ਏਟੀਐਮ ਲੁੱਟਕੇ ਅਮੀਰ ਬਣਨ ਦੀ ਚਾਹਤ ਰੱਖਣ ਵਾਲੇ ਚੜ੍ਹੇ ਪੁਲਿਸ ਅੜਿੱਕੇ

0
40

ਪਿਉ-ਪੁੱਤ ਸਣੇ 6 ਕਾਬੂ, ਲੁੱਟੀ ਗਈ ਨਗਦੀ ਵੀ ਹੋਈ ਬਰਾਮਦ

ਬਠਿੰਡਾ, (ਸੁਖਜੀਤ ਮਾਨ) ਮਿਹਨਤ ਦੀ ਥਾਂ ਲੁੱਟਾਂ-ਖੋਹਾਂ ਕਰਕੇ ਛੇਤੀ ਅਮੀਰ ਬਣਨ ਦੀ ਚਾਹਤ ਰੱਖਣ ਵਾਲੇ ਪਿਉ-ਪੁੱਤਾਂ ਸਮੇਤ 6 ਜਣਿਆਂ ਨੂੰ ਥਾਣਾ ਨੰਦਗੜ੍ਹ ਪੁਲਿਸ ਨੇ ਕਾਬੂ ਕੀਤਾ ਹੈ ਪੁਲਿਸ ਨੇ ਇਨ੍ਹਾਂ ਕੋਲੋਂ ਲੁੱਟੀ ਹੋਈ ਰਾਸ਼ੀ ਤੋਂ ਇਲਾਵਾ ਏਟੀਐਮ ਤੋੜਨ ਲਈ ਵਰਤੇ ਜਾਂਦੇ ਕਟਰ ਆਦਿ ਤੋਂ ਇਲਾਵਾ ਹਥਿਆਰ ਵੀ ਬਰਾਮਦ ਕੀਤੇ ਹਨ

ਇਸ ਸਬੰਧੀ ਅੱਜ ਇੱਥੇ ਪ੍ਰੈੱਸ ਕਾਨਫਰੰਸ ਦੌਰਾਨ ਐਸਐਸਪੀ ਭੁਪਿੰਦਰਜੀਤ ਸਿੰਘ ਵਿਰਕ ਅਤੇ ਐਸਪੀ (ਡੀ) ਗੁਰਬਿੰਦਰ ਸਿੰਘ ਸੰਘਾ ਤੇ ਡੀਐਸਪੀ (ਦਿਹਾਤੀ) ਦਵਿੰਦਰ ਸਿੰਘ ਨੇ ਦੱਸਿਆ ਕਿ ਥਾਣਾ ਨੰਦਗੜ੍ਹ ਪੁਲਿਸ ਨੇ ਰਾਜਵਿੰਦਰ ਸਿੰਘ ਪੁੱਤਰ ਮੇਜਰ ਸਿੰਘ, ਮੇਜਰ ਸਿੰਘ ਪੁੱਤਰ ਸੁਰਜੀਤ ਸਿੰਘ, ਨਾਮਦੇਵ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀਆਨ ਬੱਲੂਆਣਾ ਅਤੇ ਸਿਕੰਦਰ ਸਿੰਘ ਪੁੱਤਰ ਗੁਲਾਬ ਸਿੰਘ ਵਾਸੀ ਬੁਲਾਡੇਵਾਲਾ ਨੂੰ ਉਸ ਵੇਲੇ ਗ੍ਰਿਫਤਾਰ ਕੀਤਾ ਸੀ ਜਦੋਂ ਇਹ ਪਿੰਡ ਕਾਲਝਰਾਣੀ ਤੋਂ ਰਾਏ ਕੇ ਕਲਾਂ ਨੂੰ ਜਾਂਦੀ ਲਿੰਕ ਸੜਕ ਤੇ ਬਣੇ ਇੱਟਾਂ ਦੇ ਭੱਠੇ ਨਜਦੀਕ ਇੱਕ  ਮਕਾਨ ‘ਚ ਬੈਠੇ ਲੁੱਟ ਦੀ ਕਿਸੇ ਹੋਰ ਘਟਨਾ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਸਨ। ਇਨ੍ਹਾਂ ਚਾਰਾਂ ਤੋਂ ਇਲਾਵਾ ਦੋ ਨਾਬਾਲਗ ਵੀ ਸ਼ਾਮਿਲ ਹਨ

