ਚਿੱਠੀ ’ਤੇ ਚਿੱਠੀ, ਨਹੀਂ ਨਿਕਲ ਰਿਹਾ ਐ ਕੋਈ ਹੱਲ਼, ਕੇਂਦਰ ਨੇ ਮੁੜ ਕਿਸਾਨਾਂ ਦੇ ਪਾਲੇ ’ਚ ਸੁੱਟੀ ਗੇਂਦ

0
3

ਕਿਸਾਨ ਆਗੂਆਂ ਨੇ ਦਿੱਲੀ ਸੱਦੇ 30 ਹਜ਼ਾਰ ਕਿਸਾਨ, ਨਵੇਂ ਸਾਲ ਤੋਂ ਪਹਿਲਾਂ ਕੁਝ ਵੱਡਾ ਕਰਨ ਦੀ ਤਿਆਰੀ

ਚੰਡੀਗੜ, (ਅਸ਼ਵਨੀ ਚਾਵਲਾ)। ਪਿਛਲੇ ਇੱਕ ਹਫ਼ਤੇ ਦੌਰਾਨ ਕੇਂਦਰ ਸਰਕਾਰ ਨੇ ਦੂਜੀ ਚਿੱਠੀ ਲਿਖਦੇ ਹੋਏ ਕਿਸਾਨਾਂ ਦੇ ਪਾਲੇ ਵਿੱਚ ਮੁੜ ਤੋਂ ਗੇਂਦ ਸੁੱਟ ਦਿੱਤੀ ਹੈ ਅਤੇ ਕਿਸਾਨਾਂ ਨੂੰ ਹੀ ਸਲਾਹ ਦੇ ਦਿੱਤੀ ਹੈ ਕਿ ਉਹ ਖ਼ੁਦ ਤੈਅ ਕਰਨ ਕਿ ਕਦੋਂ ਅਤੇ ਕਿਹੜੇ ਸਮੇਂ ਮੀਟਿੰਗ ਕਰਨਾ ਚਾਹੁੰਦੇ ਹਨ ਪਰ ਇਹ ਸਮਾਂ ਤੈਅ ਕਰਨ ਤੋਂ ਪਹਿਲਾਂ ਉਨਾਂ ਪੁਆਇੰਟਾਂ ਨੂੰ ਦੱਸਣਾ ਪਏਗਾ, ਜਿਨਾਂ ’ਤੇ ਕਿਸਾਨ ਗੱਲ ਕਰਨਾ ਚਾਹੁੰਦੇ ਹਨ।

ਕੇਂਦਰ ਸਰਕਾਰ ਵੱਲੋਂ ਆਈ ਚਿੱਠੀ ਬਾਰੇ ਕਿਸਾਨ ਜਲਦ ਹੀ ਕੋਈ ਫੈਸਲਾ ਕਰਨਗੇ ਪਰ ਉਸ ਤੋਂ ਪਹਿਲਾਂ ਹੀ ਵਿਰੋਧੀ ਪਾਰਟੀਆਂ ਵੱਲੋਂ ਕੇਂਦਰ ਸਰਕਾਰ ਨੂੰ ਘੇਰਦੇ ਹੋਏ ਚਿੱਠੀ-ਚਿੱਠੀ ਨਾ ਖੇਡਣ ਦੀ ਸਲਾਹ ਦਿੱਤੀ ਗਈ ਹੈ ਕਿਉਂਕਿ ਇੰਨੀ ਜਿਆਦਾ ਠੰਡ ਵਿੱਚ ਕਿਸਾਨ ਪਿਛਲੇ 29 ਦਿਨਾਂ ਤੋਂ ਦਿੱਲੀ ਦੀਆਂ ਸੜਕਾਂ ’ਤੇ ਅੰਦੋਲਨ ਕਰ ਰਹੇ ਹਨ ਪਰ ਕੇਂਦਰ ਸਰਕਾਰ ਮਸਲਾ ਹਲ਼ ਨਹੀਂ ਕਰ ਰਿਹਾ ਹੈ।

ਇਸ ਦੇ ਨਾਲ ਹੀ ਕਿਸਾਨ ਆਗੂਆਂ ਨੇ ਅਗਲੇ ਦੋ ਦਿਨਾਂ ਵਿੱਚ 30 ਹਜ਼ਾਰ ਤੋਂ ਜਿਆਦਾ ਕਿਸਾਨਾਂ ਨੂੰ ਦਿੱਲੀ ਵਿਖੇ ਸੱਦ ਲਿਆ ਹੈ ਚਰਚਾ ਹੈ ਕਿ ਕਿਸਾਨ ਆਗੂ ਕੇਂਦਰ ਸਰਕਾਰ ਦੀ ਅੜੀ ਤੋੜਨ ਲਈ ਜਲਦ ਹੀ ਕੋਈ ਵੱਡਾ ਐਲਾਨ ਵੀ ਕਰ ਸਕਦੇ ਹਨ। 25 ਦਸੰਬਰ ਨੂੰ ਪੰਜਾਬ ਦੇ ਖਨੌਰੀ ਤੋਂ 15 ਹਜ਼ਾਰ ਕਿਸਾਨ ਦਿੱਲੀ ਵਿਖੇ ਪੁੱਜਣਗੇ ਤਾਂ ਹਰਿਆਣਾ ਦੇ ਡੱਬਵਾਲੀ ਇਲਾਕੇ ਤੋਂ ਵੀ 15 ਹਜ਼ਾਰ ਕਿਸਾਨਾਂ ਨੂੰ ਦਿੱਲੀ ਸੱਦਿਆ ਗਿਆ ਹੈ। 30 ਹਜ਼ਾਰ ਕਿਸਾਨਾਂ ਦੇ ਪੁੱਜਣ ਤੋਂ ਇਲਾਵਾ ਦੂਜੇ ਸੂਬਿਆਂ ਤੋਂ ਵੀ ਕਿਸਾਨ ਦਿੱਲੀ ਸੱਦੇ ਜਾ ਰਹੇ ਹਨ ਜਿਸ ਨਾਲ ਕੇਂਦਰ ਸਰਕਾਰ ’ਤੇ ਹੋਰ ਜਿਆਦਾ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।

