ਕੋਰੋਨਾ ਦਾ ਕਹਿਰ ਜਾਰੀ, ਅਜੇ ਵੀ ਸੁਚੇਤ ਹੋਣ ਦੀ ਲੋੜ

0
18

ਕੋਰੋਨਾ ਦਾ ਕਹਿਰ ਜਾਰੀ, ਅਜੇ ਵੀ ਸੁਚੇਤ ਹੋਣ ਦੀ ਲੋੜ

‘ਵਿਸ਼ਵ’ ਸਿਹਤ ਸੰਗਠਨ ਨੇ ਕੋਰੋਨਾ ਵਾਇਰਸ ਨੂੰ ਮਹਾਮਾਰੀ ਐਲਾਨਿਆਂ ਹੈ ਤੇ ਇਸ ਖਤਰਨਾਕ ਵਾਇਰਸ ਨੇ ਦੁਨੀਆਂ ਭਰ ‘ਚ ਪੈਰ ਪਸਾਰ ਲਏ ਹਨ। ਕੋਵਿਡ-19 ਛੂਤ ਦੀ ਬਿਮਾਰੀ ਨੇ ਲੱਖਾਂ ਜਾਨਾਂ ਨੂੰ ਮੌਤ ਦੇ ਮੂੰਹ ਵਿੱਚ ਧੱਕ ਦਿੱਤਾ ਹੈ ਤੇ ਰੋਜਾਨਾਂ ਹੀ ਹਜ਼ਾਰਾਂ ਨੂੰ ਆਪਣੀ ਲਪੇਟ ਵਿੱਚ ਲੈ ਰਹੀ ਹੈ। ਸਿਹਤ ਵਿਭਾਗ, ਸਰਕਾਰਾਂ ਅਤੇ ਮੈਡੀਕਲ ਖੋਜ ਸੰਸਥਾਵਾਂ ਇਸ ਦੀ ਰੋਕਥਾਮ ਲਈ ਅਨੇਕਾਂ ਹੀ ਹਦਾਇਤਾਂ ਘਰ-ਘਰ  ਪਹੁੰਚਾਉਣ ਲਈ ਹਰ ਸੰਭਵ ਉਪਰਾਲੇ ਕਰ ਰਹੀਆਂ ਹਨ ਪਰ ਜਿਵੇਂ ਕਬੂਤਰ ਬਿੱਲੀ ਨੂੰ ਦੇਖ ਕੇ ਅੱਖਾਂ ਮੀਚ ਲੈਂਦਾਂ ਹੈ ਤੇ ਸੋਚਦਾ ਹੈ ਕੇ ਬਚ ਗਿਆ, ਠੀਕ ਇਸੇ ਤਰ੍ਹਾਂ ਅੱਜ ਕੋਰੋਨਾ ਦੀ ਮਾਰ ਤੋਂ ਲੋਕ ਕੰਨੀ ਕਤਰਾ ਰਹੇ ਹਨ ਤੇ ਬੇਪਰਵਾਹ-ਬੇਖੋਫ ਹੋਕੇ ਆਪਣੀਆਂ ਸਰਗਰਮੀਆਂ ‘ਚ ਮਸ਼ਰੂਫ ਹਨ,ਪਿਛਲੇ ਦਿਨਾਂ ‘ਚ ਕੋਰੋਨਾ ਘਟਿਆ ਜਰੂਰ ਸੀ,ਪਰ ਮੁਕੰਮਲ ਖਤਮ ਨਹੀ ਸੀ ਹੋਇਆ ਕੋਰੋਨਾ ਦਾ ਕਹਿਰ ਜਾਰੀ ਹੈ,

ਅਜੇ ਵੀ ਸੁਚੇਤ ਹੋਣ ਦੀ ਲੋੜ ਹੈ,ਛੋਟੀ ਜਿਹੀ ਲਾਪਰਵਾਹੀ ਵੀ ਭਾਰੀ ਪੈ ਸਕਦੀ ਹੈ। ਅੱਜ ਦੀ ਘੜੀ ਇਸ ਦਾ ਇਲਾਜ ਪਰਹੇਜ਼ ਤੇ ਅਡਵਾਇਜ਼ਰੀਆਂ ਦੀ ਪਾਲਣਾ ਹੀ ਦੱਸਿਆ ਜਾ ਰਿਹਾ ਹੈ। ਪਰ ਹੱਥ ਧੋਣ, ਮਾਸਕ ਲਗਾਉਣ ਅਤੇ ਸਮਾਜਿਕ ਦੂਰੀ ਨੂੰ ਅਜੇ ਵੀ ਲੋਕ ਅੱਖੋਂ-ਪਰੋਖੇ ਕਰਦੇ ਨਜ਼ਰ ਆ ਰਹੇ ਹਨ।ਕੋਰੋਨਾ ਦੀ ਸੈਂਪਲਿੰਗ ਵਿੱਚ ਪਾਜ਼ਿਟਿਵ ਆ ਰਹੇ ਕੇਸਾਂ ਵਿੱਚ ਫਲੂ ਵਰਗੇ ਲੱਛਣ ਨਜ਼ਰ ਨਾ ਆਉਣਾ ਵੀ ਲੋਕਾਂ ਵਿੱਚ ਜਿਥੇ ਇੱਕ ਵੱਡਾ ਪ੍ਰਸ਼ਨ ਬਣਿਆਂ ਹੋਇਆ ਹੈ

