ਮਨੁੱਖ ਲਈ ਜ਼ਰੂਰੀ ਹੈ ਇੱਛਾਵਾਂ ਤੇ ਲੋੜਾਂ ਵਿਚਲੇ ਫ਼ਰਕ ਨੂੰ ਸਮਝਣਾ

0
44

ਮਨੁੱਖ ਲਈ ਜ਼ਰੂਰੀ ਹੈ ਇੱਛਾਵਾਂ ਤੇ ਲੋੜਾਂ ਵਿਚਲੇ ਫ਼ਰਕ ਨੂੰ ਸਮਝਣਾ

ਕਿਸੇ ਜੀਵ ਜਾਂ ਨਿਰਜੀਵ ਵਸਤੂ ਜਾਂ ਵਿਅਕਤੀ ਨੂੰ ਆਪਣੇ ਅਧੀਨ ਕਰ ਲੈਣ ਦਾ ਜਿਹੜਾ ਖਿਆਲ ਮਨ ਵਿਚ ਆਉਂਦਾ ਹੈ, ਉਸ ਨੂੰ ਇੱਛਾ ਆਖਦੇ ਹਨ। ਜੀਵਨ ਵਿੱਚ ਇੱਛਾਵਾਂ ਅਨੰਤ ਹਨ ਅਤੇ ਇੱਛਾਵਾਂ ਦੀ ਪੂਰਤੀ ਦੇ ਸਾਧਨ ਸੀਮਤ ਹਨ। ਇਹੀ ਕਾਰਨ ਹੈ ਕਿ ਮਨੁੱਖ ਦੀਆਂ ਸਾਰੀਆਂ ਇੱਛਾਵਾਂ ਕਦੇ ਵੀ ਪੂਰੀਆਂ ਨਹੀਂ ਹੋ ਸਕਦੀਆਂ ਅਤੇ ਇੱਛਾਵਾਂ ਦੀ ਪੂਰਤੀ ਨਾ ਹੋਣਾ ਹੀ ਮਨੁੱਖ ਦੇ ਬਹੁਤੇ ਦੁੱਖਾਂ ਦਾ ਕਾਰਨ ਹੈ। ਮਨੁੱਖ ਦੀਆਂ ਇੱਛਾਵਾਂ ਦਾ ਕਿਤੇ ਕੋਈ ਅੰਤ ਨਹੀਂ ਹੁੰਦਾ।

ਜਿੰਨਾ ਕੁਝ ਇਨਸਾਨ ਹਾਸਿਲ ਕਰਦਾ ਜਾਂਦਾ ਹੈ, ਉਨੀ ਹੀ ਉਸਦੀ ਹੋਰ ਜਿਆਦਾ ਹਾਸਿਲ ਕਰਨ ਦੀ ਇੱਛਾ ਵਧਦੀ ਜਾਂਦੀ ਹੈ। ਪੈਦਲ ਚੱਲਣ ਵਾਲਾ ਜੇਕਰ ਸਾਈਕਲ ਜੋਗਾ ਹੋਜੇ ਤਾਂ ਸਾਈਕਲ ਦਾ ਸੁਖ, ਮੋਟਰ ਸਾਈਕਲ ਪਾਉਣ ਦੀ ਇੱਛਾ ਸਾਹਮਣੇ ਫਿੱਕਾ ਪੈਣ ਲੱਗ ਜਾਂਦਾ ਹੈ। ਮੋਟਰ ਸਾਈਕਲ ਪਾਉਣ ਤੋਂ ਬਾਦ ਇੱਛਾ ਕਾਰ ਪਾਉਣ ਦੀ ਹੋ ਜਾਂਦੀ ਹੈ। ਸੌ ਕਮਾਉਣ ਵਾਲਾ ਹਜਾਰਾਂ ਦੀ ਇੱਛਾ ਰੱਖਦਾ ਹੈ ਅਤੇ ਹਜਾਰਾਂ ਕਮਾਉਣ ਵਾਲਾ ਲੱਖਾਂ ਕਰੋੜਾਂ ਦੀ ਇੱਛਾ ਰੱਖਦਾ ਹੈ। ਇਸ ਤਰ੍ਹਾਂ ਮਨੁੱਖ ਦੀਆਂ ਇੱਛਾਵਾਂ ਅੱਗੇ ਦੀ ਅੱਗੇ ਵਧਦੀਆਂ ਜਾਂਦੀਆਂ ਹਨ।

