0.5 ਡਿਗਰੀ ਤਾਪਮਾਨ ਨਾਲ ਬਠਿੰਡਾ ਰਿਹਾ ਪੰਜਾਬ ’ਚ ਸਭ ਤੋਂ ਠੰਢਾ

0
3

21 ਸਾਲਾਂ ’ਚ 31 ਦਸੰਬਰ ਨੂੰ ਕਦੇ ਨਹੀਂ ਪਈ ਐਨੀਂ ਠੰਢ

ਬਠਿੰਡਾ, (ਸੁਖਜੀਤ ਮਾਨ)। ਪੋਹ ਦੇ ਪਾਲੇ ਨੇ ਲੋਕਾਂ ਨੂੰ ਕਾਂਬਾ ਚੜ੍ਹਾ ਰੱਖਿਆ ਹੈ। ਸਾਲ ਦੇ ਆਖਰੀ ਦਿਨ ਬਠਿੰਡਾ ਪੰਜਾਬ ’ਚ ਸਭ ਤੋਂ ਠੰਢਾ ਰਿਹਾ। 20 ਸਾਲਾਂ ’ਚ ਪਹਿਲੀ ਵਾਰ ਅੱਜ ਬਠਿੰਡਾ ’ਚ 31 ਦਸੰਬਰ ਨੂੰ ਸਭ ਤੋਂ ਘੱਟ ਤਾਪਮਾਨ ਰਿਹਾ। -0.5 ਡਿਗਰੀ ਤਾਪਮਾਨ ਕਾਰਨ ਸਵੇਰੇ ਕਰੀਬ 10 ਵਜੇ ਤੱਕ ਸੜਕਾਂ ’ਤੇ ਸੰਨਾਟਾ ਛਾਇਆ ਰਿਹਾ। ਧੁੱਪ ਨਿੱਕਲਣ ਮਗਰੋਂ ਹੀ ਲੋਕ ਘਰਾਂ ’ਚੋਂ ਨਿੱਕਲੇ। ਖੇਤੀ ਮਾਹਿਰ ਇਸ ਮੌਸਮ ਨੂੰ ਹਾੜੀ ਦੀਆਂ ਫਸਲਾਂ ਲਈ ਲਾਹੇਵੰਦ ਦੱਸ ਰਹੇ ਹਨ ਜਦੋਂਕਿ ਬੇਘਰੇ ਤੇ ਬੇਸਹਾਰਾ ਲੋਕਾਂ ’ਤੇ ਇਹ ਮੌਸਮ ਕਹਿਰ ਵਰ੍ਹਾ ਰਿਹਾ ਹੈ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਬਠਿੰਡਾ ਸਥਿਤੀ ਖੇਤਰੀ ਖੋਜ ਕੇਂਦਰ ਦੇ ਖੇਤੀ ਮੌਸਮ ਵਿਗਿਆਨੀਆਂ ਨੇ ਜੋ ਵੇਰਵੇ ਦਿੱਤੇ ਹਨ ਉਸ ਮੁਤਾਬਿਕ ਸਾਲ 2000 ਤੋਂ ਲੈ ਕੇ ਅੱਜ ਤੱਕ 31 ਦਸੰਬਰ ਨੂੰ ਬਠਿੰਡਾ ਤੇ ਇਸਦੇ ਨੇੜਲੇ ਇਲਾਕਿਆਂ ’ਚ ਐਨੀਂ ਠੰਢ ਕਦੇ ਨਹੀਂ ਪਈ। ਖੋਜ ਕੇਂਦਰ ਤੋਂ ਜੋ ਸੂਚਨਾ ਮਿਲੀ ਹੈ ਉਸ ਮੁਤਾਬਿਕ ਪਿਛਲੇ 21 ਸਾਲਾਂ ’ਚ ਕਦੇ ਵੀ 31 ਦਸੰਬਰ ਨੂੰ ਤਾਪਮਾਨ 2 ਡਿਗਰੀ ਤੋਂ ਵੀ ਹੇਠਾਂ ਨਹੀਂ ਗਿਆ ਸੀ ਪਰ ਅੱਜ ਦੇ ਘੱਟੋ-ਘੱਟ ਤਾਪਮਾਨ ਨੇ ਸਭ ਰਿਕਾਰਡ ਤੋੜ ਦਿੱਤੇ। ਲੰਘੇ 21 ਵਰਿ੍ਹਆਂ ’ਚ ਸਾਲ 2004 ’ਚ 31 ਦਸੰਬਰ ਨੂੰ ਘੱਟੋ ਘੱਟ ਤਾਪਮਾਨ 8.8 ਡਿਗਰੀ ਰਿਹਾ ਸੀ ਜੋ 21 ਸਾਲਾਂ ’ਚ ਸਭ ਤੋਂ ਵੱਧ ਹੈ ਅਤੇ ਸਭ ਤੋਂ ਘੱਟ ਤਾਪਮਾਨ ਅੱਜ -0.5 ਡਿਗਰੀ ਰਿਹਾ ਹੈ। ਅੱਜ ਵੱਧ ਤੋਂ ਵੱਧ ਤਾਪਮਾਨ 16.5 ਡਿਗਰੀ ਰਿਹਾ।

