ਧੀਆਂ, ਪੁੱਤਰਾਂ ਦੇ ਵਿਆਹ ਤੇ ਸ਼ਗਨਾਂ ਵਾਲੇ ਵਿਹੜੇ ਛੱਡ ਦਿੱਲੀ ਧਰਨੇ ‘ਤੇ ਜਾ ਬੈਠੇ ਕਿਸਾਨ

0
1

ਕਿਸਾਨਾਂ ਕਿਹਾ : ਧੀਆਂ ਪੁੱਤਰਾਂ ਦੀ ਤਰ੍ਹਾਂ ਪਾਲੀਆਂ ਨੇ ਖੇਤਾਂ ‘ਚ ਖੜੀਆਂ ਫਸਲਾਂ

ਗੁਰੂਹਰਸਹਾਏ (ਵਿਜੈ ਹਾਂਡਾ) ਖੇਤਾਂ ਦਾ ਰਾਜਾ ਤੇ ਦੁਨੀਆਂ ਦਾ ਅੰਨਦਾਤਾ ਅਖਵਾਉਣ ਵਾਲਾ ਕਿਸਾਨ ਕੇਂਦਰ ਸਰਕਾਰ ਵੱਲੋਂ ਲਿਆਂਦੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਉਠ ਖੜਾ ਹੋਇਆ ਤੇ ਲਗਾਤਾਰ ਇਹਨਾਂ ਕਨੂੰਨਾਂ ਨੂੰ ਰੱਦ ਕਰਵਾਉਣ ਲਈ ਸੰਘਰਸ਼ਾਂ ਦੇ ਰਾਹ ਪਿਆ ਹੋਇਆਂ ਹੈ ਦੇਸ਼ ਦੀਆਂ ਸਰਕਾਰਾਂ ਇਹ ਤਾਂ ਮੰਨਦੀਆਂ ਨੇ ਕਿ ਦੇਸ਼ ਦਾ ਕਿਸਾਨ ਦੇਸ਼ ਦੀ ਰੀੜ੍ਹ ਦੀ ਹੱਡੀ ਹੈ ਪਰ ਸਰਕਾਰਾਂ ਵੱਲੋਂ ਵੱਡੇ ਵੱਡੇ ਕਾਰਪੋਰੇਟ ਘਰਾਣਿਆਂ ਨਾਲ ਮਿਲ ਕੇ ਇਸ ਰੀੜ੍ਹ ਦੀ ਹੱਡੀ ਵਿੱਚ ਹੀ ਕਿੱਲ ਠੋਕਣ ਦਾ ਕੰਮ ਕੀਤਾ ਜਾ ਰਿਹਾ ਹੈ ਤੇ ਕਿਰਸਾਨੀ ਨੂੰ ਤਬਾਹ ਕਰਨ ‘ਤੇ ਲੱਗੀਆਂ ਹੋਈਆਂ ਹਨ

ਉਧਰ ਦੇਸ਼ ਦਾ ਕਿਸਾਨ ਵੀ ਮਜ਼ਬੂਤੀ ਨਾਲ ਜੈ ਜਵਾਨ, ਜੈ ਕਿਸਾਨ ਦਾ ਨਾਅਰਾ ਮਾਰਦਾ ਹੋਇਆ ਦਿੱਲੀ ਦੀ ਹਿੱਕ ‘ਤੇ ਜਾ ਚੜਿਆ ਤੇ ਸ਼ਾਂਤੀ ਦੇ ਮਾਰਗ ‘ਤੇ ਚੱਲਦਿਆਂ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾ ਰਿਹੈ ਜਿਸ ਦੀ ਗੂੰਜ ਹੁਣ ਵਿਦੇਸ਼ਾਂ ਅੰਦਰ ਵੀ ਸੁਣਾਈ ਦੇਣ ਲੱਗੀ ਹੈ ਕਿਰਸਾਨੀ ਨੂੰ ਬਚਾਉਣ ਵਾਲੇ ਇਸ ਅੰਦੋਲਨ ਵਿੱਚ ਇਹਨਾਂ ਸਭ ਦੇ ਵਿਚਾਲੇ ਉਹ ਕਿਸਾਨ ਵੀ ਹਨ ਜੋ ਆਪਣੇ ਧੀਆਂ , ਪੁੱਤਰਾਂ ਦੇ ਵਿਆਹ ਕਾਰਜਾਂ ਨੂੰ ਵਿਚਾਲੇ ਛੱਡ ਕੇ ਦਿੱਲੀ ਵਿਖੇ ਕਿਸਾਨੀ ਘੋਲ ਦਾ ਹਿੱਸਾ ਬਣੇ ਬੈਠੇ ਹਨ ਤੇ ਇੱਕੋ ਗੱਲ ‘ਤੇ ਬਜਿੱਦ ਹਨ ਕਿ ਕਾਲੇ ਕਨੂੰਨ ਰੱਦ ਕਰਵਾ ਕੇ ਹੀ ਘਰਾਂ ਨੂੰ ਵਾਪਿਸ ਮੁੜਨਗੇ

