ਪਿਛੋਕੜ ਹੁੰਦਾ ਹੈ ਇੱਕ ਵਧੀਆ ਅਧਿਆਪਕ

0
28

ਪਿਛੋਕੜ ਹੁੰਦਾ ਹੈ ਇੱਕ ਵਧੀਆ ਅਧਿਆਪਕ

ਆਧੁਨਿਕ ਸਮਾਜ ਵਿਚ ਅਕਸਰ ਬਹੁਤੇ ਲੋਕ ਪ੍ਰਾਪਤ ਸਹੂਲਤਾਂ ਨੂੰ ਵੇਖ ਕੇ ਖੁਸ਼ ਹੋਣ ਦੀ ਬਜਾਏ ਦੂਜਿਆਂ ਦੀ ਤਰੱਕੀ ਨੂੰ ਵੇਖ ਕੇ ਦੁਖੀ ਹੁੰਦੇ ਰਹਿੰਦੇ ਹਨ। ਦੂਸਰਿਆਂ ਵੱਲ ਵੇਖ-ਵੇਖ ਕੇ ਦੁਖੀ ਹੋਣ ਦੀ ਬਜਾਏ ਸਾਨੂੰ ਆਪਣੀ ਤਰੱਕੀ ਵੱਲ ਵੇਖ ਕੇ ਖੁਸ਼ ਹੋਣਾ ਚਾਹੀਦਾ ਹੈ। ਇਸ ਨਾਲ ਹਿਰਦੇ ਵਿਚ ਸ਼ਾਂਤੀ ਦਾ ਵਾਸ ਹੁੰਦਾ ਹੈ ਅਤੇ ਸਾਡੇ ਅੰਦਰ-ਬਾਹਰ ਖੁਸ਼ੀਆਂ, ਸੁਗੰਧੀਆਂ ਖਿਲਾਰਦੀਆਂ ਹਨ। ਸਿਆਣੇ ਕਹਿੰਦੇ ਹਨ ਕਿ ਜੇਕਰ ਅਸੀਂ ਆਪਣੀ ਤਰੱਕੀ ਵੇਖਣੀ ਹੋਵੇ ਤਾਂ ਆਪਣੇ ਪਿਛੋਕੜ ਵੱਲ ਝਾਤੀ ਮਾਰ ਕੇ ਵੇਖੋ ਕਿ ਅਸੀਂ ਕਿੱਥੋਂ ਚੱਲੇ ਸਾਂ? ਜੇਕਰ ਅਸੀਂ ਉਸ ਤੋਂ ਵੱਧ ਪ੍ਰਾਪਤ ਕੀਤਾ ਹੈ ਤਾਂ ਅਸੀਂ ਤਰੱਕੀ ਕੀਤੀ ਹੈ ਤੇ ਜੇਕਰ ਉਸ ਤੋਂ ਘੱਟ ਹੈ ਤਾਂ ਆਪਣੇ ਅੰਦਰ-ਝਾਤ ਮਾਰਦੇ ਹੋਏ ਹੋਰ ਕੋਸ਼ਿਸ਼ ਕਰਨੀ ਚਾਹੀਦੀ ਹੈ ਨਾ ਕਿ ਦੂਸਰਿਆਂ ਵੱਲ ਵੇਖਦੇ ਹੋਏ ਈਰਖਾ ਦੀ ਭੱਠੀ ਵਿਚ ਸੜਦੇ ਰਹਿਣਾ ਹੈ।

