈ। ਪੰਜਾਬ ਵਿੱਚ ਹਰ ਸਾਲ ਵਿਦੇਸ਼ਾਂ ਵਿਚ ਪੜ੍ਹਾਈ ਕਰਨ ਲਈ ਨੌਜਵਾਨ 27 ਹਜ਼ਾਰ ਕਰੋੜ ਰੁਪਏ ਖਰਚ ਕਰ ਰਹੇ ਹਨ। ਹਰ ਸਾਲ ਲੱਖਾਂ ਨੌਜਵਾਨਾਂ ਦਾ ਵਿਦੇਸ਼ ਜਾਣਾ ਖਤਰੇ ਦੀ ਘੰਟੀ ਹੈ।

ਜੇ ਇਹ ਸਿਲਸਿਲਾ ਚੱਲਦਾ ਰਿਹਾ ਤਾਂ ਪੰਜਾਬ ਇੱਕ ਦਿਨ ਖਾਲੀ ਹੋ ਜਾਏਗਾ। ਪੰਜਾਬ ਵਿੱਚ ਨਸ਼Çਆਂ ਦਾ ਛੇਵਾਂ ਦਰਿਆ ਵਗ ਰਿਹਾ ਹੈ। ਨੌਜਵਾਨ ਨਸ਼ੇ ਦੀ ਭੇਟ ਚੜ੍ਹ ਰਹੇ ਹਨ। ਡਿਗਰੀਆਂ ਹੱਥਾਂ ਵਿੱਚ ਫੜੀ, ਨੌਕਰੀ ਦੀ ਪ੍ਰੇਸ਼ਾਨੀ, ਮਾਪਿਆਂ ਦੀਆਂ ਉਮੀਦਾਂ ’ਤੇ ਖ਼ਰਾ ਨਾ ਉੱਤਰਨਾ ਨਸ਼ੇ ਨੂੰ ਗ੍ਰਹਿਣ ਕਰਨ ਦਾ ਵੱਡਾ ਕਾਰਨ ਹੈ। ਘਰਾਂ ਦੇ ਚਿਰਾਗ ਦੇ ਚਿਰਾਗ ਬੁਝ ਚੁੱਕੇ ਹਨ। ਆਵਾਰਾ ਕੁੱਤਿਆਂ ਦੀ ਸਮੱਸਿਆ ਇੰਨੀ ਵੱਧ ਚੁੱਕੀ ਹੈ ਕਿ ਹਰ ਕੋਈ ਆਪਣੇ-ਆਪ ਨੂੰ ਅਸੁਰੱਖਿਅਤ ਮਹਿਸੂਸ ਕਰਦਾ ਹੈ। ਹਾਲਾਂਕਿ ਸਰਕਾਰ ਨੇ ਕੁੱਤੇ ਮਾਰਨ ’ਤੇ ਪਾਬੰਦੀ ਲਾ ਦਿੱਤੀ ਸੀ।

ਪਰ ਆਵਾਰਾ ਕੁੱਤਿਆਂ ਦੀ ਸਮੱਸਿਆ ਦੇ ਹੱਲ ਲਈ ਕੋਈ ਠੋਸ ਨੀਤੀ ਨਹੀਂ ਬਣੀ ਹੈ। ਆਵਾਰਾ ਪਸ਼ੂਆਂ ਨੇ ਤਾਂ ਕਿਸਾਨਾਂ ਦੀਆਂ ਫਸਲਾਂ ਬਰਬਾਦ ਕਰ ਦਿੱਤੀਆਂ ਹਨ। ਪਿੰਡਾਂ ਵਿੱਚ ਤਾਂ ਕਿਸਾਨਾਂ ਦੀਆਂ ਫਸਲਾਂ ਦਾ ਇਹ ਅਵਾਰਾ ਪਸ਼ੂ ਉਜਾੜਾ ਕਰ ਹੀ ਰਹੇ ਹਨ ਆਏ ਦਿਨ ਕਿਸਾਨ ਧਰਨੇ ਲਾ ਕੇ ਡੀਸੀ ਦਫ਼ਤਰਾਂ ਤੇ ਮੰਤਰੀਆਂ ਦੀ ਕੋਠੀਆਂ ਦੇ ਮੂਹਰੇ ਬੈਠਦੇ ਹਨ। ਪਹਿਲਾਂ ਤਾਂ ਲੋਕ ਇਨ੍ਹਾਂ ਪਸ਼ੂਆਂ ਦਾ ਦੁੱਧ ਪੀਂਦੇ ਹਨ। ਜਦੋਂ ਇਹ ਪਸ਼ੂ ਦੁੱਧ ਦੇਣ ਤੋਂ ਹਟ ਜਾਂਦੇ ਹਨ ਤਾਂ ਲੋਕ ਇਨ੍ਹਾਂ ਨੂੰ ਸ਼ਹਿਰਾਂ ਵੱਲ ਛੱਡ ਦਿੰਦੇ ਹਨ ।ਜਿਸ ਕਰਕੇ ਸ਼ਹਿਰਾਂ ਵਿਚ ਹਾਦਸਿਆਂ ਦਾ ਕਾਰਨ ਬਣਦੇ ਹਨ। ਅੱਜ ਪੰਜਾਬ ਦੇ ਲੋਕਾਂਂ ਨੂੰ ਇਨ੍ਹਾਂ ਸਮੱਸਿਆਵਾਂ ’ਚੋਂ ਨਿੱਕਲਣ ਲਈ ਕੋਈ ਹੱਲ ਨਹੀਂ ਲੱਭ ਰਿਹਾ। ਸਰਕਾਰਾਂ ਨੂੰ ਇਨ੍ਹਾਂ ਸਮੱਸਿਆਵਾਂ ਦਾ ਹੱਲ ਕਰਨ ਲਈ ਲੋਕ-ਪੱਖੀ ਨੀਤੀਆਂ ਬਣਾਉਣ ਦੀ ਸਖਤ ਲੋੜ ਹੈ।
ਮੋਹਾਲੀ
ਸੰਜੀਵ ਸਿੰਘ ਸੈਣੀ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.