ਸਵੇਰ ਵੇਲੇ ਸੰਘਣੀ ਧੁੰਦ ਪੈਣ ਕਾਰਨ ਮੌਸਮ ’ਚ ਵੱਧ ਤੋਂ ਵੱਧ ਨਮੀਂ 85 ਫੀਸਦੀ ਦਰਜ਼ ਕੀਤੀ ਗਈ ਜਦੋਂਕਿ ਘੱਟ ਤੋਂ ਘੱਟ 72 ਫੀਸਦੀ ਰਹੀ। ਮੌਸਮ ਮਾਹਿਰਾਂ ਨੇ ਆਉਣ ਵਾਲੇ ਕੁੱਝ ਦਿਨਾਂ ਤੱਕ ਅਜਿਹਾ ਹੀ ਮੌਸਮ ਬਣੇ ਰਹਿਣ ਦੀ ਪੇਸ਼ੀਨਗੋਈ ਕੀਤੀ ਹੈ। ਠੰਢ ਦੀ ਸਭ ਤੋਂ ਵੱਧ ਮਾਰ ਬੇਸਹਾਰਾ ਤੇ ਬੇਘਰੇ ਲੋਕਾਂ ਨੂੰ ਝੱਲਣੀ ਪੈ ਰਹੀ ਹੈ। ਬਠਿੰਡਾ ’ਚ ਹੁਣ ਤੱਕ ਕਰੀਬ 5 ਮੌਤਾਂ ਠੰਢ ਨਾਲ ਹੋ ਚੁੱਕੀਆਂ ਹਨ। ਨਗਰ ਨਿਗਮ ਅਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਬੇਘਰੇ ਲੋਕਾਂ ਲਈ ਰੈਣ ਬਸੇਰੇ ਵੀ ਬਣਾਏ ਗਏ ਹਨ ਪਰ ਬੇਘਰੇ ਲੋਕ ਰੈਣ ਬਸੇਰਿਆਂ ’ਚ ਜਾਣ ਨੂੰ ਤਰਜੀਹ ਨਹੀਂ ਦੇ ਰਹੇ।

ਠੰਢ ਕਾਰਨ ਬੱਸਾਂ ਵਾਲਿਆਂ ਨੂੰ ਵੀ ਸਵਾਰੀ ਦੀ ਘਾਟ ਝੱਲਣੀ ਪਈ। ਗ੍ਰਾਹਕਾਂ ਦੀ ਉਡੀਕ ’ਚ ਬੈਠੇ ਦੁਕਾਨਦਾਰ ਵੀ ਸਾਰਾ ਦਿਨ ਬੱਠਲਾਂ ’ਚ ਅੱਗ ਪਾ ਕੇ ਸੇਕਦੇ ਰਹੇ । ਠੰਢ ਦੇ ਮੱਦੇਨਜ਼ਰ ਸਮਾਜ ਸੇਵੀ ਸੰਸਥਾਵਾਂ ਵੱਲੋਂ ਬੇਘਰੇ ਅਤੇ ਬੇਸਹਾਰਾ ਲੋਕਾਂ ਨੂੰ ਕੰਬਲ ਆਦਿ ਵੰਡਕੇ ਠੰਢ ਤੋਂ ਬਚਾਇਆ ਜਾ ਰਿਹਾ ਹੈ। ਬੀਤੀ ਦੇਰ ਰਾਤ ਐਸਐਸਪੀ ਬਠਿੰਡਾ ਭੁਪਿੰਦਰਜੀਤ ਸਿੰਘ ਵਿਰਕ ਨੇ ਸਹਾਰਾ ਵਰਕਰਾਂ ਦੇ ਸਹਿਯੋਗ ਨਾਲ ਕਰੀਬ 150 ਵਿਅਕਤੀ ਜੋ ਖੁੱਲ੍ਹੇ ਅਸਮਾਨ ਹੇਠ ਪਏ ਸੀ ਉਨ੍ਹਾਂ ’ਤੇ ਕੰਬਲ ਪਾ ਕੇ ਠੰਢ ਤੋਂ ਬਚਾਉਣ ਦੇ ਯਤਨ ਕੀਤੇ।

ਹਾੜ੍ਹੀ ਦੀਆਂ ਫਸਲਾਂ ਲਈ ਲਾਹੇਵੰਦ ਮੌਸਮ : ਖੇਤੀ ਮਾਹਿਰ

ਜ਼ਿਲ੍ਹਾ ਖੇਤੀਬਾੜੀ ਅਫ਼ਸਰ ਡਾ. ਬਹਾਦਰ ਸਿੰਘ ਦਾ ਕਹਿਣਾ ਹੈ ਕਿ ਮੌਜੂਦਾ ਮੌਸਮ ਹਾੜ੍ਹੀ ਦੀਆਂ ਫਸਲਾਂ ਲਈ ਬਹੁਤ ਲਾਹੇਵੰਦ ਹੈ। ਉਨ੍ਹਾਂ ਆਖਿਆ ਕਿ ਜੇਕਰ ਕੋਰ੍ਹਾ ਜਿਆਦਾ ਪੈਂਦਾ ਹੈ ਤਾਂ ਫਸਲਾਂ ਨੂੰ ਹਲਕਾ ਪਾਣੀ ਲਗਾ ਕੇ ਕੋਰ੍ਹੇ ਦੀ ਮਾਰ ਤੋਂ ਬਚਾਇਆ ਜਾ ਸਕਦਾ ਹੈ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.