ਵਿਉਂਤਬੰਦੀ ਨਾਲ ਖੇਤੀ ਕਰਕੇ ਪਰਿਵਾਰਾਂ ‘ਚ ਖੁਸ਼ਹਾਲੀ ਲਿਆਉਣ ਵਾਲੇ ਪੰਜਾਬ ਦੇ ਕਿਸਾਨ

0
43
Farmers Punjab

ਵਿਉਂਤਬੰਦੀ ਨਾਲ ਖੇਤੀ ਕਰਕੇ ਪਰਿਵਾਰਾਂ ‘ਚ ਖੁਸ਼ਹਾਲੀ ਲਿਆਉਣ ਵਾਲੇ ਪੰਜਾਬ ਦੇ ਕਿਸਾਨ

ਕਿਸੇ ਸਮੇਂ ਪੰਜਾਬ ਦੇ ਕਿਸਾਨ ਦੀ ਖੁਸ਼ਹਾਲੀ ਪਿੱਛੇ ਉਸ ਦੀ ਆਪਣੀ ਮਿਹਨਤ/ਹੱਥੀਂ ਕੀਤੀ ਗਈ ਕਿਰਤ ਕੰਮ ਕਰਦੀ ਸੀ ਕਿਉਂਕਿ ਕਿਸਾਨ ਨੂੰ ਬਜਾਰ ਵਿੱਚੋਂ ਸਿਰਫ ਲੂਣ ਦੀ ਡਲੀ ਖਰੀਦਣੀ ਪੈਂਦੀ ਸੀ। ਬਾਕੀ ਬਚਦਾ ਕਬੀਲਦਾਰੀ ਦਾ ਸਾਰਾ ਖਰਚਾ ਉਸ ਦੀ ਖੇਤੀ ਵਿੱਚੋਂ ਹੀ ਚੱਲਦਾ ਸੀ ਕਿਉਂਕਿ ਉਸ ਵੇਲੇ ਦਾ ਕਿਸਾਨ ਖੇਤੀ ਨੂੰ ਵਿਉਂਤਬੰਦੀ ਨਾਲ ਕਰਦਾ ਸੀ।  ਚੁੱਲ੍ਹੇ-ਚੌਂਕੇ ‘ਤੇ ਪੱਕਣ ਵਾਲੀ ਹਰ ਖਾਣਯੋਗ ਵਸਤੂ ਉਸ ਨੂੰ ਆਪਣੇ ਖੇਤ ਵਿੱਚੋਂ ਮਿਲਦੀ ਸੀ ਪਰ ਮੌਜੂਦਾ ਦੌਰ ਦਾ ਕਿਸਾਨ ਕਣਕ-ਝੋਨੇ ਨੂੰ ਛੱਡ ਕੇ ਹਰ ਲੋੜੀਂਦੀ ਵਸਤੂ ਬਾਜਾਰ ਵਿੱਚੋਂ ਖਰੀਦ ਰਿਹਾ ਹੈ। ਜਿਵੇਂ ਸਰ੍ਹੋਂ ਦਾ ਸਾਗ, ਮੂਲੀਆਂ, ਛੱਲੀਆਂ, ਹਰ ਰੁੱਤ ਦੀਆਂ ਸਬਜੀਆਂ ਜਿਹੜੀਆਂ ਕਦੇ ਉਸ ਦੇ ਖੇਤਾਂ ਦੀਆਂ ਵੱਟਾਂ ‘ਤੇ ਹੋ ਜਾਂਦੀਆਂ ਸਨ। ਪਰ ਹੁਣ ਕਿਸਾਨ ਨੇ ਖੇਤਾਂ ਵਿੱਚ ਵੱਟਾਂ ਹੀ ਪਾਉਣੀਆਂ ਛੱਡ ਦਿੱਤੀਆਂ ਹਨ। ਜਿਸ ਕਰਕੇ ਹਰ ਸਾਲ ਕਿਸਾਨ ਦੇ ਘਰ ਵਿੱਚੋਂ ਖੁਸ਼ਹਾਲੀ ਗਾਇਬ ਹੁੰਦੀ ਜਾ ਰਹੀ ਹੈ ਅਤੇ ਫਾਹਾ ਲੈਣ ਵਾਲੀਆਂ ਰੱਸੀਆਂ ਦੀ ਗਿਣਤੀ ਵਧਦੀ ਜਾ ਰਹੀ ਹੈ।