ਐਸਐਸਪੀ ਦੇ ਦੱਸਣ ਮੁਤਾਬਿਕ ਇਸ ਗਿਰੋਹ ਦਾ ਮੁੱਖ ਸਰਗਨਾ ਰਾਜਵਿੰਦਰ ਸਿੰਘ ਪੁੱਤਰ ਮੇਜਰ ਸਿੰਘ ਸੀ ਜਿਸਨੇ ਆਪਣੇ ਪਿਤਾ ਮੇਜ਼ਰ ਸਿੰਘ ਸਮੇਤ ਹੋਰਨਾਂ ਨੂੰ ਗਿਰੋਹ ‘ਚ ਸ਼ਾਮਿਲ ਕਰਕੇ ਇਹ ਲੁੱਟ ਦੀਆਂ ਵਾਰਦਾਤਾਂ ਸ਼ੁਰੂ ਕੀਤੀਆਂ ਗ੍ਰਿਫ਼ਤਾਰ ਵਿਅਕਤੀਆਂ ਕੋਲੋਂ ਇੱਕ ਲੱਖ 47 ਹਜ਼ਾਰ ਰੁਪਏ, ਇੱਕ ਕਾਰ, ਇੱਕ ਮੋਟਰਸਾਈਕਲ, ਇੱਕ ਏਅਰ ਪਿਸਟਲ, ਤਿੰਨ ਏਸੀ, ਦੋ ਗੈਸ ਸਿਲੰਡਰ ਬੈਲਡਿੰਗ ਵਾਲੇ, ਗੈਸ ਕਟਰ, ਦੋ ਸੱਬਲਾਂ, 1 ਕ੍ਰਿਪਾਨ, 1 ਕਾਪਾ ਅਤੇ ਇੱਕ ਬੇਸਬਾਲ ਦੀ ਬਰਾਮਦਗੀ ਕੀਤੀ ਹੈ

ਪੁਲਿਸ ਨੇ ਅੱਜ ਮੁਲਜਮਾਂ ਦਾ ਤਿੰਨ ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕਰ ਲਿਆ ਹੈ।ਪੁਲਿਸ ਮੁਤਾਬਿਕ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਨੇ ਏਟੀਐਮ ਚੋਰੀ ਦੀਆਂ ਹੋਰ ਵੀ ਕਈ ਘਟਨਾਵਾਂ ਬਾਰੇ ਮੰਨਿਆ ਹੈ ਇਨ੍ਹਾਂ ਮੁਲਜ਼ਮਾਂ ਨੇ ਹੀ 3 ਦਸੰਬਰ ਪਿੰਡ ਜੰਗੀਰਾਣਾ ‘ਚ ਪੰਜਾਬ ਐਂਡ ਸਿੰਧ ਬੈਂਕ ਦੀ ਏ.ਟੀ.ਐੱਮ.ਮਸ਼ੀਨ ਦੀ ਭੰਨਤੋੜ ਕਰਕੇ ਨਕਦੀ ਚੋਰੀ ਕੀਤੀ ਸੀ। ਥਾਣਾ ਨੰਦਗੜ੍ਹ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਤਾਂ ਗੁਪਤ ਸੂਚਨਾ ਦੇ ਅਧਾਰ ਤੇ ਇਸ ਗਿਰੋਹ ਨੂੰ ਕਾਬੂ ਕਰ ਲਿਆ ਜਿਹਨਾਂ ਨੇ ਜੰਗੀਰਾਣਾ ਵਿਖੇ ਏ.ਟੀ.ਐੱਮ. ਦੀ ਮਸ਼ੀਨ ਭੰਨ ਕੇ ਨਕਦੀ ਚੋਰੀ ਦੀ ਵਾਰਦਾਤ ਕਰਨਾ ਮੰਨ ਲਿਆ।ਇਨ੍ਹਾਂ ਵਿਅਕਤੀਆਂ ਖਿਲਾਫ਼ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ‘ਚ ਪਹਿਲਾਂ ਵੀ 7 ਮੁਕੱਦਮੇ ਦਰਜ਼ ਹਨ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.