ਆਓ! ਬਣਾਈਏ ਐਂਕਰਿੰਗ ‘ਚ ਆਪਣਾ ਕਰੀਅਰ

0
51

ਆਓ! ਬਣਾਈਏ ਐਂਕਰਿੰਗ ‘ਚ ਆਪਣਾ ਕਰੀਅਰ

ਮਾਸ ਮੀਡੀਆ ਅੱਜ ਦੇ ਵਿਗਿਆਨਕ ਯੁੱਗ ਵਿੱਚ ਆਪਣੇ  ਪੈਰ ਬਹੁਤ ਪਸਾਰ ਚੁੱਕਾ ਹੈ। ਮਾਸ ਮੀਡੀਆ ਸਾਡੀ ਜ਼ਿੰਦਗੀ ਵਿੱਚ ਅਹਿਮ ਰੋਲ ਅਦਾ ਕਰਦਾ ਹੈ। ਮਾਸ ਮੀਡੀਆ ਤੋਂ ਭਾਵ- ਉਹ ਸਾਰੇ ਯੰਤਰ, (ਬੇਸ਼ੱਕ ਉਹ ਪ੍ਰਿੰਟ ਰੂਪ ‘ਚ ਹੋਣ ਜਾਂ ਵੀਡੀਓ ਰੂਪ ‘ਚ ਹੋਣ), ਜਿਨ੍ਹਾਂ ਰਾਹੀਂ ਅਸੀਂ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਬੈਠੇ ਹੋਏ ਇੱਕ-ਦੂਸਰੇ ਨਾਲ਼ ਸੰਚਾਰ ਕਰ ਸਕਦੇ ਹਾਂ। ਮਾਸ ਮੀਡੀਆ ਸਾਡੇ ਹਰੇਕ ਖੇਤਰ ਵਿੱਚ ਸਾਡੀ ਮੱਦਦ ਕਰਦਾ ਹੈ। ਰੋਜ਼ਾਨਾ ਹੋਣ ਵਾਲੀਆਂ ਘਟਨਾਵਾਂ ਬਾਰੇ ਸਾਨੂੰ ਮਾਸ ਮੀਡੀਆ ਤੋਂ ਹੀ ਪਤਾ ਲੱਗਦਾ ਹੈ। ਇਹ ਸਿਰਫ ਜਾਣਕਾਰੀ ਹੀ ਨਹੀਂ ਦਿੰਦਾ ਬਲਕਿ ਸਾਡੇ ਲਈ ਰੁਜ਼ਗਾਰ ਦੇ ਦੁਆਰ ਵੀ ਖੋਲ੍ਹਦਾ ਹੈ।

