ਬੌਧਿਕ ਤੇ ਪ੍ਰਗਤੀਵਾਦੀ ਕਵੀ, ਬਾਵਾ ਬਲਵੰਤ

0
76
Bawa Balwant

ਬੌਧਿਕ ਤੇ ਪ੍ਰਗਤੀਵਾਦੀ ਕਵੀ, ਬਾਵਾ ਬਲਵੰਤ (Bawa Balwant)

ਬਾਵਾ ਬਲਵੰਤ (Bawa Balwant) ਆਧੁਨਿਕ ਪੰਜਾਬੀ ਕਵਿਤਾ ਵਿੱਚ ਕ੍ਰਾਂਤੀਕਾਰੀ ਕਵੀ ਦੇ ਤੌਰ ‘ਤੇ ਜਾਣਿਆ ਜਾਂਦਾ ਹੈ। ਬਾਵਾ ਬਲਵੰਤ ਇੱਕ ਅਦਭੁੱਤ ਵਿਅਕਤੀਤਵ ਦਾ ਮਾਲਕ ਸੀ, ਜਿਸ ਵਿੱਚ ਕਈ ਪਰਸਪਰ ਵਿਰੋਧੀ ਗੁਣਾਂ ਦੇ ਬਾਵਜੂਦ ਇੱਕ ਮੂਲ ਏਕਤਾ ਸੀ। ਉਹ ਗੰਭੀਰ ਹੁੰਦਾ ਹੋਇਆ ਵੀ ਫ਼ੱਕਰ ਸੀ, ਸਾਮਵਾਦੀ ਹੁੰਦਾ ਹੋਇਆ ਵੀ ਭਾਰਤੀ ਸੰਸਕ੍ਰਿਤੀ ਦਾ ਉਪਾਸਕ ਸੀ, ਤਿਆਗੀ ਹੁੰਦਾ ਹੋਇਆ ਵੀ ਸੰਸਾਰ ਨਾਲ ਮੋਹ ਰੱਖਦਾ ਸੀ, ਦਰਦ ਰੱਖਦਾ ਸੀ।

ਬਾਵਾ ਬਲਵੰਤ ਦਾ ਪਹਿਲਾ ਨਾਂਅ ਦੀਵਾਨ ਮੰਗਲ ਸੈਨ ਰੱਖਿਆ ਗਿਆ

ਬਾਵਾ ਬਲਵੰਤ (Bawa Balwant) ਦਾ ਜਨਮ 21 ਅਗਸਤ, 1906 ਈ. ਨੂੰ ਪਿੰਡ ਨੇਸ਼ਟਾ ਤਹਿਸੀਲ ਤਰਨਤਾਰਨ ਜ਼ਿਲ੍ਹਾ ਅੰਮ੍ਰਿਤਸਰ ਵਿਖੇ ਪਿਤਾ ਹਕੀਮ ਠਾਕੁਰ ਦੀਨਾ ਨਾਥ ਤੇ ਮਾਤਾ ਗਿਆਨ ਦੇਵੀ ਦੇ ਘਰ ਹੋਇਆ। ਉਸ ਦੇ ਪਿਤਾ ਠਾਕੁਰ ਦੀਨਾ ਨਾਥ ਅਰਬੀ, ਫ਼ਾਰਸੀ, ਸੰਸਕ੍ਰਿਤ, ਹਿੰਦੀ ਤੇ ਉਰਦੂ ਦੇ ਵਿਦਵਾਨ ਸਨ।

ਦਿਨ ਮੰਗਲਵਾਰ ਨੂੰ ਪੈਦਾ ਹੋਣ ਕਾਰਨ ਬਾਵਾ ਬਲਵੰਤ ਦਾ ਪਹਿਲਾ ਨਾਂਅ ਦੀਵਾਨ ਮੰਗਲ ਸੈਨ ਰੱਖਿਆ ਗਿਆ। ਇੱਕ ਰਸਮ ਮੁਤਾਬਕ ਬਾਵਾ ਜੀ ਨੂੰ ਪੈਦਾ ਹੁੰਦਿਆਂ ਹੀ ਰੂੜੀ ਦੇ ਢੇਰ ‘ਤੇ ਰੱਖ ਦਿੱਤਾ ਜਿੱਥੋਂ ਪਿਤਾ ਜੀ ਨੇ ਚੁੱਕ ਲਿਆ, ਜਿਸ ਕਰਕੇ ਮਾਤਾ ਨੇ ਇਨ੍ਹਾਂ ਦਾ ਨਾਂਅ ਕੂੜਾ ਮੱਲ ਰੱਖ ਦਿੱਤਾ ਤੇ ਸਾਰੀ ਉਮਰ ਉਹ ਬਾਵਾ ਨੂੰ ਕੂੜਾ ਮੱਲ ਨਾਂਅ ਨਾਲ ਹੀ ਪੁਕਾਰਦੀ ਰਹੀ।

