ਪੰਜਾਬ ਅੰਦਰ ਝੋਨੇ ਦੀ ਲਵਾਈ ਲਈ ਅੱਜ ਤੋਂ, ਮਿਲੇਗੀ 8 ਘੰਟੇ ਬਿਜਲੀ ਸਪਲਾਈ

0
3

ਸੂਬੇ ਅੰਦਰ 27 ਲੱਖ ਹੈਕਟੇਅਰ ‘ਚ ਝੋਨੇ ਦੀ ਲਵਾਈ ਦਾ ਅਨੁਮਾਨ

ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪੰਜਾਬ ਅੰਦਰ ਸਰਕਾਰ ਵੱਲੋਂ ਐਲਾਨੀ 10 ਜੂਨ ਤੋਂ ਪ੍ਰਵਾਸੀ ਮਜ਼ਦੂਰਾਂ ਦੀ ਘਾਟ ਨਾਲ ਜੂਝ ਰਹੇ ਕਿਸਾਨਾਂ ਵੱਲੋਂ ਝੋਨੇ ਦੀ ਲਵਾਈ ਸ਼ੁਰੂ ਕੀਤੀ ਜਾ ਰਹੀ ਹੈ। ਪਾਵਰਕੌਮ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਲਵਾਈ ਲਈ 8 ਘੰਟੇ ਬਿਜਲੀ ਸਪਲਾਈ ਵੀ ਸ਼ੁਰੂ ਕੀਤੀ ਜਾ ਰਹੀ ਹੈ। ਪੰਜਾਬ ਦੇ 14 ਲੱਖ ਟਿਊਬਵੈੱਲਾਂ ਵੱਲੋਂ ਝੋਨਾ ਲਾਉਣ ਲਈ ਧਰਤੀ ਦੀ ਹਿੱਕ ਵਿੱਚੋਂ ਪਾਣੀ ਕੱਢਿਆ ਜਾਵੇਗਾ। ਖੇਤੀਬਾੜੀ ਵਿਭਾਗ ਵੱਲੋਂ ਇਸ ਵਾਰ ਸੂਬੇ ਅੰਦਰ 27 ਲੱਖ ਹੈਕਟੇਅਰ ਰਕਬੇ ਅੰਦਰ ਝੋਨੇ ਦੀ ਲਵਾਈ ਦਾ ਅਨੁਮਾਨ ਹੈ।

ਜਾਣਕਾਰੀ ਅਨੁਸਾਰ ਸਰਕਾਰ ਵੱਲੋਂ ਇਸ ਵਾਰ ਪੰਜਾਬ ਦੇ ਕਿਸਾਨਾਂ ਨੂੰ 10 ਜੂਨ ਤੋਂ ਝੋਨੇ ਦੀ ਲਵਾਈ ਸਬੰਧੀ ਪ੍ਰਵਾਨਗੀ ਦਿੱਤੀ ਗਈ ਸੀ ਅਤੇ ਇਸ ਦਿਨ ਤੋਂ ਹੀ ਪਾਵਰਕੌਮ ਵੱਲੋਂ ਕਿਸਾਨਾਂ ਨੂੰ 8 ਘੰਟੇ ਬਿਜਲੀ ਸਪਲਾਈ ਸ਼ੁਰੂ ਕੀਤੀ ਜਾਵੇਗੀ। ਟਿਊਬਵੈੱੱਲਾਂ ਨੂੰ ਬਿਜਲੀ ਸਪਲਾਈ ਸ਼ੁਰੂ ਹੋਣ ਨਾਲ ਹੀ ਪਾਵਰਕੌਮ ਦੇ ਸਿਰ ਉੱਪਰ ਲਗਭਗ 700 ਮੈਗਾਵਾਟ ਬਿਜਲੀ ਲੋਡ ਵੱਧ ਜਾਵੇਗਾ। ਝੋਨੇ ਦੇ ਸ਼ੀਜਨ ਸਬੰਧੀ ਪਾਵਰਕੌਮ ਵੱਲੋਂ ਕਿਸਾਨਾਂ ਨੂੰ ਤਿੰਨ ਸਿਫ਼ਟਾਂ ਵਿੱਚ 8-8 ਘੰਟੇ ਬਿਜਲੀ ਸਪਲਾਈ ਦਿੱਤੀ ਜਾਵੇਗੀ।