ਕਰੀਅਰ ਅਤੇ ਨੌਕਰੀਆਂ

ਜਿਵੇਂ ਕਿ ਅਸੀਂ ਸਾਰੇ ਭਲੀ-ਭਾਂਤ ਜਾਣਦੇ ਹਾਂ ਕਿ ਅੱਜ ਦੇ ਸਮੇਂ ਵਿੱਚ ਮਾਸ ਮੀਡੀਆ ਦਾ ਬਹੁਤ ਪ੍ਰਚਲਣ ਹੈ। ਵੱਖ-ਵੱਖ ਵਿੱਦਿਅਕ ਸੰਸਥਾਵਾਂ ਵਿੱਚ ਮਾਸ ਮੀਡੀਆ ਨਾਲ਼ ਸਬੰਧਿਤ ਵੱਖ-ਵੱਖ ਤਰ੍ਹਾਂ ਦੇ ਕੋਰਸੇਜ਼ ਕਰਵਾਏ ਜਾਂਦੇ ਹਨ। ਜਦੋਂ ਵਿਦਿਆਰਥੀ ਇਨ੍ਹਾਂ ਕੋਰਸਾਂ ਨੂੰ ਪੂਰਿਆਂ ਕਰ ਲੈਂਦਾ ਹੈ ਤਾਂ ਟੀ.ਵੀ. ਚੈਨਲਾਂ, ਟੀ.ਵੀ. ਸ਼ੋਅਜ਼, ਮੈਗਜੀਨਜ਼ ਅਤੇ ਹੋਰ ਪ੍ਰਕਾਸ਼ਨ ਸੰਸਥਾਵਾਂ ਦੀ ਭਾਰੀ ਡਿਮਾਂਡ ਹੁੰਦੀ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਸ ਦਿਸ਼ਾ ਵਿੱਚ ਤੁਹਾਡਾ ਜ਼ਿਆਦਾ ਝੁਕਾਅ ਹੈ, ਉਸੇ ਦਿਸ਼ਾ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ। ਜੇਕਰ ਤੁਹਾਡੇ ਕੋਲ਼ ਸ਼ਬਦਾਂ ਨਾਲ਼ ਖੇਡਣ ਦੀ ਕਲਾ ਹੈ ਤਾਂ ਤੁਸੀਂ ਇੱਕ ਚੰਗੇ ਲੇਖਕ ਬਣ ਸਕਦੇ ਹੋ। ਜੇ ਤੁਹਾਡੇ ਕੋਲ਼ ਚੰਗਾ ਬੋਲਣ ਦੀ ਕਲਾ ਹੈ ਤਾਂ ਤੁਸੀਂ ਟੀਵੀ ਐਂਕਰਿੰਗ ਵਿੱਚ ਆਪਣੀ ਕਿਸਮਤ ਅਜ਼ਮਾ ਸਕਦੇ ਹੋ। ਮਾਸ ਮੀਡੀਆ ਦਿਨੋ-ਦਿਨ ਇੰਨੀ ਤੇਜ਼ ਗਤੀ ਨਾਲ਼ ਵਧ ਰਿਹਾ ਹੈ ਕਿ ਤੁਹਾਨੂੰ ਇਸ ਖੇਤਰ ਵਿੱਚ ਇੱਕ ਵਧੀਆ ਮੌਕਾ ਮਿਲ ਸਕਦਾ ਹੈ।

ਐਂਕਰਿੰਗ

ਨਿਊਜ਼ ਐਂਕਰ ਇੱਕ ਜਗ੍ਹਾ ‘ਤੇ ਬੈਠ ਕੇ ਦੁਨੀਆਂ ਭਰ ਵਿੱਚ ਖਬਰਾਂ ਪਹੁੰਚਾਉਂਦਾ ਹੈ। ਖ਼ਬਰਾਂ ਦਾ ਟੈਲੀਕਾਸਟ ਕਰਦਾ ਹੈ।
ਐਂਕਰਿੰਗ ਲਈ ਮੁੱਢਲੀਆਂ ਯੋਗਤਾਵਾਂ

(1) ਪ੍ਰੋਫੈਸ਼ਨਲ ਯੋਗਤਾਵਾਂ:

ਜੋ ਵਿਦਿਆਰਥੀ ਐਂਕਰਿੰਗ ਦੇ ਖੇਤਰ ਵਿੱਚ ਆਉਣਾ ਚਾਹੁੰਦਾ ਹੈ, ਉਸ ਕੋਲ ਘੱਟੋ-ਘੱਟ ਮਾਸ ਮੀਡੀਆ ਜਾਂ ਪੱਤਰਕਾਰਿਤਾ ਵਿੱਚ ਗ੍ਰੈਜੂਏਸ਼ਨ ਹੋਣੀ ਜ਼ਰੂਰੀ ਹੈ। ਇਸ ਤੋਂ ਉੱਪਰ ਪੜ੍ਹਾਈ ਦੀ ਕੋਈ ਬੰਦਿਸ਼ ਨਹੀਂ ਹੈ।

(2) ਵਿਅਕਤੀਗਤ ਨਿਪੁੰਨਤਾਵਾਂ:

