ਕਿਸਾਨਾਂ ਨੂੰ ਝਕਾਨੀ ਦੇ ਕੇ ਦੂਜੇ ਦਰਵਾਜਿਓਂ ਨਿੱਕਲ ਗਏ ਮਦਨ ਮੋਹਨ ਮਿੱਤਲ

0
24

ਸਫ਼ਲ ਨਾ ਹੋ ਸਕੀਆਂ ਸ੍ਰੀ ਮਿੱਤਲ ਦੀ ਫੇਰੀ ਨੂੰ ਗੁਪਤ ਰੱਖਣ ਦੀਆਂ ਕੋਸ਼ਿਸ਼ਾਂ

ਬਠਿੰਡਾ, (ਸੁਖਜੀਤ ਮਾਨ)। ਸਾਬਕਾ ਭਾਜਪਾ ਮੰਤਰੀ ਮਦਨ ਮੋਹਨ ਮਿੱਤਲ ਦੀ ਬਠਿੰਡਾ ਫੇਰੀ ਕੋਸ਼ਿਸ਼ਾਂ ਦੇ ਬਾਵਜ਼ੂਦ ਗੁਪਤ ਨਾ ਰਹਿ ਸਕੀ। ਸਰਕਟ ਹਾਊਸ ‘ਚ ਮਿੱਤਲ ਦੀ ਆਮਦ ਦਾ ਜਦੋਂ ਗੁਆਂਢ ‘ਚ ਹੀ ਧਰਨਾ ਲਾਈ ਬੈਠੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂਆਂ ਨੂੰ ਪਤਾ ਲੱਗਿਆ ਤਾਂ ਉਹ ਉੱਥੇ ਪੁੱਜ ਗਏ। ਪੁਲਿਸ ਨੇ ਕਿਸਾਨਾਂ ਨੂੰ ਅੱਗੇ ਨਾ ਜਾਣ ਦਿੱਤਾ। ਧਰਨਾ ਨਾ ਚੁੱਕੇ ਜਾਣ ਕਰਕੇ ਸ੍ਰੀ ਮਿੱਤਲ ਕਿਸਾਨਾਂ ਨੂੰ ਬਿਨ੍ਹਾਂ ਮਿਲੇ ਝਕਾਨੀ ਦੇ ਕੇ ਦੂਸਰੇ ਦਰਵਾਜਿਓਂ ਨਿੱਕਲਕੇ ਸੰਗਰੂਰ ਵੱਲ ਨੂੰ ਰਵਾਨਾ ਹੋ ਗਏ।

ਵੇਰਵਿਆਂ ਮੁਤਾਬਿਕ ਮੀਡੀਆ ਦੇ ਕੁੱਝ ਹਿੱਸੇ ਨੂੰ ਵੀ ਭਾਜਪਾ ਦੇ ਇਸ ਸੀਨੀਅਰ ਆਗੂ ਦੀ ਆਮਦ ਦਾ ਪਤਾ ਨਹੀਂ ਸੀ। ਸੂਤਰਾਂ ਦਾ ਦੱਸਣਾ ਹੈ ਕਿ ਸ੍ਰੀ ਮਿੱਤਲ ਦੀ ਇਸ ਆਮਦ ਨੂੰ ਗੁਪਤ ਰੱਖਣ ਦੇ ਯਤਨ ਕੀਤੇ ਗਏ ਸਨ ਤਾਂ ਜੋ ਨੇੜੇ ਹੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਕੋਲ ਚੱਲ ਰਹੇ ਧਰਨੇ ‘ਚੋਂ ਕਿਸਾਨ ਨਾ ਪੁੱਜ ਜਾਣ ਪਰ ਇਨ੍ਹਾਂ ਯਤਨਾਂ ਦੇ ਬਾਵਜ਼ੂਦ ਮਿੱਤਲ ਦੀ ਫੇਰੀ ਦਾ ਉਸ ਵੇਲੇ ਰੌਲਾ ਪੈ ਹੀ ਗਿਆ ਜਦੋਂ ਭਾਕਿਯੂ ਸਿੱਧੂਪਰ ਦੇ ਆਗੂ ਤੇ ਕਿਸਾਨ ਧਰਨਾ ਸਥਾਨ ਤੋਂ ਉੱਠਕੇ ਸਰਕਟ ਹਾਊਸ ‘ਚ ਪੁੱਜ ਗਏ। ਕਿਸਾਨ ਆਗੂ ਹਾਲੇ ਗੇਟ ‘ਚ ਦਾਖਲ ਹੋਏ ਹੀ ਸੀ ਕਿ ਉਨ੍ਹਾਂ ਨੂੰ ਪੁਲਿਸ ਨੇ ਘੇਰਾ ਪਾ ਲਿਆ। ਅੱਗੇ ਨਾ ਜਾਣ ਦੇਣ ਦੇ ਰੋਸ ਵਜੋਂ ਕਿਸਾਨਾਂ ਨੇ ਗੇਟ ‘ਤੇ ਧਰਨਾ ਲਾ ਦਿੱਤਾ। ਧਰਨੇ ਦੌਰਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਸੰਦੋਹਾ ਨੇ ਪੁਲਿਸ ਨੂੰ ਆਖਿਆ ਕਿ ਉਨ੍ਹਾਂ ਨੂੰ ਅੱਗੇ ਜਾਣ ਦਿੱਤਾ ਜਾਵੇ ਕਿਉਂਕਿ ਉਨ੍ਹਾਂ ਕੋਲ ਕੋਈ ਡਾਂਗਾ ਜਾਂ ਇੱਟਾਂ ਰੋੜੇ ਨਹੀਂ ਚੁੱਕੇ ਹੋਏ

