ਕਬੱਡੀ ਦਾ ਸਰਦਾਰ ਜਾਫੀ, ਜਸ਼ਨ ਕੱਕੜਵਾਲ

0
40
Kabaddi

ਕਬੱਡੀ ਦਾ ਸਰਦਾਰ ਜਾਫੀ, ਜਸ਼ਨ ਕੱਕੜਵਾਲ

ਜ਼ਿਲ੍ਹਾ ਸੰਗਰੂਰ ਦੇ ਸ਼ਹਿਰ ਧੂਰੀ ਦੀ ਬੁੱਕਲ ‘ਚ ਵੱਸੇ ਪਿੰਡ ਕੱਕੜਵਾਲ ਵਿਖੇ ਸੰਨ 1995 ਦੀ 16 ਫਰਵਰੀ ਨੂੰ ਪਿਤਾ ਸ੍ਰ. ਦਰਸ਼ਨ ਸਿੰਘ ਮਰਾਹੜ ਅਤੇ ਮਾਤਾ ਸ੍ਰੀਮਤੀ ਸੁਖਵਿੰਦਰ ਕੌਰ ਦੇ ਘਰ ਪੈਦਾ ਹੋਇਆ ਜਸ਼ਨਦੀਪ ਸਿੰਘ ਅਜੋਕੇ ਦੌਰ ‘ਚ ਦਾਇਰੇ ਵਾਲੀ ਕਬੱਡੀ ਦਾ ਚਮਕਦਾ ਸਿਤਾਰਾ ਬਣਿਆ ਹੋਇਆ ਹੈ। ਜਸ਼ਨਦੀਪ ਨੇ ਆਪਣੇ ਨੇੜਲੇ ਸ਼ਹਿਰ ਧੂਰੀ ਦੇ ਮਾਡਰਨ ਸੈਕੁਲਰ ਪਬਲਿਕ ਸਕੂਲ ਤੋਂ ਅੱਠਵੀਂ ਕਰਨ ਉਪਰੰਤ ਗਰੀਨਵੁੱਡ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਧੂਰੀ ਤੋਂ ਬਾਰਵੀਂ ਪਾਸ ਕੀਤੀ । ਸੰਨ 2012 ‘ਚ ਦਸਵੀਂ ਦੀ ਪੜ੍ਹਾਈ ਦੌਰਾਨ ਜਸ਼ਨ ਆਪਣੇ ਦੋਸਤਾਂ ਨਾਲ ਮਿਲ ਕੇ ਧੂਰੀ ਵਿਖੇ ਖੇਡੇ ਜਾ ਰਹੇ ਨੌਰਥ ਇੰਡੀਆ ਫੈਡਰੇਸ਼ਨ ਦੇ ਕਬੱਡੀ ਕੱਪ ਦਾ ਆਨੰਦ ਮਾਣਨ ਲਈ ਚਲਾ ਗਿਆ । ਉਸ ਕਬੱਡੀ ਕੱਪ ‘ਤੇ ਪੁੱਜੇ ਹੋਏ ਨਾਮਵਰ ਜਾਫੀ ਹਰਦੀਪ ਤਾਊ ਤੋਗਾਂਵਾਲੀਆ ਦੀ ਧੜੱਲੇਦਾਰ ਖੇਡ ਵੇਖ ਕੇ ਜਸ਼ਨ ਬਹੁਤ ਪ੍ਰਭਾਵਿਤ ਹੋਇਆ ਅਤੇ ਉਸਦੇ ਮਨ ਵਿੱਚ ਵੀ ਹਰਦੀਪ ਤਾਊ ਵਰਗਾ ਖਿਡਾਰੀ ਬਣਨ ਦੀ ਚਿਣਗ ਲੱਗ ਗਈ ।

