ਲੋਹੜੀ ਵਾਲੇ ਦਿਨ ਡੱਟੇ ਰਹੇ ਜੰਗਲਾਤ ਕਾਮੇ

0
3

ਤਿੱਖਾ ਸੰਘਰਸ਼ ਕਰਨ ਦਾ ਐਲਾਨ

ਪਟਿਆਲਾ, (ਸੱਚ ਕਹੂੰ ਨਿਊਜ)। ਰਹਿੰਦੀਆਂ ਵਰਦੀਆਂ ਅਤੇ ਤਨਖਾਹਾਂ ਜਾਰੀ ਕਰਵਾਉਣ ਲਈ ਲੋਹੜੀ ਵਾਲੇ ਦਿਨ ਵੀ ਜੰਗਲਾਤ ਕਾਮਿਆਂ ਦਾ ਮੋਰਚਾ ਜਾਰੀ ਰਿਹਾ। ਅੱਜ ਤੀਜੇ ਦਿਨ ਦੇ ਮੋਰਚੇ ਦੀ ਅਗਵਾਈ ਰੇਂਜ ਪ੍ਰਧਾਨ ਹਰਚਰਨ ਸਿੰਘ ਸਰਹਿੰਦ, ਜਨਰਲ ਸਕੱਤਰ ਹਰਜਿੰਦਰ ਸਿੰਘ ਖਰੋੜੀ, ਸੁਰਿੰਦਰ ਸਿੰਘ ਮੁਲੇਪੁਰ, ਚਰਨਜੀਤ ਸਿੰਘ ਬਧੋਛੀ ਨੇ ਕੀਤੀ। ਜੰਗਲਾਤ ਕਾਮਿਆਂ ਨੇ ਦਫਤਰ ਦੇ ਗੇਟ ਅੱਗੇ ਲੋਹੜੀ ਬਾਲ ਕੇ ਕਿਸਾਨ ਵਿਰੋਧੀ ਅਤੇ ਲੋਕ ਵਿਰੋਧੀ ਪੱਤਰਾਂ ਨੂੰ ਸਾੜਿਆ। ਸਰਕਾਰ ਅਤੇ ਜੰਗਲਾਤ ਵਿਭਾਗ ਦੀ ਮੈਨੇਜਮੈਂਟ ਖਿਲਾਫ ਜੰਮਕੇ ਨਾਅਰੇਬਾਜੀ ਕੀਤੀ। ਮੋਰਚੇ ਵਿੱਚ ਬੈਠੇ ਜੰਗਲਾਤ ਕਾਮਿਆਂ ਨੂੰ ਸੰਬੋਧਨ ਕਰਦਿਆਂ ਮੁਲਾਜਮ ਆਗੂ ਦਰਸ਼ਨ ਬੇਲੂਮਾਜਰਾ ਨੇ ਕਿਹਾ ਕਿ ਵਿਭਾਗ ਕੋਲ ਕਰੋੜਾਂ ਰੁਪਏ ਦੇ ਫੰਡ ਹੋਣ ਦੇ ਬਾਵਜੂਦ ਵੀ ਨਾ ਹੀ ਜੰਗਲਾਤ ਕਾਮਿਆਂ ਨੂੰ ਵਰਦੀਆਂ ਦਿੱਤੀਆਂ ਗਈਆਂ ਅਤੇ ਨਾ ਹੀ ਤਨਖਾਹਾਂ ਜਾਰੀ ਕੀਤੀਆਂ ਗਈਆਂ, ਉਲਟਾ ਜੰਗਲਾਤ ਕਾਮਿਆਂ ਤੇ ਛਾਂਟੀ ਦਾ ਕੁਹਾੜਾ ਤੇਜ ਕਰ ਦਿੱਤਾ।

ਮੁਲਾਜਮ ਆਗੂ ਨੇ ਚੇਤਾਵਨੀ ਭਰੇ ਲਹਿਜੇ ਵਿੱਚ ਕਿਹਾ ਕਿ ਜੇਕਰ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ 21 ਜਨਵਰੀ ਨੂੰ ਵਿਸ਼ਾਲ ਰੋਸ ਧਰਨਾ ਦੇ ਕੇ ਰਸਤਾ ਜਾਮ ਕਰਨ ਲਈ ਮਜਬੂਰ ਹੋਵਾਗੇ ਅਤੇ 26 ਜਨਵਰੀ ਨੂੰ ਪੰਜਾਬ ਦੇ ਹਜਾਰਾਂ ਕਾਮੇ ਜਿਲੇ ਪਟਿਆਲਾ ਵਿੱਚ ਆਪਣਾ ਵਿਸ਼ਾਲ ਰੋਸ ਮਾਰਚ ਕਰਕੇ ਝੰਡਾ ਲਹਿਰਾਉਣ ਆਏ। ਸਰਕਾਰ ਦੇ ਨੁਮਾਇੰਦੇ ਨੂੰ ਆਪਣਾ ਯਾਦ ਪੱਤਰ ਦੇਣਗੇ। ਇਸ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਰਜਿੰਦਰ ਸਿੰਘ ਧਾਲੀਵਾਲ ਅਤੇ ਹਰੀ ਰਾਮ ਨਿੱਕਾ ਨੇ ਕਿਹਾ ਕਿ ਸਰਕਾਰ ਕੱਚੇ ਕਾਮੇ ਪੱਕੇ ਕਰੇ। ਵਿਭਾਗਾਂ ਦਾ ਨਿਜੀਕਰਨ ਅਤੇ ਪੰਚਾਇਤੀ ਕਰਨ ਬੰਦ ਕਰਕੇ ਰੈਗੂਲਰ ਭਰਤੀ ਸ਼ੁਰੂ ਕਰੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜੀਤ ਸਿੰਘ ਮੁਲੇਪੁਰਾ, ਲਾਭ ਸਿੰਘ ਮੁਲੇਪੁਰ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.