ਢਾਈ-ਤਿੰਨ ਸੌ ਰੁਪਏ ਦੇ ਉਧਾਰ ਨਾਲ ਜੁੜੀਆਂ ਯਾਦਾਂਮਮ

0
23

ਢਾਈ-ਤਿੰਨ ਸੌ ਰੁਪਏ ਦੇ ਉਧਾਰ ਨਾਲ ਜੁੜੀਆਂ ਯਾਦਾਂਮਮ

ਕਈ ਵਾਰ ਬੰਦਾ ਇਹੋ-ਜਿਹੀ ਸਥਿਤੀ ਵਿੱਚ ਪਹੁੰਚ ਜਾਂਦਾ ਜਿਸ ਵਿੱਚ ਉਸ ਨੂੰ ਪਤਾ ਹੀ ਨਹੀਂ ਲੱਗਦਾ ਕਿ ਉਹ ਉਸ ਪਲ ਦੀ ਖੁਸ਼ੀ ਮਨਾਵੇ ਜਾਂ ਨਾ ਮਨਾਵੇ। ਇਹੋ-ਜਿਹੇ ਅਜੀਬੋ-ਗਰੀਬ ਪਲ ਬੰਦੇ ਨੂੰ ਉਦਾਸੀ ਤੇ ਨਮੋਸ਼ੀ ਵੱਲ ਧਕੇਲ ਦਿੰਦੇ ਨੇ, ਪਰ ਕਈ ਵਾਰ ਇਹੋ-ਜਿਹੇ ਪਲ ਜਿੰਦਗੀ ਦਾ ਇੱਕ ਅਟੁੱਟ ਹਿੱਸਾ ਵੀ ਬਣ ਜਾਂਦੇ ਨੇ । ਕਦੇ ਵੀ ਨਾ ਭੁੱਲਣ ਵਾਲੇ, ਇਹ ਅਨਮੋਲ ਪਲ ਜਿਨ੍ਹਾਂ ਦੀਆਂ ਯਾਦਾਂ ਹਮੇਸ਼ਾ ਇੱਕ ਖਿੜੇ ਹੋਏ ਫੁੱਲ ਵਾਂਗ ਹਮੇਸ਼ਾ ਤਾਜ਼ਾ ਰਹਿੰਦੀਆਂ ਨੇ ।

ਚਾਹੁੰਦੇ ਹੋਏ ਵੀ ਉਸ ਪਲ ਨੂੰ ਭੁਲਾਇਆ ਨਹੀਂ ਜਾ ਸਕਦਾ। ਇੱਕ ਇਹੋ-ਜਿਹਾ ਖੱਟਾ-ਮਿੱਠਾ ਪਲ ਜਿਸ ਨੂੰ ਹਮੇਸ਼ਾ ਮੈਂ ਆਪਣੀਆਂ ਯਾਦਾਂ ਦੀ ਡਾਇਰੀ ‘ਚ ਅਮਰ ਰੱਖਣਾ ਚਾਹੁੰਦਾ ਹਾਂ ਤੁਹਾਡੇ ਸਭ ਨਾਲ ਸਾਂਝਾ ਕਰਨ ਜਾ ਰਿਹਾ ਹਾਂ ਇਹ ਉਸ ਵਕਤ ਦੀ ਗੱਲ ਹੈ ਜਦ ਮੈਂ ਛੋਟਾ ਹੁੰਦਾ ਸੀ ਤੇ ਪੰਜਵੀਂ ਕਲਾਸ ‘ਚ ਪੜ੍ਹਦਾ ਸੀ। ਪੰਜਵੀਂ ਕਲਾਸ ਦੇ ਬੋਰਡ ਦੇ ਇਮਤਿਹਾਨ ਹੋ ਚੁੱਕੇ ਸੀ ਬੱਸ ਉਸ ਦਾ ਨਤੀਜਾ ਆਉਣਾ ਬਾਕੀ ਸੀ। ਮੈਂ ਉਸ ਨਤੀਜੇ ਤੋਂ ਬੇਫਿਕਰ ਸੀ ਨਾ ਪਾਸ ਹੋਣ ਦਾ ਡਰ ਨਾ ਫੇਲ੍ਹ ਹੋਣ ਦੀ ਚਿੰਤਾ ਕਿਉਂਕਿ ਉਸ ਵਕਤ ਨੰਬਰਾਂ ਨੂੰ ਏਨੀ ਅਹਿਮੀਅਤ ਨਹੀਂ ਸੀ ਦਿੱਤੀ ਜਾਂਦੀ, ਜਿੰਨੀ ਅੱਜ-ਕੱਲ੍ਹ ਦੇ ਬੱਚਿਆਂ ਦੇ ਮਾਪਿਆਂ ਦੁਆਰਾ ਦਿੱਤੀ ਜਾਂਦੀ ਹੈ।

