ਇੱਕ ਮਹੀਨੇ ਪਿੱਛੋਂ ਹਜ਼ਾਰਾਂ ਕਿਸਾਨਾਂ ਨੇ ਮੁੜ ਖਨੌਰੀ ਬਾਰਡਰ ਰਾਹੀਂ ਦਿੱਲੀ ਕੂਚ ਕੀਤਾ

0
2

ਕਿਸਾਨਾਂ ਵਿੱਚ ਇਕ ਮਹੀਨੇ ਪਹਿਲਾਂ ਵਾਲਾ ਜ਼ੋਸ਼ ਨਜ਼ਰ ਆਇਆ

ਹਰਿਆਣਾ ਪੁਲਿਸ ਨੇ ਨਹੀਂ ਲਾਈਆਂ ਰੋਕਾਂ, ਅੱਜ ਕਾਫ਼ਲਾ ਪੁੱਜੇਗਾ ਜੀਂਦ

ਸੰਗਰੂਰ, (ਗੁਰਪ੍ਰੀਤ ਸਿੰਘ) ਕੇਂਦਰ ਦੇ ਖੇਤੀ ਕਾਨੂੰਨਾਂ ਖਿਲਾਫ਼ ਚੱਲ ਰਹੇ ਅੰਦੋਲਨ ਤਹਿਤ ਇੱਕ ਮਹੀਨੇ ਬਾਅਦ ਅੱਜ ਮੁੜ ਹਜ਼ਾਰਾਂ ਕਿਸਾਨਾਂ ਨੇ ਆਪੋ-ਆਪਣੇ ਵਾਹਨਾਂ ਰਾਹੀਂ ਖਨੌਰੀ ਬਾਰਡਰ ਰਾਹੀਂ ਦਿੱਲੀ ਕੂਚ ਕੀਤਾ ਅੱਜ ਆਪ-ਮੁਹਾਰੇ ਹਜ਼ਾਰਾਂ ਕਿਸਾਨਾਂ ਨੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਵਿੱਚ ਆਪੋ ਆਪਣੀਆਂ ਕਾਰਾਂ, ਜੀਪਾਂ, ਟਰੈਕਟਰ ਟਰਾਲੀਆਂ, ਬੱਸਾਂ ਤੇ ਟਰੱਕਾਂ ਰਾਹੀਂ ਦਿੱਲੀ ਨੂੰ ਚਾਲੇ ਪਾਏ ਕਿਸਾਨਾਂ ’ਚ ਉਹੋ ਜੋਸ਼ ਨਜ਼ਰ ਆ ਰਿਹਾ ਸੀ ਜਿਹੜਾ 26 ਨਵੰਬਰ ਨੂੰ ਪਹਿਲੇ ਦਿਨ ਵੇਲੇ ਸੀ ਜਦੋਂ ਕਿਸਾਨ ਖਨੌਰੀ ਬਾਰਡਰ ’ਤੇ ਹਰਿਆਣਾ ਪੁਲਿਸ ਵੱਲੋਂ ਲਾਏ ਬੈਰੀਕੇਡ ਤੋੜ ਕੇ ਦਿੱਲੀ ਵੱਲ ਵਧੇ ਸਨ ਅੱਜ ਹਾਲਾਤ ਬਦਲੇ ਹੋਏ ਨਜ਼ਰ ਆਏ ਕਿਸਾਨਾਂ ਦਾ ਜੋਸ਼ ਭਾਵੇਂ ਉਹੀ ਸੀ ਪਰ ਹਰਿਆਣਾ ਪੁਲਿਸ ਵੱਲੋਂ ਕੋਈ ਬੈਰੀਕੇਡ ਨਹੀਂ ਸੀ ਲਾਏ ਗਏ ਅਤੇ ਨਾ ਹੀ ਹਰਿਆਣਾ ਪੁਲਿਸ ਬਾਰਡਰ ਦੇ ਨੇੜੇ ਤੋੜੇ ਵੀ ਦਿਖੀ ਨਹੀਂ

