ਚੁੱਲੇ੍ਹ-ਚੌਂਕੇ ਦਾ ਕੰਮ ਨਿਬੇੜ ਸੁਆਣੀਆਂ ਸੰਘਰਸ਼ੀ ਪਿੜ ’ਚ ਵੀ ਨਿਭਾ ਰਹੀਆਂ ਆਪਣੀ ਜਿੰਮੇਵਾਰੀ

0
2

ਹੌਂਸਲਾ ਤੇ ਦਲੇਰੀ ਦੇ ਕੇ ਆਪਣੇ ਘਰਾਂ ਦੇ ਮਰਦਾਂ ਨੂੰ ਸੰਘਰਸ਼ ’ਚ ਡਟੇ ਰਹਿਣ ਲਈ ਕਰ ਰਹੀਆਂ ਨੇ ਪੇ੍ਰਰਿਤ

ਬਰਨਾਲਾ, (ਜਸਵੀਰ ਸਿੰਘ ਗਹਿਲ) ਅਜੋਕੇ ਮਹਿੰਗਾਈ ਦੇ ਦੌਰ ’ਚ ਚੁੱਲੇ੍ਹ- ਚੌਂਕੇ ਦੀਆਂ ਸਮੁੱਚੀਆਂ ਲੋੜਾਂ ਸੀਮਤ ਖਰਚਿਆਂ ਵਿੱਚ ਪੂਰੀਆਂ ਕਰਨੀਆਂ ਕਿਸੇ ਚੁਣੌਤੀ ਤੋਂ ਘੱਟ ਨਹੀਂ ਹਨ, ਜਿਸ ਨੂੰ ਖਿੜੇ ਮੱਥੇ ਪਰਵਾਨ ਕਰਨ ਵਾਲੀਆਂ ਘਰਾਂ ਦੀਆਂ ਸੁਆਣੀਆਂ ਆਪਣੀਆਂ ਘਰੇਲੂ ਜਿੰਮੇਵਾਰੀਆਂ ਦੇ ਨਾਲ ਨਾਲ ਅੱਜ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਚੱਲ ਰਹੇ ਸਾਂਝੇ ਕਿਸਾਨ ਸੰਘਰਸ਼ਾਂ ਵਿੱਚ ਵੀ ਆਪਣੀ ਬਣਦੀ ਜਿੰਮੇਵਾਰੀ ਬਾਖੂਬੀ ਨਿਭਾ ਰਹੀਆਂ ਹਨ। ਘਰਾਂ ’ਚੋਂ ਚੁੱਲੇ੍ਹ- ਚੌਂਕੇ ਦਾ ਕੰਮ ਨਿਬੇੜ ‘ਖੇਤੀ ਕਾਨੂੰਨ ਰੱਦ ਕਰੋ’ ਦੀ ਮੰਗ ਲਈ ਸੰਘਰਸ਼ੀ ਪਿੜ ’ਚ ਪੁੱਜੀਆਂ ਸੁਆਣੀਆਂ ਨੇ ਵੀ ਅੱਜ 24 ਘੰਟੇ ਲਈ ਅੰਨ- ਪਾਣੀ ਦਾ ਤਿਆਗ ਕੀਤਾ।

ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਲਈ ਦੇਸ਼ ਭਰ ਦੀਆਂ ਸਮੂਹ ਕਿਸਾਨ ਜਥੇਬੰਦੀਆਂ ਦੇ ਸੱਦੇ ’ਤੇ ਪੰਜਾਬ, ਹਰਿਆਣਾ ਤੋਂ ਇਲਾਵਾ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਵੀ ਸਾਂਝਾ ਕਿਸਾਨ ਸੰਘਰਸ਼ ਪੂਰੇ ਜਲੌਅ ਨਾਲ ਚੱਲ ਰਿਹਾ ਹੈ, ਜਿਸ ਵਿੱਚ ਕਿਸਾਨਾਂ ਤੋਂ ਇਲਾਵਾ ਮਜ਼ਦੂਰ, ਮੁਲਾਜ਼ਮ, ਵਪਾਰੀ, ਆੜਤੀਏ ਸਮੇਤ ਹਰ ਵਰਗ ਵੱਲੋਂ ਆਪਣੀ- ਆਪਣੀ ਹੈਸ਼ੀਅਤ ਮੁਤਾਬਕ ਭਰਵਾਂ ਸਮੱਰਥਨ ਮਿਲ ਰਿਹਾ ਹੈ।