ਉਨ੍ਹਾਂ ਉੱਪਰ ਇਮਤਿਹਾਨਾਂ ਦੇ ਨਤੀਜਿਆਂ ਦੇ ਨੰਬਰਾਂ ਦਾ (ਜੋ ਕਿ ਮੇਰੇ ਖਿਆਲ ‘ਚ ਫਜੂਲ ਤੇ ਬੇਮਤਲਬ ਹੈ) ਵਾਧੂ ਬੋਝ ਪਾਇਆ ਜਾਂਦਾ ਹੈ । ਤੇ ਇਸ ਬੋਝ ਥੱਲੇ ਦੱਬ ਕੇ ਬੱਚਾ ਅੰਕ ਤਾਂ ਬਹੁਤ ਵਧੀਆ ਪ੍ਰਾਪਤ ਕਰ ਲੈਂਦਾ ਹੈ, ਪਰ ਜਿੰਦਗੀ ਦੇ ਹਸੀਨ ਪਲਾਂ ਨੂੰ ਮਾਨਣ ਤੋਂ ਵਾਂਝਾ ਰਹਿ ਜਾਂਦਾ ਹੈ ਤੇ ਅਕਸਰ ਜ਼ਿੰਦਗੀ ਦੇ ਪੇਪਰਾਂ ‘ਚੋਂ ਫੇਲ੍ਹ ਹੋ ਜਾਂਦਾ ਹੈ। ਮੈਂ ਆਪਣੇ ਬਚਪਨ ਦੇ ਰੰਗਾਂ ਨੂੰ ਬਿਨਾ ਕਿਸੇ ਫਿਕਰਾਂ ਦੇ ਆਜਾਦੀ ਨਾਲ ਮਾਣ ਰਿਹਾ ਸੀ । ਅਚਾਨਕ ਮੈਨੂੰ ਮੇਰੇ ਦਾਦਾ ਜੀ, ਜੋ ਕਿ ਸਕੂਲ ਦੇ ਬਾਹਰ ਇੱਕ ਛੋਟੀ ਜੀ ਕਰਿਆਨੇ ਦੀ ਦੁਕਾਨ ਕਰਦੇ ਸੀ, ਉਨ੍ਹਾਂ ਤੋਂ ਮੇਰੇ ਪੰਜਵੀਂ ਕਲਾਸ ਦੇ ਨਤੀਜੇ ਬਾਰੇ ਪਤਾ ਲੱਗਾ। ਮੇਰੇ ਦਾਦਾ ਜੀ ਕਹਿੰਦੇ ਕਿ ਤੇਰੀ ਭੈਣਜੀ (ਹਰਿੰਦਰ ਕੌਰ) ਆਈ ਸੀ, ਸਕੂਲ ‘ਚੋਂ, ਤੇ ਕਹਿੰਦੀ ਸੀ ਵੀ ਤੂੰ ਆਪਣੀ ਕਲਾਸ ‘ਚੋਂ ਪਹਿਲੇ ਸਥਾਨ ‘ਤੇ ਰਹਿ ਕੇ ਪੰਜਵੀਂ ਕਲਾਸ ਪਾਸ ਕਰ ਲਈ ਹੈ।