Farmers of Punjab who bring prosperity to their families by farming with planning

ਕਿਸਾਨਾਂ ਸਿਰ ਕਰਜੇ ਦੀ ਪੰਡ ਵਧਦੀ ਜਾ ਰਹੀ ਹੈ

ਮੌਜੂਦਾ ਦੌਰ ਵਿੱਚ ਜੇਕਰ ਕੋਈ ਕਿਸਾਨ ਵਿਉਂਤਬੰਦੀ ਨਾਲ ਖੇਤੀ ਕਰ ਰਿਹਾ ਹੈ ਤਾਂ ਅੱਜ ਵੀ ਉਸ ਦੇ ਖੇਤਾਂ ਤੋਂ ਲੈ ਕੇ ਪਰਿਵਾਰ ਤੱਕ ਖੁਸ਼ਹਾਲੀ ਛਾਈ ਹੋਈ ਹੈ। ਇਨ੍ਹਾਂ ਹੀ ਕਿਸਾਨਾਂ ਵਿੱਚੋਂ ਇੱਕ ਹਨ, ਜਿਲ੍ਹਾ ਪਟਿਆਲੇ ਦੇ ਹਲਕਾ ਸ਼ੁਤਰਾਣਾ ਅਧੀਨ ਪੈਂਦੇ ਪਿੰਡ ਕੂਆਡੇਰੀ ਦੇ ਜਸਵੀਰ ਸਿੰਘ ਪੁੱਤਰ ਗੁਰਨਾਮ ਸਿੰਘ ਜਿਹੜਾ 17 ਕੁ ਏਕੜ ਜਮੀਨ ਦਾ ਮਾਲਕ ਹੈ।  ਇਸ ਕਿਸਾਨ ਵੱਲੋਂ ਆਪਣੇ ਖੇਤਾਂ ਵਿੱਚ ਖੁਦ ਆਪਣੇ ਹੱਥੀਂ ਕੰਮ ਕੀਤਾ ਜਾਂਦਾ ਹੈ ਜਦੋਂ ਕਿ ਹੁਣ ਪੰਜਾਬ ਦੇ ਬਹੁ-ਗਿਣਤੀ ਕਿਸਾਨ ਹੱਥੀਂ ਮਿਹਨਤ ਕਰਨੀ ਛੱਡ ਕੇ ਮਜਦੂਰਾਂ ‘ਤੇ ਹੀ ਨਿਰਭਰ ਹੋ ਗਏ ਹਨ। ਜਿਸ ਕਰਕੇ ਕਿਸਾਨਾਂ ਸਿਰ ਕਰਜੇ ਦੀ ਪੰਡ ਵਧਦੀ ਜਾ ਰਹੀ ਹੈ। ਪਰ ਕੂਆਡੇਰੀ ਪਿੰਡ ਦੇ ਇਸ ਕਿਸਾਨ ਨਾਲ ਇਸ ਦੇ ਦੋਨੋਂ ਲੜਕੇ ਗੁਰਦੀਪ ਸਿੰਘ ਅਤੇ ਸੁਰਿੰਦਰ ਸਿੰਘ ਸਮੇਤ ਪੂਰਾ ਪਰਿਵਾਰ ਖੇਤਾਂ ਵਿੱਚ ਕੰਮ ਕਰਦਾ ਹੈ।