ਉਥੇ ਲੋਕਾਂ ਵਿੱਚ ਡਰ ਖਤਮ ਹੋਣ ਦਾ ਅਹਿਮ ਕਾਰਨ ਵੀ ਲੱਗ ਰਿਹਾ ਹੈ।ਪਰ ਜੇ ਆਈਆਂ ਰਿਪੋਰਟਾਂ ਤੇ ਝਾਤ ਮਾਰੀਏ ਤਾਂ ਇੱਕ ਗੱਲ ਨਿੱਕਲ ਕੇ ਸਾਹਮਣੇ ਆਉਂਦੀ ਹੈ ਕਿ ਕੋਰੋਨਾ ਵਾਇਰਸ ਫੈਲਣ ਪਿੱਛੇ ਲੱਛਣਰਹਿਤ ਕੈਰੀਅਰ ਭਾਵ ਉਹ ਵਿਅਕਤੀ ਜੋ ਕੋਰੋਨਾ ਵਾਇਰਸ ਨਾਲ ਪਾਜ਼ਿਟਿਵ ਹਨ,ਪਰ ਉਨਾਂ ਵਿੱਚ ਕੋਰੋਨਾ ਦੇ ਕੋਈ ਲੱਛਣ ਨਜ਼ਰ ਨਹੀ ਆਉਂਦੇ ਤੇ ਉਹ ਰੋਜ਼ ਵਾਂਗ ਆਪਣੇ ਕੰਮ-ਕਾਜ ‘ਤੇ ਜਾ ਰਹੇ ਹਨ,ਪਰਿਵਾਰਕ ਮੈਂਬਰਾਂ ਨਾਲ ਅਤੇ  ਦੋਸਤਾਂ-ਮਿੱਤਰਾਂ ਨਾਲ ਮਿਲ ਰਹੇ ਹਨ ਪਰ ਉਹ ਅਣਜਾਣ ਹਨ ਕਿ ਉਹ ਦੂਰ-ਨੇੜੇ ਮੇਲ-ਮਿਲਾਪ ਕਰ ਇਹ ਵਾਇਰਸ ਫੈਲਾਉਣ ਦਾ ਜਰੀਆ ਬਣ ਰਹੇ ਹਨ ਜਿਸ ਨਾਲ ਇਸ ਵਾਇਰਸ ਦੇ ਕਮਿਊਨਟੀ ਵਿੱਚ ਸਪਰੈਡ ਹੋਣ ਦੀ ਸੰਭਾਵਨਾ ਵਧਦੀ ਜਾ ਰਹੀ ਹੈ।