ਬਰਨਾਲਾ ਦੇ ਰੇਲਵੇ ਸਟੇਸ਼ਨ ’ਤੇ ਨਿੱਤ ਦਿਨ ਭਰਵੀਂ ਗਿਣਤੀ ਵਿੱਚ ਸੁਵੱਖ਼ਤੇ ਹੀ ਸੁਆਣੀਆਂ ਆਪਣੇ ਚੁੱਲ੍ਹੇ ਚੌਂਤਰੇ ਦਾ ਕੰਮ ਕਾਰ ਨਿਬੇੜ ਕੇ ਕਾਫ਼ਲਿਆਂ ਦੇ ਰੂਪ ਵਿੱਚ ਪੁੱਜ ਜਾਂਦੀਆਂ ਹਨ ਤੇ ਸੰਘਰਸ਼ੀ ਸਟੇਜ਼ ਤੋਂ ਬੁਲਾਰਿਆਂ ਦੁਆਰਾ ਕੀਤੀਆਂ ਜਾਣ ਵਾਲੀਆਂ ਤਕਰੀਰਾਂ ਨੂੰ ਧਿਆਨ ਨਾਲ ਸੁਣਨ ਤੋਂ ਇਲਾਵਾ ਮੋਦੀ ਸਰਕਾਰ ਖਿਲਾਫ਼ ਕੀਤੀ ਜਾਣ ਵਾਲੀ ਨਾਅਰੇਬਾਜ਼ੀ ਵਿੱਚ ਪੂਰੇ ਜੋਸ਼ੋ- ਖਰੋਸ਼ ਨਾਲ ਆਪਣਾ ਯੋਗਦਾਨ ਪਾਉਂਦੀਆਂ ਹਨ। ਪਿਛਲੇ ਕੁਝ ਕੁ ਦਿਨਾਂ ਤੋਂ ਸਾਂਝੇ ਫੈਸਲੇ ’ਤੇ ਕਿਸਾਨਾਂ ਦੁਆਰਾ ਸੰਘਰਸ਼ੀ ਪਿੜਾਂ ’ਚ ਭੁੱਖ ਹੜਤਾਲ ਕੀਤੀ ਜਾ ਰਹੀ ਹੈ,

ਜਿਸ ਵਿੱਚ ਰੋਜਾਨਾਂ 11 ਮੈਂਬਰੀ ਕਿਸਾਨਾਂ ਦਾ ਜੱਥਾ 24 ਘੰਟੇ ਲਈ ਭੁੱਖ ਹੜਤਾਲ ’ਤੇ ਬੈਠਦਾ ਹੈ ਪ੍ਰੰਤੂ ਅੱਜ ਸਥਾਨਕ ਰੇਲਵੇ ਸਟੇਸ਼ਨ ਦੇ ਪਾਰਕ ’ਚ ਨਿਰੋਲ ਔਰਤਾਂ ਦੇ ਜੱਥੇ ਨੇ 24 ਘੰਟੇ ਲਈ ਅੰਨ- ਪਾਣੀ ਦਾ ਤਿਆਗ ਕਰਕੇ ਆਪਣੇ ਘਰਾਂ ਦੇ ਮਰਦਾਂ ਨੂੰ ਉਨ੍ਹਾਂ ਦੇ ਹਰ ਸੰਘਰਸ਼ ਵਿੱਚ ਨਾਲ ਹੋਣ ਦਾ ਅਹਿਸਾਸ ਕਰਵਾਇਆ। ਜਾਣਕਾਰੀ ਮੁਤਾਬਕ ਚੱਲ ਰਹੇ ਸੰਘਰਸ਼ੀ ਪਿੜਾਂ ਵਿੱਚ ਇੱਕੋ ਪਰਿਵਾਰ ਦੀਆਂ ਚਾਰ- ਚਾਰ ਪੀੜੀਆਂ ਵੀ ਇਕੱਠੀਆਂ ਸ਼ਮੂਲੀਅਤ ਕਰ ਰਹੀਆਂ ਹਨ।

