ਪੁਲਿਸ ਅਤੇ ਲੀਡਰਾਂ ਬਾਰੇ ਪੁਲਿਸ ਅਫ਼ਸਰ ਵੱਲੋਂ ਲਿਖਿਆ ਇਹ ਲੇਖ ਜ਼ਰੂਰ ਪੜ੍ਹੋ

0
234
Police Political

ਪੁਲਿਸ ਅਤੇ ਲੀਡਰਾਂ ਬਾਰੇ ਪੁਲਿਸ ਅਫ਼ਸਰ ਵੱਲੋਂ ਲਿਖਿਆ ਇਹ ਲੇਖ ਜ਼ਰੂਰ ਪੜ੍ਹੋ

ਭਾਰਤ ਵਿੱਚ ਸਰਕਾਰੇ-ਦਰਬਾਰੇ ਕੰਮ ਕਢਵਾਉਣ ਲਈ ਸਿਫਾਰਿਸ਼ ਦੀ ਬਹੁਤ ਜਰੁਰਤ ਪੈਂਦੀ ਹੈ। ਬੇਆਸਰੇ ਬੰਦੇ ਦੀ ਤਾਂ ਪਿੰਡ ਦਾ ਪੰਚ ਵੀ ਗੱਲ ਨਹੀਂ ਸੁਣਦਾ। ਥਾਣੇ-ਕਚਹਿਰੀ ਚਲੇ ਜਾਓ, ਲਾਵਾਰਿਸ ਬੰਦੇ ਵਿਚਾਰੇ  ਸਾਰਾ-ਸਾਰਾ ਦਿਨ ਧੱਕੇ ਖਾਂਦੇ ਫਿਰਦੇ ਹਨ। ਅਫਸਰਾਂ-ਲੀਡਰਾਂ ਦੇ ਰੀਡਰ ਤੇ ਗੰਨਮੈਨ (Police Political) ਹੀ ਨਜ਼ਦੀਕ ਨਹੀਂ ਆਉਣ ਦਿੰਦੇ। ਸਾਰਾ ਦਿਨ ਖੱਜਲ-ਖਰਾਬ ਕਰ ਕੇ ਅਗਲੇ ਦਿਨ ਦੁਬਾਰਾ ਆਉਣ ਲਈ ਕਹਿ ਦਿੱਤਾ ਜਾਂਦਾ ਹੈ। ਜਦਕਿ ਸਿਫਾਰਿਸ਼ੀ ਵਿਅਕਤੀ ਦਾ ਕੰੰਮ ਅਫਸਰ ਤੇ ਲੀਡਰ ਘਰ ਬੁਲਾ ਕੇ ਕਰਦੇ ਹਨ ਤੇ ਨਾਲੇ ਚਾਹ ਪਿਆਉਂਦੇ ਹਨ।

ਜਿਹੜੇ ਵਿਅਕਤੀ ਹਥਿਆਰਾਂ ਦੇ ਸ਼ੌਕੀਨ ਹਨ, ਉਹ ਇਹ ਗੱਲ ਭਲੀ-ਭਾਂਤ ਜਾਣਦੇ ਹਨ ਕਿ ਬਿਨਾਂ ਸਿਫਾਰਿਸ਼ ਅਸਲਾ ਲਾਇਸੰਸ ਬਣਾਉਣ ਤੇ ਨਵਿਆਉਣ ਵਿੱਚ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ? ਥਾਣਿਆਂ ਅਤੇ ਡੀ. ਸੀ. ਦਫਤਰਾਂ ਵਿੱਚ ਫਾਈਲਾਂ ਹੀ ਗੁੰਮ ਕਰ ਦਿੱਤੀਆਂ ਜਾਂਦੀਆਂ ਹਨ। ਕਚਹਿਰੀ ਵਿੱਚ ਜ਼ਮੀਨਾਂ ਦੀਆਂ ਰਜਿਸਟਰੀਆਂ ਕਰਾਉਣ ਵਾਲੇ ਲਾਈਨਾਂ ਵਿੱਚ ਲੱਗੇ ਰਹਿੰਦੇ ਹਨ ਤੇ ਸਿਫਾਰਿਸ਼ੀ ਦੀ ਰਜਿਸਟਰੀ ਤਹਿਸੀਲਦਾਰ ਘਰ ਜਾ ਕੇ ਕਰ ਦਿੰਦੇ ਹਨ। ਜਨਮ-ਮੌਤ ਦੇ ਸਰਟੀਫਿਕੇਟ ਜਾਂ ਫਰਦ ਜਮ੍ਹਾਂਬੰਦੀ ਵਿੱਚ ਕਲਰਕ ਵੱਲੋਂ ਜਾਣ-ਬੁੱਝ ਕੇ ਕੀਤੀ ਗਲਤੀ ਦਰੁਸਤ ਕਰਾਉਣ ਲਈ ਜਾਂ ਸਵਰਗਵਾਸੀ ਪਿਓ ਦੀ ਜਾਇਦਾਦ ਆਪਣੇ ਨਾਂਅ ਚੜ੍ਹਵਾਉਣ ਲਈ ਕਈ ਜੋੜੇ ਜੁੱਤੀਆਂ ਦੇ ਘਸ ਜਾਂਦੇ ਹਨ। ਮਤਲਬ ਕਿ ਕੋਈ ਵੀ ਕੰਮ ਬਿਨਾਂ ਸਿਫਾਰਸ਼ ਤੋਂ ਕਰਾਉਣਾ ਔਖਾ ਹੀ ਹੈ।