ਪਿਛੋਕੜ ਇੱਕ ਅਜਿਹਾ ਅਧਿਆਪਕ ਹੈ ਜੋ ਹਰ ਰੋਜ਼ ਇੱਕ-ਇੱਕ ਕਰਕੇ ਨਵੇਂ ਸਬਕ ਸਿਖਾਉਂਦਾ ਹੈ ਜੋ ਪਹਿਲਾਂ ਅਸੀਂ ਅਣਗੌਲਿਆਂ ਕਰ ਚੁੱਕੇ ਹਾਂ। ਪਿਛੋਕੜ ਨੂੰ ਯਾਦ ਰੱਖਦੇ ਹੋਏ ਜੀਵਨ ਵਿਚ ਵਿਚਰਨ ਵਾਲੇ ਲੋਕਾਂ ਨੂੰ ਕੁਝ ਵੀ ਛੂਹ ਨਹੀਂ ਸਕਦਾ, ਨਾ ਪ੍ਰਸੰਸਾ ਅਤੇ ਨਾ ਨਿਰਾਸ਼ਾ। ਗੱਲ ਕੀ, ਮਨ ਅੰਦਰ ਵਿਕਾਰਾਂ ਨੂੰ ਜਨਮ ਹੀ ਨਹੀਂ ਲੈਣ ਦਿੰਦਾ। ਪਿਛੋਕੜ ਇੱਕ ਅਜਿਹਾ ਦੋਸਤ ਹੈ ਜੋ ਸਮੱਸਿਆਵਾਂ ‘ਤੇ ਫਤਿਹ ਕਰਨ ਦੀ ਜਾਚ ਸਿਖਾ ਦਿੰਦਾ ਹੈ। ਜੀਵਨ ਨੂੰ ਸਪੱਸ਼ਟਤਾ ਪ੍ਰਦਾਨ ਕਰਦਾ ਹੈ ਜਿਸ ਨਾਲ ਵਿਅਕਤੀ ਅੰਦਰ ਵੱਧ ਸੰਜਮ ਅਤੇ ਦ੍ਰਿੜਤਾ ਪੈਦਾ ਹੋ ਜਾਂਦੀ ਹੈ ਜਿਸ ਦੇ ਸਿੱਟੇ ਵਜੋਂ ਵਿਅਕਤੀ ਸਹੀ ਫੈਸਲੇ ਲੈਣ ਦੇ ਕਾਬਲ ਬਣ ਜਾਂਦਾ ਹੈ। ਪਰਮਾਤਮਾ ਵੀ ਅਜਿਹੇ ਘਰਾਂ ਵਿਚ ਬਰਕਤਾਂ ਦੇ ਢੇਰ ਲਗਾ ਦਿੰਦਾ ਹੈ।

ਪਿਛੋਕੜ ਵਿਚ ਆਈਆਂ ਮੁਸ਼ਕਲਾਂ ਸਮੇਂ ਇਨ੍ਹਾਂ ‘ਚੋਂ ਨਿੱਕਲਣ ਲਈ ਕੀਤੇ ਗਏ ਯਤਨਾਂ ਤੋਂ ਮਿਲਿਆ ਤਜ਼ਰਬਾ, ਵਿਅਕਤੀ ਨੂੰ ਦੁਬਾਰਾ ਅਚਾਨਕ ਪ੍ਰਸਥਿਤੀਆਂ ਉਲਟ ਹੋ ਜਾਣ ‘ਤੇ ਉਨ੍ਹਾਂ ਦਾ ਮੁਕਾਬਲਾ ਕਰਨ ਲਈ ਜਨੂੰਨ ਅਤੇ ਨਿੱਡਰਤਾ ਪੈਦਾ ਕਰ ਦਿੰਦਾ ਹੈ। ਇਸ ਲਈ ਕਦੇ ਵੀ ਆਪਣੇ ਪਿਛੋਕੜ ਨੂੰ ਨਾ ਭੁੱਲੋ। ਜੋ ਲੋਕ ਆਪਣੇ ਪਿਛੋਕੜ ਨੂੰ ਅਣਗੌਲਿਆਂ ਕਰਦੇ ਹਨ, ਹੰਕਾਰ ਉਨ੍ਹਾਂ ਦੇ ਸਿਰ ਚੜ੍ਹ ਬੋਲਦਾ ਹੈ। ਇਨਸਾਨੀ ਹਮਦਰਦੀ ਅਤੇ ਮਨੁੱਖੀ ਕਦਰਾਂ-ਕੀਮਤਾਂ ਉਨ੍ਹਾਂ ਲਈ ਅਰਥਹੀਣ ਹੋ ਜਾਂਦੀਆਂ ਹਨ। ਉਨ੍ਹਾਂ ਨੂੰ ਕੇਵਲ ਆਪਣਾ ਸੁਖ ਤੇ ਖੁਸ਼ੀ ਹੀ ਦਿਖਾਈ ਦਿੰਦੀ ਹੈ। ਉਨ੍ਹਾਂ ਦੇ ਅੰਦਰ ਦੀ ਚੰਗਿਆਈ ਖਤਮ ਹੋਣ ਲੱਗਦੀ ਹੈ ਅਤੇ ਦੂਜਿਆਂ ‘ਤੇ ਵਧੀਕੀ ਕਰਦਿਆਂ ਉਨ੍ਹਾਂ ਨੂੰ ਜ਼ਰਾ ਜਿੰਨਾ ਵੀ ਡਰ ਨਹੀਂ ਲੱਗਦਾ।