ਸਗੋਂ ਉਨ੍ਹਾਂ ਨੇ ਤਾਂ ਮਿੱਤਲ ਨੂੰ ਇਹ ਪੁੱਛਣਾ ਹੈ ਕਿ ਭਾਜਪਾ ਦੇ ਕੌਮੀ ਪ੍ਰਧਾਨ ਸਮੇਤ ਹੋਰ ਭਾਜਪਾ ਆਗੂ ਕਿਸਾਨਾਂ ਦੇ ਧਰਨੇ ਪ੍ਰਤੀ ਟਿੱਪਣੀ ਕਰਕੇ ਆਖਦੇ ਨੇ ਕਿ ਧਰਨਿਆਂ ਵਾਲੇ ਕਿਸਾਨ ਨਹੀਂ ਕਾਂਗਰਸ ਦੇ ਏਜੰਟ ਨੇ ਜਾਂ ਕੋਈ ਕਹਿੰਦਾ ਹੈ ਇਹ ਵਿਚੋਲੀਏ ਨੇ। ਸੰਦੋਹਾ ਨੇ ਕਿਹਾ ਕਿ ਉਹ ਮਿੱਤਲ ਨੂੰ ਕਹਿਣਾ ਚਾਹੁੰਦੇ ਨੇ ਕਿ ਧਰਨੇ ‘ਚ ਆ ਕੇ ਏਜੰਟਾਂ ਤੇ ਵਿਚੋਲੀਆਂ ਦੀ ਛਾਂਟੀ ਕਰਕੇ ਲੈ ਜਾਣ। ਰੋਹ ‘ਚ ਆਏ ਕਿਸਾਨਾ ਨੇ ਕੇਂਦਰ ਸਰਕਾਰ ਖਿਲਾਫ਼ ਜੋਰਦਾਰ ਨਾਅਰੇਬਾਜ਼ੀ ਕੀਤੀ। ਕਿਸਾਨਾਂ ਦਾ ਰੋਸ ਵਧਦਾ ਵੇਖਦਿਆਂ ਪੁਲਿਸ ਤੇ ਭਾਜਪਾ ਆਗੂਆਂ ਨੇ ਸ੍ਰੀ ਮਿੱਤਲ ਨੂੰ ਸਰਕਟ ਹਾਊਸ ਦੇ ਮੁੱਖ ਦਰਵਾਜੇ ਦੀ ਥਾਂ ਨਾਲ ਲੱਗਦੇ

ਡਿਊਨਜ਼ ਕਲੱਬ ਦੇ ਗੇਟ ਰਾਹੀਂ ਇੱਕ ਬਦਲਵੀਂ ਗੱਡੀ ਰਾਹੀਂ ਝਕਾਨੀ ਦੇ ਕੇ ਰਵਾਨਾ ਕਰ ਦਿੱਤਾ। ਉੱਧਰ ਭਾਜਪਾ ਦੇ ਇੱਕ ਸੀਨੀਅਰ ਆਗੂ ਨੇ ਸਪੱਸ਼ਟ ਕੀਤਾ ਕਿ ਸ੍ਰੀ ਮਿੱਤਲ ਵੱਲੋਂ ਕੋਈ ਪ੍ਰੈੱਸ ਕਾਨਫਰੰਸ ਨਹੀਂ ਕੀਤੀ ਗਈ ਇਸ ਕਰਕੇ ਮੀਡੀਆ ਨਹੀਂ ਬੁਲਾਇਆ ਗਿਆ। ਉਨ੍ਹਾਂ ਦੱਸਿਆ ਕਿ ਸਾਬਕਾ ਮੰਤਰੀ ਤਾਂ ਕੱਲ੍ਹ ਦੇ ਬਠਿੰਡਾ ਪੁੱਜੇ ਹੋਏ ਸਨ ਜਿੰਨ੍ਹਾਂ ਨੇ ਅੱਜ ਬਾਅਦ ਦੁਪਹਿਰ ਸੰਗਰੂਰ ਲਈ ਰਵਾਨਾ ਹੋਣਾ ਸੀ ਤੇ ਉਹ ਮਿਥੇ ਸਮੇਂ ‘ਤੇ ਚਲੇ ਗਏ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.