ਮੈਂ ਕਿਸੇ ਜਿਲ੍ਹੇ ਵਿੱਚ ਐਸ. ਪੀ. ਲੱਗਾ ਹੋਇਆ ਸੀ ਤਾਂ ਮੈਨੂੰ ਥਾਣੇਦਾਰ ਰਾਮ ਸਿੰਘ (ਨਾਂਅ ਬਦਲਿਆ ਹੋਇਆ) ਨੇ ਸਿਫਾਰਸ਼ ਸਬੰਧੀ ਇੱਕ ਦਿਲਚਸਪ ਕਹਾਣੀ ਸੁਣਾਈ। ਰਾਮ ਸਿੰਘ ਬਹੁਤ ਹੀ ਸ਼ਰੀਫ ਅਤੇ ਸਿੱਧਾ ਸਾਦਾ ਕਿਸਮ ਦਾ ਇਨਸਾਨ ਸੀ। ਪੁਲਿਸ ਦਾ ਕੰਮ-ਕਾਰ ਚੰਗੀ ਤਰ੍ਹਾਂ ਨਾ ਆਉਂਦਾ ਹੋਣ ਕਾਰਨ ਉਸ ਨੂੰ ਕਦੇ ਵੀ ਕਿਸੇ ਥਾਣੇ ਦਾ ਐਸ.ਐਚ.ਓ. ਨਹੀਂ ਸੀ ਲਾਇਆ ਗਿਆ, ਸਾਰੀ ਉਮਰ ਪੁਲਿਸ ਲਾਈਨ ਜਾਂ ਸੱਜੇ-ਖੱਬੇ ਦੀਆਂ ਪੋਸਟਿੰਗਾਂ ਵਿੱਚ ਹੀ ਰਿਹਾ ਸੀ। ਇੱਕ ਵਾਰ ਉਹ ਕਿਸੇ ਕੰਮ ਆਪਣੇ ਪਿੰਡ ਦੇ ਸਰਪੰਚ ਕੋਲ ਬੈਠਾ ਸੀ ਜੋ ਕਿ ਬਹੁਤ ਹੀ ਚੱਲਦਾ ਪੁਰਜ਼ਾ ਕਿਸਮ ਦਾ ਆਦਮੀ ਤੇ ਸਰਕਾਰੇ-ਦਰਬਾਰੇ ਉਸ ਦਾ ਪੂਰਾ ਹੱਥ ਪੈਂਦਾ ਸੀ।

