ਡਿਪਟੀ ਡੀਈਓ ਤੇ ਐਲਏ ਦਾ ਮਨੀ ਕੁਲੈਕਟਰ 70 ਹਜ਼ਾਰ ਰੁਪਏ ਰਿਸ਼ਵਤ ਸਮੇਤ ਬੈਂਸ ਨੇ ਕੀਤਾ ਕਾਬੂ

0
270
Binas, Including, Deputy, Collects, Money, Collector

ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨਕਲ ਰੋਕਣ ‘ਚ ਰੁੱਝੇ, ਅਧਿਕਾਰੀ ਭਰ ਰਹੇ ਨੇ ਜੇਬ੍ਹਾਂ

ਰਘਬੀਰ ਸਿੰਘ, ਲੁਧਿਆਣਾ

ਲੁਧਿਆਣਾ ਦੇ ਪੱਖੋਵਾਲ ਰੋਡ ਵਿਖੇ ਇੱਕ ਪ੍ਰਾਈਵੇਟ ਸਕੂਲ ਦੇ ਮਾਲਕ ਕੋਲੋਂ ਅੱਜ ਲੁਧਿਆਣਾ ਦੇ ਡਿਪਟੀ ਡੀਓ ਕੁਲਦੀਪ ਸਿੰਘ ਅਤੇ ਵਿਭਾਗ ਦੇ ਲੀਗਲ ਐਡਵਾਈਜ਼ਰ ਹਰਵਿੰਦਰ ਸਿੰਘ ਦੇ ਨਾਂਅ ਦੇ ਇੱਕ ਸਿੱਖਿਆ ਵਿਭਾਗ ਦੇ ਹੀ ਕਲਰਕ (ਕਰਿੰਦੇ) ਅਮਿਤ ਮਿੱਤਲ ਨਾਮਕ ਵਿਅਕਤੀ ਵੱਲੋਂ 70 ਹਜ਼ਾਰ ਰੁਪਏ ਨਕਦ ਰਿਸ਼ਵਤ ਦੇ ਰੂਪ ਵਿੱਚ ਲੈੰਂਦਿਆਂ ਵਿਧਾਇਕ ਅਤੇ ਲੋਕ ਇਨਸਾਫ ਪਾਰਟੀ ਦੇ ਆਗੂ ਸਿਮਰਜੀਤ ਸਿੰਘ ਬੈਂਸ ਨੇ ਆਪਣੀ ਟੀਮ ਸਮੇਤ ਉਕਤ ਵਿਅਕਤੀ ਨੂੰ ਕਾਬੂ ਕਰ ਲਏ ਜਾਣ ਦਾ ਸਮਾਚਾਰ ਹੈ।