ਪਹਿਲਾਂ ਤਾਂ ਸੁਣ ਕੇ ਕੁਝ ਅਜੀਬ ਜਾ ਲੱਗਾ, ਮੈਂ ਕਿਹਾ, ”ਤੁਸੀਂ ਮਖੌਲ ਕਰਦੇ? ਮੈਂ ਉਹ ਵੀ ਪਹਿਲੇ ਸਥਾਨ ‘ਤੇ…! ਹੋ ਹੀ ਨਹੀਂ ਸਕਦਾ…!” ਤੇ ਉੱਚੀ-ਉੱਚੀ ਹੱਸਣ ਲੱਗ ਪਿਆ ਪਰ ਬਾਅਦ ‘ਚ ਮੈਨੂੰ ਕਿਸੇ ਹੋਰ ਤੋਂ ਸੁਣ ਕੇ ਬਹੁਤ ਖੁਸ਼ੀ ਹੋਈ ਕਿ ਸੱਚਮੁੱਚ ਮੈਂ ਪਹਿਲਾ ਸਥਾਨ ਪ੍ਰਾਪਤ ਕਰਕੇ ਪੰਜਵੀਂ ਬੋਰਡ ਦੀ ਕਲਾਸ ਪਾਸ ਕਰ ਲਈ ਹੈ।

ਉਸ ਵਕਤ ਮੈਂ ਆਪਣੇ ਘਰ ਦੇ ਆਰਥਿਕ ਹਾਲਾਤਾਂ ਤੋਂ ਬਿਲਕੁਲ ਅਣਜਾਣ ਸੀ ਮੈਨੂੰ ਗਰੀਬੀ-ਅਮੀਰੀ ਬਾਰੇ ਕੁਝ ਪਤਾ ਹੀ ਨਹੀਂ ਸੀ ਸੋ ਮੈਂ ਬੜੇ ਚਾਵਾਂ ਨਾਲ ਆਪਣੀ ਮੰਮੀ ਜੀ ਦੇ ਨਾਲ ਸਕੂਲ ਵਿੱਚੋਂ ਆਪਣਾ ਸਰਟੀਫਿਕੇਟ ਲੈਣ ਪਹੁੰਚ ਗਿਆ, ਜੋ ਕਿ ਹਾਈ ਸਕੂਲ ‘ਚ ਦਾਖਲੇ ਲਈ ਜ਼ਰੂਰੀ ਹੁੰਦਾ ਜਦ ਮੈਂ ਆਪਣੀ ਭੈਣਜੀ (ਹਰਿੰਦਰ ਕੌਰ) ਨੂੰ ਮਿਲਿਆ ਤਾਂ ਅੱਗੋਂ ਉਹ ਵੀ ਬਹੁਤ ਖੁਸ਼ ਸਨ ਤੇ ਖੁਸ਼ੀ-ਖੁਸ਼ੀ ‘ਚ ਉਨ੍ਹਾਂ ਨੇ ਮੇਰੇ ਤੋਂ ਮਠਿਆਈ ਦੇ ਡੱਬੇ ਦੀ ਮੰਗ ਕੀਤੀ, ਜਿਸਦਾ ਮੈਨੂੰ ਅੱਜ-ਤੱਕ ਅਫਸੋਸ ਹੈ ਤੇ ਸਾਇਦ ਹਮੇਸ਼ਾ ਹੀ ਰਹੇਗਾ ਤੇ ਨਾਲ ਹੀ ਮੇਰੀ ਤਾਰੀਫ ਕਰਦੇ ਹੋਏ ਮੇਰੀ ਮੰਮੀ ਜੀ ਨੂੰ ਮੈਨੂੰ ਛੇਤੀ ਤੋਂ ਛੇਤੀ ਅਗਲੀ ਕਲਾਸ ‘ਚ ਦਾਖਲਾ ਦਵਾਉਣ ਬਾਰੇ ਕਿਹਾ ਜਿਸ ਤੋਂ ਬਾਅਦ ਮੇਰੀ ਮੰਮੀ ਜੀ ਨੇ ਮੇਰੀ ਭੈਣਜੀ ਨੂੰ ਤੁਰੰਤ ਸਾਡੇ ਘਰ ਦੀਆਂ ਆਰਥਿਕ ਮਜ਼ਬੂਰੀਆਂ ਬਾਰੇ ਦੱਸਿਆ ਤੇ ਅਗਲੀ ਜਮਾਤ ‘ਚ ਦਾਖਲਾ ਲੈਣ ਤੋਂ ਅਸਮਰੱਥਾ ਪ੍ਰਗਟਾਈ, ਜਿਸ ਨੂੰ ਸੁਣ ਕੇ ਮੇਰੇ ਭੈਣਜੀ ਦੇ ਚਿਹਰੇ ਤੋਂ ਖੁਸ਼ੀ ਅਚਾਨਕ ਗਾਇਬ ਹੋ ਗਈ