ਬਚਪਨ ਵਿੱਚ ਬਾਵਾ ਦੇ ਸਿਰ ‘ਤੇ ਲੰਮੀਆਂ-ਲੰਮੀਆਂ ਜਟਾਂ ਹੋ ਗਈਆਂ

ਇਸ ਰਸਮ ਦਾ ਅਸਲ ਕਾਰਨ ਪਰਿਵਾਰ ਵਿੱਚ ਮੁੰਡੇ ਦੀ ਸਾਲ-ਡੇਢ ਸਾਲ ਬਾਅਦ ਮੌਤ ਹੋ ਜਾਣਾ ਸੀ। ਬਚਪਨ ਵਿੱਚ ਬਾਵਾ ਦੇ ਸਿਰ ‘ਤੇ ਲੰਮੀਆਂ-ਲੰਮੀਆਂ ਜਟਾਂ ਹੋ ਗਈਆਂ ਜਿਸ ਕਰਕੇ ਸਾਰੇ ਪਿੰਡ ਵਾਲੇ ਉਨ੍ਹਾਂ ਨੂੰ ‘ਬਾਵਾ ਬਾਵਾ’ ਕਹਿ ਕੇ ਬੁਲਾਉਂਦੇ ਸਨ। ਭਾਵੇਂ ਉਨ੍ਹਾਂ ਨੂੰ ਮਾਂ ਵੱਲੋਂ ਤੇ ਲੋਕਾਂ ਵੱਲੋਂ ਰੱਖੇ ਦੋਵੇਂ ਨਾਂਅ ਪਸੰਦ ਨਹੀਂ ਸਨ ਪਰ ਉਹ ਆਪ ਬਾਵਾ ਸ਼ਬਦ ਨਾਲੋਂ ਆਪਣੇ-ਆਪ ਨੂੰ ਅਲੱਗ ਨਹੀਂ ਕਰ ਸਕੇ।

ਇਸੇ ਕਰਕੇ ਖ਼ੁਦ ਰੱਖੇ ਆਪਣੇ ਪਸੰਦੀਦਾ ਨਾਂਅ ਬਲਵੰਤ ਰਾਏ ਸ਼ਰਮਾ ਦੇ ਕਰਕੇ ਵੀ ਆਪ ਸਾਹਿਤਕ ਜਗਤ ਵਿੱਚ ਬਾਵਾ ਬਲਵੰਤ ਦੇ ਨਾਂਅ ਨਾਲ ਜਾਣੇ ਗਏ। ਇਨ੍ਹਾਂ ਦੀ ਉਮਰ ਹਾਲੇ ਚਾਰ ਸਾਲਾਂ ਦੀ ਹੀ ਸੀ ਜਦੋਂ ਇਨ੍ਹਾਂ ਦੇ ਪਿਤਾ ਨੇ ਰੁਜ਼ਗਾਰ ਦੀ ਤਲਾਸ਼ ਵਿੱਚ ਪਿੰਡ ਨੂੰ ਛੱਡ ਕੇ ਅੰਮ੍ਰਿਤਸਰ ਦੇ ਬਜ਼ਾਰ ਕਟੜਾ ਮੋਹਰ ਸਿੰਘ ਵਿੱਚ ਵੈਦਗਿਰੀ ਦੀ ਦੁਕਾਨ ਖੋਲ੍ਹ ਲਈ। ਬਾਵਾ ਬਲਵੰਤ ਨੂੰ ਦੇਸ਼ ਪਿਆਰ ਦਾ ਜਜ਼ਬਾ ਇੱਥੋਂ ਹੀ ਮਿਲਿਆ।