ਮਨੁੱਖ ਕੋਲ ਜਿੰਨਾ ਕੁਝ ਵੀ ਹੈ, ਉਸਦਾ ਸੁਖ ਮਾਨਣ ਦੀ ਬਜਾਇ, ਜੋ ਕੁਝ ਉਸ ਕੋਲ ਨਹੀਂ ਹੈ, ਉਸੇ ਬਾਰੇ ਸੋਚ-ਸੋਚ ਦੁਖੀ ਹੁੰਦਾ ਰਹਿੰਦਾ ਹੈ। ਇਨਸਾਨ ਇੱਛਾਵਾਂ ਦੇ ਮਕੜਜਾਲ ਵਿੱਚ ਇੰਨਾ ਜਿਆਦਾ ਫਸ ਕੇ ਰਹਿ ਜਾਂਦਾ ਹੈ ਕਿ ਉਹ ਜੀਵਨ ਦੀ ਵਾਸਤਵਿਕਤਾ ਨੂੰ ਹੀ ਭੁੱਲ ਜਾਂਦਾ ਹੈ। ਇੱਛਾਵਾਂ ਦੀ ਪੂਰਤੀ ਲਈ ਦਿਨ-ਰਾਤ ਚਿੰਤਤ ਰਹਿੰਦਾ ਹੈ ਅਤੇ ਉਹਨਾਂ ਦੀ ਪੂਰਤੀ ਲਈ ਬੁਰੇ ਕਰਮ ਅਤੇ ਅਨੈਤਿਕ ਤੌਰ-ਤਰੀਕੇ ਅਪਨਾਉਣ ਤੋਂ ਵੀ ਗੁਰੇਜ਼ ਨਹੀਂ ਕਰਦਾ। ਇੱਛਾਵਾਂ ਰੱਖਣਾ ਗ਼ਲਤ ਨਹੀਂ ਹੈ ਪਰ ਇੱਛਾਵਾਂ ਦੇ ਅਧੀਨ ਹੋ ਕੇ ਚਿੰਤਤ ਅਤੇ ਬੇਸਬਰੇ ਹੋਣਾ ਗ਼ਲਤ ਹੈ। ਮਨੁੱਖ ਨੂੰ ਚਾਹੀਦਾ ਹੈ ਕਿ ਜੋ ਕੁਝ ਉਸ ਕੋਲ ਹੈ ਉਸਦਾ ਆਨੰਦ ਮਾਣੇ, ਅਤੇ ਜੋ ਕੁਝ ਉਸ ਕੋਲ ਨਹੀਂ ਹੈ, ਉਸਦੇ ਲਈ ਮਿਹਨਤ ਕਰੇ, ਪੁਰੂਸ਼ਾਰਥ ਕਰੇ ਪਰ ਦੁਖੀ, ਨਿਰਾਸ਼, ਬੇਸਬਰ ਅਤੇ ਲੋਭੀ ਨਾ ਬਣੇ। ਇੱਛਾਵਾਂ ਦੀ ਪੂਰਤੀ ਲਈ ਕਿਸੇ ਦਾ ਘਾਣ ਨਾ ਕਰੇ,