ਰਾਮ ਸਿੰਘ ਦਾ ਪਰਿਵਾਰ ਸਰਪੰਚ ਦਾ ਪੂਰਾ ਹਮਾਇਤੀ ਸੀ ਤੇ ਹਮੇਸ਼ਾਂ ਉਸ ਨੂੰ ਹੀ ਵੋਟਾਂ ਪਾਉਂਦਾ ਸੀ। ਉਸ ਸਮੇਂ ਨਵੀਂ-ਨਵੀਂ ਸਰਕਾਰ ਬਦਲੀ ਸੀ ਤੇ ਸਰਪੰਚ ਨੇ ਐਮ.ਐਲ.ਏ. ਦੀਆਂ ਵੋਟਾਂ ਵਿੱਚ ਪੂਰੀ ਠੋਕ ਕੇ ਤਨ ਮਨ ਧਨ, ਹਰ ਤਰ੍ਹਾਂ ਨਾਲ ਮੱਦਦ ਕੀਤੀ ਸੀ। ਸਰਪੰਚ ਨੇ ਰਾਮ ਸਿੰਘ ਨੂੰ ਕਿਹਾ ਕਿ ਐਵੇਂ ਕਿਉਂ ਪੁਲਿਸ ਲਾਈਨ ਵਿੱਚ ਧੱਕੇ ਖਾਂਦਾ ਫਿਰਦਾ ਹੈਂ, ਚੱਲ ਤੈਨੂੰ ਕਿਸੇ ਚੰਗੇ ਥਾਣੇ ਦਾ ਐਸ.ਐਚ.ਓ. ਲਵਾਉਂਦੇ ਹਾਂ। ਮੇਰੀ ਐਮ.ਐਲ.ਏ. ਨਾਲ ਪੂਰੀ ਫਿੱਟ ਹੈ, ਤੈਨੂੰ ਆਪਣੇ ਥਾਣੇ ਰਾਮਗੜ੍ਹ (ਕਾਲਪਨਿਕ) ਦਾ ਹੀ ਇੰਚਾਰਜ ਲਗਵਾ ਦਿੰਦੇ ਹਾਂ। ਸਰਪੰਚ ਨੇ ਸੋਚਿਆ ਕਿ ਚੱਲ ਐਸ.ਐਚ.ਓ. ਲੱਗ ਜਾਵੇਗਾ ਤਾਂ ਆਪਣੇ ਹੀ ਕੰਮ ਆਵੇਗਾ। ਨਾਲ ਸਿੱਧੇ-ਪੁੱਠੇ ਕੰਮ ਕਰਾਵਾਂਗੇ ਤੇ ਨਾਲੇ ਆਉਂਦੇ-ਜਾਂਦੇ ਮੁਫਤ ਦੀ ਚਾਹ ਪੀ ਲਿਆ ਕਰਾਂਗੇ।

ਅਗਲੇ ਦਿਨ ਤਿਆਰ-ਬਰ-ਤਿਆਰ ਹੋ ਕੇ ਦੋਵੇਂ ਤੜਕੇ ਹੀ ਐਮ.ਐਲ.ਏ. ਦੇ ਘਰ ਜਾ ਪਹੁੰਚੇ। ਖਾਸ ਬੰਦਾ ਹੋਣ ਕਾਰਨ ਸਰਪੰਚ ਦੀ ਜਲਦੀ ਹੀ ਵਾਰੀ ਆ ਗਈ। ਉਹ ਤੇ ਰਾਮ ਸਿੰਘ ਐਮ.ਐਲ.ਏ. ਦੇ ਗੋਡੇ ਦੀ ਚੱਪਣੀ ਨੂੰ ਹੱਥ ਲਾ ਕੇ ਸੋਫੇ ‘ਤੇ ਸੱਜ ਗਏ। ਐਮ.ਐਲ.ਏ. ਨੇ ਆਉਣ ਦਾ ਕਾਰਨ ਪੁੱਛਿਆ ਤਾਂ ਸਰਪੰਚ ਨੇ ਰਾਮ ਸਿੰਘ ਦੀਆਂ ਖੂਬੀਆਂ ਗਿਣਾਉਣੀਆਂ ਸ਼ੁਰੂ ਕਰ ਦਿੱਤੀਆਂ। ਉਸ ਨੇ ਦੱਸਿਆ ਕਿ ਰਾਮ ਸਿੰਘ ਬਹੁਤ ਹੀ ਸ਼ਰੀਫ ਅਤੇ ਇਮਾਨਦਾਰ ਪੁਲਿਸ ਅਫਸਰ ਹੈ। ਇਸ ਨੇ ਨਾ ਤਾਂ ਕਦੇ ਕੋਈ ਗਲਤ ਕੰਮ ਕੀਤਾ ਹੈ ਤੇ ਨਾ ਹੀ ਕਦੇ ਰਿਸ਼ਵਤਖੋਰੀ ਕੀਤੀ ਹੈ। ਆਪਾਂ ਇਸ ਨੂੰ ਰਾਮਗੜ੍ਹ ਥਾਣੇ ਦਾ ਐਸ.ਐਚ.ਓ. ਲਗਾਉਣਾ ਹੈ।