ਆਪਣੇ ਹੱਕਾਂ ਦੀ ਰਾਖੀ ਲਈ ਜਾਗਰੂਕ ਹੋ ਚੁੱਕੀਆਂ ਨੇ ਸੁਆਣੀਆਂ

ਕਿਸਾਨ ਆਗੂ ਅਮਰਜੀਤ ਕੌਰ ਨੇ ਕਿਹਾ ਕਿ ਆਪਣੀ ਨਿੱਗਰ ਸੋਚ ਦਾ ਪ੍ਰਗਟਾਵਾ ਕਰਨ ਵਾਲੀਆਂ ਔਰਤਾਂ ਹੁਣ ਘਰਾਂ ਤੱਕ ਹੀ ਸੀਮਤ ਨਾ ਰਹਿ ਕੇ ਆਪਣੇ ਹੱਕਾਂ ਦੀ ਰਾਖੀ ਲਈ ਵੀ ਅੱਗੇ ਆਉਣ ਲੱਗੀਆਂ ਹਨ। ਜਿਸ ਦੀ ਮਿਸ਼ਾਲ ਚੱਲ ਰਹੇ ਸਾਂਝੇ ਕਿਸਾਨ ਸੰਘਰਸ਼ੀ ਪਿੜਾਂ ਵਿੱਚ ਮਿਲਦੀ ਹੈ ਜਿੱਥੇ ਰੋਜ਼ਾਨਾ ਵੱਡੀ ਗਿਣਤੀ ਔਰਤਾਂ ਮਰਦਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੇਤੀ ਕਾਨੂੰਨਾਂ ਦੇ ਹੱਕ ਵਿੱਚ ਮੋਦੀ ਹਕੂਮਤ ਖਿਲਾਫ਼ ਗਰਜ਼ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਚੱਲ ਰਹੀ ਭੁੱਖ ਹੜਤਾਲ ਨੂੰ ਬਰਕਰਾਰ ਰੱਖਣ ਲਈ ਬਰਨਾਲਾ ਜ਼ਿਲ੍ਹੇ ’ਚ ਕਈ ਥਾਵਾਂ ’ਤੇ ਅੱਜ ਨਿਰੋਲ ਔਰਤਾਂ ਦੇ ਜਥੇ ਹੀ ਭੁੱਖ ਹੜਤਾਲ ’ਤੇ ਬੈਠੇ ਹਨ ਜੋ ਸਾਬਤ ਕਰਦੇ ਹਨ ਕਿ ਔਰਤਾਂ ਕਿਸੇ ਵੀ ਖੇਤਰ ’ਚ ਮਰਦਾਂ ਨਾਲੋਂ ਪਿੱਛੇ ਨਹੀ ਹਨ।

ਤਾਂ ਫ਼ਿਰ ਜੀਵਾਂਗੇ ਕਿਸ ਆਸਰੇ

ਸਾਂਝੇ ਸੰਘਰਸ਼ੀ ਪਿੜਾਂ ਵਿੱਚ ਰੋਜਾਨਾਂ ਵਾਂਗ ਪੁੱਜ ਰਹੀਆਂ ਪਰਮਜੀਤ ਕੌਰ ਠੀਕਰੀਵਾਲਾ, ਜਸਪਾਲ ਕੌਰ ਕਰਮਗੜ ਤੇ ਮਨਜੀਤ ਕੌਰ ਖੁੱਡੀ ਨੇ ਦੱਸਿਆ ਕਿ ਉਹ ਰੋਜਾਨਾਂ ਸੁਵੱਖ਼ਤੇ ਹੀ ਆਪਣੇ ਘਰਾਂ ਦੇ ਕੰਮ- ਧੰਦੇ ਨਿਬੇੜ ਲੈਂਦੀਆਂ ਹਨ ਤਾਂ ਜੋ ਮੋਦੀ ਸਰਕਾਰ ਦੁਆਰਾ ਲਿਆਂਦੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਚੱਲ ਰਹੇ ਸੰਘਰਸ਼ ਵਿੱਚ ਸ਼ਮੂਲੀਅਤ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਜ਼ਮੀਨ ਉਨ੍ਹਾਂ ਦੀ ਮਾਂ ਹੈ, ਜਿਸ ਨੂੰ ਬਚਾਉਣ ਲਈ ਉਹ ਆਪਣੇ ਘਰਾਂ ਦੇ ਮਰਦਾਂ ਸਮੇਤ ਸੰਘਰਸ਼ੀ ਪਿੜਾਂ ਦਾ ਹਿੱਸਾ ਬਣ ਰਹੀਆਂ ਹਨ, ਕਿਉਂਕਿ ਜੇਕਰ ਮਾਂ ਹੀ ਨਾ ਰਹੀ ਤਾਂ ਫ਼ਿਰ ਜੀਵਾਂਗੇ ਕਿਸ ਆਸਰੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.