ਇਸ ਤੋਂ ਬਾਅਦ ਰੱਬ ਜਾਣੇ ਮੇਰੀ ਭੈਣਜੀ ਨੂੰ ਮੇਰੇ ਅਨਭੋਲ ਚਿਹਰੇ ‘ਤੇ ਤਰਸ ਆਇਆ ਸੀ, ਕਿ ਮੇਰੇ ਘਰ ਦਿਆਂ ਹਾਲਾਤਾਂ ‘ਤੇ ਉਨ੍ਹਾਂ ਨੇ ਆਪਣੇ ਪਰਸ ‘ਚੋਂ ਮੇਰੇ ਦਾਖਲੇ ਦੀ ਫੀਸ (ਜੋ ਕਿ ਢਾਈ-ਤਿੰਨ ਸੌ ਰੁਪਏ) ਸੀ, ਕੱਢ ਕੇ ਮੇਰੇ ਮੰਮੀ ਜੀ ਨੂੰ ਦੇ ਦਿੱਤੇ ਤੇ ਉਸੇ ਵਕਤ ਹਾਈ ਸਕੂਲ ‘ਚ ਜਮ੍ਹਾ ਕਰਵਾਉਣ ਨੂੰ ਕਿਹਾ ਮੇਰੀ ਮੰਮੀ ਜੀ ਨੇ ਜਦ ਉਹ ਪੈਸੇ ਵਾਪਸ ਕਰਨੇ ਚਾਹੇ ਤਾਂ ਉਨ੍ਹਾਂ ਇਹ ਕੇ ਵਾਪਸ ਫੜਾ ਦਿੱਤੇ ਕਿ ਜਦ ਤੁਹਾਡੇ ਕੋਲ ਹੋਣ ਤਾਂ ਮੈਨੂੰ ਮੋੜ ਦਿਓ ਮੇਰੀ ਮੰਮੀ ਨੇ ਉਨ੍ਹਾਂ ਦਾ ਧੰਨਵਾਦ ਕੀਤਾ ਤੇ ਅਸੀਂ ਮੇਰਾ ਛੇਵੀਂ ਕਲਾਸ ‘ਚ ਦਾਖਲਾ ਜਮ੍ਹਾ ਕਰਵਾ ਕੇ ਵਾਪਸ ਆ ਗਏ