 

 ਕਾਂਗਰਸ ਦੇ ਜਲਸਿਆਂ ਵਿੱਚ ਆਪਣੀਆਂ ਲਿਖੀਆਂ ਇਨਕਲਾਬੀ ਕਵਿਤਾਵਾਂ ਪੜ੍ਹਦੇ:

ਬਾਵਾ ਬਲਵੰਤ (Bawa Balwant) ਦੀ ਮੁੱਢਲੀ ਸਿੱਖਿਆ ਘਰ ਵਿੱਚ ਹੀ ਹੋਈ। ਹਿੰਦੀ, ਫ਼ਾਰਸੀ ਤੇ ਉਰਦੂ ਜ਼ੁਬਾਨ ਦੀ ਮੁੱਢਲੀ ਸਿੱਖਿਆ ਤੋਂ ਬਾਅਦ ਮੁਨੀਮੀ ਸਿੱਖਣ ਲਈ ਉਸ ਨੂੰ ਪਾਂਧੇ ਕੋਲ ਪੜ੍ਹਾਇਆ, ਜਿੱਥੇ ਉਸ ਨੇ ਲੰਡੇ ਲਿਖਣ-ਪੜ੍ਹਣ ਦੀ ਮੁਹਾਰਤ ਹਾਸਲ ਕੀਤੀ। ਮੁਨੀਮੀ ਦੀ ਪੂਰੀ ਪੜ੍ਹਾਈ ਸਿੱਖਣ ਲਈ ਇੱਕ ਵੱਡੇ ਮੁਨੀਮ ਪਾਸ ਸ਼ਾਗਿਰਦ ਰਖਵਾ ਦਿੱਤਾ।

ਦੁਕਾਨ ‘ਤੇ ਕੰਮ ਕਰਦੇ ਹੋਇਆਂ ਵੀ ਬਾਵਾ ਜੀ ਸਾਹਿਤਕ ਪੁਸਤਕਾਂ ਪੜ੍ਹਦੇ ਰਹਿੰਦੇ ਅਤੇ ਸ਼ਾਗਿਰਦੀ ਦੇ ਮਿਲਦੇ ਪੈਸਿਆਂ ਤੋਂ ਉਹ ਕੋਈ ਨਾ ਕੋਈ ਕਿਤਾਬ ਜਾਂ ਰਸਾਲਾ ਲੈ ਲਿਆ ਕਰਦੇ। ਇਨ੍ਹਾਂ ਦਿਨਾਂ ਵਿੱਚ ਹੀ ਉਸ ਦੇ ਸਬੰਧ ਨੌਜੁਆਨ ਭਾਰਤ ਸਭਾ ਨਾਲ ਪੈਦਾ ਹੋਏ ਤੇ ਉਹ ਇਸ ਸਭਾ ਦੇ ਹਮਦਰਦ ਹੋ ਗਏ।  ਆਪ ਨੇ ਅੰਡਰ-ਗਰਾਊਂਡ ਰਹਿ ਕੇ ਕਾਂਗਰਸ ਵਿੱਚ ਸਰਗਰਮ ਭੂਮਿਕਾ ਨਿਭਾਈ। ਉਸ ਨੇ ਆਪਣੀਆਂ ਉਰਦੂ ਦੀਆਂ ਇਨਕਲਾਬੀ ਨਜ਼ਮਾਂ ਦੀ ਪੁਸਤਕ ਸ਼ੇਰ-ਏ-ਹਿੰਦ ਦੇ ਨਾਂਅ ਦੀ ਛਪਵਾਈ ਜੋ ਕਿ ਅੰਗਰੇਜ਼ ਸਰਕਾਰ ਨੇ ਜ਼ਬਤ ਕਰ ਲਈ। ਉਹ ਕਾਂਗਰਸ ਦੇ ਜਲਸਿਆਂ ਵਿੱਚ ਆਪਣੀਆਂ ਲਿਖੀਆਂ ਇਨਕਲਾਬੀ ਕਵਿਤਾਵਾਂ ਪੜ੍ਹਦੇ:-