ਮੌਕੇ ’ਤੇ ਹਾਸਲ ਜਾਣਕਾਰੀ ਮੁਤਾਬਕ ਅੱਜ ਲਗਭਗ 15 ਤੋਂ 20 ਹਜ਼ਾਰ ਕਿਸਾਨਾਂ ਦਾ ਜਥਾ ਖਨੌਰੀ ਬਾਰਡਰ ਰਾਹੀਂ ਦਿੱਲੀ ਵਿਖੇ ਰਵਾਨਾ ਹੋਇਆ ਇਹ ਕਾਫ਼ਲਾ ਹਰਿਆਣਾ ਦੇ ਪਿੰਡਾਂ ਵਿੱਚੋਂ ਦੀ ਹੁੰਦਾ ਹੋਇਆ ਅੱਜ ਰਾਤ ਜੀਂਦ ਰੁਕੇਗਾ ਅਤੇ ਸਵੇਰ ਹੋਣ ਚਾਰ ਦਿੱਲੀ ਦੇ ਟਿੱਕਰੀ ਬਾਰਡਰ ਲਈ ਚਾਲੇ ਪਾਵੇਗਾ ਇਹ ਕਾਫ਼ਲਾ ਹਰਿਆਣਾ ਦੇ ਪਿੰਡਾਂ ਵਿੱਚੋਂ ਜਾਗ੍ਰਿਤੀ ਯਾਤਰਾ ਕੱਢੇਗਾ ਅਤੇ ਹਰਿਆਣਾ ਦੇ ਕਿਸਾਨਾਂ ਨੂੰ ਦਿੱਲੀ ਜਾਣ ਲਈ ਅਪੀਲ ਕਰੇਗਾ

ਕਾਫ਼ਲੇ ਵਿੱਚ ਮੌਜ਼ੂਦ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਜਗਤਾਰ ਸਿੰਘ ਕਾਲਾਝਾੜ ਨੇ ਦੱਸਿਆ ਕਿ ਅੱਜ ਲੁਧਿਆਣਾ, ਪਟਿਆਲਾ, ਸੰਗਰੂਰ, ਬਰਨਾਲਾ ਤੇ ਮੋਗਾ ਜ਼ਿਲਿ੍ਹਆਂ ਦੇ ਕਿਸਾਨ ਸ਼ਾਮਿਲ ਹਨ ਜਿਨ੍ਹਾਂ ਦੀ ਗਿਣਤੀ 15 ਹਜ਼ਾਰ ਤੋਂ ਜ਼ਿਆਦਾ ਹੈ ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਹਰ ਮੋਰਚੇ ਤੇ ਕੇਂਦਰ ਸਰਕਾਰ ਤੇ ਉਸ ਦੀਆਂ ਸਹਿਯੋਗੀ ਸੂਬਾ ਸਰਕਾਰਾਂ ਨੂੰ ਪਟਖਣੀ ਦਿੱਤੀ ਹੈ ਉਨ੍ਹਾਂ ਕਿਹਾ ਕਿ ਅੱਜ ਕਿਸਾਨਾਂ ਦੇ ਕਾਫ਼ਲੇ ਨੂੰ ਰੋਕਣ ਲਈ ਹਰਿਆਣਾ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਉਨ੍ਹਾਂ ਦੱਸਿਆ ਕਿ ਅੱਜ ਸਵੇਰ ਸਮੇਂ ਪੁਲਿਸ ਇਹ ਵੇਖਣ ਆਈ ਸੀ ਕਿ ਕਿਧਰੇ ਕਿਸਾਨ ਹਾਈਵੇਅ ਜਾਮ ਤਾਂ ਨਹੀਂ ਕਰ ਰਹੇ,

ਪੁਸ਼ਟੀ ਹੋਣ ਤੋਂ ਬਾਅਦ ਉਹ ਉੱਥੋਂ ਚਲੀ ਗਈ ਸੀ ਉਨ੍ਹਾਂ ਦੱਸਿਆ ਕਿ ਅੱਜ ਸਵੇਰ ਸੰਘਣੀ ਧੁੰਦ ਕਾਰਨ ਵੱਖ-ਵੱਖ ਜ਼ਿਲਿ੍ਹਆਂ ਤੋਂ ਕਿਸਾਨ ਥੋੜ੍ਹਾ ਪਛੜ ਕੇ ਤੁਰੇ ਉਨ੍ਹਾਂ ਦੱਸਿਆ ਕਿ ਕਾਫ਼ਲੇ ਦੇ ਅਗਲਾ ਪੜਾਅ ਜੀਂਦ ਵਾਲਾ ਟੋਲ ਪਲਾਜ਼ਾ ਹੈ ਜਿੱਥੇ ਕਿਸਾਨਾਂ ਵੱਲੋਂ ਇੱਕ ਕਾਨਫਰੰਸ ਕੀਤੀ ਜਾਵੇਗੀ ਅਤੇ ਕਿਸਾਨ ਪੱਖੀ ਨਾਟਕ ਖੇਡੇ ਜਾਣਗੇ ਬੀਬੀਆਂ ਨੇੜਲੇ ਝੱਜਰ ਵਿਖੇ ਆਰਾਮ ਕਰਨਗੀਆਂ ਤੇ ਸਵੇਰ ਵੇਲੇ ਸਮੁੱਚਾ ਕਾਫ਼ਲਾ ਟਿੱਕਰੀ ਬਾਰਡਰ ਦਿੱਲੀ ਲਈ ਕੂਚ ਕਰੇਗਾ