ਸਮਾਂ ਬੀਤਦਾ ਗਿਆ ਤੇ ਮੈਨੂੰ ਮੇਰੇ ਮਾਂ-ਪਿਓ ਨੇ ਔਖ-ਸੌਖ ਨਾਲ ਬਾਰਾਂ ਕਲਾਸਾਂ ਪੂਰੀਆਂ ਕਰਵਾ ਦਿੱਤੀਆਂ ਪੜ੍ਹਾਈ ‘ਚ ਹੁਸ਼ਿਆਰ ਹੋਣ ਕਾਰਨ ਮੈਨੂੰ ਮੇਰੇ ਗੁਆਂਢੀਆਂ ਨੇ ਇੱਕ ਪ੍ਰਾਈਵੇਟ ਫਾਇਨਾਂਸ ਕੰਪਨੀ ‘ਚ ਕੰਮ ‘ਤੇ ਲਵਾ ਦਿੱਤਾ ਹੌਲੀ-ਹੌਲੀ ਬਹੁਤ ਸਾਰੇ ਲੋਕਾਂ (ਕੰਪਨੀ ਦੇ ਮਾਲਕ, ਆਂਢ-ਗੁਆਂਢ, ਮੇਰੇ ਮਾਂ-ਪਿਓ ਆਦਿ) ਦੀ ਕਿਰਪਾ ਨਾਲ ਅਸੀਂ ਆਪਣੇ ਪੈਰਾਂ ‘ਤੇ ਖੜ੍ਹੇ ਹੋ ਗਏ ਅਸੀਂ ਵਧੀਆ ਸੌਖ ਨਾਲ ਆਮ ਜਨ-ਜੀਵਨ ਬਤੀਤ ਕਰਨ ਲੱਗ ਪਏ ਮੇਰੇ ਲਈ ਖੁਸ਼ੀ ਤੇ ਹੈਰਾਨ ਕਰਨ ਵਾਲੀ ਗੱਲ ਇਹ ਸੀ ਕਿ ਜਿਸ ਭੈਣਜੀ ਦੀ ਬਦੌਲਤ ਮੈਂ ਆਪਣੇ-ਆਪ ਨੂੰ ਖੁਸ਼ਕਿਸਮਤ ਸਮਝਦਾ ਸੀ,

ਉਨ੍ਹਾਂ ਦਾ ਘਰ ਦਫਤਰ ਦੇ ਬਿਲਕੁਲ ਸਾਹਮਣੇ ਵਾਲੀ ਗਲੀ ‘ਚ ਸੀ ਪਰ ਅੱਜ-ਤੱਕ ਉਨ੍ਹਾਂ ਕੋਲ ਮੇਰੇ ਤੋਂ ਜਾ ਨਹੀਂ ਹੋਇਆ ਬਹੁਤ ਵਾਰ ਮਨ ਕੀਤਾ ਸਾਲਾਂ ਪਹਿਲਾਂ ਲਿਆ ਉਧਾਰ ਵਾਪਸ ਕਰਨ ਤੇ ਧੰਨਵਾਦ ਕਰਨ ਨੂੰ, ਪਰ ਕਦੇ ਹਿੰਮਤ ਹੀ ਨਹੀਂ ਪਈ ਜਾਂ ਸ਼ਾਇਦ ਮੈਂ ਉਸ ਉਧਾਰ ਨੂੰ ਵਾਪਸ ਹੀ ਨਹੀਂ ਕਰਨਾ ਚਾਹੁੰਦਾ ਸੀ ਕਿਉਂਕਿ ਜੋ ਕੀਮਤੀ ਯਾਦਾਂ ਉਸ ਉਧਾਰ ਕਾਰਨ ਮੇਰੇ ਨਾਲ ਜੁੜੀਆਂ ਹੋਈਆਂ ਨੇ, ਉਹ ਉਧਾਰ ਵਾਪਸ ਚੁਕਾਉਣ ਤੋਂ ਬਾਅਦ ਨਹੀਂ ਰਹਿਣੀਆਂ ਦੁਨੀਆ ਦੀ ਨਜ਼ਰ ‘ਚ ਇਹ ਸਿਰਫ ਢਾਈ-ਤਿੰਨ ਸੌ ਰੁਪਇਆ ਹੈ, ਪਰ ਮੇਰੇ ਲਈ ਇਹ ਉਧਾਰ ਅਨਮੋਲ ਹੈ ਇਸ ਉਧਾਰ ਨੂੰ ਕੋਈ ਵੀ ਅਮੀਰ ਬੰਦਾ ਉਤਾਰ ਨਹੀਂ ਸਕਦਾ ਇਹ ਸਿਰਫ ਪੈਸੇ ਨਹੀਂ ਇਸ ਨਾਲ ਕਈ ਮਹਿੰਗੇ ਜ਼ਜ਼ਬਾਤ ਜੁੜੇ ਹੋਏ ਨੇ
ਮੋ. 90412-50087
ਰਜਨੀਸ਼ ਗਰਗ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.