ਪਾਵਰਕੌਮ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਬਿਜਲੀ ਸਪਲਾਈ ਦੇਣ ਦੇ ਪੂਰੇ ਪ੍ਰਬੰਧ ਹਨ ਅਤੇ ਇਸ ਨਾਲ ਵੱਖ-ਵੱਖ ਸ੍ਰੇਣੀਆਂ ਦੇ ਦੂਜੇ ਖਪਤਕਾਰਾਂ ਨੂੰ ਵੀ ਨਿਰਵਿਘਨ 24 ਘੰਟੇ ਸਪਲਾਈ ਜਾਰੀ ਰਹੇਗੀ। ਇੱਧਰ ਪੰਜਾਬ ਦੇ ਖੇਤੀਬਾੜੀ ਵਿਭਾਗ ਵੱਲੋਂ ਰਾਜ ਅੰਦਰ ਇਸ ਵਾਰ 27 ਲੱਖ ਹੈਕਟੇਅਰ ਰਕਬੇ ਅੰਦਰ ਝੋਨੇ ਦੀ ਲਵਾਈ ਦਾ ਅਨੁਮਾਨ ਹੈ। ਇਸ ਵਿੱਚੋਂ 20 ਲੱਖ ਹੈਕਟੇਅਰ ਅੰਦਰ ਆਮ ਝੋਨੇ ਦੀ ਬਿਜਾਈ ਦਾ ਅੰਦਾਜਾ ਹੈ ਜਦਕਿ 7 ਲੱਖ ਹੈਕਟੇਅਰ ਰਕਬੇ ਅੰਦਰ ਬਾਸਮਤੀ ਝੋਨਾ ਦੀ ਲਵਾਈ ਦਾ ਟੀਚਾ ਹੈ।

ਖੇਤੀਬਾੜੀ ਵਿਭਾਗ ਪੰਜਾਬ ਦੇ ਡਾਇਰੈਕਟਰ ਸੁਤੰਤਰ ਸਿੰਘ ਨੇ ਦੱਸਿਆ ਹਰੇਕ ਸਾਲ ਝੋਨੇ ਦੇ ਰਕਬੇ ਨੂੰ ਘਟਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਕਪਾਹ ਦਾ ਰਕਬਾ ਪਿਛਲੇ ਸਾਲਾ ਨਾਲੋਂ ਵਧਿਆ ਹੈ। ਇਸ ਵਾਰ 4.80 ਲੱਖ ਹੈਕਟੇਅਰ ਤੱਕ ਕਪਾਹ ਦਾ ਰਕਬਾ ਪੁੱਜ ਗਿਆ ਹੈ ਜਦਕਿ ਪਿਛਲੇ ਸਾਲ 3.92 ਲੱਖ ਹੈਕਟੇਅਰ ਸੀ। ਉਨ੍ਹਾਂ ਦੱਸਿਆ ਕਿ ਇਹ 5 ਲੱਖ ਹੈਕਟੈਅਰ ਤੱਕ ਲਿਜਾਣ ਦਾ ਪਲਾਨ ਹੈ। ਉਨ੍ਹਾਂ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਹੁਣ ਤੱਕ 2.50 ਲੱਖ ਹੈਕਟੇਅਰ ਤੱਕ ਹੋ ਚੁੱਕੀ ਹੈ ਅਤੇ ਪੰਜਾਬ ਅੰਦਰ 5 ਲੱਖ ਹੈਕਟੇਅਰ ਤੱਕ ਹੋਵੇਗੀ ਅਤੇ ਇਸ ਤੋਂ ਵੱਧ ਵੀ ਸਕਦੀ ਹੈ।

ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਨਾਲੋਂ ਬਹੁਤ ਜਿਆਦਾ ਕਿਸਾਨਾਂ ਵੱਲੋਂ ਸਿੱਧੀ ਬਿਜਾਈ ਨੂੰ ਪਹਿਲ ਦਿੱਤੀ ਗਈ ਹੈ। ਕਿਸਾਨਾਂ ਵੱਲੋਂ ਵੀ ਆਪਣੇ ਖੇਤਾਂ ਅੰਦਰ ਝੋਨਾ ਲਾਉਣ ਲਈ ਤਿਆਰੀਆਂ ਪੂਰੀਆਂ ਕਰ ਲਈਆਂ ਹਨ ਅਤੇ ਬਿਜਲੀ ਸਪਲਾਈ ਸ਼ੁਰੂ ਹੋਣ ਤੋਂ ਪੰਜਾਬ ਦੇ ਕਿਸਾਨ ਝੋਨੇ ਦੇ ਯੁੱਧ ਵਿੱਚ ਕੁੱਦ ਪੈਣਗੇ।