Kabaddi

ਕਬੱਡੀ ਮੇਲਿਆਂ ‘ਤੇ ਓਪਨ ਦੀ ਟੀਮ ਬਣਾਉਣੀ

ਇਸ ਲਈ 47 ਕੁ ਕਿੱਲੋ ਵਜ਼ਨ ਵਾਲੇ ਜਸ਼ਨ ਨੇ ਆਪਣੇ ਪਿੰਡ ਦੇ ਮੈਦਾਨ ਵਿੱਚ ਸਵੇਰੇ-ਸ਼ਾਮ ਅਭਿਆਸ ਕਰਨਾ ਆਰੰਭ ਦਿੱਤਾ, ਪਰ ਸਿਆਣਿਆਂ ਦੇ ਆਖੇ ਮੁਤਾਬਿਕ ਕਿ ਸ਼ਾਹ ਬਿਨਾਂ ਪਤ ਅਤੇ ਗੁਰੂ ਬਿਨਾਂ ਗਤ ਨਹੀਂ ਹੁੰਦੀ। ਜਸ਼ਨ ਨੂੰ ਕਬੱਡੀ ਦਾ ਇੱਕ ਚੰਗਾ ਖਿਡਾਰੀ ਬਣਾਉਣ ਲਈ ਉਸਦੇ ਮਾਮਾ ਜੀ ਦੇ ਲੜਕੇ ਰਣਵੀਰ ਚੋਟੀਆਂ ਅਤੇ ਅਮਨ ਚੋਟੀਆਂ ਸਾਲ 2014 ‘ਚ ਉਸਨੂੰ ਮਸ਼ਹੂਰ ਕਬੱਡੀ ਕੋਚ ਕੁਲਵੰਤ ਭਲਵਾਨ ਸੌਂਟੀ ਕੋਲ ਕਬੱਡੀ ਦੇ ਟ੍ਰੇਨਿੰਗ ਕੈਂਪ ਵਿੱਚ ਛੱਡ ਆਏ ।

ਕੁਲਵੰਤ ਭਲਵਾਨ ਦੇ ਲੜ ਲੱਗਣ ਤੋਂ ਬਾਅਦ ਜਸ਼ਨ ਨੇ ਸਮਾਣਾ ਕੈਂਪ ‘ਚ ਪੂਰੇ ਜਜ਼ਬੇ ਨਾਲ ਸਖ਼ਤ ਮਿਹਨਤ ਕੀਤੀ। ਸਾਲ 2016 ਦੌਰਾਨ ਜਸ਼ਨ ਦਾ ਭਾਰ 75 ਕਿੱਲੋ ਦੇ ਕਰੀਬ ਹੋ ਗਿਆ। ਫਿਰ ਉਸਨੇ ਆਪਣੇ ਸਾਥੀਆਂ ਮਾਣਕ ਦਿਓਗੜ, ਦੀਪਾ ਢੰਡਿਆਲ, ਜੱਗੀ ਕੱਕੜਵਾਲ, ਭੱਟੀ ਗੁਰਦਨਪੁਰ, ਇੰਦਰ ਜੱਖਲਾਂ ਅਤੇ ਬਿੰਦਰੀ ਢੰਡਿਆਲ ਨਾਲ ਮਿਲ ਕੇ ਹਰਿਆਣੇ ‘ਚ ਹੁੰਦੇ ਕਬੱਡੀ ਮੇਲਿਆਂ ‘ਤੇ ਓਪਨ ਦੀ ਟੀਮ ਬਣਾਉਣੀ ਸ਼ੁਰੂ ਕਰ ਦਿੱਤੀ ।

ਕੱਕੜਵਾਲ ਦੁਆਰਾ ਮੈਦਾਨਾਂ ‘ਚ ਕੀਤੀ ਸਖ਼ਤ ਮਿਹਨਤ

ਅਗਲੇ ਸਾਲ 2017 ‘ਚ ਇਸ ਟੀਮ ਦੀ ਪੰਜਾਬ ਦੇ ਖੇਡ ਮੇਲਿਆਂ ‘ਤੇ ਵਧੀਆ ਪ੍ਰਦਰਸ਼ਨ ਵਿਖਾਉਣ ਕਾਰਨ ਥੋੜੀ-ਬਹੁਤ ਪਹਿਚਾਣ ਬਣਨ ਲੱਗ ਪਈ। ਸੰਨ 2018 ਦੇ ਸ਼ੁਰੂਆਤੀ ਟੂਰਨਾਮੈਂਟਾਂ ਦੌਰਾਨ ਹੀ ਜਸ਼ਨ ਕੱਕੜਵਾਲ ਦੁਆਰਾ ਮੈਦਾਨਾਂ ‘ਚ ਕੀਤੀ ਸਖ਼ਤ ਮਿਹਨਤ ਦੀ ਤਪੱਸਿਆ ਨੇ ਆਪਣਾ ਜਲਵਾ ਦਿਖਾਉਣਾ ਸ਼ੁਰੂ ਕਰ ਦਿੱਤਾ ਤੇ ਉਸ ਦੀਆਂ ਜਿੱਤਾਂ ਦਾ ਸਿਲਸਿਲਾ ਆਰੰਭ ਹੋ ਗਿਆ। ਪਹਿਲੀ ਵਾਰ ਜਸ਼ਨ ਨੇ ਰੁੜਕੇ (ਲੁਧਿਆਣਾ) ਦੇ ਕਬੱਡੀ ਟੂਰਨਾਮੈਂਟ ‘ਤੇ ਧੂਰਕੋਟ ਦੀ ਟੀਮ ਲਈ ਆਪਣੀ ਬਿਹਤਰੀਨ ਖੇਡ ਦਾ ਪ੍ਰਦਰਸ਼ਨ ਕਰਦਿਆਂ ਟੀਮ ਨੂੰ ਜੇਤੂ ਮੰਚ ‘ਤੇ ਪਹੁੰਚਾਇਆ ਅਤੇ ਸਰਵੋਤਮ ਜਾਫੀ ਬਣ ਕੇ ਨਕਦ ਰਾਸ਼ੀ ਜਿੱਤਣ ਦਾ ਮਾਣ ਹਾਸਲ ਕੀਤਾ ।