ਸਿਹਤ ਮਾਹਿਰਾਂ ਵੱਲੋਂ ਕੀਤੀਆਂ ਖੋਜਾਂ ਤੇ ਅਧਿਅਨਾਂ ਅਨੁਸਾਰ ਚੁੱਪ-ਚਪੀਤੇ ਕੋਵਿਡ-19 ਵਾਇਰਸ ਫੈਲਾਉਣ ਵਾਲਿਆਂ ਦੀਆਂ 3 ਕਿਸਮਾਂ ਜਿੰਨਾਂ ਵਿੱਚ ਮਾਮੂਲੀ ਲੱਛਣ-ਉਹ ਲੋਕ ਜਿੰਨਾਂ ਵਿੱਚ ਕੋਰੋਨਾ ਪਾਜ਼ਿਟਿਵ ਦੇ ਸੰਪਰਕ ਵਿੱਚ ਆਉਣ ਤੋਂ ਬਾਅਦ ਬੜੇ ਹੀ ਮਾਮੂਲੀ ਜਿਹੇ ਲੱਛਣ ਜਿਵੇਂ ਥੋੜੀ ਜਿਹੀ ਖਾਂਸੀ-ਜ਼ੁਕਾਮ ਜਾਂ ਕਦੇ ਬੁਖਾਰ ਦਾ ਘਟਣਾ-ਵੱਧਣਾ, ਮੁਢਲੇ ਲੱਛਣ-ਉਹ ਲੋਕ ਜਿੰਨਾਂ ਵਿੱਚ ਕੋਰੋਨਾ ਪਾਜ਼ੀਟਿਵ ਦੇ ਸੰਪਰਕ ‘ਚ ਆਉਣ ਤੇ 1 ਹਫਤੇ ਜਾਂ ਉਸ ਤੋਂ ਵੀ ਦੇਰੀ ਨਾਲ ਕੋਰੋਨਾ ਦੇ ਲੱਛਣ ਜਿਵੇਂ ਸਾਹ ਟੁੱਟਣਾ,ਖੰਘ-ਜ਼ੁਕਾਮ ਅਤੇ ਥਕਾਵਟ ਨਜ਼ਰ  ਆਉਂਦੇ ਹਨ ਅਤੇ ਤੀਸਰੀ ਕਿਸਮ ਲੱਛਣ ਰਹਿਤ-ਉਹ ਲੋਕ ਜਿੰਨਾਂ ਅੰਦਰ ਕੋਰੋਨਾ ਵਾਇਰਸ ਵਧ ਜਾਂਦਾ ਹੈ ਪਰ ਉਹ ਕਿਸੇ ਵੀ ਕਿਸਮ ਦਾ ਕੋਈ ਲੱਛਣ ਜਾਂ ਸੰਕੇਤ ਨਹੀ ਦਰਸਾਉਂਦੇ ਤੇ ਉਹ ਇਹ ਵਾਇਰਸ ਕੈਰੀਅਰ ਬਣ ਅੱਗੇ ਦੀ ਅੱਗੇ ਕਈ ਲੋਕਾਂ ਤੱਕ ਵਾਇਰਸ ਪ੍ਰਸਾਰਿਤ ਕਰ ਦਿੰਦੇ ਹਨ ਜੋ ਇਸ ਮਹਾਮਾਰੀ ਨੂੰ ਡਰਾਉਣੇ ਢੰਗ ਨਾਲ ਵਧਾ ਸਕਦਾ ਹੈ

ਜੋ ਬਹੁਤ ਵੱਡੀ ਚਣੌਤੀ ਹੈ। ਇਸੇ ਲਈ ਹੀ ਸਿਆਣਪ ਵਰਤਦਿਆਂ ਜਿਆਦਾਤਰ ਦੇਸ਼ਾਂ ਨੇ ਸਖਤੀ ਨਾਲ ਲਾਕਡਾਊਨ, ਇਕਾਂਤਵਾਸ ਅਤੇ ਸਮਾਜਿਕ ਦੂਰੀ ਦਾ ਰਸਤਾ ਅਪਣਾਇਆ ਹੈ ਤਾਂ ਜੋ ਕੋਵਿਡ -19 ਦੀ ਇਸ ਚੇਨ ਨੂੰ ਤੋੜਿਆ ਜਾ ਸਕੇ। ਪਰ ਇਨੀ ਮੁਸ਼ੱਕਤ ਤੋਂ ਬਾਅਦ ਵੀ ਇਸ ਵਾਇਰਸ ਦਾ ਫਲਾਅ ਨਹੀ ਰੁੱਕ ਰਿਹਾ। ਕੋਰੋਨਾ ਨੂੰ ਮਾਤ ਦੇਣ ਲਈ ਜਰੂਰੀ ਹੈ ਲੱਛਣਰਹਿਤ ਕੈਰੀਅਰ ਨੂੰ ਸਮਝਣਾ ਅਤੇ ਦੂਸਰਿਆਂ ਨੂੰ ਸਮਝਾਉਣਾ। ਜੇ ਤੁਹਾਨੂੰ ਲੱਗ ਰਿਹਾ ਹੈ ਕਿ ਤੁਸੀ ਵੀ ਕਿਸੇ ਕੋਰੋਨਾ ਲੱਛਣਰਹਿਤ ਕੈਰੀਅਰ ਦੇ ਸੰਪਰਕ ਵਿੱਚ ਆਏ ਹੋ ਤਾਂ ਤੁਰੰਤ ਬਿਨਾ ਕਿਸੇ ਦੇਰੀ ਤੋਂ ਸ਼ੱਕ ਦੂਰ ਕਰਨ ਲਈ ਨੇੜੇ ਦੇ ਫਲੂ ਕਾਰਨਰ ‘ਤੇ ਜਾ ਕੇ ਕੋਰੋਨਾ ਦੀ ਜਾਂਚ ਲਈ ਬਿਨਾਂ ਡਰ ਸੈਂਪਲ ਦਿਓ, ਆਪਣੇ ਆਪ ਨੂੰ ਘਰ  ਇਕਾਂਤਵਾਸ ਕਰ ਲੈਣਾ ਚਾਹੀਦਾ ਹੈ ਤਾਂ ਜੋ ਤੁਹਾਡੇ ਆਲੇ-ਦੁਆਲੇ ਦੇ ਲੋਕ ਤੇ ਤੁਹਾਡੇ ਕਰੀਬੀ ਵਿਅਕਤੀ ਤੁਹਾਡੇ ਤੋਂ ਸੰਕਰਮਿਤ ਹੋਣੋ ਬਚ ਜਾਣ।

