ਸਿਆਸਤ ‘ਚ ਚਰਚਾ, ਆਲੋਚਨਾ ਤੇ ਬਗਾਵਤ

0
36

ਸਿਆਸਤ ‘ਚ ਚਰਚਾ, ਆਲੋਚਨਾ ਤੇ ਬਗਾਵਤ

ਕਾਂਗਰਸ ਦੇ ਸੀਨੀਅਰ ਆਗੂ ਤੇ ਪ੍ਰਸਿੱਧ ਵਕੀਲ ਕਪਿਲ ਸਿੱਬਲ ਨੇ ਬਿਹਾਰ ਚੋਣਾਂ ਤੋਂ ਬਾਅਦ ਆਪਣੀ ਪਾਰਟੀ ਦੀ ਕਾਰਜਸ਼ੈਲੀ ‘ਤੇ ਸਵਾਲ ਉਠਾਏ ਹਨ ਸਿੱਬਲ ਨੂੰ ਤਿੱਖਾ ਜਵਾਬ ਪਾਰਟੀ ਦੇ ਲੋਕ ਸਭਾ ‘ਚ ਨੇਤਾ ਅਧੀਰ ਰੰਜਨ ਵੱਲੋਂ ਆਇਆ ਹੈ ਰੰਜਨ ਨੇ ਕਿਹਾ ਹੈ ਕਿ ਸਿੱਬਲ ਨੂੰ ਵੱਖਰੀ ਪਾਰਟੀ ਬਣਾ ਲੈਣੀ ਚਾਹੀਦੀ ਹੈ ਇਸ ਤੋਂ ਪਹਿਲਾਂ ਵੀ 23 ਆਗੂਆਂ ਨੇ ਪਾਰਟੀ ‘ਚ ਸੁਧਾਰ ਲਈ ਪੱਤਰ ਲਿਖਿਆ ਸੀ ਜਿਸ ‘ਤੇ ਕਾਫ਼ੀ ਵਿਵਾਦ ਹੋਇਆ ਸਿੱਬਲ ਦਾ ਕਹਿਣਾ ਹੈ ਕਿ ਪਾਰਟੀ ਦੇ ਅੰਦਰ ਗੱਲ ਕਰਨ ਦਾ ਮੰਚ ਨਹੀਂ ਜਿਸ ਕਾਰਨ ਉਹ ਮੀਡੀਆ ‘ਚ ਬਿਆਨ ਦੇ ਰਹੇ ਹਨ ਦਰਅਸਲ ਰਾਸ਼ਟਰੀ ਪਾਰਟੀਆਂ ਤੋਂ ਲੈ ਕੇ ਖੇਤਰੀ ਪਾਰਟੀਆਂ ਤੱਕ ਚਿੰਤਨ ਮੰਥਨ ਦੀ ਕਮੀ ਰੜਕ ਰਹੀ ਹੈ,

ਜਿਸ ਦਾ ਪਾਰਟੀਆਂ ਨੂੰ ਭਾਰੀ ਨੁਕਸਾਨ ਵੀ ਹੋਇਆ ਹੈ ਸਰਕਾਰ ਚਲਾ ਚੁੱਕੀਆਂ ਕਈ ਖੇਤਰੀ ਪਾਰਟੀਆਂ ਵਿਰੋਧੀ ਧਿਰ ਦਾ ਦਰਜਾ ਵੀ ਹਾਸਲ ਨਹੀਂ ਕਰ ਸਕੀਆਂ ਲਗਾਤਾਰ ਦੋ ਵਾਰ ਕਾਂਗਰਸ ਦੀ ਲੋਕ ਸਭਾ ਚੋਣਾਂ ‘ਚ ਕਰਾਰੀ ਹਾਰ ਕਾਰਨ ਸਿੱਬਲ ਸਮੇਤ ਕਈ ਆਗੂ ਪਾਰਟੀ ਦੀਆਂ ਕਮਜ਼ੋਰੀਆਂ ਦੀ ਚਰਚਾ ਕਰਨ ਲੱਗੇ ਹਨ ਜਿੱਥੋਂ ਤੱਕ ਸਿੱਬਲ ਦਾ ਸਵਾਲ ਹੈ ਉਹਨਾਂ ਦੇ ਤਰਕ ਨੂੰ ਬਗਾਵਤ ਵਾਂਗ ਪੇਸ਼ ਕੀਤਾ ਜਾ ਰਿਹਾ ਹੈ ਪਾਰਟੀਆਂ ‘ਚ ਅੰਦਰੂਨੀ ਲੋਕਤੰਤਰ ਵੀ ਜ਼ਰੂਰੀ ਹੈ