ਕਿਸੇ ‘ਤੇ ਜ਼ਬਰ-ਜੁਲਮ ਜਾਂ ਅਤਿਆਚਾਰ ਨਾ ਕਰੇ। ਇੱਛਾਵਾਂ ਅਧੀਨ ਹੋ ਕੇ ਸੰਸਾਰਿਕ ਪਦਾਰਥਾਂ ਦੀ ਪ੍ਰਾਪਤੀ ਲਈ ਬੁਰੇ ਕਰਮਾਂ ਦੇ ਰਸਤੇ ‘ਤੇ ਨਾ ਚੱਲੇ ਬਾਦਸ਼ਾਹ ਸਿਕੰਦਰ ਸਾਰੇ ਸੰਸਾਰ ਨੂੰ ਜਿੱਤਣ ਦੀ ਇੱਛਾ ਰੱਖਦਾ ਸੀ ਅਤੇ ਉਸ ਨੇ ਜਬਰ-ਜੁਲਮ ਨਾਲ ਅਪਾਰ ਧਨ-ਦੌਲਤ ਵੀ ਇਕੱਠੀ ਕਰ ਲਈ ਸੀ ਪਰ ਜਦ ਉਸਦਾ ਆਖਰੀ ਸਮਾਂ ਨੇੜੇ ਸੀ ਤਾਂ ਉਸਦੀ ਪਾਣੀ ਪੀਣ ਦੀ ਇੱਛਾ ਸੀ। ਉਸਨੇ ਆਪਣੇ ਸੈਨਿਕਾਂ ਨੂੰ ਕਿਹਾ ਕਿ ਮੇਰੀ ਅੱਧੀ ਧਨ-ਦੌਲਤ ਲੈ ਲਓ ਅਤੇ ਮੇਰੇ ਲਈ ਪਾਣੀ ਦਾ ਪ੍ਰਬੰਧ ਕਰ ਦਿਉ ਪਰ ਜਿਸ ਵੇਲੇ ਦੀ ਇਹ ਗੱਲ ਸੀ, ਉਸ ਸਮੇਂ ਬਾਦਸ਼ਾਹ ਸਿਕੰਦਰ ਅਤੇ ਉਸਦੀ ਫੌਜ ਰੇਤੀਲੇ ਰਸਤਿਆਂ ਦੇ ਸਫ਼ਰ ‘ਤੇ ਸਨ ਅਤੇ ਦੂਰ-ਦੂਰ ਤੱਕ ਪਾਣੀ ਦਾ ਕੋਈ ਸਾਧਨ ਨਹੀਂ ਸੀ

ਜਦਕਿ ਫੌਜ ਦਾ ਆਪਣਾ ਪਾਣੀ ਵੀ ਖ਼ਤਮ ਹੋ ਚੁੱਕਾ ਸੀ। ਫ਼ਿਰ ਬਾਦਸ਼ਾਹ ਸਿਕੰਦਰ ਨੇ ਇੱਛਾ ਪ੍ਰਕਟ ਕੀਤੀ ਕਿ ਚਲੋ ਇੰਜ ਕਰੋ ਕਿ ਮੈਨੂੰ ਮੇਰੀ ਮਾਂ ਅਤੇ ਪਰਿਵਾਰ ਨਾਲ ਮਿਲਾ ਦਿਓ ਭਾਵੇਂ ਮੇਰੀ ਸਾਰੀ ਧਨ-ਦੌਲਤ ਰੱਖ ਲਓ। ਪਰ ਸੈਨਿਕਾਂ ਨੇ ਕਿਹਾ ਕਿ ਬਾਦਸ਼ਾਹ, ਇਹ ਕੰਮ ਵੀ ਇਸ ਸਮੇਂ ਤੁਰੰਤ ਨਹੀਂ ਹੋ ਸਕਦਾ ਕਿਉਂਕਿ ਇਸ ਕੰਮ ਲਈ ਬਹੁਤ ਸਮਾਂ ਚਾਹੀਦਾ ਸੀ ਪਰ ਬਾਦਸ਼ਾਹ ਦੀ ਹਾਲਤ ਬਹੁਤ ਨਾਜ਼ੁਕ ਸੀ ਅਤੇ ਉਸ ਦਾ ਅੰਤ ਨੇੜੇ ਸੀ। ਬਾਦਸ਼ਾਹ ਨਾ ਆਪਣੇ ਪਰਿਵਾਰ ਨਾਲ ਮਿਲ ਸਕਦਾ ਸੀ ਅਤੇ ਨਾ ਹੀ ਉਸ ਨੂੰ ਇੱਕ ਘੁੱਟ ਪਾਣੀ ਵੀ ਨਸੀਬ ਹੋਇਆ। ਬਾਦਸ਼ਾਹ ਦੁਖੀ ਤੇ ਨਿਰਾਸ਼ ਸੀ।