ਕਿਸਾਨਾਂ ਨੂੰ ਪ੍ਰਵਾਸ਼ੀ ਮਜ਼ਦੂਰਾਂ ਦੇ ਬਗੈਰ ਹੀ ਲੜਨੀ ਪਵੇਗੀ ਝੋਨੇ ਦੀ ਜੰਗ

ਕੋਰੋਨਾ ਸੰਕਟ ਦੇ ਚੱਲਦਿਆ ਇਸ ਵਾਰ ਪੰਜਾਬ ਦੇ ਕਿਸਾਨਾਂ ਨੂੰ ਪ੍ਰਵਾਸੀ ਮਜ਼ਦੂਰਾਂ ਤੋਂ ਬਗੈਰ ਹੀ ਪੇਂਡੂ ਮਜ਼ਦੂਰਾਂ ਨਾਲ ਝੋਨੇ ਲਵਾਈ ਦੀ ਜੰਗ ਲੜਨੀ ਪਵੇਗੀ। ਪ੍ਰਵਾਸੀ ਮਜ਼ਦੂਰਾਂ ਦੇ ਨਾ ਆਉਣ ਕਾਰਨ ਕਿਸਾਨਾਂ ਨੂੰ ਝੋਨੇ ਦੀ ਲਵਾਈ ਲਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ। ਪਿੰਡਾਂ ਅੰਦਰ ਪੇਂਡੂ ਮਜ਼ਦੂਰਾਂ ਅਤੇ ਕਿਸਾਨਾਂ ਵਿੱਚ ਵਿਚਕਾਰ ਝੋਨੇ ਦੀ ਲਵਾਈ ਦਾ ਰੇਟ ਤੈਅ ਨਾ ਹੋਣ ਕਾਰਨ ਕਸਮਕਸ ਚੱਲ ਰਹੀ ਹੈ।

ਕਿਸਾਨ ਕੁਲਵਿੰਦਰ ਸਿੰਘ ਅਤੇ ਗੁਰਵਿੰਦਰ ਸਿੰਘ ਦਾ ਕਹਿਣਾ ਸੀ ਕਿ ਸਰਕਾਰ ਵੱਲੋਂ ਪ੍ਰਵਾਸੀ ਮਜ਼ਦੂਰਾਂ ਦੇ ਲਿਆਉਣ ਦਾ ਪ੍ਰਬੰਧ ਕਰਨਾ ਚਾਹੀਦਾ ਸੀ, ਪਰ ਸਰਕਾਰ ਨੇ ਨਾ ਤਾ ਪ੍ਰਵਾਸੀ ਮਜ਼ਦੂਰਾਂ ਨੂੰ ਲਿਆਉਣ ਦੇ ਕੋਈ ਪ੍ਰਬੰਧ ਕੀਤੇ ਅਤੇ ਨਾ ਹੀ ਪਿੰਡਾਂ ਅੰਦਰ ਭਾਅ ਤੇ ਚੱਲ ਰਹੇ ਰੇੜਕਿਆਂ ਦਾ ਕੋਈ ਹੱਲ ਕੱਢਿਆ।

ਅਧਿਕਾਰੀਆਂ ਨੂੰ ਆਪਣਾ ਹੈਡਕੁਆਰਟਰ ਨਾ ਛੱਡਣ ਦੇ ਆਦੇਸ਼-ਏ. ਵੈਨੂ ਪ੍ਰਸਾਦ

ਪਾਵਰਕੌਮ ਦੇ ਨਵਨਿਯੁਕਤ ਸੀਐਸਡੀ ਏ. ਵੇਨੂੰ ਪ੍ਰਸਾਦ ਦਾ ਕਹਿਣਾ ਹੈ ਕਿ ਪੰਜਾਬ ਦੇ ਸਾਰੇ ਖਪਤਕਾਰਾਂ ਨੂੰ ਨਿਰੰਤਰ, ਨਿਰਵਿਘਨ ਅਤੇ ਮਿਆਰੀ ਬਿਜਲੀ ਸਪਲਾਈ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਾਰੇ ਅਧਿਕਾਰੀਆਂ, ਕਰਮਚਾਰੀਆਂ ਨੂੰ ਝੋਨੇ ਦੇ ਸੀਜ਼ਨ ਦੌਰਾਨ ਆਪਣਾ ਹੈੱਡਕੁਆਰਟਰ ਨਾ ਛੱਡਣ ਲਈ ਨਿਰਦੇਸ਼ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਬਿਜਲੀ ਸਪਲਾਈ ਦੀ ਸਥਿਤੀ ਨੂੰ ਅਪਡੇਟ ਕਰਨ ਅਤੇ ਖਪਤਕਾਰਾਂ ਦੀਆਂ ਸ਼ਿਕਾਇਤਾਂ ਦੇ ਹੱਲ ਲਈ ਜ਼ੋਨਲ ਪੱਧਰ ਅਤੇ ਮੁੱਖ ਦਫ਼ਤਰ ਪਟਿਆਲਾ ਵਿਖੇ ਵਿਸ਼ੇਸ਼ ਕੰਟਰੋਲ ਰੂਮ ਸਥਾਪਤ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਖਪਤਕਾਰ ਟੋਲ ਫਰੀ ਨੰਬਰ 1800-180-1512 ਤੇ ਮਿਸਡ ਕਾਲ ਦੇ ਕੇ ਸ਼ਿਕਾਇਤਾਂ ਵੀ ਦਰਜ ਕਰ ਸਕਦੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।