ਆਜਾ ਮੇਰਾ ਪਿੰਡ ਵੇਖ ਲੈ!

0
205

ਆਜਾ ਮੇਰਾ ਪਿੰਡ ਵੇਖ ਲੈ!

ਪਿਆਰੇ ਪਾਠਕ ਸਾਥੀਉ, ਲੇਖ ਦਾ ਸਾਰ ਪੜ੍ਹ ਕੇ ਸ਼ਾਇਦ ਤੁਹਾਡੇ ਮਨ ਵਿੱਚ ਇਹ ਜ਼ਰੂਰ ਆਇਆ ਹੋਵੇਗਾ ਕਿ ਇਸ ਲੇਖ ਰਾਹੀਂ ਅੱਜ ਕਿਸੇ ਵਧੀਆ, ਸਾਫ-ਸੁਥਰੇ ਤੇ ਕਿਸੇ ਅਗਾਂਹਵਧੂ ਪਿੰਡ ਬਾਰੇ ਜਾਣਕਾਰੀ ਮਿਲੇਗੀ! ਕਾਸ਼! ਮੈਂ ਵੀ ਆਪਣੇ ਪਿੰਡ ਬਾਰੇ ਕੁਝ ਏਦਾਂ ਦਾ ਲਿਖ ਪਾਉਂਦਾ। ਜਦ ਵੀ ਪੰਜਾਬ ਦੇ ਮਾਡਰਨ ਤੇ ਸ਼ਹਿਰਾਂ ਨੂੰ ਮਾਤ ਪਾਉਂਦੇ ਪਿੰਡਾਂ ਬਾਰੇ ਅਖਬਾਰਾਂ ਜਾਂ ਸੋਸ਼ਲ ਮੀਡੀਆ ’ਤੇ ਪੜ੍ਹਦਾ ਜਾਂ ਵੇਖਦਾ ਹਾਂ ਤਾਂ ਸੋਚਦਾ ਹਾਂ ਕਿ ਕਿਤੇ ਇਹੋ-ਜਿਹੇ ਪੰਚ-ਸਰਪੰਚ ਆਪਣੇ ਪਿੰਡ ਵੀ ਹੁੰਦੇ। ਖੈਰ, ਤੁਸੀਂ ਅੱਜ ਤੱਕ ਚੰਗੀਆਂ ਪੰਚਾਇਤਾਂ ਵਾਲੇ ਅਗਾਂਹਵਧੂ ਪਿੰਡਾਂ ਦੀਆਂ ਸਿਫਤਾਂ ਹੀ ਸੁਣੀਆਂ ਨੇ ਪਰ ਅੱਜ ਮੈਂ ਤੁਹਾਨੂੰ ਮੇਰੇ ਪਿੰਡ ਬਾਰੇ ਥੋੜ੍ਹੀ ਜਾਣਕਾਰੀ ਦੇਣ ਜਾ ਰਿਹਾ ਹਾਂ।

ਖੈਰ ਜ਼ਿਆਦਾ ਖਿਚੜੀ ਨਾ ਬਣਾਉਂਦਿਆਂ ਜੇਕਰ ਜਨਸੰਖਿਆ ਦੀ ਗੱਲ ਕਰੀਏ ਤਾਂ ਸਾਢੇ ਪੰਜ ਹਜ਼ਾਰ ਦੇ ਲਗਭਗ ਅਬਾਦੀ ਵਾਲਾ ਇਹ ਪਿੰਡ ਹੈ। ਬਠਿੰਡਾ-ਡੱਬਵਾਲੀ ਜਰਨੈਲੀ ਸੜਕ ਤੋਂ ਤਿੰਨ ਕਿਲੋਮੀਟਰ ਛਿਪਦੇ ਵਾਲੇ ਪਾਸੇ ਵੱਸਿਆ ਹੋਇਆ ਹੈ ਮੇਰਾ ਪਿੰਡ ਬਾਕੀ ਲੋਕਾਂ ਵਾਂਗ ਚੰਗੇ ਨਾਲ ਚੰਗੇ ਤੇ ਮਾੜੇ ਨਾਲ ਮਾੜੇ ਸੁਭਾਅ ਦੇ ਹੀ ਸਾਡੇ ਪਿੰਡ ਦੇ ਲੋਕ ਨੇ ਭਾਈਚਾਰਕ ਸਾਂਝ ਸਮੇਂ ਅਨੁਸਾਰ ਵਧੀਆ ਹੈ ਹਰ ਕਿਸੇ ਨਾਲ ਦੁੱਖ-ਸੁੱਖ ਵੇਲੇ ਨਾਲ ਖੜ੍ਹਦੇ ਨੇ ਲੇਟ ਹੀ ਸਹੀ ਪਰ ਅਨਿਆਂ ਤੇ ਆਪਣੇ ਹੱਕਾਂ ਲਈ ਅਵਾਜ਼ ਵੀ ਬੁਲੰਦ ਰੱਖਦੇ ਨੇ