ਹੁਣ ਉਸਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਸੀ ਕਿ ਦੁਨੀਆਂ ਦੀ ਧਨ-ਦੌਲਤ ਵੀ ਉਸਦਾ ਸਾਥ ਨਹੀਂ ਦੇ ਸਕਦੀ ਸੀ। ਫਿਰ ਉਸਨੇ ਮਰਦੇ ਹੋਏ ਆਪਣੇ ਸੈਨਿਕਾਂ ਨੂੰ ਤਾਕੀਦ ਕੀਤੀ ਕਿ ਜਦ ਉਸਦੀ ਸ਼ਮਸ਼ਾਨ ਯਾਤਰਾ ਕੱਢੀ ਜਾਵੇ ਤਾਂ ਅਰਥੀ ‘ਤੇ ਲਿਜਾਂਦੇ ਸਮੇਂ ਉਸਦੇ ਹੱਥ-ਪੈਰ ਢੱਕੇ ਨਾ ਜਾਣ ਤਾਂ ਜੋ ਲੋਕਾਂ ਨੂੰ ਉਸਦੇ ਖਾਲੀ ਹੱਥ ਤੇ ਨੰਗੇ ਪੈਰ ਦਿਸਣ ਤਾਂ ਕਿ ਦੇਖਣ ਵਾਲਿਆਂ ਨੂੰ ਵੀ ਸਬਕ ਮਿਲੇ ਕਿ ‘ਸਿਕੰਦਰ ਵਰਗਾ ਵੀ ਆਪਣੇ ਨਾਲ ਕੁਝ ਨਹੀਂ ਲਿਜਾ ਸਕਿਆ’

ਸੋ ਮਨੁੱਖ ਨੂੰ ਆਪਣੀਆਂ ਇੱਛਾਵਾਂ ‘ਤੇ ਕਾਬੂ ਰੱਖਣਾ ਚਾਹੀਦਾ ਹੈ ਅਤੇ ਬੇਲੋੜੀਆਂ ਇੱਛਾਵਾਂ ਪਾਲਣ ਦੀ ਬਜਾਇ ਸਬਰ-ਸੰਤੋਖ ਅਤੇ ਦੀਨਤਾ-ਨਿਮਰਤਾ ਨਾਲ ਜੀਵਨ ਬਤੀਤ ਕਰਨਾ ਚਾਹੀਦਾ ਹੈ। ਲੋੜਾਂ ਤੇ ਇੱਛਾਵਾਂ ਵਿੱਚ ਫ਼ਰਕ ਨੂੰ ਸਮਝਣਾ ਚਾਹੀਦਾ। ਜਿਆਦਾਤਰ ਲੋਕਾਂ ਨੂੰ ਇਹੀ ਨਹੀਂ ਪਤਾ ਹੁੰਦਾ ਕਿ ਉਹਨਾਂ ਦੀਆਂ ਲੋੜਾਂ ਕੀ ਹਨ? ਅਤੇ ਇੱਛਾਵਾਂ ਕੀ ਹਨ? ਅਸਲ ਵਿੱਚ ਲੋੜਾਂ ਉਹ ਹਨ ਜਿਨ੍ਹਾਂ ਬਿਨਾਂ ਗੁਜ਼ਾਰਾ ਨਹੀਂ ਹੋ ਸਕਦਾ,