ਵਤਨ ਦੀ ਲਾਜ ਰੱਖੀ ਲਾਲਾ ਲਾਜਪੱਤ ਨੇ,
ਸੋਇਆ ਵਤਨ ਜਗਾਇਆ ਭਗਤ ਸਿੰਘ, ਦੱਤ ਨੇ।

Bawa Balwant

Bawa Balwant

ਬਾਵਾ ਬਲਵੰਤ (Bawa Balwant) ਇਨਕਲਾਬੀ ਸਾਹਿਤ ਦਾ ਅਧਿਐਨ ਕਰਦੇ ਤੇ ‘ਕਿਰਤੀ’ ਰਸਾਲੇ ਰਾਹੀਂ ਉਸ ਸਮੇਂ ਦੇ ਵੱਡੇ ਕ੍ਰਾਂਤੀਕਾਰੀਆਂ ਲਾਲਾ ਹਰਦਿਆਲ, ਹੀਰਾ ਸਿੰਘ ਦਰਦ, ਅਰਜਨ ਸਿੰਘ ਗੜਗੱਜ, ਰਾਸ ਬਿਹਾਰੀ ਬੋਸ, ਭਗਤ ਸਿੰਘ ਤੇ ਅਜੀਤ ਸਿੰਘ ਦੇ ਵਿਚਾਰਾਂ ਤੋਂ ਬਹੁਤ ਪ੍ਰਭਾਵਿਤ ਹੋਏ।

ਕਵਿਤਾ ਲਿਖਣ ਤੇ ਸਾਹਿਤ ਪੜ੍ਹਨ ਦੀ ਚੇਸ਼ਟਾ

ਇਸੇ ਦੌਰਾਨ ਉਸ ਨੇ ਮਾਰਕਸ, ਏਂਗਲਜ਼, ਲੈਨਿਨ ਦੀਆਂ ਕਿਤਾਬਾਂ ਦਾ ਮੁਤਾਲਿਆ ਕੀਤਾ ਜਿਸ ਦਾ ਅਸਰ ਉਨ੍ਹਾਂ ਦੀ ਕ੍ਰਾਂਤੀਕਾਰੀ ਕਵਿਤਾ ਵਿੱਚੋਂ ਸਾਫ਼ ਨਜ਼ਰ ਆਉਂਦਾ ਹੈ। ਆਪਣੀਆਂ ਆਰਥਿਕ ਲੋੜਾਂ ਲਈ ਉਨ੍ਹਾਂ ਨੂੰ ਕਈ ਨਿੱਕੇ-ਨਿੱਕੇ ਕੰਮ ਕਰਨੇ ਪਏ। ਗੱਤੇ ਦੇ ਡੱਬੇ ਬਣਾਉਣ ਤੋਂ ਲੈ ਕੇ ਲਿਫ਼ਾਫ਼ੇ ਬਣਾਉਣ, ਸੂਤ ਦੀ ਰੰਗਾਈ ਦਾ ਕੰਮ, ਖੱਦਰ ਦੀਆਂ ਟੋਪੀਆਂ ਬਣਾਉਣ ਦਾ ਕੰਮ ਕੀਤਾ ਪਰ ਉਹ ਕਿਸੇ ਵੀ ਕੰਮ ਵਿੱਚ ਆਪਣਾ ਪੂਰਾ ਧਿਆਨ ਨਾ ਲਾ ਸਕੇ, ਕਿਉਂਕਿ ਕਵਿਤਾ ਲਿਖਣ ਤੇ ਸਾਹਿਤ ਪੜ੍ਹਨ ਦੀ ਚੇਸ਼ਟਾ ਨੇ ਉਸ ਦੀਆਂ ਰੁਚੀਆਂ ਨੂੰ ਇਸ ਕੰਮ ਦਾ ਰਾਹਗੀਰ ਨਹੀਂ ਬਣਨ ਦਿੱਤਾ।