ਹੁਣ ਗੱਲ ਜੇ ਪਿੰਡ ਦੀਆਂ ਸਰਕਾਰੀ ਸਹੂਲਤਾਂ ਦੀ ਕਰੀਏ ਤਾਂ ਇੱਥੇ ਇੱਕ ਸਰਕਾਰੀ ਪ੍ਰਾਇਮਰੀ ਸਕੂਲ ਹੈ ਤੇ ਇੱਕ ਸਿਵਲ ਹਸਪਤਾਲ ਪਰ ਲੋਕਾਂ ਦਾ ਇਲਾਜ ਕਰਨ ਵਾਲਾ ਹਸਪਤਾਲ ਕਦੇ ਸਾਫ-ਸਫਾਈ ਤੇ ਕਦੇ ਡਾਕਟਰਾਂ ਦੀ ਘਾਟ ਕਰਕੇ ਖੁਦ ਹੀ ਬਿਮਾਰ ਰਹਿੰਦਾ ਹੈ। ਗੱਲ ਕਰੀਏ ਤਾਂ ਹਸਪਤਾਲ ਦੀ ਇੱਕ ਕੰਧ ਡਿੱਗੀ ਨੂੰ ਪੂਰੇ ਢਾਈ ਸਾਲ ਹੋ ਗਏ ਨੇ, ਉਸ ਬਾਬਤ ਮੈਂ ਖੁਦ ਐਸਡੀਐਮ ਸਾਬ੍ਹ ਕੋਲ ਦੋ-ਤਿੰਨ ਵਾਰ ਬੇਨਤੀ ਲੈ ਕੇ ਗਿਆ ਸੀ ਪਰ ਜਦ ਵੀ ਗਿਆ ਆਰਥਿਕ ਹਾਲਤ ਪਤਲੀ ਹੋਣ ਦੀ ਦੁਹਾਈ ਅਤੇ ਛੇਤੀ ਕੰਧ ਕਰਨ ਦਾ ਵਾਅਦਾ ਕੀਤਾ ਗਿਆ ਮਗਰੋਂ ਹਲਕੇ ਦੀ ਵਿਧਾਇਕਾ ਨੂੰ ਵੀ ਇਸ ਬਾਰੇ ਧਿਆਨ ਦਵਾਇਆ ਗਿਆ ਉਹਨਾਂ ਨੇ ਬੜੇ ਧਿਆਨ ਨਾਲ ਗੱਲ ਪੜ੍ਹੀ ਤੇ ਬਹੁਤ ਜਲਦੀ ਹੀ ਉਸ ਦਾ ਹੱਲ ਕਰਨ ਦਾ ਲਿਖਤੀ ਭਰੋਸਾ ਦਿੱਤਾ, ਪਰ ਪਰਨਾਲਾ ਢਾਈ ਸਾਲਾਂ ਬਾਅਦ ਵੀ ਉੱਥੇ ਦਾ ਉੱਥੇ ਹੀ ਹੈ।