ਘਰ ਤੋਂ ਬਾਹਰ ਜਾਣ ਲੱਗਿਆ ਹਰ ਸਾਵਧਾਨੀ ਨੂੰ ਆਪਣੀਆਂ ਆਦਤਾਂ ਵਿੱਚ ਸ਼ਾਮਿਲ ਕਰ ਲਓ ਮਾਸਕ ਨਾਲ ਨੱਕ ਤੇ ਮੂੰਹ ਢੱਕ ਕੇ ਰੱਖਣਾ, ਸਮਾਜਿਕ ਦੂਰੀ ਬਣਾ ਕੇ ਰੱਖਣਾ ਵਾਰ-ਵਾਰ ਹੱਥ ਧੋਣਾ ਜਾਂ ਸੈਨੇਟਾਈਜ਼ਰ ਦਾ ਪ੍ਰਯੋਗ ਕਰਨਾ ਨਾ ਭੁੱਲੋ। ਜੇ ਤੁਹਾਨੂੰ ਲੱਗ ਰਿਹਾ ਹੈ ਕਿ ਮਾਸਕ ਨਾ ਪਹਿਨਣ ,ਜਨਤਕ ਸਥਾਨਾਂ ‘ਤੇ ਥੁੱਕਣ ਅਤੇ ਇਕਾਂਤਵਾਸ ਦੀ ਉਲੰਘਣਾ ਕਰਨ ਤੇ ਲਾਏ ਵੱਡੇ ਜ਼ੁਰਮਾਨੇ ਜਾਂ ਚਲਾਣ ਸਰਕਾਰੀ ਖਜਾਨਾ ਭਰਨ ਲਈ ਹਨ ਜਾਂ ਜਨਤਾ ਨੂੰ ਤੰਗ ਪ੍ਰੇਸ਼ਾਨ ਕਰਨ ਲਈ ਹਨ ਤਾਂ ਤੁਸੀ ਗਲਤ ਸੋਚ ਰਹੇ ਹੋ ਇਹ ਤਾਂ ਇੱਕ ਇਸ਼ਾਰਾ ਹੈ, ਢੰਗ ਹੈ ਤਾਂ ਕੇ  ਲੱਛਣਰਹਿਤ ਕੈਰੀਅਰ ਪੈਦਾ ਹੋਣ ਦੀ ਖੇਡ ਹੀ ਖਤਮ ਹੋ ਜਾਵੇ

ਇਸ ਮਹਾਮਾਰੀ ਵਿੱਚ ਅਫਵਾਹਾਂ ਦੇ ਦੌਰ ਵਿਚੋਂ ਬਾਹਰ ਨਿਕਲੋ, ਸੇਧ ਲਓ ਹੋਰਾਂ ਦੇਸ਼ਾਂ ਤੋਂ ਤੇ ਸਿਹਤ ਵਿਭਾਗ ਅਤੇ ਸਰਕਾਰ ਦੁਆਰਾ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰੋ,ਅਫਵਾਹਾਂ ਤੇ ਗਲਤ ਧਾਰਨਾਵਾਂ ਨੂੰ ਅਣਸੁਣਿਆਂ-ਅਣਦੇਖਿਆ ਕਰੋ ਅਤੇ ਸਹੀ ਜਾਣਕਾਰੀ ਹਾਸਲ ਕਰ ਦੂਸਰਿਆਂ ਨੂੰ ਵੀ ਦੱਸੋ। ਕੋਰੋਨਾ ਯੋਧਿਆਂ ਦੁਆਰਾ ਪਿਛਲੇ ਕਈ ਮਹੀਨਿਆਂ ਤੋਂ ਦਿਨ-ਰਾਤ ਕੀਤੀ ਮਿਹਨਤ ਦਾ ਮੁੱਲ ਪਹਿਚਾਣੋ,ਕਦਰ ਕਰੋ ਅਤੇ ਸਹਿਯੋਗ ਦਿਓ।
ਮੀਡੀਆ ਇੰਚਾਰਜ ਕੋਵਿਡ-19
ਸਿਹਤ ਤੇ ਪਰਿਵਾਰ ਭਲਾਈ ਵਿਭਾਗ,ਫਰੀਦਕੋਟ
ਮੋ: 9814656257
ਡਾ.ਪ੍ਰਭਦੀਪ ਸਿੰਘ ਚਾਵਲਾ, ਬੀ.ਈ.ਈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.