ਪੰਜਾਬੀ ’ਵਰਸਿਟੀ ’ਚ ਦਲਿਤ ਵਿਦਿਆਰਥੀਆਂ ਨੂੰ ਨਹੀਂ ਮਿਲਦਾ ਹੋਸਟਲ

0
104

ਇੱਕ ਵਰਗ ਨੂੰ ਗੱਫ਼ੇ ਦੂਜੇ ਨੂੰ ਧੱਕੇ ਵਾਲੀ ਪਾਲਿਸੀ ਬੰਦ ਕਰੇ ਯੂਨੀਵਰਸਿਟੀ : ਡਾ. ਜਤਿੰਦਰ ਸਿੰਘ ਮੱਟੂ

ਪਟਿਆਲਾ, (ਨਰਿੰਦਰ ਸਿੰਘ ਬਠੋਈ (ਸੱਚ ਕਹੂੰ))। ਮਾਲਵਾ ਖੇਤਰ ਦੇ ਐਜੂਕੇਸ਼ਨ ਹੱਬ ਵਜੋਂ ਜਾਣੀ ਜਾਂਦੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਪੜ੍ਹਨ ਆਉਣ ਵਾਲੇ ਅਨੁਸੂਚਿਤ ਜਾਤੀਆਂ ਦੇ ਗਰੀਬ ਪਰਿਵਾਰਾਂ ਦੇ ਬੱਚਿਆਂ ਨੂੰ ਹੋਸਟਲ ਸੀਟਾਂ ਨਾ ਦਿੱਤੇ ਜਾਣ ਦੇ ਮਾਮਲੇ ਦਾ ਡਾ. ਅੰਬੇਡਕਰ ਕਰਮਚਾਰੀ ਮਹਾਂਸੰਘ, ਪੰਜਾਬ ਵੱਲੋਂ ਤਿੱਖਾ ਵਿਰੋਧ ਜਤਾਇਆ ਗਿਆ ਹੈ। ਇਸ ਸਬੰਧੀ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਡਾ. ਜਤਿੰਦਰ ਸਿੰਘ ਮੱਟੂ ਵੱਲੋਂ ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਸ੍ਰੀਮਤੀ ਰਵਨੀਤ ਕੌਰ (ਆਈ.ਏ.ਐਸ) ਨੂੰ ਮੰਗ ਪੱਤਰ ਭੇਜਦਿਆਂ ਅਨੁਸੂਚਿਤ ਜਾਤੀ ਦੇ ਗਰੀਬ ਪਰਿਵਾਰਾਂ ਦੇ ਵਿਦਿਆਰਥੀਆਂ ਦੀਆਂ ਹੋਸਟਲ ਅਲਾਟਮੈਂਟ ਸਮੇਂ ਰਾਖਵਾਂਕਰਨ ਦੇ ਹਿਸਾਬ ਨਾਲ ਸੀਟਾਂ ਦੇਣ ਅਤੇ ਸੀਟਾਂ ਦੇਣ ਤੋਂ ਬਾਅਦ ਪਹਿਲ ਦੇ ਅਧਾਰ ’ਤੇ ਅਡਜਸਟਮੈਂਟ ਕਰਨ ਦੀ ਮੰਗ ਕੀਤੀ ਹੈ।

ਉਨ੍ਹਾਂ ਦੱਸਿਆ ਕਿ ਪੰਜਾਬ ਦੇ ਦੂਰ-ਦੂਰਾਡੇ ਇਲਾਕੇ ਤੋਂ ਪੰਜਾਬੀ ਯੂਨੀਵਰਸਿਟੀ ਪੜ੍ਹਨ ਆਉਣ ਵਾਲੀਆਂ ਵਿਦਿਆਰਥਣਾਂ ਨੂੰ 90-90, 94 ਪ੍ਰਤੀਸ਼ਤ ਨੰਬਰ ਲੈਣ ਦੇ ਬਾਵਜੂਦ ਹੋਸਟਲ ਸੀਟ ਨਹੀਂ ਦਿੱਤੀ ਗਈ। ਇਸ ਬਾਰੇ ਪਤਾ ਲੱਗਿਆ ਕਿ ਪੰਜਾਬੀ ਯੂਨੀਵਰਸਿਟੀ ਅੰਦਰ ਹਰ ਵਿਭਾਗ ਵੱਲੋਂ ਹੋਸਟਲ ਲਈ ਜਰਨਲ ਮੈਰਿਟ ਲਿਸਟ ਬਣਾਈ ਜਾਂਦੀ ਹੈ। ਜਿਸ ਵਿੱਚ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਰਾਖਵਾਂਕਰਨ ਨਹੀਂ ਦਿੱਤਾ ਜਾਂਦਾ।