ਇਸ ਸਬੰਧੀ ਜਦੋਂ ਘਰ ਅੰਦਰ ਵਿਆਹ ਧਰੇ ਪਰਿਵਾਰਾਂ ਦੇ ਦਿੱਲੀ ਧਰਨੇ ‘ਤੇ ਬੈਠੇ ਕਿਸਾਨਾਂ ਬਲਵੀਰ ਸਿੰਘ ਤਲਵੰਡੀ ,ਜੋਗਿੰਦਰ ਕੌਰ ਪਤਨੀ ਸ਼ੇਰ ਸਿੰਘ ਪਿੰਡ ਕੋਟਬੁਢਾ ਤੇ ਰਣਜੀਤ ਕੌਰ ਸਮੇਤ ਕਈ ਕਿਸਾਨਾਂ ਨਾਲ ਸੰਪਰਕ ਕੀਤਾ ਗਿਆ ਤਾਂ ਕਿਸਾਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਘਰਾਂ ਅੰਦਰ ਬੈਠੇ ਸਾਨੂੰ ਧੀਆਂ, ਪੁੱਤਰ ਪਿਆਰੇ ਹਨ ਉਸ ਤਰ੍ਹਾਂ ਹੀ ਖੇਤਾਂ ਅੰਦਰ ਖੜੀਆਂ ਫਸਲਾਂ ਵੀ ਅਸੀਂ ਪੁੱਤਾਂ ਵਾਗੂੰ ਪਾਲੀਆਂ ਨੇ, ਉਹ ਵੀ ਸਾਨੂੰ ਉਨੀਆਂ ਹੀ ਪਿਆਰੀਆਂ ਹਨ ਉਹਨਾਂ ਕਿਹਾ ਕਿ ਕੇਂਦਰ ਸਰਕਾਰ ਸਾਡੇ ਘਰਾਂ ਤੇ ਖੇਤਾਂ ਅੰਦਰ ਖੜ੍ਹੇ ਪੁੱਤਰਾਂ ਨੂੰ ਉਜਾੜਨਾ ਚਾਹੁੰਦੀ ਹੈ ਤੇ ਸਾਡੀ ਕਿਸਾਨੀ ਨੂੰ ਤਬਾਹ ਕਰਨਾ ਚਾਹੁੰਦੀ ਹੈ

ਕਿਸਾਨਾਂ ਨੇ ਕਿਹਾ ਕਿ  ਕਿ ਉਹ ਆਪਣੇ ਧੀਆਂ , ਪੁੱਤਰਾਂ ਦੇ ਵਿਆਹ ਸਮਾਗਮਾਂ ਵਿੱਚ ਸ਼ਾਮਲ ਨਹੀਂ ਹੋ ਰਹੇ ਪਰ ਸਦਾ ਵਾਸਤੇ ਉਜੜਨ ਨਾਲੋਂ ਚੰਗਾ ਹੈ ਕਿ ਧੀਆਂ , ਪੁੱਤਰਾਂ ਦੇ ਵਿਆਹ ਸਮਾਗਮਾਂ ਵਿੱਚ ਸ਼ਾਮਲ ਨਾ ਹੋ ਕੇ ਦੇਸ਼ ਦੀ ਕਿਸਾਨੀ ਨੂੰ ਬਚਾਉਣ ਲਈ ਆਪਣਾ ਬਣਦਾ ਯੋਗਦਾਨ ਪਾ ਸਕੀਏ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਆਪਣੀ ਜਿੰਦਗੀ ਸੁਖਾਲੀ ਬਸਰ ਕਰ ਸਕਣ ਉਹਨਾਂ ਕਿਹਾ ਕਿ ਅਸੀਂ ਐਥੋਂ ਹੀ ਕਿਰਸਾਨੀ ਅੰਦੋਲਨ ਵਿੱਚ ਤੁਹਾਡੇ ਮਾਧਿਅਮ ਰਾਹੀਂ ਆਪਣੇ ਪੁੱਤਰਾਂ, ਧੀਆਂ ਨੂੰ ਆਸ਼ੀਰਵਾਦ ਦੇ ਰਹੇ ਹਾਂ ਅਤੇ ਅਸੀਂ ਹੁਣ ਕੇਂਦਰ ਸਰਕਾਰ ਦੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾ ਕੇ ਹੀ ਮੁੜਾਂਗੇ

ਵਿਆਹ ਕਾਰਜਾਂ ਨਾਲੋਂ ਕਿਸਾਨ ਦੇ ਰਹੇ ਹਨ ਕਿਰਸਾਨੀ ਮਸਲਿਆਂ ਨੂੰ ਤਰਜੀਹ: ਪੰਨੂੰ

ਕਿਸਾਨ ਅੰਦੋਲਨ ਦੌਰਾਨ ਆਪਣੇ ਘਰਾਂ ਅੰਦਰ ਹੋ ਰਹੇ ਵਿਆਹ ਕਾਰਜਾਂ ਨੂੰ ਵਿਚਾਲੇ ਛੱਡ ਦਿੱਲੀ ਦੇ ਵੱਖ ਵੱਖ ਬਾਰਡਰਾਂ ‘ਤੇ ਡਟੇ ਕਿਸਾਨਾਂ ਸਬੰਧੀ ਜਦੋਂ ਕਿਸਾਨ ਮਜਦੂਰ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਕਿਸਾਨ ਇਸ ਕਿਸਾਨ ਅੰਦੋਲਨ ਨੂੰ ਘਰਾਂ ਅੰਦਰ ਹੋ ਰਹੇ ਵਿਆਹ ਕਾਰਜਾਂ ਨਾਲੋਂ ਪਹਿਲ ਦੇ ਰਹੇ ਹਨ ਉਹਨਾਂ ਕਿਹਾ ਕਿ ਇਹ ਕਿਰਸਾਨੀ ਸੰਘਰਸ਼ ਦੀ ਜਿੱਤ ਘਰਾਂ ਅੰਦਰ ਵਿਆਹ ਕਾਰਜਾਂ ਵਿੱਚ ਖੁਸ਼ੀ ਦੇ ਚਾਰ ਚੰਨ ਲਾ ਦੇਵਾਂਗੀ ਅਤੇ ਕਿਸਾਨ ਜਿੱਤ ਕੇ ਹੀ ਘਰਾਂ ਨੂੰ ਵਾਪਿਸ ਮੁੜਨਗੇ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.