ਜੇ ਹੁਣ ਗੱਲ ਪਿੰਡ ਦੀ ਰਾਜਨੀਤੀ ਦੀ ਕਰੀਏ ਤਾਂ ਨੇੜੇ-ਤੇੜੇ ਦੇ ਸਾਰੇ ਪਿੰਡਾਂ ਨਾਲੋਂ ਵੱਧ ਲੋਕਲ ਲੀਡਰ ਸਾਡੇ ਪਿੰਡ ਵਿੱਚ ਹੀ ਨੇ ਪਰ ਇਸ ਪਿੰਡ ਨੂੰ ਅਜ਼ਾਦੀ ਦੇ ਸੱਤਰ ਸਾਲ ਬਾਅਦ ਆਪਣਾ ਵਾਟਰ ਵਰਕਸ ਨਸੀਬ ਹੋਇਆ। ਜੇਕਰ ਬਾਕੀ ਪਿੰਡਾਂ ਦੇ ਮੁਕਾਬਲੇ ਵੇਖਿਆ ਜਾਵੇ ਤਾਂ ਨਾ ਹੀ ਇਸ ਪਿੰਡ ਵਿੱਚ ਕੋਈ ਖੇਡ ਸਟੇਡੀਅਮ, ਨਾ ਪਾਰਕ, ਨਾ ਵਧੀਆ ਸੱਥ, ਨਾ ਸਰਕਾਰੀ ਜਿੰਮ, ਨਾ ਸਾਫ ਪਾਣੀ ਦਾ ਛੱਪੜ, ਨਾ ਪਿੰਡ ਦਾ ਕੋਈ ਕਲੱਬ, ਨਾ ਸਟਰੀਟ ਲਾਈਟਾਂ, ਨਾ ਮੋੜਾਂ ’ਤੇ ਦਿਸ਼ਾ ਦਿਖਾਉ ਸ਼ੀਸ਼ੇ, ਨਾ ਗਲੀਆਂ ਦੇ ਕੋਈ ਨੰਬਰ, ਨਾ ਹੀ ਕੋਈ ਪੰਚਾਇਤ ਘਰ, ਨਾ ਸਾਫ-ਸਫਾਈ ਇੱਥੋਂ ਤੱਕ ਕਿ ਵੱਖ-ਵੱਖ ਪਿੰਡਾਂ ਨੂੰ ਜਾਂਦੀ ਕਿਸੇ ਵੀ ਸੜਕ ’ਤੇ ਕੋਈ ਬੋਰਡ ਨਹੀਂ ਲੱਗਿਆ, ਨਵੇਂ ਆਉਣ ਵਾਲੇ ਰਾਹਗੀਰ ਅਕਸਰ ਗੱਡੀਆਂ ਖੜ੍ਹਾ-ਖੜ੍ਹਾ ਕੇ ਰਾਹ ਪੁੱਛਦੇ ਅਕਸਰ ਵੇਖੇ ਜਾ ਸਕਦੇ ਹਨ।