ਜਿਵੇਂ ਕਿ ਰੋਟੀ, ਕੱਪੜਾ ਅਤੇ ਮਕਾਨ। ਪਰ ਇੱਛਾਵਾਂ ਉਹ ਹਨ ਜਿਨ੍ਹਾਂ ਦੀ ਪੂਰਤੀ ਨਾ ਵੀ ਹੋਵੇ ਤਾਂ ਵੀ ਜੀਵਨ ‘ਤੇ ਕੋਈ ਖਾਸ ਅਸਰ ਨਹੀਂ ਪੈਂਦਾ। ਸੂਰਜ ਦੇ ਚੜ੍ਹਨ ਅਤੇ ਛਿਪਣ ਦੇ ਮੁਤਾਬਿਕ ਅਸੀਂ ਆਪਣੇ ਰੋਜ਼ਾਨਾ ਦੇ ਕਾਰ-ਵਿਹਾਰ ਕਰੀਏ, ਇਹ ਸਾਡੀ ਲੋੜ ਹੈ ਪਰ ਜੇਕਰ ਅਸੀਂ ਇਹ ਚਾਹੀਏ ਕਿ ਸੂਰਜ ਸਾਡੇ ਹਿਸਾਬ ਨਾਲ ਚੜ੍ਹੇ ਜਾਂ ਛਿਪੇ ਤਾਂ ਇਹ ਸਾਡੀ ਇੱਛਾ ਹੈ ਜੋ ਕਦੇ ਵੀ ਪੂਰੀ ਨਹੀਂ ਹੋ ਸਕਦੀ। ਲੋੜਾਂ ਨੂੰ ਪੂਰਾ ਕੀਤਾ ਜਾ ਸਕਦਾ ਹੈ ਪਰ ਇੱਛਾਵਾਂ ਨੂੰ ਸੌ ਫ਼ੀਸਦੀ ਪੂਰਾ ਕਰਨਾ ਬਹੁਤ ਮੁਸ਼ਕਲ ਹੈ।

ਜੀਵਨ ਬਤੀਤ ਕਰਨ ਲਈ ਜਿਹੜੇ ਸਾਧਨ ਇਕੱਠੇ ਕਰਨੇ ਚਾਹੀਦੇ ਹਨ, ਉਹ ਜਰੂਰ ਕਰੋ ਪਰ ਲੋੜ ਤੋਂ ਜ਼ਿਆਦਾ ਨਹੀਂ। ਦਿਖਾਵੇਬਾਜ਼ੀ ਦੇ ਚੱਕਰਾਂ ਤੋਂ ਬਚਦੇ ਹੋਏ ਆਪਣੀਆਂ ਮੂਲ ਲੋੜਾਂ ਦੀ ਪੂਰਤੀ ਕਰੋ ਅਤੇ ਬੇਲੋੜੀਆਂ ਇੱਛਾਵਾਂ ਤੋਂ ਬਚਦੇ ਹੋਏ ਆਤਮ-ਸੰਤੁਸ਼ਟੀ ਵਾਲੇ ਜੀਵਨ ਲਈ ਯਤਨ ਕਰਨੇ ਚਾਹੀਦੇ ਹਨ, ਇਸੇ ਵਿੱਚ ਜੀਵਨ ਦੀ ਸਫ਼ਲਤਾ ਅਤੇ ਸਾਰਥਿਕਤਾ ਛੁਪੀ ਹੋਈ ਹੈ।
ਸ੍ਰੀ ਮੁਕਤਸਰ ਸਾਹਿਬ।  ਮੋ. 90413-47351

ਯਸ਼ਪਾਲ ਮਾਹਵਰ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.