ਅਰਬੀ ਦੀ ਫਸਲ ਪ੍ਰਤੀ ਏਕੜ ਦੋ ਲੱਖ ਰੁਪਏ ਤੋਂ ਵੱਧ ਹੋ ਜਾਂਦੀ ਹੈ

ਕਿਸੇ ਵੀ ਮੈਂਬਰ ਨੂੰ ਕਿਸੇ ਵੀ ਤਰ੍ਹਾਂ ਦਾ ਨਸ਼ਾ ਕਰਨ ਦੀ ਆਦਤ ਨਹੀਂ ਹੈ। ਕਿਸਾਨ ਜਸਵੀਰ ਸਿੰਘ ਨੇ ਦੱਸਿਆ ਕਿ ਉਹ ਝੋਨੇ ਅਤੇ ਕਣਕ ਦੇ ਨਾਲ ਹੀ ਹੋਰ ਬਦਲਵੀਆਂ ਫਸਲਾਂ ਵੀ ਬੀਜਦਾ ਹੈ। ਜਿਸ ਨਾਲ ਉਸ ਦੇ ਘਰ ਦਾ ਗੁਜ਼ਾਰਾ ਬਹੁਤ ਵਧੀਆ ਚੱਲਦਾ ਹੈ। ਅਰਬੀ ਦੀ ਖੇਤੀ ਕਰਨ ਤੋਂ ਇਲਾਵਾ ਭਿੰਡੀ, ਹਰੀ ਮਿਰਚ, ਹਲਦੀ ਬਗੈਰਾ ਦੀ ਬਿਜਾਈ ਵੀ ਕਰਦਾ ਹੈ।  ਅਰਬੀ ਦੀ ਫਸਲ ਪ੍ਰਤੀ ਏਕੜ ਦੋ ਲੱਖ ਰੁਪਏ ਤੋਂ ਵੱਧ ਹੋ ਜਾਂਦੀ ਹੈ। ਕਿਉਂਕਿ ਝੋਨੇ ਦੀ ਫਸਲ ਬੀਜ ਕੇ ਪੰਦਰਾਂ ਕੁ ਅਗਸਤ ਤੋਂ ਬਾਅਦ ਵਿਹਲਾ ਸਮਾਂ ਹੁੰਦਾ ਹੈ ਤੇ ਅਰਬੀ ਦੀ ਫਸਲ ਸ਼ੁਰੂ ਹੋ ਜਾਂਦੀ ਹੈ। ਅਰਬੀ ਦੀ ਪੁੱਟ-ਪੁਟਾਈ ਅਤੇ ਸਾਫ-ਸਫਾਈ ਕਰਕੇ ਮੰਡੀ ਵਿੱਚ ਵੇਚਣ ਜਾਂਦੇ ਹਾਂ। ਅਰਬੀ ਦੇ ਹੇਠੋਂ ਨਿੱਕਲਣ ਵਾਲੇ ਕਚਾਲੂ ਵੱਖਰੇ ਤੌਰ ‘ਤੇ ਵਿਕਦੇ ਹਨ। ਇੱਕ ਮਹੀਨੇ ਤੋਂ ਵੱਧ ਅਰਬੀ ਦੀ ਫਸਲ ਚੱਲਦੀ ਹੈ। ਹਰ ਰੋਜ਼ ਚਾਰ-ਪੰਜ ਹਜਾਰ ਰੁਪਏ ਸੂਰਜ ਚੜ੍ਹਦੇ ਸਾਰ ਘਰੇ ਆ ਜਾਂਦੇ ਹਨ।

ਵਿਆਜ–ਵੱਟੂ ਦੇ ਚੱਕਰਾਂ ਵਿੱਚੋਂ ਵੀ ਬਚੇ ਰਹਿੰਦੇ ਹਾਂ

ਅਰਬੀ ਦੀ ਫਸਲ ਤੋਂ ਪਹਿਲਾਂ ਭਿੰਡੀ ਅਤੇ ਹਰੀ ਮਿਰਚ ਨਗਦ ਪੈਸੇ ਦਿੰਦੀ ਰਹਿੰਦੀ ਹੈ। ਜਿਸ ਕਰਕੇ ਬਜਾਰ ਵਿੱਚੋਂ ਫਸਲਾਂ ਲਈ ਥੋੜ੍ਹੀ-ਬਹੁਤ ਖਾਦ, ਦਵਾਈ ਅਤੇ ਘਰੇਲੂ ਸਾਮਾਨ ਨਗਦ ਖਰੀਦ ਕੇ ਲਿਆਇਆ ਜਾਂਦਾ ਹੈ। ਨਗਦ ਵਸਤੂ ਖਰੀਦਣ ਨਾਲ ਕੀਮਤ ਵੀ ਘੱਟ ਮਿਲਦੀ ਹੈ ਅਤੇ ਵਿਆਜ–ਵੱਟੂ ਦੇ ਚੱਕਰਾਂ ਵਿੱਚੋਂ ਵੀ ਬਚੇ ਰਹਿੰਦੇ ਹਾਂ। ਅਸਲ ਵਿੱਚ ਤਾਂ ਸਾਰੀ ਫਸਲ ‘ਤੇ ਜੈਵਿਕ ਖਾਦਾਂ ਹੀ ਵਰਤੀਆਂ ਜਾਂਦੀਆਂ ਹਨ।