ਇਸੇ ਤਰ੍ਹਾਂ ਉਸਨੇ ਢੰਡੋਗਲ ਦੇ ਖੇਡ ਮੇਲੇ ‘ਤੇ ਦਿੜ੍ਹਬਾ ਦੀ ਟੀਮ ਵੱਲੋਂ ਖੇਡਦਿਆਂ ਫਾਈਨਲ ਮੈਚ ਵਿੱਚ ਘੱਲ ਕਲਾਂ ਦੇ ਧਾਵੀਆਂ ਨੂੰ ਪੰਜ ਜੱਫੇ ਲਾ ਕੇ ਬੈਸਟ ਜਾਫੀ ਦੇ ਤੌਰ ‘ਤੇ ਪਹਿਲਾ ਮੋਟਰਸਾਈਕਲ ਜਿੱਤਿਆ। ਗ੍ਰੈਜੂਏਸ਼ਨ ਦੀ ਪੜ੍ਹਾਈ ਦੌਰਾਨ ਖ਼ਾਲਸਾਈ ਖੇਡਾਂ ਵਿੱਚ ਵੀ ਜਸ਼ਨ ਨੇ ਗੁਰੂ ਨਾਨਕ ਕਾਲਜ ਬੁਢਲਾਡਾ ਦੀ ਟੀਮ ਲਈ ਬੱਲੇ-ਬੱਲੇ ਕਰਵਾਈ।

Kabaddi chief Jafi, Jashan Kakkarwal

ਸੰਨ 2019 ਦੌਰਾਨ ਜਸ਼ਨ ਨੂੰ ਪੰਜਾਬ ਫੈਡਰੇਸ਼ਨ ਦੇ ਬੈਨਰ ਹੇਠ ਖੇਡਣ ਵਾਲੀ ਬਾਬਾ ਫੂਲੋ ਪੀਰ ਕਬੱਡੀ ਅਕੈਡਮੀ ਰੌਣੀ ਲਈ ਖੇਡਣ ਦਾ ਅਵਸਰ ਪ੍ਰਾਪਤ ਹੋ ਗਿਆ । ਇਸੇ ਸਾਲ ਦੇ ਅਪਰੈਲ ਮਹੀਨੇ ‘ਚ ਜਸ਼ਨ ਮਾਝਾ ਕਲੱਬ ਭਗਵਾਨਪੁਰਾ ਵੱਲੋਂ ਪਹਿਲੀ ਵਾਰ ਵਿਦੇਸ਼ੀ ਧਰਤੀ ਮਲੇਸ਼ੀਆ ਦੇ ਘਾਹਦਾਰ ਮੈਦਾਨਾਂ ‘ਤੇ ਆਪਣੀ ਖੂਬਸੂਰਤ ਖੇਡ ਦਾ ਲੋਹਾ ਮਨਵਾਉਣ ਲਈ ਗਿਆ। ਮਲੇਸ਼ੀਆ ਤੋਂ ਹੀ ਉਸਨੇ ਆਪਣੀ ਖੱਬੀ ਬਾਂਹ ‘ਤੇ ਬਾਦਸ਼ਾਹ ਪੋਰਸ ਦੀ ਫੋਟੋ ਵਾਲਾ ਟੈਟੂ ਖੁਣਵਾਇਆ, ਜੋ ਕਿ ਖੇਡ ਮੈਦਾਨਾਂ ਵਿੱਚ ਪੂਰਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ । ਇਸੇ ਵਰ੍ਹੇ ਜਸ਼ਨ ਨੂੰ ਦੁਬਈ ਦੇ ਖੇਡ ਮੇਲਿਆਂ ‘ਤੇ ਸਪਰਿੰਗਵੈਲੀ ਦੀ ਟੀਮ ਲਈ ਆਪਣੀ ਜ਼ਬਰਦਸਤ ਖੇਡ ਦਿਖਾਉਣ ਦਾ ਮੌਕਾ ਮਿਲਿਆ ।