1. ਵਧੀਆ ਆਵਾਜ਼ ਪ੍ਰਵਾਹ: ਇੱਕ ਐਂਕਰ ਦੀ ਆਵਾਜ਼ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਕਿ ਉਸਦੀ ਆਵਾਜ਼ ਦਰਸ਼ਕਾਂ ਤੱਕ ਬਹੁਤ ਹੀ ਸਪੱਸ਼ਟ ਤਰੀਕੇ ਨਾਲ਼ ਪਹੁੰਚਦੀ ਹੋਵੇ। ਆਵਾਜ਼ ਵਿੱਚ ਠਹਿਰਾਓ ਹੋਣਾ ਚਾਹੀਦਾ ਹੈ। ਤੁਹਾਡੇ ਕੋਲ ਆਵਾਜ਼ ਵਿੱਚ ਸਮੇਂ ਅਨੁਸਾਰ ਉਤਰਾਅ-ਚੜ੍ਹਾਅ ਲਿਆਉਣ ਦੀ ਕਲਾ ਹੋਣੀ ਚਾਹੀਦੀ ਹੈ।2. ਵਿਭਿੰਨ ਭਾਸ਼ਾਵਾਂ ਦਾ ਗਿਆਨ: ਇੱਕ ਸਫਲ ਐਂਕਰ ਹੋਣ ਵਾਸਤੇ ਤੁਹਾਨੂੰ ਵਿਭਿੰਨ ਭਾਸ਼ਾਵਾਂ ਦਾ ਗਿਆਨ ਹੋਣਾ ਜ਼ਰੂਰੀ ਹੈ। ਕਿਉਂਕਿ ਕਿਸੇ ਵੀ ਖੇਤਰ ‘ਚ ਕੋਈ ਵੀ ਇੱਕ ਭਾਸ਼ਾ ਨਹੀਂ ਹੋ ਸਕਦੀ। ਜਿਸ ਤਰ੍ਹਾਂ ਭਾਰਤ ਵਰਗੇ ਦੇਸ਼ ਵਿੱਚ ਤਾਂ ਖਾਸ ਕਰ ਅਜਿਹਾ ਐਂਕਰ ਹੋਣਾ ਚਾਹੀਦਾ ਹੈ ਜਿਸਨੂੰ ਵੱਖ-ਵੱਖ ਭਾਸ਼ਾਵਾਂ ਦਾ ਗਿਆਨ ਹੋਵੇ।
3. ਚਲੰਤ ਮਾਮਲਿਆਂ ਬਾਰੇ ਜਾਣਕਾਰੀ: ਇੱਕ ਚੰਗੇ ਐਂਕਰ ਲਈ ਚਲੰਤ ਮਾਮਲਿਆਂ ਦੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ। ਕਿਉਂਕਿ ਜ਼ਿੰਦਗੀ ਵਿੱਚ ਉਹੀ ਵਿਅਕਤੀ ਕਾਮਯਾਬ ਹੁੰਦਾ ਹੈ ਜੋ ਸਮੇਂ ਦੇ ਨਾਲ-ਨਾਲ਼ ਚੱਲਦਾ ਰਹੇ।
4. ਸਹਿਜ਼ਤਾ ਨਾਲ਼ ਭਰਪੂਰ: ਇੱਕ ਅੱਛਾ ਐਂਕਰ ਬਣਨ ਲਈ ਤੁਹਾਡੇ ਕੋਲ਼ ਸਹਿਜ਼ ਸੁਭਾਅ ਹੋਣਾ ਜ਼ਰੂਰੀ ਹੈ। ਤੁਹਾਡੇ ਕੋਲ਼ ਇਸ ਤਰ੍ਹਾਂ ਦਾ ਗੁਣ ਹੋਣਾ ਚਾਹੀਦਾ ਹੈ ਕਿ ਤੁਸੀਂ ਸਾਹਮਣੇ ਵਾਲ਼ੇ ਦੀ ਗੱਲ ਸਹਿਜ਼ਤਾ ਨਾਲ਼ ਸੁਣ ਸਕੋ ਅਤੇ ਆਪਣੀ ਗੱਲ ਸਾਹਮਣੇ ਵਾਲ਼ੇ ਤੱਕ ਪਹੁੰਚਦੀ ਕਰ ਸਕੋ।