ਉਨ੍ਹਾਂ ਦੇ ਕਾਰਜ-ਖੇਤਰ ਵਿਚ ਅਨੁਸ਼ਾਸਨ ਦੀ ਗਿਰਾਵਟ ਆ ਜਾਂਦੀ ਹੈ। ਪਾਰਦਰਸ਼ਿਤਾ ਨੂੰ ਖੋਰਾ ਲੱਗਣਾ ਸ਼ੁਰੂ ਹੋ ਜਾਂਦਾ ਹੈ ਤੇ ਭਵਿੱਖ ਧੁੰਦਲੇਪਣ ਵੱਲ ਵਧਣ ਲੱਗਦਾ ਹੈ। ਅਜਿਹੇ ਲੋਕ ਹੌਲ਼ੀ-ਹੌਲ਼ੀ ਮਾਨਵਤਾ ਪ੍ਰਤੀ ਆਪਣੇ ਫਰਜ਼ਾਂ ਨੂੰ ਭੁੱਲਦੇ ਹੋਏ ਰਿਸ਼ਤਿਆਂ ਵਿਚ ਕੁੜੱਤਣ ਵੀ ਭਰ ਲੈਂਦੇ ਹਨ ਅਤੇ ਮਿਟਦੇ-ਮਿਟਦੇ ਇੱਕ ਦਿਨ ਮਿਟ ਹੀ ਜਾਂਦੇ ਹਨ। ਕਹਿੰਦੇ ਹਨ ਕਿ ਇੱਕ ਰਾਜਾ ਆਪਣੀ ਪਰਜਾ ਦੇ ਹਰ ਦੁੱਖ-ਸੁਖ ਦਾ ਖਿਆਲ ਰੱਖਦੇ ਹੋਏ ਉਨ੍ਹਾਂ ਨੂੰ ਸਹੂਲਤਾਂ ਦੇਣ ਦਾ ਹਰ ਸੰਭਵ ਯਤਨ ਕਰਦਾ ਸੀ। ਪਰਜਾ ਵੀ ਬਹੁਤ ਖੁਸ਼ ਸੀ। ਹਰ ਰੋਜ਼ ਜਦੋਂ ਉਹ ਆਪਣੇ ਮਹਿਲ ਤੋਂ ਦਰਬਾਰ ਵਿਚ ਜਾਂਦਾ ਤਾਂ ਉਸ ਦਾ ਸਭ ਤੋਂ ਭਰੋਸੇਮੰਦ ਵਜ਼ੀਰ ਉਸ ਨਾਲ ਹੁੰਦਾ। ਰਸਤੇ ਵਿਚ ਉਹ ਇੱਕ ਤਹਿਖਾਨੇ ਕੋਲ ਰੁਕਦਾ, ਵਜ਼ੀਰ ਨੂੰ ਬਾਹਰ ਹੀ ਰਹਿਣ ਲਈ ਕਹਿੰਦਾ ਅਤੇ ਇਕੱਲਾ ਹੀ ਤਹਿਖਾਨੇ ਦੇ ਅੰਦਰ ਜਾਂਦਾ।

