ਕੈਪਟਨ ਅਮਰਿੰਦਰ ਸਿੰਘ ਮੌਕਾਪ੍ਰਸਤ ਮੁੱਖ ਮੰਤਰੀ: ਜਰਨੈਲ ਸਿੰਘ

0
110

ਕੈਪਟਨ ਅਮਰਿੰਦਰ ਸਿੰਘ ਮੌਕਾਪ੍ਰਸਤ ਮੁੱਖ ਮੰਤਰੀ: ਜਰਨੈਲ ਸਿੰਘ

ਸਮਾਣਾ, (ਸੁਨੀਲ ਚਾਵਲਾ)। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਹਲੂਵਾਲੀਆ ਕਮੇਟੀ ਦੀਆਂ ਖੇਤੀ ਬਾਰੇ ਸਿਫਾਰਸ਼ਾਂ ਰੱਦ ਕਰਨ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਮੌਕਾਪ੍ਰਸਤੀ ਦੱਸਦਿਆਂ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਇੰਚਾਰਜ ਜਰਨੈਲ ਸਿੰਘ ਨੇ ਕਿਹਾ ਕਿ ਇਹ ਉਹੀ ਕੈਪਟਨ ਅਮਰਿੰਦਰ ਸਿੰਘ ਨੇ ਜਿਨ੍ਹਾਂ ਨੇ ਖੁਦ ਮੋਂਟੇਕ ਸਿੰਘ ਆਹਲੂਵਾਲੀਆਂ ਨੂੰ ਸਦਿੱਆ ਸੀ ਤੇ ਦਾਅਵਾ ਕੀਤਾ ਕਿ ਪੰਜਾਬ ਦੇ ਵਿਕਾਸ ਲਈ ਆਹਲੂਵਾਲੀਆਂ ਕਮੇਟੀ ਦੀਆਂ ਸਿਫਾਰਸ਼ਾਂ ਚੰਗੀਆਂ ਹਨ। ਪ੍ਰੰਤੂ ਹੁਣ ਜਦੋਂ ਉਨ੍ਹਾਂ ਦਾ ਕਿਸਾਨ ਵਿਰੋਧੀ ਚਿਹਰਾ ਲੋਕਾਂ ਸਾਹਮਣੇ ਆ ਚੁੱਕਾ ਹੈ ਤਾਂ ਉਹ ਅਜਿਹੀਆਂ ਗੱਲਾਂ ਕਰਕੇ ਫ਼ਿਰ ਕਿਸਾਨਾਂ ਨੂੰ ਗੁੰਮਰਾਹ ਕਰਨਾ ਚਾਹੁੰਦੇ ਹਨ। ਜਰਨੈਲ ਸਿੰਘ ਅੱਜ ਸਮਾਣਾ ਵਿਖੇ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਕੱਢੇ ਗਏ ਰੋਡ ਸ਼ੋਅ ਵਿੱਚ ਸ਼ਿਰਕਤ ਕਰਨ ਪੁੱਜੇ ਸਨ।

ਜਰਨੈਲ ਸਿੰਘ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਦੇ ਇੰਨੇ ਹੀ ਹਿਤੈਸ਼ੀ ਹੁੰਦੇ ਤਾਂ ਹਾਈਪਾਵਰ ਕਮੇਟੀ ਦੇ ਮੈਂਬਰ ਰਹਿੰਦਿਆਂ ਉਹ ਇਨ੍ਹਾਂ ਕਾਲੇ ਕਾਨੂੰਨਾਂ ’ਤੇ ਕਦੇ ਵੀ ਦਸਤਖ਼ਤ ਨਾ ਕਰਦੇ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਿਸਾਨਾਂ ਦੇ ਅੰਦੋਲਨ ਨੂੰ ਅੰਦੋਲਨ ਜੀਵੀ ਕਹਿਣ ’ਤੇ ਜਰਨੈਲ ਸਿੰਘ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਤੋਂ ਲੈ ਕੇ ਮਹਾਤਮਾ ਗਾਂਧੀ ਤੱਕ ਸਭ ਨੇ ਅੰਦੋਲਨ ਕੀਤੇ ਜਿਸ ਦੇ ਨਤੀਜੇ ਵਜੋਂ ਅੱਜ ਅਸੀਂ ਆਜਾਦੀ ਮਾਣ ਰਹੇ ਹਾਂ ਪ੍ਰੰਤੂ ਦੇਸ਼ ਦਾ ਪ੍ਰਧਾਨ ਮੰਤਰੀ ਕਿਸਾਨ ਅੰਦੋਲਨ ਖ਼ਿਲਾਫ਼ ਅਜਿਹੇ ਸ਼ਬਦਾਂ ਦੀ ਵਰਤੋਂ ਕਰ ਰਿਹਾ ਹੈ।

ਜਰਨੈਲ ਸਿੰਘ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਪਾਰਟੀ ਪੰਜਾਬ ਵਿਚ ਸਾਰੀਆਂ ਨਗਰ ਕੌਂਸਲਾਂ ਵਿੱਚ ਚੰਗਾ ਪ੍ਰਦਰਸ਼ਨ ਕਰੇਗੀ ਤੇ ਵੱਡੀ ਜਿੱਤ ਹਾਸਲ ਕਰੇਗੀ,ਕਿਉਂਕਿ ਆਮ ਆਦਮੀ ਪਾਰਟੀ ਲੋਕਾਂ ਦੀ ਪਾਰਟੀ ਹੈ ਤੇ ਲੋਕਾਂ ਦੀ ਭਲਾਈ ਲਈ ਹੀ ਕੰਮ ਕਰ ਰਹੀ ਹੈ। ਇਸ ਮੌਕੇ ਉਨ੍ਹਾਂ ਨਾਲ ਸੂਬਾ ਜਰਨਲ ਸਕੱਤਰ ਹਰਚੰਦ ਸਿੰਘ ਬਰਸਟ, ਮੇਘਰਾਜ ਸ਼ੇਰਮਾਜਰਾ ਜਿਲ੍ਹਾ ਪ੍ਰਧਾਨ,ਚੇਤਨ ਸਿੰਘ ਜੌੜਾਮਾਜਰਾ ਆਦਿ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.