ਹੁਣ ਜੇਕਰ ਗੱਲ ਪਿੰਡ ਦੀ ਦਸ਼ਾ ਦੀ ਕਰੀਏ ਤਾਂ ਆਸੇ-ਪਾਸੇ ਦੇ ਸਾਰੇ ਪਿੰਡਾਂ ਨਾਲੋਂ ਮਾੜੀ ਫਿਰਨੀ ਅੱਜ ਦੇ ਸਮੇਂ ਸੰਗਤ ਪਿੰਡ ਦੀ ਹੈ। ਭਿ੍ਰਸ਼ਟਾਚਾਰ ਦੀ ਭੇਂਟ ਚੜ੍ਹੇ ਸੀਵਰੇਜ਼ ਦਾ ਗੰਦਾ ਪਾਣੀ ਗਲੀਆਂ ਵਿੱਚ ਫਿਰਦਾ ਰਹਿੰਦਾ ਹੈ, ਪਿੰਡ ਦਾ ਛੱਪੜ ਆਪਣੀ ਹੋਣੀ ’ਤੇ ਹੰਝੂ ਵਹਾਉਂਦਾ ਹੈ। ਪਿੰਡ ਤੋਂ ਮੰਡੀ ਵੱਲ ਜਾਂਦੀ ਪੰਜ ਸਾਲ ਪਹਿਲਾਂ ਬੀਬਾ ਬਾਦਲ ਦੇ ਚੋਣ ਦੌਰੇ ਤੋਂ ਇੱਕ ਦਿਨ ਪਹਿਲਾਂ ਬਣੀ ਕੱਚੀ-ਪੱਕੀ ਸੜਕ ਵਾਹਨਾਂ ਦੀ ਰਫਤਾਰ ਨੂੰ ਕੰਟਰੋਲ ਵਿੱਚ ਰੱਖਦੀ ਹੈ ਸੜਕਾਂ ਉੱਪਰ ਫਲੱਸ਼ਾਂ ਅਤੇ ਰੂੜੀਆਂ ਲਾ-ਲਾ ਲੋਕਾਂ ਨੇ ਪਿੰਡ ਦੀ ਨੁਹਾਰ ਹੀ ਬਦਲ ਰੱਖੀ ਹੈ ਸਰਕਾਰੀ ਨਿਯਮਾਂ ਅਨੁਸਾਰ ਕਿਸੇ ਧਾਰਮਿਕ ਜਗ੍ਹਾ ਦੇ ਪੰਜ ਸੌ ਮੀਟਰ ਘੇਰੇ ਵਿੱਚ ਕੋਈ ਸ਼ਰਾਬ ਦਾ ਠੇਕਾ ਨਹੀਂ ਹੋਣਾ ਚਾਹੀਦਾ ਪਰ ਮੇਰੇ ਪਿੰਡ ਵਿੱਚ ਜੇਕਰ ਕਿਸੇ ਨੇ ਗੁਰਦੁਆਰਾ ਸਾਹਿਬ ਜਾਣਾ ਹੁੰਦਾ ਹੈ ਤਾਂ ਪਹਿਲਾਂ ਉਸਨੂੰ ਮਾਸ ਵਾਲੇ ਖੋਖਿਆਂ ਤੇ ਸ਼ਰਾਬ ਦੇ ਠੇਕੇ ਅੱਗੋਂ ਲੰਘਣਾ ਪੈਂਦਾ ਹੈ

ਇੱਕ ਹੋਰ ਬੜੀ ਦਿਲਚਸਪ ਘਟਨਾਂ ਤੁਹਾਡੇ ਨਾਲ ਸਾਂਝੀ ਕਰਦਾ ਹਾਂ, ਪਿਛਲੇ ਮਹੀਨੇ ਇੱਕ ਰਿਸ਼ਤੇਦਾਰ ਕਈ ਸਾਲਾਂ ਬਾਅਦ ਮਿਲਣ ਆਇਆ ਸ਼ਾਮ ਨੂੰ ਅਸੀਂ ਦੋਵੇਂ ਕੁਝ ਖਾਣ-ਪੀਣ ਲਈ ਮੰਡੀ ਚਲੇ ਗਏ। ਮੇਨ ਬਜ਼ਾਰ ਵਿੱਚੋਂ ਲੰਘਦਿਆਂ ਸਾਨੂੰ ਸੜਕ ’ਤੇ ਦੋ ਖੱਡੇ ਮਿਲੇ। ਜਿਨ੍ਹਾਂ ਨੂੰ ਵੇਖ ਉਹ ਕਹਿੰਣ ਲੱਗਾ, ‘ਯਾਰ ਕਿਹੋ-ਜਿਹੀ ਮੰਡੀ ਆ ਤੁਹਾਡੀ? ਜਦ ਮੈਂ ਸੱਤ-ਅੱਠ ਸਾਲ ਪਹਿਲਾਂ ਆਇਆ ਸੀ ਤਦ ਵੀ ਇਹ ਖੱਡੇ ਸਨ ਤੇ ਹਾਲੇ ਹੀ ਹੈਗੇ ਆ, ਇੰਨੇ ਸਾਲਾਂ ਵਿੱਚ ਇਹ ਖੱਡੇ ਵੀ ਨਹੀਂ ਭਰ ਹੋਏ ਸੋਡੇ ਮਾਰਕਿਟ ਕਮੇਟੀ ਵਾਲਿਆਂ ਤੋਂ?’