Come on! Build your career in anchoring

5. ਦਿਲਚਸਪੀ ਅਤੇ ਲਚਕਤਾ: ਕੋਈ ਵੀ ਕੰਮ ਬਿਨਾਂ ਦਿਲਚਸਪੀ ਤੋਂ ਨਹੀਂ ਹੋ ਸਕਦਾ। ਇਸ ਕਰਕੇ ਐਂਕਰਿੰਗ ਦੇ ਵਿੱਚ ਵੀ ਤੁਹਾਡੀ ਕੰਮ ਵਿੱਚ ਦਿਲਚਸਪੀ ਹੋਣੀ ਚਾਹੀਦੀ ਹੈ। ਤੁਹਾਡੇ ਕੋਲ਼ ਕੰਮ ਕਰਨ ਵਿੱਚ ਲਚਕਤਾ ਵੀ ਹੋਣੀ ਚਾਹੀਦੀ ਹੈ। ਲਚਕਤਾ ਤੋਂ ਭਾਵ ਕਿ ਤੁਹਾਨੂੰ ਸਮੇਂ ਅਨੁਸਾਰ ਢਲ਼ਣਾ ਆਉਣਾ ਚਾਹੀਦਾ ਹੈ।
6. ਸੰਚਾਰ ਦਾ ਹੁਨਰ: ਤੁਹਾਡੇ ਕੋਲ ਸੰਚਾਰ ਦਾ ਇੱਕ ਚੰਗਾ ਹੁਨਰ ਹੋਣਾ ਚਾਹੀਦਾ ਹੈ। ਤੁਹਾਨੂੰ ਸਾਹਮਣੇ ਵਾਲ਼ੇ ਨੂੰ ਆਪਣੀ ਗੱਲ ਕਹਿਣੀ ਤੇ ਉਹਦੀ ਗੱਲ ਚੰਗੇ ਤਰੀਕੇ ਨਾਲ਼ ਸੁਣਨੀ ਆਉਣੀ ਚਾਹੀਦੀ ਹੈ।
7. ਤਕਨੀਕੀ ਹੁਨਰ: ਕਿਉਂਕਿ ਅੱਜ ਦਾ ਸਮਾਂ ਐਸਾ ਸਮਾਂ ਹੈ ਕਿ ਅਸੀਂ ਟੈਕਨਾਲੋਜੀ ਤੋਂ ਬਿਨਾਂ ਕੁਝ ਵੀ ਨਹੀਂ। ਸਵੇਰ ਤੋਂ ਸ਼ਾਮ ਤੱਕ ਹੋਣ ਵਾਲੇ ਤਕਰੀਬਨ ਸਾਰੇ ਕਾਰਜਾਂ ਵਿੱਚ ਅਸੀਂ ਟੈਕਨਾਲੋਜੀ ਦਾ ਸਹਾਰਾ ਲੈਂਦੇ ਹਾਂ। ਇਸੇ ਤਰ੍ਹਾਂ ਐਂਕਰ ਵਾਸਤੇ ਵੀ ਟੈਕਨਾਲੋਜੀ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ।
8. ਇੰਟਰਵਿਊ ਲੈਣ ‘ਚ ਕੁਸ਼ਲ: ਜਿਸ ਪ੍ਰਕਾਰ ਅਸੀਂ ਟੈਲੀਵਿਜ਼ਨ ਵਿੱਚ ਦੇਖਦੇ ਹਾਂ ਕਿ ਵੱਖ-ਵੱਖ ਟੀ.ਵੀ. ਚੈਨਲਾਂ ਉੱਪਰ ਐਂਕਰ ਵੱਖ-ਵੱਖ ਰਾਜਨੀਤਿਕ ਲੀਡਰਾਂ, ਸਮਾਜ ਸੁਧਾਰਕਾਂ ਜਾਂ ਸਿੱਖਿਆ ਸ਼ਾਸਤਰੀਆਂ ਦੀਆਂ ਇੰਟਰਵਿਊਜ਼ ਲੈਂਦੇ ਹਨ। ਇੰਟਰਵਿਊ ਕਰਨਾ ਕੋਈ ਮਾੜੀ-ਮੋਟੀ ਗੱਲ ਨਹੀਂ ਹੁੰਦੀ। ਇੰਟਰਵਿਊ ਕਰਨ ਲਈ ਤੁਹਾਡੇ ਕੋਲ ਵਿਸ਼ਾਲ ਸ਼ਬਦ ਭੰਡਾਰ ਹੋਣਾ ਚਾਹੀਦਾ ਹੈ। ਤੁਹਾਡੇ ਕੋਲ਼ ਸਾਹਮਣੇ ਵਾਲ਼ੇ ਵਿਅਕਤੀ ਤੋਂ ਪੁੱਛਣ ਲਈ ਹਰੇਕ ਪ੍ਰਕਾਰ ਦੇ ਪ੍ਰਸ਼ਨ ਹੋਣੇ ਚਾਹੀਦੇ ਹਨ। ਇੰਟਰਵਿਊ ਕਰਨ ਵੇਲੇ ਤੁਹਾਡੀ ਆਵਾਜ਼ ਸਾਫ ਹੋਵੇ। ਇੰਟਰਵਿਊ ਦੇਣ ਵਾਲਾ ਤੁਹਾਡੇ ਸਵਾਲਾਂ ਤੋਂ ਅੱਕੇ ਨਾ। ਤੁਹਾਡੇ ਕੋਲ ਆਤਮ-ਵਿਸ਼ਵਾਸ ਹੋਣਾ ਚਾਹੀਦਾ ਹੈ। ਤੁਹਾਨੂੰ ਆਪਣੀ ਇੰਟਰਵਿਊ ਕਰਕੇ ਸੰਤੁਸ਼ਟੀ ਹੋਣੀ ਚਾਹੀਦੀ ਹੈ। ਅੰਤ ਵਿੱਚ ਆਪਣੀ ਇੰਟਰਵਿਊ ਦਾ ਸਾਰ ਅੰਸ਼ ਜ਼ਰੂਰ ਦੱਸੋ।