ਕੁਝ ਸਮਾਂ ਉੱਥੇ ਬਿਤਾਉਣ ਤੋਂ ਬਾਅਦ ਫਿਰ ਦਰਬਾਰ ‘ਚ ਜਾਂਦਾ। ਇਸੇ ਤਰ੍ਹਾਂ ਦਰਬਾਰ ਤੋਂ ਮਹਿਲ ਨੂੰ ਜਾਣ ਸਮੇਂ ਵਾਪਰਦਾ। ਸਾਰੇ ਦਰਬਾਰੀ ਤੇ ਭਰੋਸੇਮੰਦ ਵਜ਼ੀਰ ਹੈਰਾਨ ਸਨ ਕਿ ਬਾਦਸ਼ਾਹ ਨੇ ਕਿਹੜਾ ਕੀਮਤੀ ਖਜ਼ਾਨਾ ਤਹਿਖਾਨੇ ‘ਚ ਰੱਖਿਆ ਹੈ ਜਿਸ ਕਰਕੇ ਰਾਜਾ ਦਿਨ ਵਿਚ ਦੋ ਵਾਰ ਇਸ ਨੂੰ ਚੈੱਕ ਕਰਨ ਲਈ ਇਕੱਲਾ ਹੀ ਜਾਂਦਾ ਹੈ। ਹੌਲੀ-ਹੌਲੀ ਦੂਜਿਆਂ ਵੱਲੋਂ ਵਜ਼ੀਰ ਨੂੰ ਇਸ ਬਾਰੇ ਰਾਜੇ ਨੂੰ ਪੁੱਛਣ ਲਈ ਕਿਹਾ ਗਿਆ ਕਿਉਂਕਿ ਰਾਜਾ ਆਪਣੇ ਸਾਰੇ ਭੇਤ ਉਸ ਨਾਲ ਹੀ ਸਾਂਝੇ ਕਰਦਾ ਸੀ ਪਰ ਇਸ ਤਹਿਖਾਨੇ ‘ਚ ਜਾਣ ਸਮੇਂ ਰਾਜਾ ਉਸ ਦਾ ਵੀ ਵਿਸ਼ਵਾਸ ਨਹੀਂ ਸੀ ਕਰਦਾ। ਇੱਕ ਦਿਨ ਹੌਂਸਲਾ ਕਰਕੇ ਵਜ਼ੀਰ ਨੇ ਰਾਜੇ ਨਾਲ ਇਸ ਸਬੰਧੀ ਗੱਲ ਕਰਦਿਆਂ ਕਿਹਾ, ‘ਤੁਸੀਂ ਆਪਣਾ ਹਰ ਭੇਤ ਮੇਰੇ ਨਾਲ ਸਾਂਝਾ ਕਰ ਲੈਂਦੇ ਹੋ ਪਰ ਇਸ ਤਹਿਖਾਨੇ ਬਾਰੇ ਨਾ ਤਾਂ ਮੇਰੇ ਨਾਲ ਕਦੇ ਕੋਈ ਗੱਲ ਸਾਂਝੀ ਕੀਤੀ ਹੈ ਅਤੇ ਨਾ ਹੀ ਮੈਨੂੰ ਕਦੇ ਨਾਲ ਲੈ ਕੇ ਗਏ ਹੋ।’ ਰਾਜੇ ਨੇ ਇਸ ਗੱਲ ਨੂੰ ਆਈ-ਗਈ ਕਰ ਦਿੱਤਾ।