ਇਹ ਦੋ ਖੱਡੇ ਤਾਂ ਚੀਜ਼ ਹੀ ਕੁਝ ਨਹੀਂ ਮੰਡੀ ਲਈ, ਜਦ ਬਰਸਾਤ ਹੁੰਦੀ ਹੈ ਤਾਂ ਮੰਡੀ ਵਿੱਚ ਗੋਡੇ-ਗੋਡੇ ਪਾਣੀ ਖੜ੍ਹ ਜਾਂਦਾ ਹੈ। ਨਵੀਆਂ ਸਵਾਰੀਆਂ ਜਦ ਰੇਲਵੇ ਸਟੇਸ਼ਨ ਤੋਂ ਉੱਤਰ ਕੇ ਬਜਾਰ ਵੱਲ ਆਉਂਦੀਆਂ ਹਨ ਤਾਂ ਸਾਹਮਣੇ ਨਦੀ ਦਾ ਭੁਲੇਖਾ ਪਾਉਂਦੀ ਸੜਕ ਸਭ ਨੂੰ ਸੋਚਣ ਲਈ ਮਜ਼ਬੂਰ ਕਰ ਦਿੰਦੀ ਹੈ। ਇੱਕ ਵਾਰ ਪਈ ਬਰਸਾਤ ਦਾ ਪਾਣੀ ਹਫਤਾ-ਹਫਤਾ ਬਜਾਰ ਦੀ ਸੁੰਦਰਤਾ ਨੂੰ ਚਾਰ ਚੰਨ ਲਾਉਂਦਾ ਹੈ। ਨਵੀਂ ਪੰਚਾਇਤ ਬਣੀ ਨੂੰ ਲਗਭਗ ਦੋ-ਢਾਈ ਸਾਲ ਹੋ ਗਏ ਹਨ ਜਦ ਪਿੰਡ ਦੇ ਵਿਕਾਸ ਕਾਰਜਾਂ ਲਈ ਮੁਹਤਬਰਾਂ ਨੂੰ ਕਿਹਾ ਜਾਂਦਾ ਹੈ ਤਾਂ ਉਹ ਵੀ ਵਿਚਾਰੇ ਮਜ਼ਬੂਰੀ ਬਿਆਨ ਕਰਦੇ ਹਨ ਕਿ ਸਰਕਾਰ ਪੈਸਾ ਹੀ ਨਹੀਂ ਦਿੰਦੀ

ਜਿੱਥੇ ਪਹਿਲਾਂ ਇੰਨੇ ਸਾਲ ਇਹ ਸਭ ਝੱਲਿਆ ਹੁਣ ਹੋਰ ਸਹੀ। ਪੰਚਾਇਤਾਂ ਦਾ ਤਾਂ ਪਤਾ ਹੀ ਹੈ ਕਿ ਸਰਕਾਰ ਜਾਣ ਵੇਲੇ ਹੀ ਖਾਲੀ ਖਜ਼ਾਨੇ ਦਾ ਮੂੰਹ ਖੋਲ੍ਹੇਗੀ ਪਰ ਹੁਣ ਮੰਡੀ ਵਿੱਚ ਕਮੇਟੀ ਦੀਆਂ ਵੋਟਾਂ ਵੇਲੇ ਕਰੋੜਾਂ ਦੀ ਗਰਾਂਟ ਆਈ ਸੀ। ਸਾਰੀ ਮੰਡੀ ਦੀਆਂ ਕੁਝ ਸਾਲ ਪਹਿਲਾਂ ਹੀ ਬਣੀਆਂ ਗਲੀਆਂ ਪੁੱਟ ਕੇ ਦੁਬਾਰਾ ਫਿਰ ਇੰਟਰਲਾਕ ਟਾਇਲਾਂ ਲਾ ਕੇ ਅਖੌਤੀ ਵਿਕਾਸ ਕਰ ਦਿੱਤਾ ਗਿਆ ਹੁਣ ਇਹ ਗੱਲ ਸਮਝੋਂ ਬਾਹਰ ਹੈ ਕਿ ਸਾਡੇ ਲੋਕਲ ਲੀਡਰਾਂ ਨੂੰ ਸਿਰਫ ਗਲੀਆਂ ਪੁੱਟ ਕੇ ਦੁਬਾਰਾ ਬਣਾਉਣ ਵਿੱਚ ਹੀ ਸ਼ਾਇਦ ਵਿਕਾਸ ਕਾਰਜਾਂ ਦੀ ਝਲਕ ਦਿਸਣ ਲੱਗ ਜਾਂਦੀ ਹੈ