Farmers of Punjab who bring prosperity to their families by farming with planning

ਜਸਵੀਰ ਸਿੰਘ ਨੇ ਦੱਸਿਆ ਕਿ ਪੰਜਾਬੀ ਕਿਸਾਨ ਦੇ ਕਰਜਾਈ ਹੋਣ ਦੇ ਕਈ ਕਾਰਨ ਹਨ। ਸਭ ਤੋਂ ਵੱਡਾ ਕਾਰਨ ਨਸੇ, ਸ਼ਰਾਬ, ਭੁੱਕੀ ਤਾਂ ਬਹੁਤ ਗਿਣਤੀ ਕਿਸਾਨਾਂ ਦੀ ਜਿੰਦਗੀ ‘ਚ ਆਮ ਜਿਹੀ ਗੱਲ ਹੈ ਦੂਸਰਾ ਹੱਥੀਂ ਕੰਮ ਛੱਡ ਦੇਣਾ, ਜੇਕਰ ਅਰਬੀ ਦੀ ਫਸਲ ਦੀ ਉਦਾਹਰਨ ਲੈ ਲਈਏ ਤਾਂ ਅਸੀਂ ਪਰਿਵਾਰ ਦੇ ਚਾਰ ਮੈਂਬਰ ਖੇਤ ਵਿੱਚ ਕੰਮ ਕਰਦੇ ਹਾਂ ਅਤੇ ਚਾਰੇ ਮੈਂਬਰਾਂ ਦੇ ਕੰਮ ਕਰਨ ਨਾਲ ਤਕਰੀਬਨ ਚਾਰ ਹਜਾਰ ਰੁਪਏ ਦੀ ਦਿਹਾੜੀ ਅਤੇ ਪੰਜ-ਸੱਤ ਹਜਾਰ ਦੀ ਅਰਬੀ ਪ੍ਰਤੀ ਦਿਨ ਦਸ ਹਜਾਰ ਦੇ ਨੇੜੇ ਪਹੁੰਚ ਜਾਂਦੇ ਹਾਂ।

ਇੱਕ ਮਹੀਨੇ ਅੰਦਰ ਤਿੰਨ ਲੱਖ ਦੇ ਨੇੜੇ ਲੱਗ ਗਏ। ਜੇਕਰ ਇਹੀ ਕੰਮ ਖੇਤ ਵਿੱਚ ਕੁਰਸੀ ਡਾਹ ਕੇ ਮਜਦੂਰਾਂ ਤੋਂ ਕਰਵਾਇਆ ਜਾਵੇ ਅਤੇ ਜਵਾਕ ਲੈ ਕੇ ਬਾਪੂ ਤੋਂ ਬੁਲਟ ਸ਼ਹਿਰ ‘ਚ ਰੌਂਡੀਆਂ ਲਾਉਂਦੇ ਫਿਰਨ, ਫਿਰ ਕਿਸਾਨ ਦੇ ਘਰ ਖੁਸ਼ਹਾਲੀ ਨਹੀਂ ਆ ਸਕਦੀ। ਇਸ ਤੋਂ ਇਲਾਵਾ ਹੋਰ ਵੀ ਕਈ ਪਿੰਡਾਂ ਦੇ ਕਿਸਾਨ ਅਜਿਹੇ ਹਨ ਜਿਹੜੇ ਆਪਣੀ ਚਾਦਰ ਮੁਤਾਬਿਕ ਹੀ ਪੈਰ ਪਸਾਰਦੇ ਹਨ। ਕਿਸੇ ਦੀ ਦੇਖਾ-ਦੇਖੀ ‘ਚ ਆਪਣਾ ਝੁੱਗਾ ਚੌੜ ਨਹੀਂ ਕਰਵਾਉਂਦੇ।