ਆਲ ਇੰਡੀਆ ਕਾਂਗਰਸ ਇਸ ਦੀ ਮਿਸਾਲ ਆਪ ਹੈ ਕਿ ਇਸ ਵੱਡੀ ਪਾਰਟੀ ‘ਚੋਂ ਵਿਚਾਰਾਂ ਦੇ ਮਤਭੇਦ ਕਰਕੇ ਬਾਹਰ ਨਿਕਲੇ ਆਗੂਆਂ ਨੇ ਆਪਣੀ ਵੱਖਰੀ ਪਾਰਟੀ ਬਣਾ ਕੇ ਸੂਬਿਆਂ ‘ਚ ਸਰਕਾਰ ਬਣਾਉਣ ‘ਚ ਵੀ ਕਾਮਯਾਬੀ ਹਾਸਲ ਕੀਤੀ ਮਮਤਾ ਬੈਨਰਜੀ ਨੇ ਕਾਂਗਰਸ ਤੋਂ ਵੱਖ ਹੋ ਕੇ ਤ੍ਰਿਣਮੂਲ ਕਾਂਗਰਸ ਪਾਰਟੀ ਬਣਾ ਲਈ ਤੇ ਅੱਜ ਇਹ ਪਾਰਟੀ ਬੰਗਾਲ ‘ਚ ਸਰਕਾਰ ਚਲਾ ਰਹੀ ਹੈ ਇਸੇ ਤਰ੍ਹਾਂ ਹਰਿਆਣਾ ‘ਚ ਹਰਿਆਣਾ ਜਨਹਿਤ ਕਾਂਗਰਸ ਵੀ ਵਿਧਾਨ ਸਭਾ ਚੋਣਾਂ ‘ਚ ਕਈ ਸੀਟਾਂ ਜਿੱਤਣ ‘ਚ ਕਾਮਯਾਬ ਰਹੀ ਚੌ. ਬੰਸੀ ਲਾਲ ਨੇ ਕਾਂਗਰਸ ਤੋਂ ਵੱਖ ਹੋ ਕੇ ਹਰਿਆਣਾ ਵਿਕਾਸ ਪਾਰਟੀ ਬਣਾਈ ਤੇ ਸੂਬੇ ‘ਚ ਸੱਤਾ ਹਾਸਲ ਕੀਤੀ ਆਂਧਰਾ ਪ੍ਰਦੇਸ਼ ‘ਚ ਜਗਨਮੋਹਨ ਰੈੱਡੀ ਕਾਂਗਰਸ ਤੋਂ ਵੱਖ ਹੋ ਕੇ ਸੂਬੇ ਦੀ ਸਰਕਾਰ ਚਲਾ ਰਹੇ ਹਨ ਹਰ ਵਿਚਾਰ ਨੂੰ ਵਿਰੋਧ ਕਹਿ ਕੇ ਨਕਾਰਿਆ ਨਹੀਂ ਜਾ ਸਕਦਾ

ਕਾਂਗਰਸ ਪਾਰਟੀ ਨੂੰ ਵਿਚਾਰ ਰੱਖਣ ਦਾ ਪਾਰਟੀ ਦੇ ਅੰਦਰ ਹੀ ਮੰਚ ਮੁਹੱਈਆ ਕਰਨ ਦੇ ਨਾਲ-ਨਾਲ ਖਾਮੀਆਂ ਨੂੰ ਸਮਝਣ ਤੇ ਸਵੀਕਰਨ ਕਰਨ ਦਾ ਸੱਭਿਆਚਾਰਕ ਪੈਦਾ ਕਰਨਾ ਪਵੇਗਾ ਕੁਝ ਆਗੂ ਖੁਸ਼ਾਮਦ ਦੇ ਚੱਕਰ ‘ਚ ਪਾਰਟੀ ਦੀਆਂ ਕਮੀਆਂ ਦੀ ਚਰਚਾ ਕਰਨ ਵਾਲੇ ਨੂੰ ਹੀ ਬਾਗੀ ਬਣਾ ਕੇ ਪੇਸ਼ ਕਰ ਦਿੰਦੇ ਹਨ ਜਿਸ ਕਾਰਨ ਪਾਰਟੀ ਲਈ ਮੁਸ਼ਕਲ ਪੈਦਾ ਹੁੰਦੀ ਹੈ ਤਰਕ ਨੂੰ ਸਵੀਕਾਰ ਕਰਨਾ ਤੇ ਸੰਵਾਦ ਰਚਾਉਣਾ ਜ਼ਰੂਰੀ ਹੈ ਕਾਂਗਰਸ ਨੇ ਆਪਣੀਆਂ ਪਰੰਪਰਾਵਾਂ ਤੇ ਸੱਭਿਆਚਾਰ ਕਾਰਨ ਦੇਸ਼ ‘ਤੇ ਅੱਧੀ ਸਦੀ ਤੋਂ ਵੱਧ ਸਮਾਂ ਸ਼ਾਸਨ ਚਲਾਇਆ ਹੈ ਪਾਰਟੀ ਦੀ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਪਾਰਟੀ ਨੂੰ ਅੰਦਰੂਨੀ ਤੇ ਬਾਹਰੀ ਤੌਰ ‘ਤੇ ਵਧੀਆ ਸੱਭਿਆਚਾਰ ਦੀ ਫ਼ਿਰ ਮਿਸਾਲ ਬਣਨਾ ਪਵੇਗਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.