ਕਿਸਾਨ, ਮਜ਼ਦੂਰ ਤੇ ਮੁਲਾਜ਼ਮ ਥਰਮਲ ਨਾ ਢਾਹੁਣ ਦੇਣ ਦੇ ਫੈਸਲੇ ‘ਤੇ ਅੜੇ

0
31

ਵਿਰੋਧ ਮਗਰੋਂ ਕੰਪਨੀ ਨੇ ਕੰਮ ਰੋਕਿਆ

ਬਠਿੰਡਾ, (ਸੁਖਜੀਤ ਮਾਨ)। ਇੱਥੋਂ ਦੇ ਸ੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ ਨੂੰ ਢਾਹੁਣ ਦਾ ਭਾਵੇਂ ਹੀ ਪੰਜਾਬ ਸਰਕਾਰ ਵੱਲੋਂ ਟੈਂਡਰ ਪਾਸ ਕਰ ਦਿੱਤਾ ਗਿਆ ਹੈ ਪਰ ਕਿਸਾਨ ਜਥੇਬੰਦੀਆਂ ਤੋਂ ਇਲਾਵਾ ਹੋਰ ਭਰਾਤਰੀ ਜਥੇਬੰਦੀਆਂ ਨਾ ਢਾਹੁਣ ਦੇਣ ਦੇ ਫੈਸਲੇ ‘ਤੇ ਅੜੀਆਂ ਹੋਈਆਂ ਹਨ। ਅੱਜ ਜਿਉਂ ਹੀ ਇਸ ਥਰਮਲ ਨੂੰ ਢਾਹੁਣ ਦਾ ਠੇਕਾ ਲੈਣ ਵਾਲੀ ਟੀਮ ਆਉਣ ਦੀ ਭਿਣਕ ਪਈ ਤਾਂ ਕਿਸਾਨਾਂ ਨੇ ਥਰਮਲ ਗੇਟ ‘ਚ ਦਰੀ ਵਿਛਾਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਧਰਨਾਕਾਰੀਆਂ ਦੇ ਰੌਅ ਨੂੰ ਵੇਖਦਿਆਂ ਮੁੰਬਈ ਤੋਂ ਆਈ ਕੰਪਨੀ ਨੇ ਕੰਮ ਰੋਕ ਦਿੱਤਾ।

ਇਸ ਮੌਕੇ ਕਿਸਾਨ ਆਗੂਆਂ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ ਨੂੰ ਭਾਵੇਂ ਹੀ ਪੰਜਾਬ ਸਰਕਾਰ ਨੇ ਮੁੜ ਚਾਲੂ ਕਰਨ ਦਾ ਵਾਅਦਾ ਕੀਤਾ ਸੀ ਪਰ ਚਲਾਉਣ ਦੀ ਥਾਂ ਉਲਟਾ ਪੁੱਡਾ ਨੂੰ ਵੇਚ ਦਿੱਤਾ। ਅੱਜ ਐਚਆਰ ਕੰਪਨੀ ਵੱਲੋਂ ਇਸ ਥਰਮਲ ਨੂੰ ਤੋੜਨ ਦੀ ਸ਼ੁਰੂਆਤ ਕਰਨੀ ਸੀ ਪਰ 30 ਕਿਸਾਨ ਜਥੇਬੰਦੀਆਂ ਵੱਲੋਂ ਥਰਮਲ ਗੇਟ ਦੇ ਅੱਗੇ ਧਰਨਾ ਲਾ ਕੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਤਾਂ ਕੰਪਨੀ ਨੇ ਆਪਣਾ ਕੰਮ ਬੰਦ ਕਰ ਦਿੱਤਾ।

ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਅਮਰਜੀਤ ਸਿੰਘ ਹਨੀ, ਸੁਖਦੀਪ ਸਿੰਘ ਬਾਠ, ਸੁਖਦਰਸ਼ਨ ਖੇਮੂਆਣਾ ਭਾਕਿਯੂ ਮਾਨਸਾ ਅਤੇ ਭਾਕਿਯੂ ਡਕੌਂਦਾ ਦੇ ਹਰਬਿੰਦਰ ਸਿੰਘ ਫਰੀਦਕੋਟ ਕੋਟਲੀ ਆਦਿ ਆਗੂਆਂ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਅਤੇ ਮਜ਼ਦੂਰ ਮੁਲਾਜਮ ਜਥੇਬੰਦੀਆਂ ਨੇ ਇਹ ਪ੍ਰਣ ਕੀਤਾ ਹੈ ਕਿ ਇਸ ਥਰਮਲ ਪਲਾਂਟ ਨੂੰ ਕਿਸੇ ਵੀ ਕੀਮਤ ‘ਤੇ ਢਾਹੁਣ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਕੋਈ ਕੰਪਨੀਇਸ ਥਰਮਲ ਪਲਾਂਟ ਨੂੰ ਢਾਹੁਣ ਆਵੇਗੀ ਤਾਂ ਜਥੇਬੰਦੀਆਂ ਵੱਲੋਂ ਅਣਮਿੱਥੇ ਸਮੇਂ ਲਈ ਧਰਨਾ ਦਿੱਤਾ ਜਾਵੇਗਾ। ਅੱਜ ਦੇ ਇਸ ਧਰਨੇ ਮਗਰੋਂ ਧਰਨਾਕਾਰੀਆਂ ਨੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਦਫ਼ਤਰ ਤੱਕ ਰੋਸ ਮਾਰਚ ਵੀ ਕੀਤਾ। ਇਸ ਮੌਕੇ ਦਿਹਾਤੀ ਮਜ਼ਦੂਰ ਸਭਾ ਦੇ ਮਿੱਠੂ ਸਿੰਘ ਘੁੱਦਾ, ਭਾਕਿਯੂ ਸਿੱਧੂਪੁਰ ਦੇ ਗੁਰਮੇਲ ਸਿੰਘ, ਜ਼ਮਹੂਰੀ ਕਿਸਾਨ ਸਭਾ ਦੇ ਨਾਇਬ ਸਿੰਘ ਫੂਸ ਮੰਡੀ, ਥਰਮਲ ਆਗੂ ਰਘਬੀਰ ਸਿੰਘ ਆਦਿ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.