ਉਨ੍ਹਾਂ ਕਿਹਾ ਕਿ ਜਦੋਂ ਦਾਖਲਿਆਂ ਵਿੱਚ ਪੰਜਾਬ ਸਰਕਾਰ ਦੇ ਨਿਯਮਾਂ ਅਨੁਸਾਰ ਐਸ.ਸੀ ਵਰਗ ਦੇ ਬੱਚਿਆਂ ਦੀਆਂ ਸੀਟਾਂ ਰੱਖੀਆਂ ਜਾਂਦੀਆਂ ਹਨ ਤਾਂ ਫਿਰ ਹੋਸਟਲ ਅਲਾਟਮੈਂਟ ਸਮੇਂ ਉਨ੍ਹਾਂ ਦੀ ਵੱਖਰੀ ਲਿਸਟ ਕਿਉਂ ਨਹੀਂ ਬਣਾਈ ਜਾਂਦੀ। ਉਨ੍ਹਾਂ ਕਿਹਾ ਕਿ ਇੱਕ ਵਰਗ ਨੂੰ ਗੱਫ਼ੇ ਅਤੇ ਦੂਜੇ ਨੂੰ ਧੱਕੇ ਵਾਲਾ ਸਿਧਾਂਤ ਪੰਜਾਬੀ ਯੂਨੀਵਰਸਿਟੀ ਅਥਾਰਿਟੀ ਨੂੰ ਬਦਲਣਾ ਪਵੇਗਾ। ਇਹ ਵੀ ਦੇਖਣ ਵਿੱਚ ਆਇਆ ਹੈ ਕਿ ਐਸ.ਸੀ ਬੱਚਿਆਂ ਨੂੰ ਸੀਟਾਂ ਅਲਾਟ ਕਰਨੀਆਂ ਤਾਂ ਇੱਕ ਪਾਸੇ ਬੱਚਿਆਂ ਦੀਆਂ ਅਡਜਸਟਮੈਂਟ ਵਾਲੀਆਂ ਅਰਜ਼ੀਆਂ ’ਤੇ ਵੀ ਵਿਭਾਗੀ ਸਿਫਾਰਿਸ਼ ਕਰਨ ਲਈ ਵਿਭਾਗ ਵੱਲੋਂ ਅਣਗਿਣਤ ਚੱਕਰ ਕਟਵਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇਹ ਦਲਿਤ ਵਿਦਿਆਰਥੀਆਂ ਦਾ ਮਨੋਬਲ ਤੋੜਨ, ਉਨ੍ਹਾਂ ਨੂੰ ਜ਼ਲੀਲ ਕਰਨ ਦੀ ਬਹੁਤ ਵੱਡੀ ਸਾਜਿਸ਼ ਹੈ

ਜਿਸਨੂੰ ਕਿਸੇ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਚਿਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਜੇਕਰ ਆਉਣ ਵਾਲੇ 2-4 ਦਿਨਾਂ ਦੇ ਅੰਦਰ ਅਨੁਸੂਚਿਤ ਜਾਤੀ ਵਿਦਿਆਰਥੀਆਂ ਦੀਆਂ ਬਣਦੀਆਂ ਹੋਸਟਲ ਸੀਟਾਂ ਨਾ ਦਿੱਤੀਆਂ ਗਈਆਂ ਤਾਂ ਡਾ. ਅੰਬੇਡਕਰ ਕਰਮਚਾਰੀ ਮਹਾਂਸੰਘ, ਪੰਜਾਬ ਦੀ ਪੰਜਾਬੀ ਯੂਨੀਵਰਸਿਟੀ ਇਕਾਈ ਵੱਲੋਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ, ਜਿਸਦੀ ਜਿੰਮੇਵਾਰੀ ਪੰਜਾਬੀ ਯੂਨੀਵਰਸਿਟੀ ਪ੍ਰਸ਼ਾਸ਼ਨ ਦੀ ਹੋਵੇਗੀ। ਇਸ ਮੌਕੇ ਹਾਜਰ ਨੁਮਾਇੰਦਿਆਂ ਵਿੱਚ ਸੁਪਰਡੈਂਟ ਦੇਵਕੀ ਦੇਵੀ, ਕਸ਼ਮੀਰ ਸਿੰਘ, ਵਿਦਿਆਰਥੀ ਆਗੂ ਸੰਦੀਪ ਸਿੰਘ ਹਾਜਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.