ਕਾਫ਼ਲੇ ਵਿੱਚ ਮੌਜ਼ੂਦ ਗਿਆਰਵੀਂ ਕਲਾਸ ਦੀ ਵਿਦਿਆਰਥੀ ਰਮਨਦੀਪ ਕੌਰ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਨ੍ਹਾਂ ਦਾ ਸਮੁੱਚਾ ਪਰਿਵਾਰ ਦਿੱਲੀ ਜਾ ਰਿਹਾ ਹੈ ਉਨ੍ਹਾਂ ਕਿਹਾ ਕਿ ਕਿਸਾਨੀ ਅੰਦੋਲਨ ਜਿੱਤ ਦੇ ਕਿਨਾਰੇ ਖੜ੍ਹਾ ਹੈ ਅਤੇ ਉਹ ਹੁਣ ਕਿਸੇ ਪਾਸਿਓਂ ਵੀ ਢਿੱਲ ਨਹੀਂ ਛੱਡਣਾ ਚਾਹੁੰਦੇ ਉਨ੍ਹਾਂ ਕਿਹਾ ਕਿ ਇਸ ਮਾਮਲੇ ਤੇ ਸਮੁੱਚੇ ਦੇਸ਼ ਦੇ ਕਿਸਾਨ ਇਕਜੁਟ ਹਨ ਅਤੇ ਉਹ ਇਹ ਕਾਲੇ ਕਾਨੂੰਨ ਵਾਪਿਸ ਕਰਵਾ ਕੇ ਹੀ ਉੱਥੋਂ ਵਾਪਿਸ ਆਉਣਗੇ

ਕਾਫ਼ਲੇ ਵਿੱਚ ਮੌਜ਼ੂਦ ਇੱਕ ਹੋਰ ਕਿਸਾਨ ਨਿਰਮਲ ਸਿੰਘ ਨੇ ਦੱਸਿਆ ਕਿ ਅਸੀਂ ਨਾ ਹੀ ਅੱਕੇ ਹਾਂ ਅਤੇ ਨਾ ਹੀ ਥੱਕੇ ਹਾਂ ਮੋਦੀ ਸਰਕਾਰ ਚਾਹੇ ਜਿੰਨਾ ਮਰਜ਼ੀ ਜ਼ੋਰ ਲਾ ਲਵੇ, ਅਸੀਂ ਸ਼ਾਂਤੀਪੂਰਵਕ ਸੰਘਰਸ਼ ਨਾਲ ਉਨ੍ਹਾਂ ਦੇ ਹਰ ਜ਼ਬਰ ਦਾ ਮੁਕਾਬਲਾ ਕਰਾਂਗੇ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਜਿਸ ਤਰ੍ਹਾਂ ਦੀ ਜਿੱਦ ਫੜੀ ਹੋਈ ਹੈ, ਉਹ ਕਿਸੇ ਲੋਕਤੰਤਰੀ ਸਰਕਾਰ ਲਈ ਠੀਕ ਨਹੀਂ ਉਨ੍ਹਾਂ ਕਿਹਾ ਕਿ ਜਿੰਨਾ ਕਿਸਾਨਾਂ ਲਈ ਕੇਂਦਰ ਸਰਕਾਰ ਵੱਲੋਂ ਇਹ ਕਾਨੂੰਨ ਬਣਾਏ ਗਏ ਹਨ, ਜਦੋਂ ਉਨ੍ਹਾਂ ਕਿਸਾਨਾਂ ਨੂੰ ਇਹ ਕਾਨੂੰਨ ਮਨਜ਼ੂਰ ਨਹੀਂ ਤਾਂ ਸਰਕਾਰ ਧੱਕੇ ਨਾਲ ਇਨ੍ਹਾਂ ਨੂੰ ਲਾਗੂ ਕਿਉਂ ਕਰਵਾਉਣਾ ਚਾਹੁੰਦੀ ਹੈ ਉਨ੍ਹਾਂ ਕਿਹਾ ਕਿ ਦੇਸ਼ ਦਾ ਕਿਸਾਨ ਇਸ ਮਾਮਲੇ ’ਤੇ ਪੂਰੀ ਤਰ੍ਹਾਂ ਇਕਜੁਟ ਹੈ ਅਤੇ ਹੌਲੀ ਹੌਲੀ ਇਹ ਅੰਦੋਲਨ ਪੂਰੇ ਦੇਸ਼ ਵਿੱਚ ਫੈਲਦਾ ਜਾਂਦਾ ਹੈ, ਉਨ੍ਹਾਂ ਕਿਹਾ ਕਿ ਉਹ ਦਿਨ ਦੂਰ ਨਹੀਂ ਸਮੁੱਚੇ ਦੇਸ਼ ਦਾ ਕਿਸਾਨ ਦਿੱਲੀ ਨੂੰ ਚਾਰੇ ਪਾਸਿਓਂ ਘੇਰ ਲਵੇਗਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.