Come on! Build your career in anchoring

ਐਂਕਰਿੰਗ ਲਈ ਨੌਕਰੀ ਦੇ ਮੌਕੇ:

ਜੋ ਵੀ ਵਿਦਿਆਰਥੀ ਐਂਕਰਿੰਗ ਦੇ ਖੇਤਰ ਵਿੱਚ ਆਉਣਾ ਚਾਹੁੰਦਾ ਹੈ। ਉਸ ਵਾਸਤੇ ਰੁਜ਼ਗਾਰ ਦੇ ਹੇਠ ਲਿਖੇ ਮੌਕੇ ਹੋ ਸਕਦੇ ਹਨ:-
1. ਡਾਂਸ ਸ਼ੋਅਜ਼ ਵਿੱਚ ਐਂਕਰਿੰਗ
2. ਕੁਕਰੀ ਸ਼ੋਅਜ਼ ਵਿੱਚ ਐਂਕਰਿੰਗ
3. ਕੁਇਜ਼ ਮੁਕਾਬਲਿਆਂ ਵਿੱਚ ਐਂਕਰਿੰਗ
4. ਟੀ.ਵੀ. ਐਂਕਰਿੰਗ ਲਈ ਅਪਲਾਈ ਕਰ ਸਕਦੇ ਹੋ
5. ਰੇਡੀਓ ਸਟੇਸ਼ਨ ‘ਤੇ ਐਂਕਰਿੰਗ ਲਈ ਅਪਲਾਈ ਕਰ ਸਕਦੇ ਹੋ
6. ਐਵਾਰਡ ਸਮਾਰੋਹ ਵਿੱਚ ਐਂਕਰਿੰਗ ਕਰਨ ਲਈ
7. ਰਿਐਲਿਟੀ ਸ਼ੋਅਜ਼ ਵਿੱਚ ਐਂਕਰਿੰਗ ਆਦਿ।