ਅੱਗ ਨਾਲ ਨਾ ਖੇਡੇ ਕੇਂਦਰ ਸਰਕਾਰ, ਛੱਡੇ ਆਪਣੀ ਜਿੱਦ : ਸ਼ਿਵ ਕੁਮਾਰ ਕੱਕਾ

ਕੌਮੀ ਕਿਸਾਨ ਲੀਡਰ ਸ਼ਿਵ ਕੁਮਾਰ ਕੱਕਾ ਨੇ ਇੱਕ ਵਾਰ ਕੇਂਦਰ ਸਰਕਾਰ ਨੂੰ ਨਸੀਹਤ ਦਿੱਤੀ ਹੈ ਕਿ ਕਿਸਾਨਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਸਰਕਾਰ ਨੂੰ ਆਪਣੀ ਜਿੱਦ ਛੱਡ ਦੇਣੀ ਚਾਹੀਦੀ ਹੈ, ਕਿਉਂਕਿ ਕਿਸਾਨਾਂ ਨੇ ਤਿੰਨੇ ਕਾਨੂੰਨਾਂ ਨੂੰ ਰੱਦ ਕਰਵਾਏ ਬਿਨਾਂ ਨਹੀਂ ਮੰਨਣਾ। ਇਸ ਲਈ ਕੇਂਦਰ ਸਰਕਾਰ ਨੂੰ ਅੱਗ ਨਾਲ ਨਹੀਂ ਖੇਡਣਾ ਚਾਹੀਦਾ ਹੈ ਉਨ੍ਹਾ ਕਿਹਾ ਕਿ ਦਿੱਲੀ ਬੈਠੇ ਕਿਸਾਨਾਂ ਦੀ ਅਣਦੇਖੀ ਕਰਨਾ ਕੇਂਦਰ ਸਰਕਾਰ ਨੂੰ ਭਾਰੀ ਪੈ ਸਕਦਾ ਹੈ।

ਖੁੱਲ੍ਹੇ ਮਨ ਨਾਲ ਗੱਲ ਕਰਨ ਲਈ ਤਿਆਰ ਹੈ ਸਰਕਾਰ :ਅਗਰਵਾਲ

ਕੇਂਦਰ ਸਰਕਾਰ ਦੇ ਅਧਿਕਾਰੀ ਵਿਵੇਕ ਅਗਰਵਾਲ ਵੱਲੋਂ ਕਿਸਾਨ ਆਗੂਆਂ ਨੂੰ ਲਿਖੀ ਚਿੱਠੀ ਵਿੱਚ ਕਿਹਾ ਗਿਆ ਹੈ ਕਿ ਕੇਂਦਰ ਸਰਕਾਰ ਕਿਸਾਨਾਂ ਨਾਲ ਸਾਫ਼ ਨੀਅਤ ਅਤੇ ਖੁੱਲੇ੍ਹ ਦਿਲ ਨਾਲ ਅੰਦੋਲਨ ਨੂੰ ਖ਼ਤਮ ਕਰਨ ਅਤੇ ਕਿਸਾਨਾਂ ਦੇ ਮੁੱਦੇ ’ਤੇ ਗੱਲਬਾਤ ਕਰਦੀ ਆਈ ਹੈ ਅਤੇ ਅੱਗੇ ਵੀ ਗੱਲਬਾਤ ਕਰਨ ਲਈ ਤਿਆਰ ਹੈ। ਤੁਸੀਂ ਆਪਣੀ ਸੁਵਿਧਾ ਅਨੁਸਾਰ ਤਾਰੀਖ਼ ਅਤੇ ਸਮਾਂ ਦੱਸ ਸਕਦੇ ਹੋ। ਇਸ ਦੇ ਨਾਲ ਹੀ ਜਿਹੜੇ ਮੁੱਦੇ ’ਤੇ ਚਰਚਾ ਕਰਨਾ ਚਾਹੁੰਦੇ ਹੋ, ਉਨਾਂ ਮੁੱਦੇ ਬਾਰੇ ਜਾਣਕਾਰੀ ਵੀ ਦਿੱਤੀ ਜਾਵੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.