ਚੱਲ ਰਹੇ ਸਾਲ ਦੇ ਸ਼ੁਰੂਆਤੀ ਕਬੱਡੀ ਸੀਜ਼ਨ ਦੌਰਾਨ ਜਸ਼ਨ ਨੂੰ ਨੌਰਥ ਇੰਡੀਆ ਫੈਡਰੇਸ਼ਨ ਦੇ ਝੰਡੇ ਹੇਠ ਖੇਡਣ ਵਾਲੀ ਪੰਜਾਬ ਇੰਟਰਨੈਸ਼ਨਲ ਕਲੱਬ ਨਿਊਜ਼ੀਲੈਂਡ ਵੱਲੋਂ ਆਪਣੀ ਕਾਰਗੁਜ਼ਾਰੀ ਦਿਖਾਉਣ ਦਾ ਸੁਭਾਗ ਨਸੀਬ ਹੋਇਆ। ਇਸੇ ਸਾਲ ਦੇ ਮਾਰਚ ਮਹੀਨੇ ਦੀ 7 ਤਰੀਕ ਨੂੰ ਜਸ਼ਨ ਜ਼ਿਲ੍ਹਾ ਸੰਗਰੂਰ ਦੇ ਪਿੰਡ ਖੇੜੀ ਜੱਟਾਂ ਦੀ ਧੀ ਬੀਬੀ ਹਰਮਨਜੋਤ ਕੌਰ ਨਾਲ ਵਿਆਹ ਬੰਧਨ ਵਿੱਚ ਬੱਝ ਗਿਆ ।

ਬੁਲਟ ਨਾਲ ਸਨਮਾਨਿਤ ਕੀਤਾ

ਦੀਪ ਢੰਡਿਆਲ, ਭਿੰਦਾ ਆਸਟ੍ਰੇਲੀਆ ਅਤੇ ਪਾਲ ਭੰਗੂ ਆਸਟ੍ਰੇਲੀਆ ਵੱਲੋਂ ਬੁਲਟ ਨਾਲ ਸਨਮਾਨਿਤ ਕੀਤਾ ਗਿਆ ਜਸ਼ਨ, ਬੇਰ-ਕਲਾਂ ਦੇ ਕਬੱਡੀ ਮੇਲੇ ‘ਤੇ ਮੋਟਰਸਾਈਕਲ ਨਾਲ ਅਤੇ ਅਰਸ਼ ਯੂ.ਐੱਸ.ਏ ਵੱਲੋਂ ਇੱਕ ਲੱਖ ਦੀ ਨਕਦ ਰਾਸ਼ੀ ਨਾਲ ਵੀ ਨਿਵਾਜਿਆ ਗਿਆ ਹੈ।
ਜਸ਼ਨ ਬੜੀ ਬੇਬਾਕੀ ਨਾਲ ਬਿਆਨ ਕਰਦਾ ਹੈ ਕਿ ਅਨੇਕਾਂ ਵਾਰ ਮੈਚ ਲੱਗਣ ਦੇ ਬਾਵਜੂਦ ਵੀ ਮੈਂ ਅਜੇ ਤੱਕ ਪ੍ਰਸਿੱਧ ਰੇਡਰ ਨਿੱਕਾ ਖਿਆਲਾ ਨੂੰ ਜੱਫਾ ਨਹੀਂ ਲਗਾ ਸਕਿਆ ਇੱਕ ਕੁਇੰਟਲ ਦੇ ਕਰੀਬ ਭਾਰ ਅਤੇ ਛੇ ਫੁੱਟ ਕੱਦ ਵਾਲਾ ਜਸ਼ਨ ਕਬੱਡੀ ਤੋਂ ਇਲਾਵਾ ਕੁੱਤੇ ਪਾਲਣ, ਵਾਲੀਬਾਲ ਖੇਡਣ ਅਤੇ ਖੇਤੀਬਾੜੀ ਦੇ ਕੰਮ ਕਰਨ ਦਾ ਵੀ ਸ਼ੌਕੀਨ ਹੈ। ਸਾਡੀ ਵਾਹਿਗੁਰੂ ਅੱਗੇ ਦੁਆ ਹੈ ਕਿ ਕਬੱਡੀ ਦੇ ਸਰਦਾਰ ਜਾਫੀ ਜਸ਼ਨਦੀਪ ਸਿੰਘ ਮਰਾਹੜ (ਜਸ਼ਨ ਕੱਕੜਵਾਲ) ਦੀ ਧਮਾਕੇਦਾਰ ਖੇਡ ਦੀ ਸਰਦਾਰੀ ਲੰਮਾ ਸਮਾਂ ਮੈਦਾਨਾਂ ਵਿੱਚ ਕਾਇਮ ਰਹੇ।
ਪ੍ਰੋ. ਗੁਰਸੇਵ ਸਿੰਘ ‘ਸੇਵਕ ਸ਼ੇਰਗੜ’,
ਸਰਕਾਰੀ ਮਹਿੰਦਰਾ ਕਾਲਜ, ਪਟਿਆਲਾ
ਮੋ. 94642-25126

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.