ਐਂਕਰਿੰਗ ਲਈ ਟ੍ਰੇਨਿੰਗ ਸੰਸਥਾਵਾਂ:-

ਵੱਖ-ਵੱਖ ਸੰਸਥਾਵਾਂ ਵਿੱਚ ਐਂਕਰਿੰਗ ਲਈ ਫੁੱਲ ਟਾਈਮ ਜਾਂ ਪਾਰਟ ਟਾਈਮ ਕੋਰਸੇਜ਼ ਕਰਵਾਏ ਜਾਂਦੇ ਹਨ। ਭਾਰਤ ਵਿੱਚ ਮੁੱਖ ਤੌਰ ‘ਤੇ ਹੇਠ ਲਿਖੀਆਂ ਸੰਸਥਾਵਾਂ ਮਾਸ ਮੀਡੀਆ ਵਰਗੇ ਕੋਰਸੇਜ਼ ਕਰਵਾਉਂਦੀਆਂ ਹਨ:-
1. ਆਰਟ ਆਫ ਫਿਲਮ ਐਂਡ ਟੈਲੀਵਿਜ਼ਨ ਕ੍ਰਾਫਟ (ਨਵੀਂ ਦਿੱਲੀ)
2. ਨੈਸ਼ਨਲ ਇੰਸਟੀਚਿਊਟ ਫ਼ਾਰ ਮੀਡੀਆ ਐਂਡ ਫ਼ਿਲਮਜ਼ (ਜੈਪੁਰ)
3. ਇੰਟਰਨੈਸ਼ਨਲ ਮੀਡੀਆ ਇੰਸਟੀਚਿਊਟ (ਗੁੜਗਾਓਂ)
4. ਨੈਸ਼ਨਲ ਸਕੂਲ ਆਫ਼ ਇਵੈਂਟਸ (ਮੁੰਬਈ)
5. ਗਾਰਡਨ ਸਿਟੀ ਕਾਲਜ (ਬੰਗਲੌਰ)
6. ਇੰਡੀਅਨ ਇੰਸਟੀਚਿਊਟ ਆਫ ਮਾਸ ਕਮਿਊਨੀਕੇਸ਼ਨ (ਨਵੀਂ ਦਿੱਲੀ)
7. ਪ੍ਰਾਨ ਮੀਡੀਆ ਇੰਸਟੀਚਿਊਟ, ਨੋਇਡਾ
8. ਏ.ਪੀ.ਜੇ. ਇੰਸਟੀਚਿਊਟ ਆਫ਼ ਮਾਸ ਕਮਿਊਨੀਕੇਸ਼ਨ (ਨਵੀਂ ਦਿੱਲੀ)
9. ਇੰਸਟੀਚਿਊਟ ਫ਼ਾਰ ਮੀਡੀਆ ਸਟੱਡੀਜ਼ ਐਂਡ ਇਨਫਰਮੇਸ਼ਨ (ਨਵੀਂ ਦਿੱਲੀ)
10. ਦਿੱਲੀ ਫਿਲਮ ਇੰਸਟੀਚਿਊਟ (ਨਵੀਂ ਦਿੱਲੀ)

Come on! Build your career in anchoring

ਐਂਕਰਿੰਗ ਵਿੱਚ ਤਨਖਾਹ:-

ਸ਼ੁਰੂ ਵਿੱਚ ਜਦ ਕੋਈ ਵਿਅਕਤੀ ਐਂਕਰਿੰਗ ਵਿਚ ਆਪਣੀ ਕਿਸਮਤ ਅਜਮਾਉਂਦਾ ਹੈ ਤਾਂ ਉਸਦੀ ਤਨਖਾਹ 10,000-40,000 ਮਹੀਨਾ ਦੇ ਲਗਭਗ ਹੁੰਦੀ ਹੈ। ਪ੍ਰੰਤੂ ਤੁਹਾਡੀ ਕਾਬਲੀਅਤ ਦੇ ਹਿਸਾਬ ਨਾਲ਼ ਬਾਅਦ ਵਿੱਚ ਇਸ ਵਿੱਚ ਇਜ਼ਾਫਾ ਵੀ ਹੁੰਦਾ ਰਹਿੰਦਾ ਹੈ। ਇੱਕ ਨਿਊਜ਼ ਐਡੀਟਰ ਜਾਂ ਇੱਕ ਟੀ.ਵੀ. ਐਂਕਰ ਦੀ ਤਨਖਾਹ 25,000 ਤੋਂ ਲੈ ਕੇ 40,000 ਮਹੀਨਾ ਹੋ ਸਕਦੀ ਹੈ।
ਸੋ, ਮੈਨੂੰ ਉਮੀਦ ਹੈ ਕਿ ਐਂਕਰਿੰਗ ਬਾਰੇ ਤੁਹਾਨੂੰ ਕਾਫੀ ਕੁਝ ਪਤਾ ਲੱਗ ਗਿਆ ਹੋਣਾ। ਜਿਹੜੇ ਵਿਦਿਆਰਥੀ ਇਸ ਖੇਤਰ ਵਿਚ ਰੁਚੀ ਰੱਖਦੇ ਹਨ, ਉਹਨਾਂ ਨੂੰ ਜ਼ਰੂਰ ਇਸ ਖੇਤਰ ਵਿੱਚ ਆਉਣ ਚਾਹੀਦਾ ਹੈ।
ਗੁਰਵਿੰਦਰ ਸਿੰਘ ਉੱਪਲ,ਈ.ਟੀ.ਟੀ. ਅਧਿਆਪਕ,
ਸਰਕਾਰੀ ਪ੍ਰਾਇਮਰੀ ਸਕੂਲ, ਦੌਲੋਵਾਲ (ਸੰਗਰੂਰ)
ਮੋ. 98411-45000

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.