ਬੱਸ ਮੁੱਕਦੀ ਜਿਹੀ ਇਹੋ ਗੱਲ ਹੈ ਕਿ ਚੰਗੇ ਪੜ੍ਹੇ-ਲਿਖੇ ਤੇ ਇਮਾਨਦਾਰ ਪੰਚ-ਸਰਪੰਚ ਅਤੇ ਸਾਫ-ਸੁਥਰੀ ਰਾਜਨੀਤੀ ਕਰਮਾਂ ਵਾਲੇ ਪਿੰਡਾਂ ਨੂੰ ਹੀ ਨਸੀਬ ਹੁੰਦੀ ਹੈ, ਜਿਨ੍ਹਾਂ ਦੀ ਬਦੌਲਤ ਉਹ ਪਿੰਡ ਆਪਣੀ ਵਧੀਆ ਪਛਾਣ ਬਣਾਉਂਦੇ ਹਨ ਨਹੀਂ ਤਾਂ ਬਾਕੀਆਂ ਦਾ ਤਾਂ ਰੱਬ ਹੀ ਰਾਖਾ ਹੁੰਦਾ ਹੈ ਖੈਰ! ਇਹਨਾਂ ਸਾਰੀਆਂ ਖਾਮੀਆਂ ਲਈ ਕਿਤੇ ਨਾ ਕਿਤੇ ਅਸੀਂ ਖੁਦ ਵੀ ਜਿੰਮੇਵਾਰ ਹੁੰਦੇ ਹਾਂ ਕਿਉਂਕਿ ਵੋਟਾਂ ਵੇਲੇ ਥੋੜ੍ਹੇ-ਥੋੜ੍ਹੇ ਲਾਲਚ ਵਿੱਚ ਆ ਕੇ ਆਪਣੀਆਂ ਜ਼ਮੀਰਾਂ ਵੇਚ ਦਿੰਦੇ ਹਾਂ ਤੇ ਮਗਰੋਂ ਵਿਕਾਸ ਕੈਲੀਫੋਰਨੀਆ ਵਾਲਾ ਭਾਲਦੇ ਹਾਂ।

ਖੈਰ ਤੁਸੀਂ ਵੀ ਸੋਚੋਗੇ ਕਿ ਇਹ ਕਿਹੋ-ਜਿਹਾ ਇਨਸਾਨ ਹੈ ਜੋ ਆਪਣੇ ਹੀ ਪਿੰਡ ਨੂੰ ਨਿੰਦ ਰਿਹਾ ਹੈ ਪਰ ਇੱਕ ਲਿਖਣ ਵਾਲੇ ਦਾ ਫਰਜ਼ ਹੁੰਦਾ ਹੈ ਕਿ ਉਹ ਸਹੀ ਨੂੰ ਸਹੀ ਤੇ ਗਲਤ ਨੂੰ ਗਲਤ ਕਹਿਣ ਦੀ ਹਿੰਮਤ ਰੱਖਦਾ ਹੋਵੇ ਚਾਹੇ ਉਸਦਾ ਕੋਈ ਆਪਣਾ ਜਾਂ ਉਹ ਖੁਦ ਹੀ ਕਿਉਂ ਨਾ ਹੋਵੇ । ਪਰ ਮੈਨੂੰ ਇੱਕ ਆਸ ਵੀ ਹੈ ਕਿ ਕਦੇ ਨਾ ਕਦੇ ਤਾਂ ਮੇਰੇ ਪਿੰਡ ਦੀ ਨੁਹਾਰ ਵੀ ਜਰੂਰ ਬਦਲੇਗੀ!
ਸੰਗਤ ਕਲਾਂ, ਬਠਿੰਡਾ
ਮੋ. 85590-86235
ਸੁਖਵਿੰਦਰ ਚਹਿਲ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.