ਉਸ ਨੇ ਰਾਮ ਸਿੰਘ ਦੀਆਂ ਤਾਰੀਫਾਂ ਦੇ ਪੁਲ ਬੰਨ੍ਹ ਦਿੱਤੇ। ਸਰਪੰਚ ਦੀਆਂ ਗੱਲਾਂ ਦਾ ਐਮ.ਐਲ.ਏ. ‘ਤੇ ਕੋਈ ਬਹੁਤਾ ਅਸਰ ਨਾ ਹੋਇਆ, ਐਵੇਂ ਹੂੰ-ਹਾਂ ਜਿਹੀ ਕਰਦਾ ਰਿਹਾ। ਕੁਝ ਦੇਰ ਬਾਅਦ ਐਮ.ਐਲ.ਏ. ਨੇ ਖੁਸ਼ਕੀ ਜਿਹੀ ਨਾਲ ਰਾਮ ਸਿੰਘ ਨੂੰ ਕਿਹਾ ਕਿ ਉਹ ਬਾਹਰ ਜਾ ਕੇ ਬੈਠੇ, ਉਸ ਨੇ ਸਰਪੰਚ ਨਾਲ ਕੋਈ ਖਾਸ ਗੱਲ ਕਰਨੀ ਹੈ। ਐਸ.ਐਚ.ਓ. ਲੱਗਣ ਦੀ ਆਸ ਲੈ ਕੇ ਗਿਆ ਰਾਮ ਸਿੰਘ ਸਿੰਘ ਢਿੱਲਾ ਜਿਹਾ ਹੋ ਕੇ ਬਾਹਰ ਨੂੰ ਤੁਰ ਪਿਆ ਤੇ ਚੁੱਪ ਕਰ ਕੇ ਦਰਵਾਜ਼ੇ ਦੇ ਨਾਲ ਲੱਗਵੀਂ ਕੁਰਸੀ ‘ਤੇ ਬੈਠ ਗਿਆ ਕੇ ਅੰਦਰ ਦੀਆਂ ਗੱਲਾਂ ਸੁਣਨ ਲੱਗਾ। ਦਰਵਾਜ਼ਾ ਥੋੜ੍ਹਾ ਜਿਹਾ ਖੁੱਲ੍ਹਾ ਹੋਣ ਕਾਰਨ ਅੰਦਰ ਦੀ ਸਾਰੀ ਗੱਲ-ਬਾਤ ਉਸ ਨੂੰ ਸੁਣ ਰਹੀ ਸੀ।

ਵਿਧਾਇਕ ਨੇ ਸਰਪੰਚ ਨੂੰ ਕਿਹਾ,  ਤੈਨੂੰ ਪਤਾ ਈ ਆ ਪਿਛਲੀ ਸਰਕਾਰ ਵੇਲੇ ਆਪਣੀ ਪਾਰਟੀ ‘ਤੇ ਕਿੰਨੇ ਜ਼ੁਲਮ ਹੋਏ ਨੇ। ਆਪਣੇ ਦਰਜ਼ਨਾਂ ਬੰਦਿਆਂ ‘ਤੇ ਗਲਤ ਪਰਚੇ ਦਰਜ਼ ਹੋਏ ਤੇ ਸੈਂਕੜੇ ਦੀ ਥਾਣੇ ਵਿੱਚ ਛਿੱਤਰ ਪਰੇਡ ਹੋਈ। ਤੂੰ ਤਾਂ ਖੁਦ ਚਾਰ ਮਹੀਨੇ ਅੰਦਰ ਕੱਟੇ ਨੇ। ਆਪਾਂ ਤਾਂ ਰਾਮਗੜ੍ਹ ਥਾਣੇ ਵਿੱਚ ਕੋਈ ਕੁਰੱਖਤ (ਅੜਬ) ਜਿਹਾ ਐਸ.ਐਚ.ਓ. ਲਾਉਣਾ ਆਂ ਜਿਹੜਾ ਵਿਰੋਧੀ ਪਾਰਟੀ ਨਾਲ ਚੰਗੀ ਤਰ੍ਹਾਂ ਹਿਸਾਬ-ਕਿਤਾਬ ਬਰਾਬਰ ਕਰੇ। ਇਹੋ-ਜਿਹਾ ਭਲਾਮਾਣਸ ਬੰਦਾ ਨਹੀਂ ਉੱਥੇ ਕਾਮਯਾਬ ਹੋਣਾ।  ਸਰਪੰਚ ਨੇ ਵਿੱਚੋਂ ਈ ਗੱਲ ਬੋਚ ਲਈ, ਐਮ.ਐਲ.ਏ. ਸਾਹਬ ਤੁਸਾਂ ਤਾਂ ਮੇਰੇ ਦਿਲ ਦੀ ਗੱਲ ਕੀਤੀ ਆ। ਉਹ ਹੁਣ ਬੰਦੇ ਦੇ ਸਾਹਮਣੇ ਤਾਂ ਉਸ ਦੀ ਤਾਰੀਫ ਕਰਨੀ ਪੈਂਦੀ ਆ। ਰਾਮ ਸਿੰਘ ਹੁਣੀ ਤਾਂ ਸਾਰਾ ਟੱਬਰ ਈ ਬਹੁਤ ਚੰਦਰਾ ਆ। ਇਹਨਾਂ ਨੂੰ ਪਿੰਡ ‘ਚ ਵੱਢ ਖਾਣਿਆਂ ਦਾ ਟੱਬਰ ਕਹਿੰਦੇ ਆ।