ਝੋਨੇ ਦੀ ਪਰਾਲੀ ਜਾਂ ਕਣਕ ਦੇ ਨਾੜ ਨੂੰ ਅੱਗ ਨਹੀਂ ਲਾਉਂਦੇ

ਪਿੰਡ ਦੁਤਾਲ ਦੇ ਕਈ ਅਜਿਹੇ ਕਿਸਾਨ ਹਨ ਜਿਹੜੇ ਝੋਨੇ ਦੀ ਪਰਾਲੀ ਜਾਂ ਕਣਕ ਦੇ ਨਾੜ ਨੂੰ ਅੱਗ ਨਹੀਂ ਲਾਉਂਦੇ। ਜੇਕਰ ਵੇਖਿਆ ਜਾਵੇ ਤਾਂ ਪੰਜ ਏਕੜ ਜਮੀਨ ਵਾਲਾ ਕਿਸਾਨ ਵੀ ਹੱਥੀਂ ਕੰਮ ਕਰਕੇ ਵਧੀਆ ਗੁਜਾਰਾ ਕਰ ਸਕਦਾ ਹੈ। ਪਰ ਬਿਨਾਂ ਲੋੜ ਤੋਂ ਲੱਖਾਂ ਰੁਪਏ ਦੀ ਵੱਡੀ ਮਸ਼ੀਨਰੀ ਪੰਜਾਬ ਦੇ ਕਿਸਾਨ ਨੂੰ ਲੈ ਬੈਠੀ ਹੈ ਅਤੇ ਸਨਅਤਾਂ ਖੁਸ਼ਹਾਲ ਹੋ ਗਈਆਂ ਹਨ। ਅਸੀਂ ਖੇਤ ਦੀ ਹਰ ਫਸਲ ਦਾ ਪਾਲਣ-ਪੋਸ਼ਣ ਖੁਦ ਕਰਦੇ ਹਾਂ।

Farmers of Punjab who bring prosperity to their families by farming with planning

ਇੱਥੋਂ ਤੱਕ ਕਿ ਆੜ੍ਹਤੀ ਨਾਲ ਪੈਸਿਆਂ ਦਾ ਲੈਣ-ਦੇਣ ਕਰਨ ਤੋਂ ਪਹਿਲਾਂ ਵਿਆਜ ਦੀ ਗੱਲ ਖੋਲ੍ਹੀ ਜਾਂਦੀ ਹੈ ਕਿ ਜੇਕਰ ਸਾਡੇ ਕੋਲੋਂ ਵਿਆਜ ‘ਤੇ ਲਵੇਂਗਾ ਕਿਵੇਂ, ਸਾਨੂੰ ਦੇਵੇਂਗਾ ਤਾਂ ਕਿਵੇਂ, ਸ਼ਾਹੂਕਾਰਾਂ ਦਾ ਲੈਣ-ਦੇਣ ਮਾੜਾ ਨਹੀਂ ਹੈ ਪਰ ਜਦੋਂ ਕਿਸਾਨ ਹੀ ਆਰਥਿਕ ਪੱਖੋਂ ਹਰ ਸਾਲ ਟੁੱਟ ਜਾਂਦਾ ਹੈ ਤਾਂ ਸ਼ਾਹੂਕਾਰ ‘ਤੇ ਨਿਰਭਰ ਹੋਣਾ ਪੈਂਦਾ ਹੈ। ਜਿਸ ਕਰਕੇ ਪੰਜਾਬ ਦੇ ਕਿਸਾਨ ਨੂੰ ਵਿਉਂਤਬੰਦੀ ਨਾਲ ਖੇਤੀ ਕਰਨ ਦੇ ਨਾਲ ਹੀ ਆਪਣੇ ਘਰ ਦੇ ਖਰਚਿਆਂ ਦੀ ਵੀ ਵਿਉਂਤਬੰਦੀ ਬਣਾ ਕੇ ਚੱਲਣਾ ਪਵੇਗਾ ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਖੁਦਕੁਸ਼ੀ ਕਰਨ ਵਾਲੀਆਂ ਰੱਸੀਆਂ ਅਤੇ ਸਪਰੇਅ ਪੀਣ ਵਾਲੀਆਂ ਸ਼ੀਸ਼ੀਆਂ ਦੀ ਗਿਣਤੀ ‘ਚ ਹੋਰ ਵਾਧਾ ਹੋਵੇਗਾ।
ਬ੍ਰਿਸ਼ਭਾਨ ਬੁਜਰਕ,
ਕਾਹਨਗੜ੍ਹ ਰੋਡ, ਪਾਤੜਾਂ, ਪਟਿਆਲਾ
ਮੋ. 98761-01698

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.