Bawa Balwant

ਬਾਵਾ ਬਲਵੰਤ ਦੀ ਕਾਵਿ-ਦ੍ਰਿਸ਼ਟੀ ਦਾ ਕੇਂਦਰੀ ਸਰੋਕਾਰ ਮਨੁੱਖੀ ਸਮਾਜ ਤੇ ਨਿਜ਼ਾਮ ਦੀ ਬਿਹਤਰੀ ਨਾਲ ਹੈ। ਸਮਾਜਵਾਦੀ ਚੇਤਨਾ ਦਾ ਧਾਰਨੀ ਹੋਣ ਕਾਰਨ ਉਹ ਮਿਹਨਤਕਸ਼ ਆਵਾਮ ਨੂੰ ਜਾਗ੍ਰਿਤ ਕਰਨ ਲਈ ਸਾਹਿਤ ਰਚਨਾ ਨੂੰ ਇੱਕ ਮਾਧਿਅਮ ਬਣਾਉਂਦਾ ਹੈ। ਉਹ ਜਿੱਥੇ ਸਾਮਰਾਜੀ ਤੇ ਸਰਮਾਏਦਾਰੀ ਨਿਜ਼ਾਮ ਦੀ ਜ਼ਬਰ ਅਤੇ ਹਿੰਸਕ ਪ੍ਰਵਿਰਤੀ ਦਾ ਪਰਦਾਫਾਸ਼ ਕਰਦਾ ਹੈ, ਉੱਥੇ ਜਾਗੀਰਦਾਰੀ ਪ੍ਰਬੰਧ ਦੀ ਫੋਕੀ ਨੈਤਿਕਤਾ ਵਿਰੁੱਧ ਵੀ ਆਪਣੇ ਵਿਚਾਰਾਂ ਦਾ ਸੰਚਾਰ ਕਰਦਾ ਹੈ।

Intellectual and progressive poet, Bawa Balwant

ਬਾਵਾ ਬਲਵੰਤ ਇਸਤਰੀ ਦੀ ਸੁਤੰਤਰਤਾ ਦੇ ਪ੍ਰਸੰਗ ਵਿੱਚ ਮਾਰਕਸਵਾਦੀ ਦ੍ਰਿਸ਼ਟੀ ਤੋਂ ਸਮਾਜਿਕ ਚੇਤਨਤਾ ਅਧੀਨ ਪਿਆਰ ਦੇ ਅਨੁਭਵ ਨੂੰ ਪੇਸ਼ ਕਰਨ ਵਾਲਾ ਕਵੀ ਹੈ, ਉਹ ਸਰਮਾਏਦਾਰੀ ਨਿਜ਼ਾਮ ਉੱਤੇ ਕਟਾਖਸ਼ ਕਰਦਾ ਹੈ ਜਿਸ ਨੇ ਇਸਤਰੀ ਨੂੰ ਸਿਰਫ਼ ਭੋਗ ਦੀ ਵਸਤ ਤੱਕ ਸੀਮਤ ਕਰ ਦਿੱਤਾ,  ਇਸ ਭੋਗ ਦੇ ਮੁਕਾਬਲੇ ਦੇ ਉੱਪਰ ਬਾਵਾ ਬਲਵੰਤ ਔਰਤ ਅਤੇ ਮੁਹੱਬਤ ਨੂੰ ਇੱਕ ਸਮਾਜਿਕ ਸਰੋਕਾਰ ਬਣਾ ਕੇ ਪੇਸ਼ ਕਰਦਾ ਹੈ। ਬਾਵਾ ਬਲਵੰਤ ਦਾ ਦਿਹਾਂਤ ਪੰਜਾਬੀ ਸਾਹਿਤ ਦੀ ਭਿਆਨਕ ਤ੍ਰਾਸਦੀ ਆਖਿਆ ਜਾ ਸਕਦਾ ਹੈ। ਸਾਦਾ ਪਹਿਰਾਵਾ ਤੇ ਖਾਣ-ਪੀਣ ਦੀ ਸਾਦਗੀ ਵਾਲੇ ਬਾਵਾ ਬਲਵੰਤ 1972 ਵਿੱਚ ਸਨ ਸਟਰੋਕ ਲੱਗਣ ਕਾਰਨ ਚੱਲ ਵੱਸੇ।

ਡਾ. ਚਰਨਜੀਤ ਕੌਰ, ਪੰਜਾਬੀ ਵਿਭਾਗ, ਚੌਧਰੀ ਦੇਵੀ ਲਾਲ ਯੂਨੀਵਰਸਿਟੀ, ਸਰਸਾ (ਹਰਿਆਣਾ)
ਮੋ. 98784-47758

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.