ਇਹ ਤਾਂ ਚੰਗੇ-ਭਲੇ ਬੰਦੇ ਦੀ ਪੱਤ ਲਾਹੁਣ ਲੱਗਿਆਂ ਮਿੰਟ ਲਾਉਂਦੇ ਆ। ਆਪਣੀਆਂ ਇਹਨਾਂ ਭੈੜੀਆਂ ਕਰਤੂਤਾਂ ਕਰ ਕੇ ਈ ਤਾਂ ਇਹ ਹੁਣ ਤੱਕ ਐਸ.ਐਚ.ਓ. ਨਹੀਂ ਲੱਗਾ। ਅਜੇ ਦੋ ਮਹੀਨੇ ਪਹਿਲਾਂ ਈ ਇਹਦਾ ਭਤੀਜਾ ਤੇ ਭਰਾ 307 ਦੇ ਕੇਸ ਵਿੱਚੋਂ ਜ਼ਮਾਨਤ ‘ਤੇ ਆਏ ਆ। ਤੁਸੀਂ ਜਿਹੋ-ਜਿਹਾ ਕੁਰੱਖਤ ਬੰਦਾ ਭਾਲਦੇ ਉ, ਇਹ ਬਿਲਕੁਲ ਉਹੋ ਜਿਹਾ ਈ ਆ। ਰਾਮ ਸਿੰਘ ਦੀਆਂ ਤਾਰੀਫਾਂ ਸੁਣ ਕੇ ਐਮ.ਐਲ.ਏ. ਖੁਸ਼ ਹੋ ਗਿਆ। ਉਸ ਨੇ ਉਸ ਨੂੰ ਐਸ.ਐਚ.ਓ. ਲਗਵਾਉਣ ਦੀ ਪੂਰੀ ਠੋਕ ਕੇ ਹਾਮੀ ਭਰ ਦਿੱਤੀ। ਵਿਚਾਰਾ ਰਾਮ ਸਿੰਘ ਆਪਣੇ ਖਾਨਦਾਨ ਦੀ ਹੁੰਦੀ ਬਦਖੋਈ ਸੁਣ ਕੇ ਸੜ-ਬਲ ਗਿਆ। ਉਸ ਦਾ ਦਿਲ ਕਰੇ ਹੁਣੇ ਸਰਪੰਚ ਨੂੰ ਸਰਕਾਰੀ ਰਿਵਾਲਵਰ ਦੀਆਂ ਜੰਗਾਲ ਖਾਧੀਆਂ ਗੋਲੀਆਂ ਮਾਰ ਕੇ ਖਤਮ ਕਰ ਦੇਵੇ।

ਬਲਰਾਜ ਸਿੰਘ ਸਿੱਧੂ ਐਸਪੀ
ਪੰਡੋਰੀ ਸਿੱਧਵਾਂ ਮੋ. 95011-00062