ਇੱਕ ਦਿਨ ਵਜ਼ੀਰ ਦੇ ਜ਼ਿਆਦਾ ਜ਼ਿੱਦ ਕਰਨ ‘ਤੇ ਰਾਜੇ ਨੇ ਉਸ ਨੂੰ ਆਪਣੇ ਨਾਲ ਤਹਿਖਾਨੇ ਵਿਚ ਆਉਣ ਲਈ ਕਿਹਾ। ਤਹਿਖਾਨੇ ਅੰਦਰ ਪਈ ਰਾਜੇ ਦੀ ਜਾਇਦਾਦ ਵੇਖ ਕੇ ਵਜ਼ੀਰ ਦੇ ਹੋਸ਼ ਉੱਡ ਗਏ। ਤਹਿਖਾਨੇ ਵਿਚ ਇੱਕ ਢਾਂਗਾ (ਜੋ ਬੱਕਰੀਆਂ ਵਾਲੇ ਰੁੱਖਾਂ ਤੋਂ ਪੱਤੇ, ਟਾਹਣੀਆਂ ਲਾਹੁਣ ਲਈ ਵਰਤਦੇ ਹਨ), ਟੁੱਟੀ ਜੁੱਤੀ, ਪਾਟੀ ਫਤੂਹੀ, ਕਮੀਜ਼ ,ਚਾਦਰਾ ਤੇ ਬਹੁਤ ਘਟੀਆ ਟੁੱਟੇ ਬਰਤਨ ਵੇਖ ਕੇ ਵਜ਼ੀਰ ਦੇ ਮੂੰਹੋਂ ਇੱਕਦਮ ਨਿੱਕਲਿਆ, ‘ਇਹ ਕੀ?’

ਰਾਜੇ ਨੇ ਵਜ਼ੀਰ ਨੂੰ ਦੱਸਿਆ ਕਿ, ਮੈਂ ਇੱਕ ਆਜੜੀ ਸੀ ਅਤੇ ਭੇਡਾਂ-ਬੱਕਰੀਆਂ ਚਰਾਉਣ ਦਾ ਕੰਮ ਕਰਦਾ ਸੀ। ਮੇਰਾ ਇਸ ਤਹਿਖਾਨੇ ਵਿਚ ਪਿਆ ਸਾਮਾਨ ਉਸ ਸਮੇਂ ਮੇਰੀ ਜਾਇਦਾਦ ਹੁੰਦੀ ਸੀ। ਸਮੇਂ ਨੇ ਅਜਿਹੀ ਕਰਵਟ ਲਈ ਕਿ ਮੈਂ ਰਾਜਾ ਬਣ ਗਿਆ। ਉਸ ਸਮੇਂ ਦੀ ਆਪਣੀ ਜਾਇਦਾਦ ਨੂੰ ਮੈਂ ਇਸ ਤਹਿਖਾਨੇ ਵਿਚ ਸੰਭਾਲ ਕੇ ਰੱਖਿਆ ਹੈ ਅਤੇ ਸਵੇਰੇ-ਸ਼ਾਮ ਇਸ ਨੂੰ ਵੇਖਣ ਲਈ ਇੱਥੇ ਆਉਂਦਾ ਹਾਂ ਤਾਂ ਜੋ ਇਹ ਮੈਨੂੰ ਮੇਰਾ ਪਿਛੋਕੜ ਯਾਦ ਕਰਵਾਉਂਦੇ ਰਹਿਣ। ਕਿਤੇ ਅਜਿਹਾ ਨਾ ਹੋ ਜਾਵੇ ਕਿ ਮਿਲੀਆਂ ਚਕਾਚੌਂਧ ਸਹੂਲਤਾਂ ਮੈਨੂੰ ਮੇਰਾ ਪਿਛੋਕੜ ਹੀ ਭੁਲਾ ਦੇਣ ਕਿ ਮੈਂ ਕਿੱਥੋਂ ਉੱਠਿਆ ਸੀ।
ਇਸ ਲਈ ਦੋਸਤੋ, ਜ਼ਿੰਦਗੀ ਵਿਚ ਹੋਰ ਵਧੇਰੇ ਮੰਜ਼ਿਲਾਂ ਪ੍ਰਾਪਤ ਕਰਨ ਅਤੇ ਸੁਖਮਈ ਜੀਵਨ ਦਾ ਆਨੰਦ ਲੈਣ ਲਈ ਸਦਾ ਆਪਣੇ ਪਿਛੋਕੜ ਨੂੰ
ਯਾਦ ਰੱਖੋ।
ਰਣਜੀਤ ਐਵੀਨਿਊ, ਅੰਮ੍ਰਿਤਸਰ
ਮੋ. 98774-66607
ਕੈਲਾਸ਼ ਚੰਦਰ ਸ਼ਰਮਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.