ਵਿਧਾਇਕ ਬੈਂਸ ਨੇ ਪੀੜਤ ਵਿਅਕਤੀ ਜਸਪ੍ਰੀਤ ਨੂੰ ਪੈਸੇ ਵਾਪਸ ਦੁਆਏ। ਇਹ ਪੂਰਾ ਮਾਮਲਾ ਫੇਸਬੁੱਕ ‘ਤੇ ਲਾਈਵ ਹੋ ਗਿਆ ਹੈ ਅਤੇ ਸੂਬੇ ਭਰ ਦੇ ਲੋਕਾਂ ਦੇ ਨਾਲ ਨਾਲ ਬਾਹਰਲੇ ਮੁਲਕਾਂ ਦੇ ਲੋਕ ਵੀ ਇਸ ‘ਤੇ ਕਮੈਂਟ ਕਰ ਰਹੇ ਹਨ। ਵਿਧਾਇਕ ਬੈਂਸ ਨੇ ਕਿਹਾ ਕਿ ਇਸ ਸਬੰਧੀ ਜੇਕਰ ਸਿੱਖਿਆ ਸਕੱਤਰ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਇਹ ਮੁੱਦਾ ਵਿਧਾਨ ਸਭਾ ਵਿੱਚ ਚੁੱਕਿਆ ਜਾਵੇਗਾ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਧਾਇਕ ਬੈਂਸ ਨੇ ਕਿਹਾ ਕਿ ਜਸਪ੍ਰੀਤ ਨਾਂਅ ਦਾ ਵਿਅਕਤੀ ਦਾ ਪੱਖੋਵਾਲ ਰੋਡ ਸਥਿੱਤ ਇੱਕ ਸਕੂਲ ਹੈ। ਬੈਂਸ ਅਨੁਸਾਰ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਮਿਲੀਭੁਗਤ ਕਰਕੇ ਦੋ ਜਾਅਲੀ ਪੱਤਰਕਾਰਾਂ ਕੋਲੋਂ ਪਹਿਲਾਂ ਸ਼ਿਕਾਇਤ ਦੁਆਈ ਗਈ ਅਤੇ ਬਾਅਦ ਵਿੱਚ ਉਸ ਸ਼ਿਕਾਇਤ ਨੂੰ ਫਾਈਲ ਕਰਨ ਲਈ ਲੁਧਿਆਣਾ ਦੇ ਡੀਈਓ ਅਤੇ ਐਲਏ ਦੇ ਕਲਰਕ (ਮਨੀ ਕੁਲੈਕਟਰ) ਵਿਅਕਤੀ ਨੇ ਪੈਸਿਆਂ ਦੀ ਮੰਗ ਕੀਤੀ।

ਪਹਿਲਾਂ ਸੌਦਾ 50 ਹਜ਼ਾਰ ਰੁਪਏ ਦਾ ਹੋਇਆ ਸੀ। ਸੋਮਵਾਰ ਨੂੰ ਜਿਵੇਂ ਹੀ ਸਿੱਖਿਆ ਵਿਭਾਗ ਵਿੱਚ ਤੈਨਾਤ ਡਿਪਟੀ ਡੀਓ ਕੁਲਦੀਪ ਸਿੰਘ ਅਤੇ ਐਲਏ ਹਰਵਿੰਦਰ ਸਿੰਘ ਦੇ ਕਰਿੰਦੇ ਨੇ ਪੀੜਤ ਵਿਅਕਤੀ ਜਸਪ੍ਰੀਤ ਨੂੰ ਕੋਚਰ ਮਾਰਕਿਟ ਨੇੜੇ ਲੜਕੀਆਂ ਦੇ ਸਰਕਾਰੀ ਸਕੂਲ ਵਿੱਚ ਪੈਸੇ ਲੈ ਕੇ ਆਉਣ ਲਈ ਕਿਹਾ ਤਾਂ ਤੁਰੰਤ ਯੋਜਨਾ ਮੁਤਾਬਕ ਆਪਣੇ ਸਮਰਥਕਾਂ ਨਾਲ ਮੌਕੇ ‘ਤੇ ਪੁੱਜੇ ਬੈਂਸ ਨੇ ਕਲਰਕ ਅਮਿਤ ਕੋਲੋਂ ਪੈਸੇ ਵਾਪਸ ਲੈ ਕੇ ਨੋਟਾਂ ਦੇ ਨੰਬਰ ਖਿੱਚੀ ਫੋਟੋ ਦੇ ਨੋਟਾਂ ਨਾਲ ਮਿਲਾਏ ਤਾਂ ਸਹੀ ਮਿਲ ਗਏ। ਕਲਰਕ ਅਮਿੱਤ ਨੇ ਦੱਸਿਆ ਕਿ ਇਹ ਪੈਸੇ ਲੁਧਿਆਣਾ ਦੇ ਡੀਪਟੀ ਡੀਓ ਕੁਲਦੀਪ ਸਿੰਘ ਅਤੇ ਲੀਗਲ ਐਡਵਾਈਜਰ ਹਰਵਿੰਦਰ ਸਿੰਘ ਦੇ ਕਹਿਣ ‘ਤੇ ਹੀ ਉਸ ਨੇ ਫੜੇ ਹਨ। ਇਸ ਦੌਰਾਨ ਬੈਂਸ ਨੇ ਦੱਸਿਆ ਕਿ ਰਿਸ਼ਵਤ ਲੈਣ ਵਾਲਾ ਵਿਅਕਤੀ ਪੀੜਤ ਵਿਅਕਤੀ ਨੂੰ ਪਿਛਲੇ 2 ਮਹੀਨਿਆਂ ਤੋਂ ਲਗਾਤਾਰ ਤੰਗ ਪਰੇਸ਼ਾਨ ਕਰ ਰਿਹਾ ਸੀ।

ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ : ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ

ਉੱਧਰ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਉਨ੍ਹਾਂ ਇਸ ਮਾਮਲੇ ਸਬੰਧੀ ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨਾਲ ਫੋਨ ‘ਤੇ ਗੱਲਬਾਤ ਕੀਤੀ ਹੈ ਅਤੇ ਪੂਰੀ ਜਾਣਕਾਰੀ ਦੇ ਦਿੱਤੀ ਹੈ। ਬੈਂਸ ਨੇ ਕਿਹਾ ਕਿ ਸਕੱਤਰ ਕ੍ਰਿਸ਼ਨ ਕੁਮਾਰ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਇਸ ਮਾਮਲੇ ਵਿੱਚ ਕਿਸੇ ਵੀ ਅਧਿਕਾਰੀ ਨੂੰ ਬਖਸ਼ਿਆ ਨਹੀਂ ਜਾਵੇਗਾ, ਬੇਸ਼ੱਕ ਉਸ ਦਾ ਕਿੰਨਾ ਵੀ ਵੱਡਾ ਅਹੁਦਾ ਹੋਵੇ ਤੇ ਜਾਂ ਉਹ ਕਿਸੇ ਵੀ ਮੰਤਰੀ ਜਾਂ ਮੁੱਖ ਮੰਤਰੀ ਤੱਕ ਦਾ ਵੀ ਰਿਸ਼ਤੇਦਾਰ ਵੀ ਕਿਓਂ ਨਾ ਹੋਵੇ।

ਜਾਅਲੀ ਪੱਤਰਕਾਰਾਂ ਦੇ ਇਸ਼ਾਰੇ ‘ਤੇ ਹੁੰਦੀ ਹੈ ਸ਼ਿਕਾਇਤ ਅਤੇ ਬਾਅਦ ਵਿੱਚ ਤੈਅ ਹੁੰਦਾ ਹੈ ਸੌਦਾ- ਉੱਧਰ ਫੜੇ ਗਏ ਕਰਿੰਦੇ ਅਮਿਤ ਮਿੱਤਲ ਨੇ ਦੱਸਿਆ ਕਿ ਲੁਧਿਆਣਾ ਦੇ  ਬਖਸ਼ੀ ਅਤੇ ਮੱਕੜ ਨਾਮਕ ਜਾਅਲੀ ਪੱਤਰਕਾਰਾਂ ਦੇ ਇਸ਼ਾਰੇ ‘ਤੇ ਹੀ ਪਹਿਲਾਂ ਸ਼ਿਕਾਇਤ ਕਰਵਾਈ ਗਈ ਅਤੇ ਬਾਅਦ ਵਿੱਚ ਉਸ ਸ਼ਿਕਾਇਤ ਨੂੰ ਹੀ ਫਾਇਲ ਕਰਨ ਦੇ ਬਹਾਨੇ ਸੌਦਾ ਤੈਅ ਕੀਤਾ ਗਿਆ। ਮਿੱਤਲ ਅਨੁਸਾਰ ਉਹ ਪਹਿਲਾਂ ਵੀ ਕਈ ਮਾਮਲਿਆਂ ਵਿੱਚ ਅਧਿਕਾਰੀਆਂ ਦੇ ਕਹਿਣ ‘ਤੇ ਅਜਿਹਾ ਕਰ ਚੁੱਕਾ ਹੈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।